ਸਿੱਧੂ ਮੂਸੇਵਾਲਾ ਕਤਲ: ਫੜ੍ਹੇ ਗਏ 8 ਸ਼ੱਕੀ ਵਿਅਕਤੀ ਕੌਣ-ਕੌਣ ਹਨ ਤੇ ਪੁਲਿਸ ਮੁਤਾਬਕ ਕਿਸ ਦੀ ਕੀ ਭੂਮਿਕਾ ਹੈ

ਸਿੱਧੂ

ਤਸਵੀਰ ਸਰੋਤ, Sidhu Moosewala/Fb

ਤਸਵੀਰ ਕੈਪਸ਼ਨ, 29 ਮਈ ਨੂੰ ਪਿੰਡ ਮੂਸੇਵਾਲਾ ਤੋਂ ਕੁਝ ਦੂਰ ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਘੇਰ ਕੇ ਗੋਲੀਆਂ ਵਰ੍ਹਾਈਆਂ ਜਿਸ ਵਿੱਚ ਮੂਸੇਵਾਲਾ ਦੀ ਮੌਤ ਹੋ ਗਈ
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਹਰਗੋਬਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਮੁੱਖ ਸ਼ੂਟਰ ਦੇ ਨਜ਼ਦੀਕੀ ਸਾਥੀ ਜਿਸ ਨੂੰ ਮਹਾਂਕਾਲ ਵਜੋਂ ਜਾਣਿਆ ਜਾਂਦਾ ਹੈ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਹਾਂਕਾਲ ਦਾ ਪੂਰਾ ਨਾਮ ਸਿਦੇਸ਼ ਹੀਰਾਮਨ ਕਾਂਬਲੇ ਹੈ ਅਤੇ ਉਸ ਨੂੰ ਮਕੋਕਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਅੱਠ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤਾ ਹੈ। ਪੁਲਿਸ ਨੇ ਚਾਰ ਸ਼ੂਟਰਾਂ ਦੀ ਪਛਾਣ ਕਰਨ ਦਾ ਵੀ ਦਾਅਵਾ ਕੀਤਾ ਹੈ।

ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਪ੍ਰਮੋਦ ਬਾਨ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ।

ਇਸ ਕਤਲ ਵਿੱਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਨਾਮ ਵੀ ਆਇਆ ਹੈ।। ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਹੀਰਾਮੱਲ ਨੇ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ।

29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲੇ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਮੂਸੇਵਾਲਾ ਦੋ ਹੋਰ ਵਿਅਕਤੀਆਂ ਨਾਲ ਮਾਨਸਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਮੂਸਾ ਤੋਂ ਜਵਾਹਰਕੇ ਪਿੰਡ ਜਾ ਰਹੇ ਸੀ ਜਦੋਂ ਉਨ੍ਹਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਆਧੁਨਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।

Banner

ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਲ। 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਅਤਿਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗਾਇਕੀ ਅਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ।

ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਹੈ। ਪੁਲਿਸ ਨੇ ਇਸ ਕੇਸ ਵਿੱਚ 8 ਗ੍ਰਿਫ਼ਤਾਰੀਆਂ ਕੀਤੀਆਂ ਹਨ।

ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਕਤਲ ਨੂੰ ਗੈਂਗਵਾਰ ਨਾਲ ਜੋੜਿਆ ਹੈ।

ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਘਟਨਾਵਾਂ ਨੇ ਪੰਜਾਬ ਦੇ ਸਮੁੱਚੇ ਮਾਹੌਲ ਨੂੰ ਗਮਗੀਨ ਕੀਤਾ ਹੈ।

Banner

ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਇਨ੍ਹਾਂ ਮੁਲਜ਼ਮਾਂ ਬਾਰੇ ਹੁਣ ਤੱਕ ਕੀ ਜਾਣਕਾਰੀ ਮਿਲੀ ਹੈ, ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

ਮਨਪ੍ਰੀਤ ਸਿੰਘ ਉਰਫ਼ ਭਾਊ

ਮਨਪ੍ਰੀਤ ਸਿੰਘ ਉਰਫ਼ ਭਾਊ ਫਰੀਦਕੋਟ ਦੇ ਢੈਪਈ ਪਿੰਡ ਦਾ ਰਹਿਣ ਵਾਲਾ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਦੇ ਦੂਜੇ ਹੀ ਦਿਨ ਉਸ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਉਤਰਾਖੰਡ ਪੁਲਿਸ ਦੇ ਸਹਿਯੋਗ ਨਾਲ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ।

ਮਨਪ੍ਰੀਤ ਸਿੰਘ ਦੇ ਪਿਤਾ ਹਰਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਕਤਲ ਕੇਸ ਵਿਚ ਸ਼ਮੂਲੀਅਤ ਉੱਤੇ ਭਰੋਸਾ ਨਹੀਂ ਹੈ।

ਮਨਪ੍ਰੀਤ ਸਿੰਘ ਉਰਫ਼ ਭਾਊ ਫਰੀਦਕੋਟ ਦੇ ਢੈਪਈ ਪਿੰਡ ਦਾ ਰਹਿਣ ਵਾਲਾ ਹੈ।

ਤਸਵੀਰ ਸਰੋਤ, BBC

ਤਸਵੀਰ ਕੈਪਸ਼ਨ, ਮਨਪ੍ਰੀਤ ਸਿੰਘ ਉਰਫ਼ ਭਾਊ ਫਰੀਦਕੋਟ ਦੇ ਢੈਪਈ ਪਿੰਡ ਦਾ ਰਹਿਣ ਵਾਲਾ ਹੈ

ਹਰਪਾਲ ਸਿੰਘ ਨੇ ਕਿਹਾ ਕਿ ਉਹ ਕਤਲ ਕਿਵੇਂ ਕਰ ਸਕਦਾ ਹੈ, ਉਹ ਤਾਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਕਤਲ ਤੋਂ ਪਹਿਲਾਂ ਹੀ ਜਾ ਚੁੱਕਾ ਸੀ। ਪਰ ਪੁਲਿਸ ਦਾ ਦਾਅਵਾ ਹੈ ਕਿ ਉਹ ਕਤਲ ਤੋਂ ਬਾਅਦ ਸ਼ਰਧਾਲੂਆਂ ਵਿੱਚ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪਰ ਪਿਤਾ ਹਰਪਾਲ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਦਾ ਪੁੱਤਰ ਦੋਸ਼ੀ ਹੈ ਤਾਂ ਸ਼ਰ੍ਹੇਆਮ ਖੜ੍ਹਾ ਕੇ ਗੋਲ਼ੀ ਮਾਰ ਦਿਓ, ਉਹ ਕੁਝ ਨਹੀਂ ਕਹਿਣਗੇ।

ਹਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਦਾ ਹੈ, ਤੇ ਪੋਤਰਾ ਤਾਂ ਗੀਤਾਂ ਉੱਤੇ ਭੰਗੜਾ ਪਾਉਂਦਾ ਹੈ।

ਸਿੱਧੂ ਮੂਸੇਵਾਲਾ ਕਤਲ ਦੇ ਮੁਲਜ਼ਮ ਮਨਪ੍ਰੀਤ ਸਿੰਘ ਦੇ ਪਿਤਾ ਕੀ ਆਖਦੇ ਹਨ

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ: ਮਨਪ੍ਰੀਤ ਸਿੰਘ ਦੇ ਪਿਤਾ- 'ਮੇਰਾ ਪੁੱਤ ਦੋਸ਼ੀ ਹੈ ਤਾਂ ਬੇਸ਼ੱਕ ਖੜ੍ਹਾ ਕੇ ਗੋਲੀ ਮਾਰ ਦਿਓ '

ਉਨ੍ਹਾਂ ਦੇ ਪਰਿਵਾਰ ਦੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੋਈ ਲਾਗਡਾਟ ਵੀ ਨਹੀਂ ਸੀ।

ਦੂਜੇ ਪਾਸੇ ਫਰੀਦਕੋਟ ਪੁਲਿਸ ਦੀ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਮਨਪ੍ਰੀਤ ਸਿੰਘ ਦਾ ਪਿਛੋਕੜ ਅਪਰਾਧਿਕ ਹੈ, ਉਸ ਖਿਲਾਫ਼ ਅੱਠ ਕੇਸ ਪਹਿਲਾਂ ਹੀ ਦਰਜ ਹਨ।

ਪੰਜਾਬ ਪੁਲਿਸ ਮੁਤਾਬਕ ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਟੋਇਓਟਾ ਕੋਰੋਲਾ ਕਾਰ ਮੁਹੱਈਆ ਕਰਵਾਈ ਸੀ ਜੋ ਬਾਅਦ ਵਿੱਚ ਕਥਿਤ ਤੌਰ 'ਤੇ ਸ਼ੂਟਰਾਂ ਵੱਲੋਂ ਵਰਤੀ ਗਈ ਸੀ।

ਸੰਦੀਪ ਕੇਕੜਾ

ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਸਿਰਸਾ ਦੇ ਦੋ ਮੁੰਡਿਆਂ ਦੇ ਨਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਆਏ ਹਨ।

ਇਨ੍ਹਾਂ ਵਿੱਚੋਂ ਪੰਜਾਬ ਪੁਲਿਸ ਵੱਲੋਂ ਸੰਦੀਪ ਉਰਫ ਕੇਕੜਾ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਦੀਪ ਉਰਫ ਕੇਕੜਾ 'ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੇ ਇਲਜ਼ਾਮ ਹਨ। ਕੇਕੜਾ ਨਸ਼ਿਆਂ ਦਾ ਆਦੀ ਹੈ ਤੇ ਕਈ-ਕਈ ਦਿਨ ਘਰੋਂ ਬਾਹਰ ਰਹਿੰਦਾ ਸੀ। ਹੁਣ ਘਰ ਨੂੰ ਜਿੰਦਰਾ ਲੱਗਿਆ ਹੈ ਤੇ ਘਰ 'ਚ ਕੋਈ ਵੀ ਜੀਅ ਨਹੀਂ ਰਹਿ ਰਿਹਾ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਟਾਸਕ ਫੋਰਸ ਨੇ ਕੀਤੇ ਵੱਡੇ ਖੁਲਾਸੇ

ਛੇਵੀਂ ਜਮਾਤ ਵਿੱਚੋਂ ਤਿੰਨ ਵਾਰ ਫ਼ੇਲ ਹੋਣ ਮਗਰੋਂ ਸੰਦੀਪ ਆਪਣੇ ਪਿਤਾ ਨਾਲ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਸੀ। ਮਜ਼ਦੂਰੀ ਕਰਦਾ-ਕਰਦਾ ਸੰਦੀਪ ਨਸ਼ਿਆਂ ਦਾ ਆਦੀ ਹੋ ਗਿਆ ਜਿਸ ਮਗਰੋਂ ਉਸ ਨਸ਼ਿਆਂ ਦੀ ਤਸਕਰੀ ਵੀ ਕਰਨ ਲੱਗਿਆ। ਉਸ ਉੱਤੇ ਪੁਲੀਸ ਵੱਲੋਂ ਚਾਰ ਕੇਸ ਦਰਜ ਕੀਤੇ ਹੋਏ ਹਨ।

ਕੇਕੜਾ 'ਤੇ ਇਲਜ਼ਾਮ ਹੈ ਕਿ ਇਸ ਨੇ ਹੀ ਸਿੱਧੂ ਮੂਸੇਵਾਲਾ ਦਾ ਫੈਨ ਬਣਕੇ ਉਸ ਦੀ ਰੈਕੀ ਕੀਤੀ ਸੀ। ਉਸਨੇ ਹੀ ਸ਼ਾਰਪ ਸ਼ੂਟਰਾਂ ਨੂੰ ਮੂਸੇਵਾਲਾ ਦੇ ਘਰੋਂ ਨਿਕਲਣ ਅਤੇ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਮੂਸੇਵਾਲਾ ਦਾ ਕਤਲ ਹੋ ਗਿਆ ਸੀ।

ਸੰਦੀਪ ਦੇ ਪਿਤਾ ਬਲਦੇਵ ਸਿੰਘ ਤੇ ਪਰਿਵਾਰ ਦੇ ਹੋਰ ਜੀਅ ਹੁਣ ਰੂਹਪੋਸ਼ ਹੋ ਗਏ ਹਨ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਕੀ ਕੁਝ ਹੋਇਆ, ਉਸਦੇ ਪਿਤਾ ਨੇ ਦੱਸਿਆ

ਸੰਦੀਪ ਉਰਫ ਕੇਕੜਾ ਦੇ ਗੁਆਂਢ ਰਹਿਣ ਵਾਲੇ ਇਕ ਨੌਜਵਾਨ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਹੈ ਕਿ ਕੇਕੜਾ ਕਦੇ ਕਦਾਂਈਂ ਹੀ ਘਰ ਆਉਂਦਾ ਸੀ। ਉਹ ਚਿੱਟੇ ਦਾ ਨਸ਼ਾ ਕਰਦਾ ਸੀ। ਸਾਨੂੰ ਤਾਂ ਹੁਣ ਪਤਾ ਲੱਗਾ ਹੈ ਕਿ ਉਸ ਨੂੰ ਪੰਜਾਬ ਪੁਲਿਸ ਫੜ ਕੇ ਲੈ ਗਈ ਹੈ।

ਕੇਕੜਾ ਦੀ ਇਕ ਭੈਣ ਪੰਜਾਬ 'ਚ ਮੂਸੇਵਾਲਾ ਦੇ ਨੇੜਲੇ ਪਿੰਡ ਵਿਆਹੀ ਹੈ ਜਦੋਂਕਿ ਇੱਕ ਹਾਲੇ ਕੁਆਰੀ ਹੈ। ਉਸ ਦੇ ਪਿਤਾ ਦਿਹਾੜੀ ਮਜ਼ਦੂਰੀ ਕਰਦੇ ਹਨ ਜਦਕਿ ਉਸ ਦੇ ਛੋਟੇ ਪੁੱਤਰ 'ਤੇ ਵੀ ਕਤਲ ਦਾ ਇਲਜ਼ਾਮ ਹੈ ਤੇ ਉਹ ਜੇਲ੍ਹ ਵਿੱਚ ਬੰਦ ਹੈ।

ਸਿਰਸਾ ਪੁਲਿਸ ਸ਼ੱਕੀਆਂ ਦੀ ਲਿਸਟ ਤਿਆਰ ਕਰ ਰਹੀ ਹੈ। ਹੁਣ ਤੱਕ ਦੋ ਦਰਜਨ ਤੋਂ ਵੱਧ ਵਿਅਕਤੀ ਸਿਰਸਾ ਪੁਲਿਸ ਦੇ ਸ਼ੱਕ ਦੇ ਘੇਰੇ ਵਿੱਚ ਆਏ ਹਨ।

ਸੰਦੀਪ ਕੇਕੜਾ

ਤਸਵੀਰ ਸਰੋਤ, Prabhu Dayal/bbc

ਤਸਵੀਰ ਕੈਪਸ਼ਨ, ਸੰਦੀਪ ਪਹਿਲਾ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਿਤਾ ਦਾ ਹੱਥ ਵਟਾਉਂਦਾ ਸੀ ਪਰ ਫਿਰ ਨਸ਼ੇ ਦਾ ਆਦੀ ਹੋ ਗਿਆ ਅਤੇ ਨਸ਼ੇ ਦੀ ਤਸਕਰੀ ਵਿੱਚ ਵੀ ਪੈ ਗਿਆ

ਸਿਰਸਾ ਦੇ ਐੱਸਪੀ ਡਾ. ਅਰਪਿਤ ਜੈਨ ਨੇ ਦੱਸਿਆ, "ਸ਼ਕੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਜੋ ਨੌਜਵਾਨ ਸੋਸ਼ਲ ਮੀਡੀਆ 'ਤੇ ਵੀ ਫ਼ੌਲੋ ਕਰ ਰਿਹਾ ਹੈ, ਉਸ ਦੀ ਵੀ ਮਾਨਿਟਰਿੰਗ ਕੀਤੀ ਜਾ ਰਹੀ ਹੈ। ਸਿਰਸਾ ਦੇ ਜਿਹੜੇ ਦੋ ਮੁੰਡਿਆਂ ਦੇ ਨਾਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਆਏ ਹਨ, ਉਨ੍ਹਾਂ ਵਿੱਚੋਂ ਇੱਕ 'ਤੇ ਤਾਂ ਨਸ਼ਾ ਤਸਕਰੀ ਦੇ ਕੇਸ ਹਨ ਜਦਕਿ ਦੂਜਾ ਪਿਛਲੇ ਡੇਢ ਸਾਲ ਤੋਂ ਆਪਣੇ ਪਿੰਡ ਨਹੀਂ ਰਹਿ ਰਿਹਾ ਹੈ। ਪੰਜਾਬ ਪੁਲਿਸ ਕੇਕੜਾ ਨੂੰ ਲੈ ਗਈ ਹੈ।"

ਸੰਦੀਪ ਨੂੰ ਫੜਨ ਤੋਂ ਬਾਅਦ ਪੰਜਾਬ ਪੁਲਿਸ ਨੇ ਦੱਸਿਆ ਕਿ, ਗੋਲਡੀ ਬਰਾੜ ਤੇ ਸਚਿਨ ਥੱਪਨ ਦੇ ਕਹਿਣ ਉੱਤੇ ਉਹ ਆਪਣੇ ਇੱਕ ਸਾਥੀ ਨਾਲ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਿਆ।

ਉਨ੍ਹਾਂ ਦਾ ਪ੍ਰਸ਼ੰਸਕ ਬਣ ਕੇ, 29 ਮਈ ਦਾ ਸਾਰਾ ਦਿਨ ਸਿੱਧੂ ਮੂਸੇਵਾਲਾ ਉੱਤੇ ਨਜ਼ਰ ਰੱਖੀ, ਮੂਸੇਵਾਲਾ ਦੇ ਬਾਹਰ ਆਉਣ ਦਾ ਇੰਤਜ਼ਾਰ ਕੀਤਾ।

ਪੁਲਿਸ ਨੇ ਦੱਸਿਆ ਕਿ ਸੰਦੀਪ ਨੇ ਆਪਣੇ ਆਪ ਨੂੰ ਉਨ੍ਹਾਂ ਦਾ ਫੈਨ ਦੱਸ ਕੇ ਸੈਲਫੀ ਲਈ ਅਤੇ ਸਟੀਕ ਜਾਣਕਾਰੀ ਸ਼ੂਟਰਾਂ ਦੀ ਟੀਮ ਨੂੰ ਦੇ ਦਿੱਤੀ।

ਇਹ ਵੀ ਦੱਸਿਆ ਕਿ ਮੂਸੇਵਾਲਾ ਬਗੈਰ ਸੁਰੱਖਿਆ ਦੇ ਨਿਕਲੇ ਹਨ। ਕਿਹੜੀ ਗੱਡੀ ਹੈ ਅਤੇ ਉਸ ਵਿੱਚ ਕੌਣ ਕੌਣ ਮੌਜੂਦ ਹੈ।

ਦਵਿੰਦਰ ਕਾਲਾ

ਦਵਿੰਦਰ ਕਾਲਾ ਨੂੰ ਮੋਗਾ ਪੁਲਿਸ ਹਰਿਆਣਾ ਦੇ ਫਤਿਹਾਬਾਦ ਤੋਂ ਫੜ੍ਹ ਕੇ ਲਿਆਈ ਸੀ। ਉਸ ਦਾ ਪਿਛੋਕੜ ਮੂਸਲਵਾਲੀ ਪਿੰਡ ਦਾ ਹੈ ਅਤੇ ਇੱਥੋਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ।

ਦਵਿੰਦਰ ਤੋਂ ਇਲਾਵਾ ਫਤਿਹਾਬਾਦ ਤੋਂ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਫੜਿਆ ਸੀ। ਦਵਿੰਦਰ ਕਾਲਾ ਉੱਤੇ ਇਲਜ਼ਾਮ ਹੈ ਕਿ ਹਮਲਾਵਰਾਂ ਤੱਕ ਬਲੈਰੋ ਗੱਡੀ ਜਿਨ੍ਹਾਂ ਦੋ ਵਿਅਕਤੀਆਂ ਨੇ ਪਹੁੰਚਾਈ ਸੀ, ਉਹ ਗੱਡੀ ਹਾਸਲ ਕਰਨ ਤੋਂ ਪਹਿਲਾਂ ਦਵਿੰਦਰ ਕਾਲਾ ਦੇ ਘਰ ਰਹੇ ਸਨ।

ਇਹ ਵੀ ਪੜ੍ਹੋ:

ਪੁਲਿਸ ਨੇ ਇਹ ਗੱਡੀ ਰਤੀਆ ਟੋਲ ਪਲਾਜ਼ਾ ਦੇ ਸੀਸੀਟੀਵੀ ਕੈਮਰਿਆਂ ਉੱਤੇ ਟਰੇਸ ਕੀਤੀ ਸੀ ਅਤੇ ਇਸ ਦੇ ਤਾਰ ਜੁੜਦੇ ਜੁੜਦੇ ਦਵਿੰਦਰ ਕਾਲਾ ਤੱਕ ਲੈ ਗਏ।

ਹਰਿਆਣਾ ਪੁਲਿਸ ਮੁਤਾਬਕ ਦਵਿੰਦਰ ਕਾਲਾ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਉਸ ਉੱਤੇ ਫਤਿਹਾਬਾਦ ਸਦਰ ਥਾਣੇ ਵਿੱਚ ਨਸ਼ਾ ਵਿਰੋਧੀ ਐਕਟ ਤਹਿਤ 6 ਮਾਮਲੇ ਦਰਜ ਹਨ, ਇਸੇ ਤਰ੍ਹਾਂ ਪੰਜਾਬ ਵਿਚ ਵੀ 2 ਕਿਲੋ ਅਫੀਮ ਦਾ ਕੇਸ ਦਰਜ ਹੈ।

ਮਨਪ੍ਰੀਤ ਸਿੰਘ ਮੰਨਾ

ਮਨਪ੍ਰੀਤ ਸਿੰਘ ਮੰਨਾ ਦਾ ਪਿਛੋਕੜ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਹੈ ਅਤੇ ਉਹ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ।

ਮਨਪ੍ਰੀਤ ਮੰਨਾ ਕੁਲਵੀਰ ਨਰੂਆਣਾ ਕੇਸ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਸੀ ਤੇ ਉਸ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਈ ਹੈ।

ਮਨਪ੍ਰੀਤ ਮੰਨਾ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਸੀ। ਮੰਨਾ ਬਾਰੇ ਬਠਿੰਡਾ ਪੁਲਿਸ ਨੇ ਦੱਸਿਆ ਸੀ ਕਿ ਉਹ ਪਹਿਲਾਂ ਕੁਲਵੀਰ ਨਰੂਆਣਾ ਦੇ ਨਾਲ ਹੀ ਕੰਮ ਕਰਦਾ ਸੀ। ਪਰ ਬਾਅਦ ਵਿੱਚ ਉਨ੍ਹਾਂ ਦੇ ਆਪਸ ਵਿੱਚ ਮਤਭੇਦ ਹੋ ਗਏ।

ਮੰਨਾ 8 ਜੁਲਾਈ 2021 ਨੂੰ ਜੇਲ੍ਹ ਤੋਂ ਜ਼ਮਾਨਤ ਉੱਤੇ ਆਏ ਨਰੂਆਣਾ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ, ਦੋਵਾਂ ਨੇ ਇਕੱਠਿਆ ਚਾਹ ਪੀਤੀ।

ਜਦੋਂ ਉਹ ਮੰਨਾ ਨੂੰ ਛੱਡਣ ਗੱਡੀ ਤੱਕ ਆਇਆ ਤਾਂ ਮੰਨਾ ਨੇ ਉਸ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ: ਪੰਜਾਬ ਸਰਕਾਰ ਤੋਂ ਕਿੱਥੇ ਹੋਈ ਵੱਡੀ ਗਲਤੀ?

ਸਰਾਜ ਮਿੰਟੂ

ਸਰਾਜ ਮਿੰਟੂ ਦਾ ਪੂਰਾ ਨਾ ਸਰਾਜ ਸੰਧੂ ਹੈ। ਉਹ ਅੰਮ੍ਰਿਤਸਰ ਦੇ ਢੋਡੇ ਕੈਸੀਆ ਪਿੰਡ ਦਾ ਰਹਿਣ ਵਾਲਾ ਹੈ।

ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਉਹ ਏ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਉੱਤੇ 5 ਲੱਖ ਦਾ ਇਨਾਮ ਸੀ।

ਸਿੱਧੂ ਮੂਸੇਵਾਲਾ ਕੇਸ ਵਿੱਚ ਪੁਲਿਸ ਉਸ ਨੂੰ ਫਰੀਦਕੋਟ ਜੇਲ੍ਹ ਤੋਂ ਗ੍ਰਿਫਤਾਰ ਕਰਕੇ ਲਿਆਈ ਹੈ।

ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਕਾਤਲਾਂ ਨੂੰ ਗੱਡੀ ਮੁਹੱਈਆ ਕਰਵਾਈ।

ਉਹ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਦਾ ਖਾਸ ਬੰਦਾ ਸਮਝਿਆ ਜਾਂਦਾ ਹੈ।

ਉਸ ਨੂੰ ਆਰਗੇਨਾਇਜ਼ਡ ਕਰਾਇਮ ਸੈੱਲ ਨੇ 2018 ਵਿੱਚ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਉਹ 2017 ਵਿੱਚ ਬਟਾਲਾ ਵਿੱਚ ਸ਼ਿਵ ਸੈਨਾ ਕਾਰਕੁਨ ਵਿਪਨ ਸ਼ਰਮਾ ਦੇ ਕਤਲ ਦੇ ਮਾਮਲੇ ਕਾਰਨ ਚਰਚਾ ਵਿੱਚ ਆਇਆ ਸੀ।

ਸਰਾਜ ਮਿੰਟੂ ਨੇ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਅਤੇ ਸਚਿਨ ਥੱਪਨ ਦੇ ਕਹਿਣ ਉੱਤੇ ਮਨਪ੍ਰੀਤ ਭਾਊ ਤੋਂ ਕਾਰ ਇਨ੍ਹਾਂ ਸ਼ੂਟਰਾਂ ਨੂੰ ਦੁਆਈ।

ਮਿੰਟੂ ਡਾਗਰ

ਮਿੰਟੂ ਡਾਗਰ ਨੂੰ ਵੀ ਪੁਲਿਸ ਫਰੀਦੋਕਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਈ ਸੀ ਅਤੇ ਬਾਅਦ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮਿੰਟੂ ਡਾਗਰ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਮੁਤਾਬਕ ਉਸ ਉੱਤੇ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਕਰੀਬ 15 ਕੇਸ ਦਰਜ ਹਨ।

ਮੋਗਾ ਪੁਲਿਸ ਨੇ ਉਸ ਨੂੰ ਹਰਜੀਤ ਪੈਂਟਾ ਦੇ ਕਤਲ ਵਿਚ ਵੀ ਗ੍ਰਿਫ਼ਤਾਰ ਕੀਤਾ ਸੀ ਜੋ ਹੁਣ ਸਿੱਧੂ ਮੂਸੇਵਾਲਾ ਕੇਸ ਵਿਚ ਸ਼ਾਮਿਲ ਦੱਸਿਆ ਜਾ ਰਿਹਾ ਹੈ।

ਪੈਂਟਾ ਦਾ ਇਸੇ ਸਾਲ 2 ਅਪ੍ਰੈਲ ਨੂੰ ਮੜੀ ਮੁਸਤਫ਼ਾ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਮੋਗਾ ਪੁਲਿਸ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਮਿੰਟੂ ਡਾਗਰ ਲਾਰੈਂਸ਼ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈ।

ਉਸ ਨੂੰ ਗੋਲਡੀ ਬਰਾੜ ਦਾ ਭਰੋਸੇਮੰਦ ਬੰਦਾ ਸਮਝਿਆ ਜਾਂਦਾ ਹੈ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਟੇਜ ਤੋਂ ਅਪੀਲ ਕਰਦਿਆਂ ਅਗਲੇ ਕਦਮ ਬਾਰੇ ਦੱਸਿਆ (ਵੀਡੀਓ 8 ਜੂਨ 2022 ਦੀ ਹੈ)

ਪ੍ਰਭਦੀਪ ਸਿੰਘ ਸਿੱਧੂ

ਪ੍ਰਭਦੀਪ ਸਿੰਘ ਸਿੱਧੂ ਨੂੰ ਪੱਬੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਹਰਿਆਣਾ ਦੇ ਤਖ਼ਤ-ਮਾਲ ਦਾ ਰਹਿਣ ਵਾਲਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਗੋਲਡੀ ਬਰਾੜ ਦੇ ਦੋ ਬੰਦਿਆਂ ਨੂੰ ਪਨਾਹ ਦਿੱਤੀ ਸੀ।

ਪੱਬੀ ਉੱਤੇ ਇਹ ਵੀ ਇਲਜ਼ਾਮ ਹੈ ਕਿ ਉਸਨੇ ਸਿੱਧੂ ਮੂਸੇਵਾਲੇ ਦਾ ਘਰ ਅਤੇ ਆਸ ਪਾਸ ਦੇ ਇਲਾਕੇ ਦੀ ਰੇਕੀ ਕੀਤੀ ਸੀ।

ਪਵਨ ਬਿਸ਼ਨੋਈ ਤੇ ਨਸੀਬ

ਪੁਲਿਸ ਸੂਤਰਾਂ ਮੁਤਾਬਕ ਪਵਨ ਬਿਸ਼ਨੋਈ ਅਤੇ ਨਸੀਬ ਨੂੰ ਮੋਗਾ ਪੁਲਿਸ ਨੇ ਫਤਿਹਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ।

ਇਹ ਦੋਵੇਂ ਵਿਅਕਤੀ ਬਿਨਸ਼ੋਈ ਗੈਂਗ ਨਾਲ ਸਬੰਧਤ ਹਨ। ਮੋਗਾ ਪੁਲਿਸ ਨੇ ਇਨ੍ਹਾਂ ਨੂੰ ਦੋ ਵੱਖ ਵੱਖ ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਪੁੱਛਗਿੱਛ ਦੌਰਾਨ ਇਨ੍ਹਾਂ ਦੀ ਸਿੱਧੂ ਮੂਸੇਵਾਲਾ ਕੇਸ ਵਿੱਚ ਸ਼ਮੂਲੀਅਤ ਪਾਈ ਗਈ।

ਕੇਕੜਾ ਬਣਿਆ ਸੀ ਭੇਤੀ - ਪੁਲਿਸ

ਗ੍ਰਿਫ਼ਤਾਰ ਲੋਕਾਂ ਦੀ ਭੂਮਿਕਾ ਬਾਰੇ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਪ੍ਰਮੋਦ ਬਾਨ ਨੇ ਮੰਗਲਵਾਰ ਨੂੰ ਦੱਸਿਆ, "ਸੰਦੀਪ ਸਿੰਘ ਕੇਕੜਾ ਨੇ ਗੋਲਡੀ ਬਰਾੜ ਅਤੇ ਸਚਿਨ ਥੱਪਨ ਦੇ ਕਹਿਣ 'ਤੇ ਗਾਇਕ ਦਾ ਫੈਨ ਬਣ ਕੇ ਉਨ੍ਹਾਂ ਦੀਆਂ ਗਤੀਵਿਧੀਆਂ ਉੱਪਰ ਨਿਗ੍ਹਾ ਰੱਖੀ ਸੀ।"

"ਕੇਕੜਾ ਨੇ ਕਤਲ ਤੋਂ ਕੁਝ ਦੇਰ ਪਹਿਲਾਂ ਜਦੋਂ ਗਾਇਕ ਆਪਣੇ ਘਰੋਂ ਨਿਕਲੇ ਸਨ ਤਾਂ ਉਨ੍ਹਾਂ ਨਾਲ ਇੱਕ ਸੈਲਫ਼ੀ ਵੀ ਲਈ ਸੀ।"

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦਾ ਪਿਛੋਕੜ ਜਾਣੋ ਜਦੋਂ ਉਸ ਨੂੰ ਆਪਣੇ ਬਾਰੇ ਦੱਸਣਾ ਪੈਂਦਾ ਸੀ

ਏਡੀਜੀਪੀ ਨੇ ਦੱਸਿਆ, ਕੇਕੜਾ ਨੇ ਸਾਰੀ ਜਾਣਕਾਰੀ ਜਿਵੇਂ ਗਾਇਕ ਦੇ ਨਾਲ ਸੁਰੱਖਿਆ ਕਰਮੀ ਨਹੀਂ ਸਨ, ਉਨ੍ਹਾਂ ਦੇ ਨਾਲ ਕਿੰਨੇ ਜਣੇ ਸਨ। ਗੱਡੀ ਦੀ ਜਾਣਕਾਰੀ ਅਤੇ ਇਹ ਵੀ ਕਿ ਉਹ ਗ਼ੈਰ-ਬੁਲਟ ਪਰੂਫ਼ ਗੱਡੀ ਮਹਿੰਦਰਾ ਥਾਰ ਵਿੱਚ ਹਨ ਸ਼ੂਟਰਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਹੈਂਡਲਰਾਂ ਨਾਲ ਸਾਂਝੀ ਕੀਤੀ।"

ਇਹ ਵੀ ਪੜ੍ਹੋ-

ਜਨਵਰੀ ਤੋਂ ਹੀ ਤਿਆਰੀ ਸ਼ੁਰੂ ਹੋ ਗਈ ਸੀ - ਪੁਲਿਸ

ਉਨ੍ਹਾਂ ਨੇ ਦੱਸਿਆ, "ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਇੱਕ ਟੋਇਓਟਾ ਕਰੋਲਾ ਕਾਰ ਵੀ ਮੁਹੱਈਆ ਕਰਵਾਈ ਸੀ।"

"ਉਸ ਨੇ ਇਹ ਕਾਰ ਸਰਾਜ ਮਿੰਟੂ ਦੇ ਕਹਿਣ 'ਤੇ ਦੋ ਸ਼ੱਕੀ ਸ਼ੂਟਰਾਂ ਨੂੰ ਦਿੱਤੀ ਸੀ। ਸਰਾਜ ਮਿੰਟੂ ਗੋਲਡੀ ਬਰਾੜ ਅਤੇ ਸਚਿਨ ਥੱਪਨ ਦਾ ਨਜ਼ਦੀਕੀ ਸਾਥੀ ਹੈ।"

ਏਡੀਜੀਪੀ ਨੇ ਕਿਹਾ ਕਿ ਪੰਜਵੇਂ ਮੁਲਜ਼ਮ ਪ੍ਰਦੀਪ ਸਿੰਘ ਸਿੱਧੂ ਉਰਫ਼ 'ਪੱਬੀ' ਨੇ ਗੋਲਡੀ ਬਰਾੜ ਦੇ ਹਰਿਆਣਾ ਤੋਂ ਆਏ ਦੋਵਾਂ ਸਹਿਯੋਗੀਆਂ ਨੂੰ ਰਹਿਣ ਲਈ ਥਾਂ ਮੁਹੱਈਆ ਕਰਵਾਈ ਸੀ।

ਵੀਡੀਓ ਕੈਪਸ਼ਨ, ਮੂਸੇਵਾਲੇ ਦੀ ਅੰਤਿਮ ਅਰਦਾਸ: ਡੇਢ ਲੱਖ ਲੋਕਾਂ ਲਈ ਪ੍ਰਸ਼ਾਦਾ ਕਿੱਥੋਂ ਆਵੇਗਾ

"ਇਹ ਲੋਕ ਜਨਵਰੀ 2022 ਵਿੱਚ ਹੀ ਆ ਗਏ ਸਨ ਅਤੇ ਪੱਬੀ ਨੇ ਇਨ੍ਹਾਂ ਦੇ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਦੇ ਘਰ ਅਤੇ ਗਲੀ-ਗੁਆਂਢ ਦੀ ਰੇਕੀ ਵੀ ਕੀਤੀ ਸੀ।"

"ਜਦਕਿ ਮੋਨੂ ਡਾਗਰ ਨੇ ਦੋਵਾਂ ਸ਼ੂਟਰਾਂ ਨੂੰ ਗੋਲਡੀ ਦੀਆਂ ਹਦਾਇਤਾਂ ਮੁਤਾਬਕ ਕਤਲ ਨੂੰ ਅੰਜਾਮ ਦੇਣ ਲਈ ਸ਼ੂਟਰਾਂ ਦੀ ਟੀਮ ਇਕੱਠੀ ਕਰਨ ਵਿੱਚ ਮਦਦ ਕੀਤੀ ਸੀ।"

ਏਡੀਜੀਪੀ ਨੇ ਦੱਸਿਆ ਕਿ ਪਵਨ ਬਿਸ਼ਨੋਈ ਅਤੇ ਨਸੀਬ ਨੇ ਸ਼ੂਟਰਾਂ ਨੂੰ ਬੋਲੈਰੋ ਗੱਡੀ ਅਤੇ ਲੁਕਣ ਦੀ ਥਾਂ ਮੁਹੱਈਆ ਕਰਵਾਈ।

ਐਡੀਜੀਪੀ ਬਾਨ ਨੇ ਦੱਸਿਆ ਸੀ ਐਸਆਈਟੀ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਛਾਣੇ ਜਾ ਚੁੱਕੇ ਸ਼ੂਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਕਿਹੜੇ ਮੁਲਜ਼ਮ ਨੇ ਕਤਲ ਵਿੱਚ ਕੀ ਭੂਮਿਕਾ ਨਿਭਾਈ

ਵੀਡੀਓ ਕੈਪਸ਼ਨ, ਮੂਸੇਵਾਲਾ ਕਤਲ: 8 ਗ੍ਰਿਫ਼ਤਾਰੀਆਂ ਬਾਰੇ ਪੁਲਿਸ ਨੇ ਕੀ ਦੱਸਿਆ (ਵੀਡੀਓ 7 ਜੂਨ 2022 ਦੀ ਹੈ)

ਮਨਪ੍ਰੀਤ ਮੰਨਾ: ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਟੋਯੋਟਾ ਕੋਰੋਲਾ ਕਾਰ ਮੁਹੱਈਆ ਕਰਵਾਈ

ਮਨਪ੍ਰੀਤ ਭਾਊ: ਮਨਪ੍ਰੀਤ ਭਾਊ ਨੇ ਇਹ ਕੋਰੋਲਾ ਕਾਰ ਸਰਾਜ ਮਿੰਟੂ ਦੇ ਦੋ ਸਾਥੀਆਂ ਜਿਨ੍ਹਾਂ ਨੂੰ ਸ਼ੂਟਰਾਂ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਨੂੰ ਅੱਗੇ ਭੇਜੀ

ਸਰਾਜ ਮਿੰਟੂ: ਮਨਪ੍ਰੀਤ ਭਾਊ ਤੋਂ ਇਹ ਕਾਰ ਸਰਾਜ ਮਿੰਟੂ ਨੇ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਅਤੇ ਸਚਿਨ ਥੱਪਨ ਦੇ ਕਹਿਣ ਉੱਤੇ ਸ਼ੂਟਰਾਂ ਨੂੰ ਦਵਾਈ।

ਪ੍ਰਭਦੀਪ ਸਿੰਘ ਉਰਫ਼ ਪੱਬੀ: ਜਨਵਰੀ ਦੇ ਮਹੀਨੇ ਗੋਲਡੀ ਬਰਾੜ ਨੇ ਆਪਣੇ ਸਾਥੀ ਨੂੰ ਪੱਬੀ ਕੋਲ ਭੇਜਿਆ, ਪੱਬੀ ਨੇ ਉਸਨੂੰ ਰਹਿਣ ਲਈ ਥਾਂ ਦਿੱਤੀ, ਅਤੇ ਉਸੇ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਘਰ ਅਤੇ ਇਲਾਕੇ ਦੀ ਰੇਕੀ ਕੀਤੀ

ਮੋਨੂੰ ਡਾਗਰ: ਮੋਨੂੰ ਡਾਗਰ ਨੇ ਗੋਲਡੀ ਬਰਾੜ ਦੇ ਕਹਿਣ ਉੱਤੇ ਦੋ ਸ਼ੂਟਰ ਦਿੱਤੇ, ਇਨ੍ਹਾਂ ਸ਼ੂਟਰਾਂ ਦੀ ਮਦਦ ਨਾਲ ਅੱਗੇ ਇਸ ਕਤਲਕਾਂਡ ਨੂੰ ਅੰਜਾਮ ਦੇਣ ਲਈ ਟੀਮ ਬਣਾਈ ਗਈ।

ਪਵਨ ਬਿਸ਼ਨੋਈ: ਪਵਨ ਬਿਸ਼ਨੋਈ ਨੇ ਸ਼ੂਟਰਾਂ ਨੂੰ ਕਤਲਕਾਂਡ ਨੂੰ ਅੰਜਾਮ ਦੇਣ ਲਈ ਬੋਲੈਰੋ ਗੱਡੀ ਦਾ ਇੰਤਜਾਮ ਕੀਤਾ ਅਤੇ ਇਨ੍ਹਾਂ ਨੂੰ ਲੁਕਣ ਲਈ ਥਾਂ ਮੁਹੱਈਆ ਕਰਵਾਈ।

ਨਸੀਬ: ਨਸੀਬ ਨੇ ਪਵਨ ਬਿਸ਼ਨੋਈ ਸਣੇ ਬੋਲੈਰੋ ਗੱਡੀ ਸ਼ੂਟਰਾਂ ਤੱਕ ਪਹੁੰਚਦੀ ਕੀਤੀ

ਸੰਦੀਪ ਸਿੰਘ ਉਰਫ਼ ਕੇਕੜਾ: ਗੋਲਡੀ ਬਰਾੜ ਤੇ ਸਚਿਨ ਥੱਪਨ ਦੇ ਕਹਿਣ ਉੱਤੇ ਸੰਦੀਪ ਸਿੰਘ ਉਰਫ਼ ਕੇਕੜਾ ਆਪਣੇ ਇੱਕ ਸਾਥੀ ਨਾਲ ਸਿੱਥੂ ਮੂਸੇਵਾਲਾ ਦੇ ਘਰ ਪਹੁੰਚਿਆ।ਉਨ੍ਹਾਂ ਦਾ ਪ੍ਰਸ਼ੰਸਕ ਬਣ ਕੇ, 29 ਮਈ ਦੇ ਸਾਰਾ ਦਿਨ ਸਿੱਧੂ ਮੂਸੇਵਾਲਾ ਉੱਤੇ ਨਜ਼ਰ ਰੱਖੀ, ਮੂਸੇਵਾਲਾ ਦੇ ਬਾਹਰ ਆਉਣ ਦਾ ਇੰਤਜਾਰ ਕੀਤਾ। ਆਪਣੇ ਆਪ ਨੂੰ ਉਨ੍ਹਾਂ ਦਾ ਫੈਨ ਦੱਸ ਕੇ ਸੈਲਫੀ ਲਈ ਅਤੇ ਸਟੀਕ ਜਾਣਕਾਰੀ ਸ਼ੂਟਰਾਂ ਦੀ ਟੀਮ ਨੂੰ ਦੇ ਦਿੱਤੀ। ਸੰਦੀਪ ਨੇ ਇਹ ਵੀ ਦੱਸਿਆ ਕਿ ਮੂਸੇਵਾਲਾ ਬਗੈਰ ਸੁਰੱਖਿਆ ਦੇ ਨਿਕਲੇ ਹਨ, ਕਿਹੜੀ ਗੱਡੀ ਹੈ ਅਤੇ ਉਸ ਵਿੱਚ ਕੌਣ ਕੌਣ ਮੌਜੂਦ ਹੈ।

ਇਸ ਤੋਂ ਬਾਅਦ ਦਾ ਵਾਕਿਆ ਸਭ ਜਾਣਦੇ ਹਨ।ਪਿੰਡ ਮੂਸੇਵਾਲਾ ਤੋਂ ਕੁਝ ਦੂਰ ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਘੇਰ ਕੇ ਗੋਲੀਆਂ ਵਰ੍ਹਾਈਆਂ ਜਿਸ ਵਿੱਚ ਮੂਸੇਵਾਲਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਸਾਥੀ ਜਖਮੀ ਹੋ ਗਏ।

ਲਾਰੈਂਸ ਬਿਸ਼ਨੋਈ ਨੂੰ ਝੂਠੇ ਪੁਲਿਸ ਮੁਕਾਬਲੇ ਦਾ ਡਰ

ਬੀਬੀਸੀ ਪੱਤਰਕਾਰ ਸੁੱਚਿਤਰਾ ਮੋਹੰਤੀ ਮੁਤਾਬਕ 29 ਸਾਲਾ ਗੈਂਗਸਟਰ ਲਾਰੈਂਸ਼ ਬਿਸ਼ਨੋਈ ਨੇ ਦਿੱਲੀ ਦੀ ਪਟਿਆਲਾ ਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਪੰਜਾਬ ਪੁਲਿਸ ਵਲੋਂ ਉਸਦਾ ਝੂਠਾ ਮੁਕਾਬਲਾ ਬਣਾਉਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਅਦਾਲਤ ਵਿਚ ਦਾਇਰ ਅਰਜੀ ਵਿਚ ਕਿਹਾ ਹੈ ਕਿ ਕਿਵੇਂ ਅਦਾਲਤ ਦੇ ਪ੍ਰੋਡਕਸ਼ਨ ਵਾਰੰਟ ਦੌਰਾਨ ਇੱਧਰ ਉੱਧਰ ਲਿਜਾਉਣ ਸਮੇਂ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਹੈ।

ਬਿਸ਼ਨੋਈ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਵਿਦਿਆਰਥੀ ਆਗੂ ਹੋਣ ਕਾਰਨ ਉਸ ਉੱਤੇ ਪੰਜਾਬ ਅਤੇ ਚੰਡੀਗੜ੍ਹ ਵਿਚ ਸਿਆਸੀ ਵਿਰੋਧੀ ਹੋਣ ਕਾਰਨ ਕਈ ਕੇਸਾਂ ਬਣਾਏ ਗਏ ਹਨ।

ਇੰਡੀਆ ਟੁਡੇ ਦੀ ਇੱਕ ਰਿਪੋਰਟ ਮੁਤਾਬਕ, ਬਿਸ਼ਨੋਈ ਗਰੁੱਪ ਵਿੱਚ 700 ਦੇ ਕਰੀਬ ਮੈਂਬਰ ਹਨ।

ਬਿਸ਼ਨੋਈ ਦੇ ਇਸ ਗਰੁੱਪ ਵਿੱਚ ਪ੍ਰੋਫੈਸ਼ਨਲ ਸ਼ੂਟਰ ਵੀ ਸ਼ਾਮਲ ਹਨ ਅਤੇ ਇਹ ਸਮੂਹ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਹਿਮਾਚਲ ਸਮੇਤ ਕਈ ਥਾਵਾਂ ਤੋਂ ਚਲਾਇਆ ਜਾਂਦਾ ਹੈ।

ਇੱਥੋਂ ਤੱਕ ਕਿ ਇਨ੍ਹਾਂ ਦੇ ਸੰਪਰਕ ਕੈਨੇਡਾ ਸਣੇ ਹੋਰ ਕਈ ਮੁਲਕਾਂ ਵਿੱਚ ਵੀ ਦੱਸੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)