7 ਸੰਕੇਤ ਜੋ ਦੱਸਣਗੇ ਕਿ ਤੁਹਾਡਾ ਫ਼ੋਨ ਹੈਕ ਹੋ ਗਿਆ ਹੈ

ਤੁਹਾਡੀ ਜੇਬ ਵਿੱਚ ਪਏ ਮੋਬਾਇਲ ਫ਼ੋਨ ਵਿੱਚ ਤੁਹਾਡੇ ਨਾਲ ਜੁੜੀਆਂ ਕਈ ਅਹਿਮ ਅਤੇ ਨਿੱਜੀ ਜਾਣਕਾਰੀਆਂ ਹੁੰਦੀਆਂ ਹਨ।

ਦੋਸਤਾਂ ਦੀ ਫੋਟੋਆਂ ਤੋਂ ਲੈ ਕੇ ਦਫ਼ਤਰ ਦੇ ਜ਼ਰੂਰੀ ਫ਼ੋਨ ਨੰਬਰ ਜਾਂ ਬੈਂਕ ਖਾਤਿਆਂ ਦੀ ਡਿਟੇਲ।

ਮੋਬਾਇਲ ਅੱਜ ਦੇ ਦੌਰ ਵਿੱਚ ਤੁਹਾਡੀ ਜੇਬ ਵਿੱਚ ਪਿਆ 'ਰੌਕੇਟ' ਹੁੰਦਾ ਹੈ।

ਹੁਣ ਸੋਚੋ ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਫੋਨ ਹੈਕ ਹੋ ਗਿਆ ਹੈ? ਤੁਹਾਡਾ ਜਵਾਬ ਹੋਵੇਗਾ ਕਿ ਜਲਦੀ ਤੋਂ ਜਲਦੀ ਇਸਦਾ ਹੱਲ ਕੱਢਿਆ ਜਾਵੇ।

ਜੇਕਰ ਤੁਹਾਡਾ ਫ਼ੋਨ ਹੈਕ ਵੀ ਹੋ ਜਾਵੇ ਅਤੇ ਤੁਹਾਨੂੰ ਪਤਾ ਵੀ ਨਾ ਲੱਗੇ, ਉਦੋਂ?

ਅਸੀਂ ਤੁਹਾਨੂੰ ਅਜਿਹੇ ਹੀ ਸੱਤ ਮੌਕੇ ਦੱਸਾਂਗੇ, ਜਦੋਂ ਕੋਈ ਤੁਹਾਡਾ ਫ਼ੋਨ ਹੈਕ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਫਿਰ ਚਾਹੇ ਉਹ ਮਨੁੱਖੀ ਦਿਮਾਗ ਹੋਵੇ ਜਾਂ ਕੋਈ ਤਕਨੀਕ।

ਫ਼ੋਨ ਹੈਕ ਹੋਣ ਦੇ 7 ਸੰਕੇਤ

1.ਫੋਨ ਸਪੀਡ

ਜੇਕਰ ਤੁਹਾਡਾ ਫੋਨ ਬਹੁਤ ਘੱਟ ਸਪੀਡ ਨਾਲ ਚੱਲ ਰਿਹਾ ਹੈ ਤਾਂ ਅਜਿਹਾ ਕਿਸੀ ਵਾਇਰਸ ਦੇ ਕਾਰਨ ਹੋ ਸਕਦਾ ਹੈ।

ਅਜਿਹੇ ਵਾਇਰਸ ਜਿਨ੍ਹਾਂ ਰਾਹੀਂ ਫ਼ੋਨ ਦੀ ਪਰਫਾਰਮੈਂਸ ਅਤੇ ਯੂਜ਼ਰਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।

ਇਸ ਤਰ੍ਹਾਂ ਦੇ ਵਾਇਰਸ ਤੁਹਾਡੇ ਫ਼ੋਨ ਦੀ ਸਪੀਡ ਅਤੇ ਪਰਫੋਰਮੈਂਸ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ।

ਇਹ ਵੀ ਧਿਆਨ ਰੱਖੋ ਕਿ ਆਮ ਤੌਰ 'ਤੇ ਫ਼ੋਨ ਦੇ ਆਪਰੇਟਿੰਗ ਸਿਸਟਮ ਦੇ ਅਪਡੇਟ ਹੋਣ ਕਾਰਨ ਵੀ ਅਜਿਹਾ ਹੋ ਸਕਦਾ ਹੈ।

2.ਫ਼ੋਨ ਦਾ ਜ਼ਿਆਦਾ ਗਰਮ ਹੋਣਾ

ਤੁਸੀਂ ਗੌਰ ਕੀਤਾ ਹੋਵੇਗਾ ਕਿ ਅਕਸਰ ਤੁਹਾਡਾ ਫ਼ੋਨ ਕੁਝ ਜ਼ਿਆਦਾ ਹੀ ਗਰਮ ਹੋ ਜਾਂਦਾ ਹੈ।

ਅਮਰੀਕਨ ਇੰਟਲ ਤਕਨੋਲਜੀ ਦੇ ਮਾਹਰ ਇਸਦਾ ਕਾਰਨ ਦੱਸਦੇ ਹਨ, ''ਸੰਭਵ ਹੈ ਕਿ ਤੁਹਾਡੇ ਫ਼ੋਨ ਵਿੱਚ ਕੋਈ ਮਲੀਸ਼ੀਅਸ ਐਪਲੀਕੇਸ਼ਨ ਬੈਕਗ੍ਰਾਊਂਡ ਵਿੱਚ ਚੱਲ ਰਹੀ ਹੋਵੇ।''

3.ਬੈਟਰੀ ਲਾਈਫ਼

ਫ਼ੋਨ ਦੇ ਲਗਾਤਾਰ ਗਰਮ ਹੋਣ ਦਾ ਅਸਰ ਬੈਟਰੀ 'ਤੇ ਪੈਂਦਾ ਹੈ।

ਇਸ ਕਾਰਨ ਬੈਟਰੀ ਆਪਣੀ ਉਮਰ ਤੋਂ ਘੱਟ ਹੀ ਚੱਲਦੀ ਹੈ। ਇੱਥੇ ਜੋ ਅਹਿਮ ਕਾਰਨ ਹੈ, ਉਹ ਹੈ ਸਿਸਟਮ ਅਪਡੇਟ।

ਮੋਬਾਇਲ ਜ਼ੋਨ ਵੈਬਸਾਈਟ ਦੇ ਮੁਤਾਬਕ, ਜੇਕਰ ਅਪਡੇਟ ਵਾਕਈ ਕਾਫ਼ੀ ਨਵਾਂ ਜਾਂ ਪ੍ਰਭਾਵਸ਼ਾਲੀ ਹੈ ਤਾਂ ਅਜਿਹਾ ਕਰਨ ਤੋਂ ਹਿਚਕਚਾਉਣਾ ਨਹੀਂ ਚਾਹੀਦਾ।

4.ਅਣਜਾਣ ਮੈਸੇਜ

ਕੁਝ ਮੌਕਿਆਂ 'ਤੇ ਫ਼ੋਨ ਦੇ ਹੈਕ ਹੋਣ ਦੀ ਜਾਣਕਾਰੀ ਤੁਹਾਡੇ ਤੋਂ ਪਹਿਲਾਂ ਤੁਹਾਡੇ ਫ਼ੋਨ ਨੂੰ ਮਿਲ ਜਾਂਦੀ ਹੈ।

ਸ਼ਾਇਦ ਤੁਸੀਂ ਧਿਆਨ ਦਿੱਤਾ ਹੋਵੇ ਕੀ ਕਈ ਵਾਰ ਤੁਹਾਨੂੰ ਅਣਜਾਣ ਨੰਬਰ ਤੋਂ ਮੈਸੇਜ ਆਉਂਦੇ ਹਨ ਜਾਂ ਤੁਹਾਡੇ ਫ਼ੋਨ ਤੋਂ ਆਪਣੇ ਆਪ ਚਲੇ ਜਾਂਦੇ ਹਨ।

ਅਜਿਹੀ ਸਥਿਤੀ ਵਿੱਚ ਤੁਹਾਡੇ ਦੋਸਤ ਜਾਂ ਪਰਿਵਾਰ ਦੇ ਲੋਕਾਂ ਨੂੰ ਐਸਐਮਐਸ ਜਾਂ ਵਟਸ ਐਪ ਜ਼ਰੀਏ ਮੈਸੇਜ ਮਿਲ ਜਾਂਦੇ ਹਨ। ਹਾਲਾਂਕਿ ਇਨ੍ਹਾਂ ਮੈਸੇਜਾਂ ਨੂੰ ਤੁਸੀਂ ਨਹੀਂ ਭੇਜਿਆ ਹੁੰਦਾ।

ਅਗਲੀ ਵਾਰ ਜਦੋਂ ਤੁਹਾਡਾ ਕੋਈ ਦੋਸਤ ਕਹੇ ਕਿ ਇਹ ਮੈਸੇਜ ਕਿਉਂ ਭੇਜ ਰਿਹਾ ਹੈ ਅਤੇ ਜੇਕਰ ਤੁਸੀਂ ਉਹ ਮੇਸੇਜ ਨਾ ਭੇਜਿਆ ਹੋਵੇ ਤਾਂ ਇਸਨੂੰ ਹੈਕਰਸ ਦੀ ਕਰਾਮਾਤ ਮੰਨਿਆ ਜਾ ਸਕਦਾ ਹੈ।

ਅਜਿਹੀ ਸਥਿਤੀ ਵਿੱਚ ਸਿਰਫ਼ ਇੱਕ ਬਟਨ 'ਤੇ ਭਰੋਸਾ ਕਰੋ, ਡਿਲੀਟ।

5.ਵਿੰਡੋ ਦਾ ਖੁੱਲ੍ਹਣਾ

ਕਈ ਵਾਰ ਅਜਿਹੇ ਵਾਇਰਸ ਵੀ ਹੁੰਦੇ ਹਨ, ਜੋ ਅਚਾਨਕ ਤੁਹਾਡੇ ਫ਼ੋਨ ਵਿੱਚ ਖੁੱਲ੍ਹ ਕੇ ਆ ਜਾਂਦੇ ਹਨ।

ਕਦੀ ਇਹ ਇਸ਼ਤਿਹਾਰ ਦੀ ਸ਼ਕਲ ਵਿੱਚ ਹੁੰਦੇ ਹਨ ਤਾਂ ਕਦੀ ਇਹ ਤੁਹਾਨੂੰ ਨਵੀਂ ਵਿੰਡੋ ਜਾਂ ਟੈਬ ਵਿੱਚ ਲੈ ਜਾਂਦੇ ਹਨ।

ਕੰਪਿਊਟਰ ਦੀ ਭਾਸ਼ਾ ਵਿੱਚ ਇਸਨੂੰ ਪੌਪ-ਅਪਸ ਕਹਿੰਦੇ ਹਨ।

ਸਾਈਬਰ ਸਿਕਿਊਰਟੀ ਮਾਹਿਰ ਜੋਸੇਫ਼ ਸਿਟਨਬਰਗ ਕਹਿੰਦੇ ਹਨ, ''ਜਿਵੇਂ ਕੰਪਿਊਟਰ ਵਿੱਚ ਨਵੇਂ ਟੈਬਸ ਖੁੱਲ੍ਹ ਜਾਂਦੇ ਹਨ, ਠੀਕ ਇਸੇ ਤਰ੍ਹਾਂ ਹੀ ਫੋਨ ਵਿੱਚ ਵੀ ਇਹ ਨਵੇਂ ਟੈਬ ਖੁੱਲ੍ਹਦੇ ਹਨ। ਇਸ ਤੋਂ ਬਸ ਸਾਵਧਾਨ ਰਹਿੰਦੇ ਹੋਏ ਦੂਰ ਰਹਿਣ ਦੀ ਲੋੜ ਹੈ।''

6.ਨਵੇਂ ਐਪ

ਤੁਸੀਂ ਆਪਣੇ ਫ਼ੋਨ ਵਿੱਚ ਐਪ ਕਿੱਥੋਂ ਡਾਊਨਲੋਡ ਕਰਦੇ ਹੋ ਅਤੇ ਇਹ ਕਿਸ ਤਰ੍ਹਾਂ ਦੀ ਐਪ ਹੈ, ਇਹ ਬਹੁਤ ਮਾਇਨੇ ਰੱਖਦਾ ਹੈ।

ਬਹੁਤ ਮੌਕਿਆਂ 'ਤੇ ਤੁਹਾਡਾ ਇੰਟਰਨੈੱਟ ਪੈਕ ਇਸ ਲਈ ਜਲਦੀ ਖ਼ਤਮ ਹੋ ਜਾਂਦਾ ਹੈ ਕਿਉਂਕਿ ਇਹ ਐਪਸ ਕਾਫ਼ੀ ਇੰਟਰਨੈੱਟ ਡਾਟਾ ਖਿੱਚਦੀਆਂ ਹਨ।

ਸਿਟਨਬਰਗ ਕਹਿੰਦੇ ਹਨ, ''ਫ਼ੋਨ ਨੂੰ ਆਪਡੇਟ਼ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਐਪਸ ਬਣਾਉਣ ਵਾਲੀ ਕੰਪਨੀ ਜਾਂ ਸਰਵਿਸ ਪ੍ਰੋਵਾਇਡਰਸ ਦਾ ਭਰੋਸੇਮੰਦ ਹੋਣਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਫਰਜ਼ੀ ਐਪਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ।''

7.ਬੈਕਗ੍ਰਾਊਂਡ ਦੀ ਅਵਾਜ਼

ਇੰਟਰਨੈੱਟ 'ਤੇ ਕੁਝ ਕੰਮ ਕਰਦੇ ਹੋਏ ਕਈ ਵਾਰ ਅਜੀਬ ਜਹੀ ਅਵਾਜ਼ ਆਊਣ ਲੱਗਦੀ ਹੈ।

ਜਾਂ ਇਨ੍ਹਾਂ ਵੈੱਬ ਪੇਜਾਂ 'ਤੇ ਅਣਚਾਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ।

ਅਜਿਹਾ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਦੂਰ ਕਿਤੇ ਬੈਠਾ ਹੈਕਰ ਤੁਹਾਡੀ ਡਿਵਾਇਸ ਨੂੰ ਕੰਟਰੋਲ ਕਰ ਰਿਹਾ ਹੁੰਦਾ ਹੈ।

ਨਤੀਜਾ ਇਹ ਹੁੰਦਾ ਹੈ ਕਿ ਤੁਹਾਡਾ ਫ਼ੋਨ ਅਜੀਬ ਤਰੀਕੇ ਨਾਲ ਕੰਮ ਕਰਨ ਲੱਗਦਾ ਹੈ।

ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਜੇਕਰ ਤੁਸੀਂ ਫ਼ੋਨ 'ਤੇ ਕਿਸੇ ਨਾਲ ਗੱਲ ਕਰ ਰਹੇ ਹੋ ਅਤੇ ਪਿੱਛੇ ਤੋਂ ਅਜੀਬ ਅਵਾਜ਼ ਆਉਂਦੀ ਹੈ ਤਾਂ ਸੰਭਵ ਹੈ ਕਿ ਕੋਈ ਇਸਨੂੰ ਰਿਕਾਰਡ ਕਰ ਰਿਹਾ ਹੈ।

ਇਨ੍ਹਾਂ ਮੁਸੀਬਤਾਂ ਦਾ ਹੱਲ ਕੀ ਹੈ?

  • ਭਰੋਸੇਮੰਦ ਕੰਪਨੀ ਦਾ ਇੱਕ ਐਂਟੀ ਵਾਇਰਸ ਫ਼ੋਨ ਵਿੱਚ ਰੱਖੋ।
  • ਜਿਨ੍ਹਾਂ ਐਪਸ ਨੂੰ ਤੁਸੀਂ ਇੰਸਟੋਲ ਨਾ ਕੀਤੇ ਹੋਵੇ, ਉਸਨੂੰ ਡਿਲੀਟ ਕਰੋ।
  • ਮੁਫ਼ਤ ਦੇ ਵਾਈ-ਫਾਈ ਦੇ ਚੱਕਰ ਵਿੱਚ ਹਰ ਥਾਂ ਫ਼ੋਨ ਨਾ ਜੋੜੋ।
  • ਫ਼ੋਨ ਦਾ ਅਜਿਹਾ ਪਾਸਵਰਡ ਰੱਖੋ, ਜਿਸਦਾ ਕੋਈ ਅੰਦਾਜ਼ਾ ਨਾ ਲਗਾ ਸਕੇ।
  • ਪੌਪ-ਅਪਸ 'ਤੇ ਭੁੱਲ ਕੇ ਵੀ ਕਲਿੱਕ ਨਾ ਕਰੋ।
  • ਡਿਵਾਇਸ ਨੂੰ ਅਪਡੇਟ ਰਖੋ, ਪਰ ਸੰਭਲ ਕੇ।
  • ਕਿੰਨਾ ਇੰਟਰਨੈੱਟ ਡਾਟਾ ਖਰਚ ਹੁੰਦਾ ਹੈ, ਇਸ 'ਤੇ ਨਜ਼ਰ ਰੱਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)