ਸਿੱਧੂ ਮੂਸੇਵਾਲਾ: ਰਾਹੁਲ ਗਾਂਧੀ ਪਹੁੰਚੇ ਪਿੰਡ ਮੂਸਾ, ਧਮਕੀਆਂ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਹੋਰ ਪੁਖ਼ਤਾ
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਦੁੱਖ ਸਾਂਝ ਕਰਨ ਪਿੰਡ ਮੂਸਾ ਪਹੁੰਚੇ।
ਰਾਹੁਲ ਗਾਂਧੀ ਇਸ ਤੋਂ ਪਹਿਲਾਂ ਚੰਡੀਗੜ੍ਹ ਪਹੁੰਚੇ, ਜਿੱਥੋਂ ਉਹ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਮੂਸਾ ਪਹੁੰਚੇ।
ਇਸ ਤੋਂ ਇਲਾਨਾ ਉਨ੍ਹਾਂ ਨਾਲ ਓਪੀ ਸੋਨੀ ਅਤੇ ਮਦਨ ਲਾਲ ਜਲਾਲਪੁਰ ਵੀ ਮੌਜੂਦ ਸਨ।
ਰਾਹੁਲ ਗਾਂਧੀ ਦੀ ਫੇਰੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਗਏ ਸਨ।

ਤਸਵੀਰ ਸਰੋਤ, Rahul Gandhi/twitter
ਰਾਹੁਲ ਗਾਂਧੀ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ
ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ, "ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਜਿਸ ਦੁੱਖ ਵਿੱਚ, ਉਸ ਨੂੰ ਬਿਆਨ ਕਰਨਾ ਔਖਾ ਹੈ। ਉਨ੍ਹਾਂ ਇਨਸਾਫ਼ ਦਿਵਾਉਣਾ ਸਾਡਾ ਫਰਜ਼ ਹੈ ਅਤੇ ਅਸੀਂ ਦਿਵਾ ਕੇ ਰਹਾਂਗੇ।"
"ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਭੰਗ ਹੋ ਗਈ ਹੈ। ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਕਾਇਮ ਰੱਖਣਾ 'ਆਪ' ਸਰਕਾਰ ਦੇ ਵਸ ਦੀ ਗੱਲ ਨਹੀਂ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਬੀਤੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਪਿੰਡ ਮੂਸਾ ਪਹੁੰਚੇ, ਜਿਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।

ਤਸਵੀਰ ਸਰੋਤ, Surinder Mann/BBC

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

ਰਾਹੁਲ ਦੀ ਸਿੱਧੂ ਮੂਸੇ ਵਾਲਾ ਨਾਲ ਨੇੜਤਾ
ਸਿੱਧੂ ਮੂਸੇਵਾਲਾ ਦਸੰਬਰ 2021 ਵਿਚ ਕਾਂਗਰਸ ਵਿਚ ਸ਼ਾਮਲ ਹੋਇਆ ਸੀ ਅਤੇ ਪਾਰਟੀ ਦੀ ਟਿਕਟ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਹਲਕੇ ਤੋਂ ਉਮੀਦਵਾਰ ਬਣਿਆ ਸੀ।
ਪਰ ਉਨ੍ਹਾਂ ਨੂੰ ਪਿਛਲੇ ਦਿਨੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਅਹੁਦੇ ਤੋਂ ਹਟਾਏ ਗਏ ਸਿਹਤ ਮੰਤਰੀ ਵਿਜੇ ਸਿੰਗਲਾ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ।

ਤਸਵੀਰ ਸਰੋਤ, Raja Warring/FB
ਸਿੱਧੂ ਮੂਸੇਵਾਲਾ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਦਿਨ ਹੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।
ਵਿਧਾਨ ਸਭਾ ਦੇ ਚੋਣ ਪ੍ਰਚਾਰ ਦੌਰਾਨ ਵੀ ਰਾਹੁਲ ਗਾਂਧੀ ਸਿੱਧੂ ਮੂਸੇ ਵਾਲਾ ਲਈ ਚੋਣ ਰੈਲੀ ਕਰਕੇ ਗਏ ਸਨ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਪਾਰਟੀ ਸਿੱਧੂ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਾਰਵਾਰ ਵਜੋਂ ਵਿਚਾਰ ਕਰ ਰਹੀ ਸੀ।
ਮਾਂ ਦਾ ਹਿਰਦਾ ਰੱਖਦਿਆਂ, ਇੱਕ ਮਾਂ ਨੂੰ ਮਿਲਣ ਆਈ ਹਾਂ- ਪਰਨੀਤ ਕੌਰ
ਕਾਂਗਰਸ ਦੀ ਨੇਤਾ ਪਰਨੀਤ ਕੌਰ ਨੇ ਕਿਹਾ,"ਅੱਜ ਮੈਂ ਇੱਕ ਮਾਂ ਕੋਲ ਮਾਂ ਦਾ ਹਿਰਦਾ ਰੱਖਦਿਆਂ ਹੋਇਆਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਆਈ ਹਾਂ। ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਆਈ ਹਾਂ।"

ਤਸਵੀਰ ਸਰੋਤ, Ani
"ਬਹੁਤ ਅਫ਼ਸੋਸ ਦੀ ਗੱਲ ਹੈ ਕਿ ਇੱਕ ਅਜਿਹਾ ਬੁਰਾ ਵਾਕਿਆ ਸਾਡੇ ਪੰਜਾਬ ਵਿੱਚ ਹੋਇਆ, ਜਿਸ ਵਿੱਚ ਇੰਨੀ ਬੁਰੀ ਤਰ੍ਹਾਂ ਇੱਕ ਇਨਸਾਨ ਨੂੰ, ਜਿਸ ਦਾ ਦੁਨੀਆਂ ਭਰ ਵਿੱਚ ਨਾਮ ਸੀ, ਸ਼ਰੇਆਮ ਗੋਲੀਆਂ ਮਾਰ ਦੇ ਖ਼ਤਮ ਕਰ ਦਿੱਤਾ ਗਿਆ।"
"ਇਸ ਮੌਕੇ ਕੀ ਗੱਲ ਕੀਤੀ ਜਾ ਸਕਦੀ ਹੈ, ਅਫ਼ਸੋਸ ਕਰ ਸਕਦੇ ਹੋ, ਤੁਸੀਂ ਹੱਥ ਫੜ੍ਹ ਸਕਦੇ ਹੋ, ਗਲੇ ਲੱਗ ਸਕਦੇ ਹੋ। ਇੱਕ ਪਿਉ ਲਈ ਜਿਸ ਨੇ ਕਾਰਗਿਲ ਵਿੱਚ ਵੀ ਕੰਮ ਕੀਤਾ ਉਸ ਲਈ ਅਜਿਹਾ ਹਾਦਸਾ ਬੇਹੱਦ ਬੁਰੀ ਗੱਲ ਹੈ।"
ਉਨ੍ਹਾਂ ਨੇ ਕਿਹਾ, "ਇਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਹੈ। ਉਨ੍ਹਾਂ ਨੇ ਵਾਅਦੇ ਕੀਤੇ ਸਨ, ਹੁਣ ਉਹ ਪੂਰਾ ਕਰਨ।"
ਮਾਨਸਾ ਦਾ ਕੋਈ ਵੀ ਵਕੀਲ ਸਿੱਧੂ ਦੇ ਕਾਤਲਾਂ ਦਾ ਕੇਸ ਨਹੀਂ ਲੜੇਗਾ- ਬਾਰ ਐਸੋਸੀਏਸ਼ਨ ਦਾ ਫ਼ੈਸਲਾ
ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਨੇ 8 ਜੂਨ ਨੂੰ ਅਦਾਲਤ ਵਿਚ ਕੰਮ-ਕਾਜ ਠੱਪ ਰੱਖਣ ਦਾ ਫ਼ੈਸਲਾ ਲਿਆ ਹੈ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ ਮੁਤਾਬਕ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਫ਼ੈਸਲਾ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਵਜੋਂ ਵਿੱਚ ਲਿਆ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਕੇਸ ਦੀ ਪੈਰਵਾਈ ਕਰਨ ਲਈ ਮਾਨਸਾ ਦਾ ਕੋਈ ਵੀ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਸੱਤ ਵਕੀਲਾਂ ਦੇ ਆਧਾਰਿਤ ਇੱਕ ਪੈਨਲ ਬਣਾਇਆ ਗਿਆ ਹੈ, ਜੋ ਸਿੱਧੂ ਮੂਸੇਵਾਲੇ ਦੇ ਕੇਸ ਦੀ ਪੈਰਵਾਈ ਕਰੇਗਾ।
ਸਲਮਾਨ ਅਤੇ ਸਲੀਮ ਖ਼ਾਨ ਨੂੰ ਮਿਲੀ ਧਮਕੀ ਤੋਂ ਬਾਅਦ ਸੁਰੱਖਿਆ ਵਧੀ
ਮੁੰਬਈ ਪੁਲਿਸ ਨੇ ਸੋਮਵਾਰ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਦਾ ਬਿਆਨ ਦਰਜ ਕੀਤਾ।
ਸਲੀਮ ਖ਼ਾਨ ਨੂੰ ਇੱਕ ਧਮਕੀ ਭਰੀ ਚਿੱਠੀ ਮਿਲਣ ਦੇ ਸਿਲਸਿਲੇ ਵਿੱਚ ਇਹ ਬਿਆਨ ਦਰਜ ਕੀਤਾ ਗਿਆ ਹੈ।
ਇਸ ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਸਲਮਾਨ ਅਤੇ ਸਲੀਮ ਖ਼ਾਨ ਦਾ ਹਸ਼ਰ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਾਂਗ ਹੋਵੇਗਾ।

ਤਸਵੀਰ ਸਰੋਤ, Getty Images
ਸਮਾਚਾਰ ਏਜੰਸੀ ਪੀਟੀਆਈ ਨੂੰ ਇੱਕ ਅਧਿਕਾਰੀ ਨੇ ਦੱਸਿਆ ਕਿ ਬਾਂਦਰਾ ਵਿੱਚ ਸਲਮਾਨ ਖ਼ਾਨ ਦੇ ਘਰ ਦਾ ਦੌਰਾ ਕਰ ਕੇ ਅਤੇ ਚਾਰੇ ਪਾਸੇ ਸੁਰੱਖਿਆ ਵਧਾਉਣ ਤੋਂ ਬਾਅਦ ਪੁਲਿਸ ਸਲਮਾਨ ਖ਼ਾਨ ਦਾ ਬਿਆਨ ਦਰਜ ਨਹੀਂ ਕਰ ਸਕੀ, ਕਿਉਂਕਿ ਉਹ ਘਰੇ ਮੌਜੂਦ ਨਹੀਂ ਸੀ।
ਪੀਟੀਆਈ ਨੇ ਇੱਕ ਪੁਲਿਸ ਸੂਤਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਚਿੱਠੀ ਵਿੱਚ ਲਿਖਿਆ ਹੈ, "ਸਲੀਮ ਖ਼ਾਨ, ਸਲਮਾਨ ਖ਼ਾਨ ਬਹੁਤ ਛੇਤੀ ਤੁਹਾਡਾ ਹਸ਼ਰ ਵੀ ਮੂਸੇਵਾਲਾ ਵਾਂਗ ਹੋਵੇਗਾ, ਜੀਬੀ ਐੱਲ.ਬੀ.।"
ਪੰਜਾਬੀ ਗਾਇਕ ਮੂਸੇਵਾਲਾ ਦੀ ਪਿਛਲੇ ਮਹੀਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਜਾਣ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ।
ਮੁੰਬਈ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਿਲੀ ਧਮਕੀ ਵਾਲੀ ਚਿੱਠੀ ਨੂੰ "ਗੰਭੀਰਤਾ ਨਾਲ" ਲਿਆ ਹੈ।
ਉਨ੍ਹਾਂ ਨੇ ਕਿਹਾ, "ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਕੀ ਚਿੱਠੀ ਫਰਜ਼ੀ ਹੈ ਅਤੇ ਇਸ ਦੇ ਨਾਲ ਹੀ ਅਸੀਂ ਲਾਰੈਂਸ ਬਿਸ਼ਨੌਈ ਗੈਂਗ (ਸ਼ਾਮਿਲ ਹੋਣ) ਬਾਰੇ ਕੁਝ ਵੀ ਨਹੀਂ ਕਹਿ ਸਕਦੇ ਹਾਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














