ਸਿੱਧੂ ਮੂਸੇਵਾਲਾ ਦੀ ਲਾਹੌਰ ਨਾਲ ਜੁੜੀ ਦਿਲੀ ਖ਼ਵਾਇਸ਼ ਜੋ ਅਧੂਰੀ ਰਹਿ ਗਈ
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
"ਮੈਂ ਕਦੇ ਮਿਲਿਆ ਤਾਂ ਨਹੀਂ ਪਰ ਕਦੇ ਇਹ ਵੀ ਨਹੀਂ ਲੱਗਾ ਕਿ ਮਿਲੇ ਨਹੀਂ, ਇਹੀ ਲੱਗਦਾ ਜਿਵੇਂ ਨਾਲ ਰਲ ਕੇ ਜੰਮੇ ਹਾਂ।"
ਪਾਕਿਸਤਾਨ ਵਿੱਚ ਰਹਿੰਦੇ ਅੰਜੁਮ ਗਿੱਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਨਹੀਂ ਰਹੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਖਿਸਕ ਗਈ ਹੋਈ।
ਪਾਕਿਸਤਾਨ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੀ ਸੰਸਥਾ ਪੰਜਾਬੀ ਪ੍ਰਚਾਰ ਦੇ ਯੂਥ ਵਿੰਗ ਦੇ ਪ੍ਰਧਾਨ ਅੰਜੁਮ ਗਿੱਲ ਮੁਤਾਬਕ ਪਾਕਿਸਤਾਨ ਵਿੱਚ ਸਿੱਧੂ ਨੂੰ ਪਿਆਰ ਕਰਨ ਵਾਲੇ ਬਹੁਤ ਹਨ।
ਅੰਜੁਮ ਸਿੱਧੂ ਮੂਸੇਵਾਲੇ ਨਾਲ ਰਾਬਤੇ ਵਿੱਚ ਹੀ ਰਹੇ ਹਨ ਅਤੇ ਉਨ੍ਹਾਂ ਵੀਡੀਓ ਕਾਲ ਰਾਹੀਂ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ।
ਅੰਜੁਮ ਮੁਤਾਬਕ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਆਉਣ ਦੀ ਕਾਫੀ ਤਾਂਘ ਸੀ ਅਤੇ ਉਹ ਉੱਥੇ ਆ ਕੇ ਕਿੱਥੇ-ਕਿੱਥੇ ਜਾਣਾ ਤੇ ਕੀ-ਕੀ ਵੇਖਣਾ ਇਸ ਬਾਰੇ ਦੱਸਿਆ ਕਰਦੇ ਸਨ।

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਨ੍ਹਾਂ ਦਾ 29 ਮਈ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਅੰਜੁਮ ਨੇ ਸਿੱਧੂ ਮੂਸੇਵਾਲਾ ਨਾਲ ਆਪਣੀ ਭਾਵਨਾਤਮਕ ਸਾਂਝ ਅਤੇ ਗੱਲਾਬਾਤਾਂ ਦੇ ਯਾਦਗਰ ਪਲ ਸਾਂਝੇ ਕੀਤੇ।
ਸਿੱਧੂ ਮੂਸੇਵਾਲਾ ਦੀ ਮੌਤ ਦੀ ਖ਼ਬਰ ਆਈ ਤਾਂ ...
ਉਨ੍ਹਾਂ ਦੀਆਂ ਕਹੀਆਂ ਤੇ ਦੱਸੀਆਂ ਗੱਲਾਂ ਨੂੰ ਅਸੀਂ ਇੱਥੇ ਲਫ਼ਜ਼ਾਂ ਦਾ ਜਾਮਾ ਪਹਿਨਾ ਰਹੇ ਹਾਂ-
ਮੈਨੂੰ ਮੇਰੇ ਦੋਸਤ ਦਾ ਕਾਲ ਕੀਤੀ ਕਿ ਸੁਣਿਆ ਕਿ ਸਿੱਧੂ ਮੂਸੇਵਾਲਾ ਦੁਨੀਆਂ 'ਚ ਨਹੀਂ ਰਹੇ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ, ਉਨ੍ਹਾਂ ਨੇ ਕਿਹਾ ਨਿਊਜ਼ ਚੱਲ ਰਹੀਆਂ।
ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਆਇਆ, ਮੈਂ ਫਿਰ ਭਾਰਤ ਦੇ ਪੰਜਾਬ ਵਿੱਚ ਰਹਿੰਦੇ ਇੱਕ ਹੋਰ ਗਾਇਕ ਨੂੰ ਕਾਲ ਕੀਤੀ। ਜੋ ਪਿਛਲੇ ਦਿਨੀਂ ਸਾਡੇ ਕੋਲ (ਪਾਕਿਸਤਾਨ) ਆਏ ਸਨ ਤੇ ਉਹ ਬਾਈ ਸਿੱਧੂ ਦੇ ਵੀ ਚੰਗੇ ਦੋਸਤ ਸਨ ਤੇ ਸਾਡੇ ਵੀ ਸਨ ਪਰ ਉਨ੍ਹਾਂ ਕਾਲ ਨਹੀਂ ਚੁੱਕੀ।
ਉਸ ਤੋਂ ਬਾਅਦ ਮੈਂ ਇੱਕ ਹੋਰ (ਭਾਰਤੀ ਪੰਜਾਬ ਵਿੱਚ ਰਹਿੰਦੇ) ਪੱਤਰਕਾਰ ਦੋਸਤ ਨੂੰ ਫੋਨ ਲਗਾਇਆ ਤਾਂ ਉਹ ਅੱਗੋਂ ਰੋ ਰਹੇ ਸਨ। ਉਨ੍ਹਾਂ ਨੇ ਦੱਸਿਆ, 'ਹਾਂ, ਵਾਕਈ ਨਹੀਂ ਰਹੇ।'

ਉਸ ਵੇਲੇ ਮੇਰੀਆਂ ਅੱਖਾਂ ਵਿੱਚ ਅੱਥਰੂ ਸਨ। ਰੋਣ ਆ ਰਿਹਾ ਸੀ। ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿ ਇਹ ਸਭ ਕਿਵੇਂ ਹੋ ਗਿਆ।
ਸਿੱਧੂ ਮੂਸੇਵਾਲਾ ਨਾਲ ਜਦੋਂ ਪਹਿਲੀ ਵਾਰ ਗੱਲ ਹੋਈ
ਮੇਰੀ ਪਹਿਲੀ ਵਾਰ ਉਨ੍ਹਾਂ ਨਾਲ ਗੱਲ ਉਨ੍ਹਾਂ ਦੇ ਬਚਪਨ ਦੋਸਤ ਨੇ ਕਰਵਾਈ। ਇਸ ਤੋਂ ਬਾਅਦ ਫਿਲਮ ਇੰਡਸਟਰੀ ਦੇ ਲੋਕ, ਹੋਰ ਜੋ ਪੰਜਾਬੀ ਨਾਲ ਪਿਆਰ ਕਰਦੇ ਸਨ, ਜਦੋਂ ਉਹ ਉਨ੍ਹਾਂ ਕੋਲ ਜਾਂਦੇ ਸਨ ਤਾਂ ਉਹ ਸਾਡਾ ਅਕਸਰ ਉਨ੍ਹਾਂ ਨਾਲ ਜ਼ਿਕਰ ਕਰ ਦਿੰਦੇ ਸਨ ਕਿ ਉਧਰ (ਪਾਕਿਸਤਾਨ) 'ਚ ਆਪਣੇ ਭਰਾ ਹਨ।
ਇਹ ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਾਡੀ ਪਹਿਲੀ ਵਾਰ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਫਿਰ ਸਾਡੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਸੀ ਤੇ ਆਖ਼ਰੀ ਵਾਰ ਥੋੜ੍ਹੇ ਦਿਨ ਪਹਿਲਾਂ ਹੀ ਗੱਲ ਹੋਈ ਸੀ।
ਦਰਅਸਲ, ਮੈਂ ਉਨ੍ਹਾਂ ਨੂੰ ਇਧਰੋਂ ਪਿਸ਼ੋਰੀ ਚੱਪਲਾਂ ਭੇਜੀਆਂ ਸਨ ਤਾਂ ਮੈਂ ਫੋਨ ਕਰ ਕੇ ਪੁੱਛਿਆ ਕਿ ਬਾਈ ਪੂਰੀ ਆ ਗਈ ਜੁੱਤੀ।
ਉਨ੍ਹਾਂ ਨੇ ਅੱਗੋਂ ਕਿਹਾ, 'ਬਾਈ ਮੇਰੇ ਪੈਰ ਵੱਡੇ ਹਨ ਤੇ ਤੁਸੀਂ ਥੋੜ੍ਹੀਆਂ ਛੋਟੀਆਂ ਜੁੱਤੀਆਂ ਭੇਜ ਦਿੱਤੀਆਂ ਹਨ। ਪਰ ਮੇਰੇ ਪਿਤਾ ਜੀ ਨੂੰ ਪੂਰੀ ਆ ਗਈ ਹੈ, ਉਨ੍ਹਾਂ ਨੇ ਪਾ ਲਈ ਹੈ।'
ਮੈਂ ਕਿਹਾ ਕਿ ਖੁਸ਼ੀ ਦੀ ਗੱਲ ਜੇ ਉਨ੍ਹਾਂ ਪੂਰੀ ਆ ਗਈ, ਮੈਂ ਤੁਹਾਨੂੰ ਵੱਡਾ ਨੰਬਰ ਭੇਜ ਦਿਆਂਗਾ। ਬੱਸ, ਇਹੀ ਆਖ਼ਰੀ ਗੱਲਬਾਤ ਸੀ, ਜੋ ਉਨ੍ਹਾਂ ਨਾਲ ਹੋਈ ਸੀ।
ਇਹ ਵੀ ਪੜ੍ਹੋ-
ਪਾਕਿਸਤਾਨ ਆਉਣ ਬਾਰੇ ਜਦੋਂ ਵੀ ਗੱਲ ਹੁੰਦੀ ਉਦੋਂ ਹੀ ਆਖਦੇ ਹੁੰਦੇ ਸੀ ਕਿ ਮੈਂ ਜ਼ਰੂਰ ਆਵਾਂਗੇ ਤੇ ਜਲਦੀ ਆਵਾਂਗਾ।
ਪਾਕਿਸਤਾਨ ਜਾਣ ਦੀ ਰੀਝ
ਉਹ ਕਹਿੰਦੇ ਹੁੰਦੇ ਸਨ, 'ਜੇ ਮੇਰੀ ਕਿਤੇ ਸਭ ਤੋਂ ਜ਼ਿਆਦਾ ਜਾਣ ਦੀ ਦਿਲੀਂ ਦੀ ਰੀਝ ਹੈ ਤਾਂ ਉਹ ਹੈ ਪਾਕਿਸਤਾਨ ਜਾਣ ਦੀ ਹੈ। ਮੇਰੇ ਭਰਾ ਛੇਤੀ ਮਿਲਾਂਗੇ।'
ਸਾਡੀ ਤਾਂ ਦਿਲੀਂ ਤਾਂਘ ਸੀ ਕਿ ਅਸੀਂ ਆਪਸ ਵਿੱਚ ਮਿਲੀਏ। ਸਾਡਾ ਵੀ ਦਿਲ ਕਰਦਾ ਸੀ ਕਿ ਉਨ੍ਹਾਂ ਨਾਲ ਮੁਲਾਕਾਤ ਹੋਵੇ ਤੇ ਉਨ੍ਹਾਂ ਦਾ ਦਿਲ ਵੀ ਸੀ ਪਾਕਿਸਤਾਨ ਦੇਖਾ।
ਉਹ ਅਕਸਰ ਗੱਲ ਕਰਦੇ ਹੁੰਦੇ ਸਨ ਕਿ ਇੱਥੇ (ਪਾਕਿਸਤਾਨ) ਆ ਕੇ ਰਹਾਂ, ਮੈਂ (ਸਿੱਧੂ) ਕਿੰਨਾ ਲੋਕਾਂ ਕੋਲ ਜਾਵਾਂਗਾ, ਕਿੱਥੇ ਰਹਾਂਗਾ।
ਫਿਰ ਇਧਰੋ ਜਦੋਂ ਲੋਕ ਸਾਨੂੰ ਮਿਲ ਕੇ ਜਾਂਦੇ ਸੀ ਤਾਂ ਉਨ੍ਹਾਂ ਨੂੰ ਦੱਸਦੇ ਹੁੰਦੇ ਸੀ ਕਿ ਉਹ ਸਾਡੇ ਕੋਲ ਰਹੇ ਸਨ। ਫਿਰ ਉਹ ਵੀ ਕਹਿਣ ਲੱਗੇ ਕਿ ਮੈਂ (ਸਿੱਧੂ) ਵੀ ਤੁਹਾਡੇ ਕੋਲ ਹੀ ਆ ਕੇ ਹੀ ਰਹਾਂਗਾ।
ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਉਨ੍ਹਾਂ ਕਾਲ ਕੀਤੀ ਤੇ ਮੈਂ ਕਿਹਾ, 'ਲਵ ਯੂ ਆ ਬਾਈ ਟਰੱਕ ਭਰੇ' ਤਾਂ ਅੱਗੋਂ ਹੱਸ ਕੇ ਕਹਿੰਦੇ 'ਟਰੱਕ ਭਰ ਕੇ ਲਵ ਯੂ ਹੀ ਭੇਜਣਾ, ਹੋਰ ਨਾ ਕੁਝ ਭੇਜਣਾ।' ਇਹ ਗੱਲ ਮੈਨੂੰ ਹਮੇਸ਼ਾ ਉਨ੍ਹਾਂ ਦੀ ਯਾਦ ਰਹੇਗੀ ਤੇ ਉਨ੍ਹਾਂ ਦਾ ਉਹ ਹੱਸਦਾ ਚਿਹਰਾ ਮੈਂ ਕਦੇ ਨਹੀਂ ਭੁੱਲ ਸਕਦਾ।
ਇੱਕ ਵਾਰ ਚੜ੍ਹਦੇ ਪੰਜਾਬੋ ਆਇਆ ਪੱਤਰਕਾਰ ਮਿੱਤਰ ਤੇ ਮੈਂ ਲਾਹੌਰ ਘੁੰਮ ਰਹੇ ਸੀ, ਜਿਵੇਂ ਉਹ ਮਿੱਤਰ ਗੱਡੀ 'ਚੋਂ ਬਾਹਰ ਨਿਕਲੇ ਤਾਂ ਮਾਲ ਰੋਡ 'ਚੇ ਛੋਟੇ-ਛੋਟੇ ਬੱਚੇ ਘੁੰਮ ਰਹੇ ਸਨ। ਜਦੋੰ ਉਨ੍ਹਾਂ ਮੇਰੇ ਮਿੱਤਰ ਨੂੰ ਦੇਖਿਆ ਤਾਂ ਕਹਿਣ ਲੱਗੇ ਕਿ, 'ਸਿੱਧੂ ਮੂਸੇਵਾਲਾ ਆ ਗਿਆ, ਸਿੱਧੂ ਮੂਸੇਵਾਲਾ ਆ ਗਿਆ।'
ਸਿੱਧੂ ਮੂਸੇਵਾਲਾ ਨੂੰ ਲੋਕ ਇਸ ਹਦ ਤੱਕ ਪਾਕਿਸਤਾਨ ਵਿੱਚ ਜਾਣਦੇ ਸਨ। ਮੈਂ ਇੱਕ ਵੀਡੀਓ ਬਣਾਈ ਤੇ ਉਸ ਦਾ ਕਲਿੱਪ ਬਣਾ ਕੇ ਉਸੇ ਵੇਲੇ ਬਾਈ ਨੂੰ ਭੇਜਿਆ ਤਾਂ ਉਨ੍ਹਾਂ ਦਾ ਹੱਸ ਕੇ ਜਵਾਬ ਆਇਆ ਕਿ ਬਾਈ ਤੁਹਾਡਾ ਪਿਆਰ ਹੈ।
ਮੈਂ ਫਿਰ ਨਾਲ ਦੀ ਨਾਲ ਹੀ ਵੀਡੀਓ ਕਾਲ ਲਗਾ ਗਈ ਮੈਂ ਗੱਲ ਕਰਦਿਆਂ-ਕਰਦਿਆਂ ਕੈਮਰਾ ਆਪਣੇ ਚੜ੍ਹਦੇ ਪੰਜਾਬ ਤੋਂ ਆਏ ਪੱਤਰਕਾਰ ਦੋਸਤ ਵੱਲ ਮੋੜ ਦਿੱਤਾ, ਤਾਂ ਕਹਿੰਦੇ, 'ਬਾਈ ਜੀ ਤੁਸੀਂ ਲਾਹੌਰ ਆਏ ਹੋ, ਮੈਂ ਵੀ ਇੱਕ ਦਿਨ ਆਵਾਂਗਾ।'
ਉਸ ਵੇਲੇ ਵੀ ਜਦੋਂ ਉਹ ਹੱਸ ਰਹੇ ਸਨ ਤੇ ਅੱਜ ਵੀ ਉਨ੍ਹਾਂ ਹੱਸਦਾ ਉਹ ਚਿਹਰਾ ਅੱਖਾਂ ਅੱਗੋਂ ਨਹੀਂ ਜਾਂਦਾ।
ਸਿੱਧੂ ਮੂਸੇਵਾਲਾ ਅਕਸਰ ਲਾਹੌਰ ਜਾਣਾ ਲੋਚਦਾ ਸੀ
ਸਿੱਧੂ ਮੂਸੇਵਾਲਾ ਅਕਸਰ ਜ਼ਿਆਦਾਤਰ ਲਾਹੌਰ ਦਾ ਜ਼ਿਕਰ ਕਰਦੇ ਹੁੰਦੇ ਸਨ। ਮੈਂ ਲਾਹੌਰ ਘੁੰਮਣਾ ਹੈ, ਫਿਰ ਮੈਂ ਇਸਲਾਮਾਬਾਦ ਜਾਣਾ ਹੈ ਤੇ ਜੇ ਪੁੱਛਣਾ ਕਿ ਬਾਈ ਹੋਰ ਕਿੱਥੇ-ਕਿੱਥੇ ਜਾਣਾ ਤਾਂ ਉਹ ਪੇਸ਼ਾਵਰ ਦਾ ਜ਼ਿਕਰ ਜ਼ਰੂਰ ਕਰਦੇ ਹੁੰਦੇ ਸਨ ਕਿ ਮੈਂ ਪਿਸ਼ੌਰ ਜ਼ਰੂਰ ਦੇਖਣਾ ਹੈ।
ਇੱਕ ਤਾਂ (ਪਿਸ਼ਾਵਰ) ਜਾਣ ਦੀ ਉਨ੍ਹਾਂ ਦੀ ਬਹੁਤੀ ਖਵਾਇਸ਼ ਸੀ ਤੇ ਨਾਲ ਇਹ ਵੀ ਕਹਿ ਦੇਣਾ ਕਿ ਬਾਈ ਜਿੱਥੇ ਲੈ ਜਾਓਗੇ ਉੱਥੇ ਹੀ ਚਲੇ ਜਾਵਾਂਗੇ।
ਇੱਕ ਦਿਨ ਬਾਈ ਦਾ ਮੈਨੂੰ ਮੈਸੇਜ ਆਇਆ ਕਿ ਮੈਂ ਲਾਹੌਰ ਦੀ ਜੀਸੀ ਯੂਨੀਵਰਸਿਟੀ (ਗਾਰਮੈਂਟ ਕਾਲਜ ਯੂਨੀਵਰਸਿਟੀ ਲਾਹੌਰ) ਜ਼ਰੂਰ ਦੇਖਣੀ ਹੈ। ਇਹ ਮੇਰੀ ਦਿਲੀਂ ਖਵਾਇਸ਼ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਦੇ ਖਾਣ-ਪੀਣ ਦਾ ਕੋਈ ਖ਼ਾਸ ਜ਼ਿਕਰ ਨਹੀਂ ਕੀਤਾ, ਮੈਨੂੰ ਲੱਗਦਾ ਖਾਣ ਦੇ ਉਹ ਜ਼ਿਆਦਾ ਸ਼ੌਕੀਨ ਨਹੀਂ ਸਨ।
ਇੱਕ ਵਾਰ ਉਧਰੋਂ (ਭਾਰਤੀ ਪੰਜਾਬ ਤੋਂ) ਪੰਜਾਬੀ ਗਾਇਕ ਆਏ ਹੋਏ ਸਨ, ਅਸੀਂ ਇਕੱਠੇ ਗੱਡੀ ਵਿੱਚ ਜਾ ਰਹੇ ਸੀ ਤਾਂ ਉਨ੍ਹਾਂ ਨੇ ਸਿੱਧੂ ਬਾਈ ਨੂੰ ਕਾਲ ਕਰ ਕੇ ਕਿਹਾ ਕਿ ਮੈਂ ਬਾਈ ਲਹੌਰੋਂ ਬੋਲਦਾ।
ਅੱਗੋਂ ਬਾਈ ਹੱਸਣ ਲੱਗ ਪਏ ਤਾਂ ਕਹਿੰਦੇ, 'ਇੱਕ ਦਿਨ ਮੈਂ ਉੱਥੇ (ਲਾਹੌਰ) ਆਵਾਂਗੇ ਤੇ ਆਖਾਂਗਾ ਮੈਂ ਲਹੌਰੋਂ ਬੋਲਦਾ।'
ਬੱਸ ਇਹ ਗੱਲਾਂ ਦਿਲ ਵਿੱਚ ਹੀ ਰਹਿ ਗਈਆਂ ਕਿ ਉਹ ਕਦੇ ਇੱਥੇ ਆਉਣਗੇ ਤੇ ਕਹਿਣਗੇ, 'ਮੈਂ ਲਹੌਰੋ ਬੋਲਦਾ।'
ਇਸ ਤੋਂ ਇਲਾਵਾ ਅੰਜੁਮ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਇੱਕ ਕਵਿਤਾ ਵੀ ਲਿਖੀ ਹੈ, ਜਿਸ ਦੀਆਂ ਤਰਾਂ ਇਸ ਤਰ੍ਹਾਂ ਹਨ-
ਸਿੱਧੂ ਮੂਸੇ ਵਾਲੇ ਦੇ ਨਾਮ -
ਮੈਂ ਸੁਣਿਆ ਪਾਣੀ ਬਹੁਤ ਰੁੜਿਆ ਪੰਜਾਬ ਚ,
ਪਰ ਇਹ ਅੱਥਰੂ ਤੇਰਾ ਲਹੂ ਨਹੀਂ ਧੋ ਸਕਦੇ।
ਇਹ ਨਾ ਸੋਚੀ ਕਿ ਲਹਿੰਦੇ ਪੰਜਾਬ 'ਚ ਤੈਨੂੰ ਕੋਈ ਰੋਇਆ ਨਹੀਂ,
ਬੱਸ, ਇਹ ਤੈਨੂੰ ਰੱਬ ਤੋਂ ਨਹੀਂ ਖੋਹ ਸਕਦੇ।
ਤੇ ਮੈਂ ਬਹੁਤ ਵਾਰ ਸੁਣਿਆ ਉਹ ਗਾਣਾ
ਜੱਗ ਜਿਊਂਦਿਆਂ ਦੇ ਮੇਲੇ ਹੋਏ ਦੀਪ ਸਿਆਂ,
ਸਿਵਾ ਤੇਰੀ ਤਸਵੀਰ ਤੋਂ ਤੇਰਾ ਕੁਝ ਨਹੀਂ ਛੋਹ ਸਕਦੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















