You’re viewing a text-only version of this website that uses less data. View the main version of the website including all images and videos.
ਕਿਵੇਂ ਇੱਕ ਬੱਚਾ 6 ਸਾਲ ਦੀ ਉਮਰ ਵਿੱਚ ਬਣਿਆ ਕਰੋੜਪਤੀ?
ਰਿਆਨ ਨੂੰ ਮਸਤੀ ਕਰਦਿਆਂ ਦੇਖ ਕੇ ਕਈ ਬੱਚਿਆਂ ਨੂੰ ਜਲਨ ਹੋਵੇਗੀ ਅਤੇ ਉਸ ਦੇ ਬੈਂਕ ਬੈਲੰਸ ਨੂੰ ਦੇਖ ਕੇ ਕਈ ਵੱਡੇ ਵੀ ਸੜਨਾ ਸ਼ੁਰੂ ਹੋ ਜਾਣਗੇ।
ਹਫ਼ਤਾਵਾਰੀ ਯੂ-ਟਿਊਬ ਵੀਡੀਓਜ਼ ਵਿੱਚ 6 ਸਾਲਾ ਰਿਆਨ ਆਪਣੇ ਖਿਡੌਣਿਆਂ ਨੂੰ ਖੋਲ੍ਹਦਾ ਹੈ। ਉਨ੍ਹਾਂ ਵੀਡੀਓਜ਼ ਨਾਲ 2017 ਵਿੱਚ ਉਸ ਦੇ ਪਰਿਵਾਰ ਨੂੰ ਤਕਰੀਬਨ 1.1 ਕਰੋੜ ਡਾਲਰ ਦੀ ਕਮਾਈ ਹੋਈ ਹੈ।
ਰਿਆਨ ਯੂ-ਟਿਊਬ ਚੈੱਨਲ 'ਰਿਆਨ ਟੁਆਇਜ਼ ਰਿਵਿਊ' ਦਾ ਸਟਾਰ ਹੈ। ਇਸ ਚੈੱਨਲ ਵਿੱਚ ਸਿਰਫ਼ ਰਿਆਨ ਦੇ ਖਿਡੌਣਿਆਂ ਨੂੰ ਖੋਲ੍ਹਣ ਤੇ ਉਨ੍ਹਾਂ ਨਾਲ ਖੇਡਣ ਦੇ ਵੀਡੀਓ ਹਨ।
ਵਪਾਰ ਮੈਗਜ਼ੀਨ ਫੋਰਬਸ ਮੁਤਾਬਕ ਇਹ ਬੱਚਾ ਕਮਾਈ ਪੱਖੋਂ ਦੁਨੀਆਂ ਦੇ ਪਹਿਲੇ ਦਸ ਯੂ-ਟਿਊਬ ਸਿਤਾਰਿਆਂ ਵਿੱਚੋਂ ਅੱਠਵੇਂ ਨੰਬਰ 'ਤੇ ਹੈ।
ਮਾਰਚ 2015 ਵਿੱਚ ਰਿਆਨ ਦੀ ਪਹਿਲੀ ਵੀਡੀਓ ਸੋਸ਼ਲ ਮੀਡੀਆ ਸਾਈਟ 'ਤੇ ਅਪਲੋਡ ਹੋਈ ਸੀ। ਉਸ ਵੇਲੇ ਰਿਆਨ ਨੇ 17 ਬਿਲੀਅਨ ਵਿਊਜ਼ ਇੱਕਠੇ ਕਰ ਲਏ ਸੀ
ਲੋਕ ਬੱਚਿਆਂ ਦੇ ਖਿਡੌਣਿਆਂ ਵੱਲ ਕਿਉਂ ਖਿੱਚੇ ਚਲੇ ਆਉਂਦੇ ਹਨ?
ਰਹਿੱਸਮਈ ਬੱਚਾ
ਰਿਆਨ ਇੰਟਰਨੈੱਟ 'ਤੇ ਮਸ਼ਹੂਰ ਹਸਤੀ ਹੋਣ ਦੇ ਬਾਵਜੂਦ ਲੋਕਾਂ ਲਈ ਰਹਿੱਸਮਈ ਬੱਚਾ ਹੈ। ਰਿਆਨ ਬਾਰੇ ਬਹੁਤ ਘੱਟ ਜਾਣਕਾਰੀ ਹੈ।
ਉਸਦੇ ਮਾਪਿਆਂ ਵੱਲੋਂ ਦਿੱਤੇ ਕੁਝ ਇੰਟਰਵਿਊਜ਼ ਵਿੱਚੋਂ ਇੱਕ ਵਿੱਚ ਉਸਦੀ ਮਾਂ ਨੇ ਕਿਹਾ ਸੀ, "ਰਿਆਨ ਨੇ ਚੈੱਨਲ ਬਾਰੇ ਖੁਦ ਹੀ ਤਿੰਨ ਸਾਲ ਦੀ ਉਮਰ ਵਿੱਚ ਸੋਚਿਆ ਸੀ।''
ਰਿਆਨ ਦੀ ਮਾਂ ਨੇ ਟਿਊਬ ਫਿਲਟਰ ਵੈੱਬਸਾਈਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, "ਇੱਕ ਵਾਰ ਉਹ ਖਿਡੌਣਿਆਂ ਦਾ ਚੈੱਨਲ ਦੇਖ ਰਿਹਾ ਸੀ ਤਾਂ ਉਸਨੇ ਪੁੱਛਿਆ ਮੈਂ ਕਿਉਂ ਨਹੀਂ ਇਨ੍ਹਾਂ ਬੱਚਿਆਂ ਵਾਂਗ ਯੂ-ਟਿਊਬ 'ਤੇ ਆ ਸਕਦਾ ਹਾਂ।''
"ਉਸੇ ਵੇਲੇ ਅਸੀਂ ਸੋਚਿਆ ਕਿ ਅਸੀਂ ਵੀ ਅਜਿਹਾ ਕੁਝ ਕਰ ਸਕਦੇ ਹਾਂ।''
ਹੁਣ ਮਿਲੀਅਨ ਸਬਸਕ੍ਰਾਈਬਰਸ
ਰਿਆਨ ਦੀ ਮਾਂ ਨੇ ਅੱਗੇ ਕਿਹਾ, "ਅਸੀਂ ਫ਼ਿਰ ਉਸ ਨੂੰ ਇੱਕ ਸਟੋਰ 'ਤੇ ਲੈ ਗਏ ਤਾਂ ਜੋ ਉਹ ਆਪਣਾ ਪਹਿਲਾ ਖਿਡੌਣਾ ਖਰੀਦ ਸਕੇ। ਪਹਿਲਾ ਖਿਡੌਣਾ ਟਰੇਨ ਸੈੱਟ ਸੀ ਜਿੱਥੋਂ ਇਹ ਸਭ ਕੁਝ ਸ਼ੁਰੂ ਹੋਇਆ।
ਇੱਕ ਵੀਡੀਓ ਵਿੱਚ ਰਿਆਨ ਨੂੰ ਪਲਾਸਟਿਕ ਦੇ ਅੰਡਿਆਂ ਵਿੱਚ ਲੁਕੇ 100 ਖਿਡੌਣਿਆਂ ਨੂੰ ਖੋਲ੍ਹਦਿਆਂ ਦਿਖਾਇਆ ਹੈ। ਇਸ ਵੀਡੀਓ ਨੂੰ 800 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਪਿਛਲੇ ਸਾਲ ਜਨਵਰੀ ਵਿੱਚ ਰਿਆਨ ਦੇ ਚੈੱਨਲ ਦੇ 1 ਮਿਲੀਅਨ ਸਬਸਕ੍ਰਾਈਬਰਸ ਸਨ ਅਤੇ ਹੁਣ ਰਿਆਨ ਟੁਆਏਜ਼ ਰਿਵਿਊ ਚੈੱਨਲ ਦੇ ਸਬਸਕ੍ਰਾਈਬਰਸ 10 ਮਿਲੀਅਨ ਤੋਂ ਵੱਧ ਹੋ ਗਏ ਹਨ।
ਜਿੱਥੇ ਜ਼ਿਆਦਾਤਰ ਯੂ -ਟਿਊਬ ਵੀਡੀਓਜ਼ ਪੂਰੀ ਤਿਆਰੀ ਨਾਲ ਕਹਾਣੀ ਲਿਖ ਕੇ ਬਣਾਏ ਜਾਂਦੇ ਹਨ ਉੱਥੇ ਹੀ ਰਿਆਨ ਦੀ ਖਿਡੌਣਿਆਂ ਨੂੰ ਦੇਖ ਕੇ ਕੀਤੀ ਹਰਕਤ ਅਚਾਨਕ ਹੁੰਦੀ ਹੈ।
ਇੱਥੇ ਕੋਈ ਵਿਸ਼ਲੇਸ਼ਣ ਨਹੀਂ ਹੁੰਦਾ
ਕਈ ਟਿੱਪਣੀਆਂ ਮੁਤਾਬਕ ਰਿਆਨ ਦੀ ਖਾਸ ਗੱਲ ਉਸਦਾ ਹੌਲੀ-ਹੌਲੀ ਖਿਡੌਣਿਆਂ ਨੂੰ ਖੋਲ੍ਹਣਾ ਹੈ ਜੋ ਇੱਕ ਹੈਰਾਨੀ ਦਾ ਤੱਤ ਬਣਾ ਕੇ ਰੱਖਦਾ ਹੈ।
ਵਾਸ਼ਿੰਗਟਨ ਪੋਸਟ ਦੇ ਇੱਕ ਲੇਖ ਮੁਤਾਬਕ, "ਇਨ੍ਹਾਂ ਵੀਡੀਓਜ਼ ਬਾਰੇ ਜ਼ਿਆਦਾ ਸੋਚਿਆ ਨਹੀਂ ਜਾਂਦਾ, ਕੋਈ ਵਿਸ਼ਲੇਸ਼ਣ ਨਹੀਂ ਹੁੰਦਾ, ਕਿ ਕਿਹੜਾ ਖਿਡੌਣਾ ਦੂਜੇ ਤੋਂ ਬੇਹਤਰ ਹੈ। ਇਸੇ ਕਰਕੇ ਵੱਡੇ ਲੋਕ ਵੀ ਰਿਆਨ ਦੀ ਵੀਡੀਓ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।''
ਇਸ ਦੇ ਨਾਲ ਹੀ ਬਾਕੀ ਯੂ-ਟਿਊਬ ਸਿਤਾਰਿਆਂ ਵਾਂਗ ਰਿਆਨ ਨੂੰ ਨਹੀਂ ਪਤਾ ਕਿ ਉਹ ਯੂ-ਟਿਊਬ ਲਈ ਕੁਝ ਸਮੱਗਰੀ ਬਣਾ ਰਿਹਾ ਹੈ।
ਰਿਆਨ ਦੀ ਮਾਂ ਨੇ ਟਿਊਬਫਿਲਟਰ ਨੂੰ ਦੱਸਿਆ, "ਅਸੀਂ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਦੇ ਹਾਂ। ਇੱਕੋ ਵਾਰੀ ਵਿੱਚ ਅਸੀਂ ਤਿੰਨ ਵੀਡੀਓਜ਼ ਰਿਕਾਰਡ ਕਰਦੇ ਹਾਂ। ਅਸੀਂ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਸ਼ੂਟਿੰਗ ਕਰਦੇ ਹਾਂ।
ਕਈ ਲੋਕਾਂ ਨੇ ਰਿਆਨ ਦੇ ਮਾਪਿਆਂ ਦੀ ਆਲੋਚਨ ਕਰਦਿਆਂ ਕਿਹਾ ਹੈ ਕਿ ਉਹ ਰਿਆਨ ਦੇ ਨਾਂ 'ਤੇ ਵਪਾਰ ਚਲਾ ਰਹੇ ਹਨ ਅਤੇ ਉਸਦਾ ਸੋਸ਼ਣ ਕਰ ਰਹੇ ਹਨ।
ਰਿਆਨ ਦੀ ਮਾਂ ਮੁਤਾਬਕ, "ਅਸੀਂ ਰਿਆਨ ਦੇ ਸਕੂਲ ਦੇ ਰੂਟੀਨ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਦੇ। ਜ਼ਿਆਦਾਤਰ ਵੀਡੀਓਜ਼ ਅਸੀਂ ਛੁੱਟੀ ਦੇ ਦਿਨ ਸ਼ੂਟ ਕਰਦੇ ਹਾਂ ਅਤੇ ਉਨ੍ਹਾਂ ਨੂੰ ਐਡਿਟ ਉਦੋਂ ਕਰਦੇ ਹਾਂ ਜਦੋਂ ਉਹ ਸਕੂਲ ਗਿਆ ਹੁੰਦਾ ਹੈ।''
ਹੁਣ ਵੀਡੀਓਜ਼ ਵਿੱਚ ਲਿੰਕਸ ਵੀ ਹੁੰਦੇ ਹਨ
ਟੁਆਏਜ਼, ਟੋਟਸ, ਪੈਟਸ ਅਤੇ ਹੋਰ ਨਾਂ ਦੀ ਇੱਕ ਰਿਵਿਊ ਵੈੱਬਸਾਈਟਸ ਚਲਾਉਣ ਵਾਲੇ ਜਿਮ ਸਿਲਵਰ ਮੁਤਾਬਕ ਰਿਆਨ ਵਰਗੀਆਂ ਵੀਡੀਓਜ਼ ਵਿਕਰੀ 'ਤੇ ਕਾਫ਼ੀ ਅਸਰ ਪਾਉਂਦੀਆਂ ਹਨ।
ਸਿਲਵਰ ਮੁਤਾਬਕ ਜ਼ਿਆਦਾਤਰ ਬੱਚੇ ਕੁਝ ਵੱਡੇ ਹੋਣ ਤੋਂ ਬਾਅਦ ਅਤੇ ਕੁਝ ਸਮਝ ਰੱਖਣ ਤੋਂ ਬਾਅਦ ਅਜਿਹੀ ਸਮੀਖਿਆ ਕਰਦੇ ਹਨ ਪਰ ਇਹ ਸਭ ਤੋਂ ਛੋਟੀ ਉਮਰ ਦੇ ਬੱਚੇ ਦੀ ਕਾਮਯਾਬੀ ਦੀ ਕਹਾਣੀ ਹੈ।
ਰਿਆਨ ਦੀ ਮਾਂ ਮੁਤਾਬਕ ਪਿਛਲੇ ਸਾਲ ਤੱਕ ਰਿਆਨ ਵੱਲੋਂ ਵੀਡੀਓਜ਼ ਵਿੱਚ ਇਸਤੇਮਾਲ ਕੀਤੇ ਸਾਰੇ ਖਿਡੌਣੇ ਉਨ੍ਹਾਂ ਵੱਲੋਂ ਹੀ ਖਰੀਦੇ ਗਏ ਸੀ ਉਨ੍ਹਾਂ ਵਿੱਚੋਂ ਕਾਫ਼ੀ ਦਾਨ ਕਰ ਦਿੱਤੇ ਗਏ ਸੀ।
ਕੁਝ ਮਹੀਨਿਆਂ ਤੋਂ ਵੀਡੀਓਜ਼ ਵਿੱਚ ਖਿਡੌਣੇ ਬਣਾਉਣ ਵਾਲੀਆਂ ਕੰਪਨੀਆਂ ਦੇ ਲਿੰਕਸ ਹੁੰਦੇ ਹਨ।
ਮੌਜੂਦਾ ਵਕਤ ਵਿੱਚ ਕਮੈਂਟ ਸੈਕਸ਼ਨ ਨੂੰ ਡਿਸੇਬਲ ਕੀਤਾ ਗਿਆ ਹੈ ਜਿਸ ਕਰਕੇ ਰਿਆਨ ਨੂੰ ਫੌਲੋ ਕਰਨ ਵਾਲਿਆਂ ਅਤੇ ਆਲੋਚਕਾਂ ਦੀਆਂ ਪ੍ਰਤੀਕਿਰਿਆਵਾਂ ਬਾਰੇ ਜਾਣਕਾਰੀ ਨਹੀਂ ਮਿਲ ਰਹੀ ਹੈ।
ਕੁਝ ਫੋਰਮਸ 'ਤੇ ਮਾਪਿਆਂ ਵੱਲੋਂ ਰਿਆਨ ਦੇ ਵੀਡੀਓਜ਼ ਦਾ ਉਨ੍ਹਾਂ ਦੇ ਬੱਚਿਆਂ 'ਤੇ ਪੈਂਦੇ ਅਸਰ ਬਾਰੇ ਲਿਖਿਆ ਗਿਆ ਹੈ।