ਸਾਊਦੀ ਅਰਬ 'ਚ ਕੈਦ ਬਲਵਿੰਦਰ ਦੀ ਮੌਤ ਦੀ ਸਜ਼ਾ 'ਚ ਦੋ ਦਿਨ ਬਾਕੀ, ਬਲੱਡ ਮਨੀ ਲਈ ਪੈਸੇ ਕਿਉਂ ਨਹੀਂ ਪਹੁੰਚ ਰਹੇ

ਪੰਜਾਬ ਦੇ ਮੁਕਤਸਰ ਸਾਹਿਬ ਦੇ ਬਲਵਿੰਦਰ ਸਿੰਘ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਆਪਣੀ ਜਾਣ ਬਚਾਉਣ ਦੇ ਬਲਦੇ ਉਨ੍ਹਾਂ ਨੂੰ 2 ਕਰੋੜ (ਭਾਰਤੀ ਰੁਪਏ ਅਨੁਸਾਰ) ਬੱਲਡ ਮਨੀ ਭਰਨ ਲਈ ਕਿਹਾ ਗਿਆ ਹੈ।
ਇਸ ਵੇਲੇ ਬਲਵਿੰਦਰ ਦਾ ਪਰਿਵਾਰ ਉਨ੍ਹਾਂ ਲਈ ਪੈਸੇ ਜੁਟਾ ਰਿਹਾ ਹੈ, ਜਿਸ ਵਿੱਚ ਦੇਸ਼ਾਂ-ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਸਣੇ, ਬਲਵਿੰਦਰ ਦੀ ਕੰਪਨੀ ਨੇ ਵੀ ਪੈਸੇ ਦੇਣ ਦੀ ਗੱਲ ਕਹੀ ਹੈ।
ਭਾਰਤ ਅਤੇ ਭਾਰਤੀਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਸਾਊਦੀ ਅਰਬ ਦੇ ਕਾਰੋਬਾਰੀ ਐੱਸਪੀ ਓਬਰਾਏ ਵੀ ਇਸ ਬਲੱਡ ਮਨੀ ਲਈ ਪੈਸੇ ਦੇ ਰਹੇ ਹਨ। ਉਨ੍ਹਾਂ ਨੇ ਇਸ ਦੇ ਲਈ 20 ਲੱਖ ਰੁਪਏ ਦੀ ਮਦਦ ਕਰਨ ਦੀ ਗੱਲ ਕੀਤੀ ਹੈ।
ਐਸਪੀ ਓਬਰਾਏ ਅਤੇ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਮੁਤਾਬਕ ਲੋੜੀਂਦੀ ਰਕਮ, 2 ਕਰੋੜ ਰੁਪਏ ਇਕੱਠੇ ਵੀ ਹੋ ਗਏ ਹਨ, ਪਰ ਸਮੱਸਿਆ ਇਹ ਹੈ ਕਿ ਪੈਸੇ ਭਾਰਤ ਤੋਂ ਸਾਊਦੀ ਅਰਬ ਭੇਜਣ ਵਿੱਚ ਪਰੇਸ਼ਾਨੀ ਆ ਰਹੀ ਹੈ।
ਦੂਜੇ ਪਾਸੇ, ਬਲਵਿੰਦਰ ਦੀ ਸਜ਼ਾ ਦਾ ਦਿਨ ਨੇੜੇ ਆ ਰਿਹਾ ਹੈ।
ਬਲਵਿੰਦਰ ਸਿੰਘ ਨੂੰ 15 ਮਈ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ, ਇਸ ਤਰ੍ਹਾਂ ਉਨ੍ਹਾਂ ਕੋਲ ਲਗਭਗ 72 ਘੰਟਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ।
ਪਰਿਵਾਰ ਨੇ ਬਹੁਤ ਮਸ਼ੱਕਤ ਤੋਂ ਬਾਅਦ ਪੈਸਾ ਤਾਂ ਇਕੱਠਾ ਕਰ ਲਿਆ ਹੈ ਪਰ ਤਕਨੀਕੀ ਕਾਰਨਾਂ ਕਰਕੇ ਇਹ ਪੈਸਾ ਸਾਊਦੀ ਨਹੀਂ ਪਹੁੰਚ ਪਾ ਰਿਹਾ।
ਕੀ ਹੁੰਦੀ ਹੈ ਬਲੱਡ ਮਨੀ?
ਇਸਲਾਮ ਵਿੱਚ ਸ਼ਰੀਆ ਕਾਨੂੰਨ ਅਨੁਸਾਰ ਜੇ ਕਤਲ ਦੇ ਮੁਲਜ਼ਮ ਅਤੇ ਪੀੜਤ ਪੱਖ (ਪਰਿਵਾਰ) ਵਿਚਕਾਰ ਸਮਝੌਤਾ ਹੋ ਜਾਵੇ ਅਤੇ ਜੇ ਪੀੜਿਤ ਪਰਿਵਾਰ ਮੁਆਫ਼ੀ ਦੇਣ ਲਈ ਸਹਿਮਤ ਹੋ ਜਾਵੇ ਤਾਂ ਫਾਂਸੀ ਮੁਆਫ਼ ਕਰਨ ਲਈ ਅਦਾਲਤਾਂ 'ਚ ਅਪੀਲ ਕੀਤੀ ਜਾ ਸਕਦੀ ਹੈ।
ਹਾਲਾਂਕਿ ਇਸ 'ਚ ਕਈ ਵਾਰ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ, ਜਿਸ ਨੂੰ ਬਲੱਡ ਮਨੀ ਕਹਿੰਦੇ ਹਨ। ਬੱਲਡ ਮਨੀ ਕਿੰਨੀ ਹੋਵੇਗੀ, ਇਹ ਵੱਖ-ਵੱਖ ਕੇਸ ਅਤੇ ਦੇਸ਼ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ।
ਪੈਸੇ ਪਹੁੰਚਣ 'ਚ ਆ ਹੀ ਦਿੱਕਤ
ਐੱਪੀ ਸਿੰਘ ਓਬਰਾਏ ਨੇ ਪੈਸੇ ਨਾ ਪਹੁੰਚ ਸਕਣ ਦੀ ਵਜ੍ਹਾ ਦੱਸੀ ਹੈ। ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਵੀਰਵਾਰ ਨੂੰ ਵੀਡੀਓ ਕਾਲ ਰਾਹੀਂ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ, ''ਇਨ੍ਹਾਂ ਕੋਲ ਲਗਭਗ 1 ਕਰੋੜ 75-80 ਲੱਖ ਰੁਪਏ ਇਕੱਠੇ ਹੋ ਗਏ ਸਨ ਤੇ 20 ਕੁ ਲੱਖ ਰੁਪਏ ਘਟਦੇ ਸਨ।''
''ਮੈਂ ਇਹ ਕਹਿ ਦਿੱਤਾ ਸੀ ਕਿ ਉਹ 20 ਲੱਖ ਮੈਂ ਦੇ ਰਿਹਾ ਹਾਂ। ਤਾਂ ਜੋ, ਜਿਹੜਾ ਜੁਰਮਾਨਾ ਲੱਗਾ ਹੈ, ਉਹ ਭਰ ਕੇ ਇਸ ਬੱਚੇ ਨੂੰ ਤੁਰੰਤ ਉਸ ਦੇ ਘਰ ਪਹੁੰਚਾਇਆ ਜਾਵੇ।''
ਇਹ ਵੀ ਪੜ੍ਹੋ:
''ਦੂਜੀ ਸਾਨੂੰ ਦਿੱਕਤ ਜੋ ਆ ਰਹੀ ਹੈ ਉਹ ਇਹ ਹੈ ਕਿ ਭਾਰਤ 'ਚ ਇਨ੍ਹਾਂ ਨੇ ਜਿਹੜਾ ਪੈਸਾ ਇਕੱਠਾ ਕੀਤਾ ਹੈ ਉਸ ਨੂੰ ਬਾਹਰ ਭੇਜਣਾ ਔਖਾ ਹੁੰਦਾ ਹੈ, ਉਸ ਦੇ ਲਈ ਕਈ ਤਰ੍ਹਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ।''
''ਜਦੋਂ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਜਾਂ ਆਰਬੀਆਈ ਤੋਂ ਇਜਾਜ਼ਤ ਲੈ ਚੁੱਕੇ ਹਾਂ ਕਿ ਬਲੱਡ ਮਨੀ ਲਈ 2 ਕਰੋੜ ਰੁਪਏ ਅਸੀਂ ਉੱਥੇ ਭੇਜ ਸਕਦੇ ਹਾਂ।''
''ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਐੱਚਡੀਐੱਫਸੀ ਬੈਂਕ ਰਾਹੀਂ 70 ਕੂ ਲੱਖ ਰੁਪਏ ਭੇਜੇ ਸਨ, ਪਰ ਉਹ ਵਾਪਸ ਆ ਗਏ। ਪਰਸੋਂ ਫਿਰ ਇਨ੍ਹਾਂ ਨੇ ਦੁਬਾਰਾ ਪੈਸੇ ਭੇਜੇ ਸਨ, ਉਹ ਵੀ ਦੁਬਾਰਾ ਵਾਪਸ ਆ ਗਏ ਨੇ।''
''ਸੋ ਉਨ੍ਹਾਂ ਦੇ ਖਾਤੇ 'ਚ ਉੱਥੇ ਕੋਈ ਪੈਸੇ ਜਮ੍ਹਾਂ ਨਹੀਂ ਹੋਇਆ।''
''ਇਸ ਕਰਕੇ ਜੇ ਤਾਂ ਉੱਥੇ ਕੁਝ ਪੈਸੇ ਇਕੱਠੇ ਹੋਏ ਹੋਣ, ਉਸ ਅਕਾਉਂਟ 'ਚ ਜੋ ਉਨ੍ਹਾਂ ਨੇ ਦਿੱਤਾ ਹੈ, ਫਿਰ ਤਾਂ ਕਹਿ ਸਕਦੇ ਹਾਂ ਕਿ ਅਸੀਂ ਪੈਸੇ ਇਕੱਠੇ ਕਰ ਰਹੇ ਹਾਂ। ਹੁਣ ਉੱਥੇ ਕੋਈ ਪੈਸੇ ਹੀ ਜਮ੍ਹਾਂ ਨਹੀਂ ਹਨ, ਸਿਰਫ ਗੱਲੀਂ-ਬਾਤੀਂ ਹੋ ਰਿਹਾ ਹੈ।''

ਤਸਵੀਰ ਸਰੋਤ, SP Singh Oberoi/Facebook
''ਉਨ੍ਹਾਂ ਦਾ ਕੋਈ ਉੱਥੋਂ ਦਾ ਲੋਕਲ ਬੰਦਾ ਹੈ ਜਿਸ ਨੇ ਕਿਹਾ ਸੀ ਕਿ ਮੈਂ 40 ਲੱਖ ਰੁਪਏ ਦੇਵਾਂਗਾ, ਉਸ ਨੇ ਵੀ ਅੱਜ 40 ਲੱਖ ਰੁਪਏ ਅਕਾਊਂਟ 'ਚ ਜਮ੍ਹਾਂ ਨਹੀਂ ਕਰਵਾਏ।''
''ਮੇਰੇ ਹਿਸਾਬ ਨਾਲ, ਉਹ ਇਹ ਸੋਚ ਰਿਹਾ ਹੈ ਕਿ ਜਦੋਂ ਤੱਕ ਅਕਾਊਂਟ 'ਚ ਕੋਈ ਪੈਸੇ ਆ ਨਹੀਂ ਜਾਂਦਾ, ਉਸੇ ਹਿਸਾਬ ਨਾਲ ਮੈਂ ਪੈਸੇ ਜਮ੍ਹਾਂ ਕਰਾਵਾਂਗਾ। ਕਿਉਂਕਿ ਜੇ ਉਹ 40 ਲੱਖ ਜਮ੍ਹਾਂ ਕਰਵਾ ਵੀ ਦਿੰਦਾ ਹੈ ਤਾਂ ਉਸ ਦੀ ਕੋਈ ਕੀਮਤ ਨਹੀਂ ਹੈ।''
''ਮੈਂ ਵੀ 20 ਲੱਖ ਕਰਾਂਵਾਂਗਾ ਤਾਂ ਉਸ ਦੀ ਕੋਈ ਕੀਮਤ ਨਹੀਂ ਹੈ, ਜਦੋਂ ਤੱਕ 2 ਕਰੋੜ ਪੂਰੇ ਨਹੀਂ ਹੁੰਦੇ।''
''ਮੈਂ ਅੱਜ ਵੀ ਉਨ੍ਹਾਂ ਦੇ ਪਰਿਵਾਰ ਨੂੰ ਕਿਹਾ ਹੈ ਕਿ ਉੱਥੇ ਸੈਂਟਰ 'ਚ ਗੱਲ ਕਰਕੇ ਦੇਖੋ, ਜੇ ਅਪਰੂਵਲ ਹੈ ਤਾਂ ਉਹ ਮੈਨੂੰ ਭੇਜੋ। ਫਿਰ ਕਿਸੇ ਹੋਰ ਬੈਂਕ ਨਾਲ ਗੱਲ ਕਰੀਏ ਕਿ ਦਿੱਕਤ ਕਿੱਥੇ ਆ ਰਹੀ ਹੈ।''
ਕਿਸ ਮਾਮਲੇ ’ਚ ਹੋਈ ਗ੍ਰਿਫ਼ਤਾਰੀ
ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਦੇ ਪਿੰਡ ਮੱਲਣ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਸਾਲ 2008 ਵਿੱਚ ਰੋਜ਼ੀ-ਰੋਟੀ ਦੀ ਭਾਲ 'ਚ ਸਾਊਦੀ ਅਰਬ ਗਏ ਸਨ।

ਤਸਵੀਰ ਸਰੋਤ, Bharat bhushan azad/bbc
32 ਸਾਲਾ ਬਲਵਿੰਦਰ ਸਿੰਘ ਵਰਕ ਪਰਮਿਟ 'ਤੇ ਸਾਊਦੀ ਅਰਬ ਵਿੱਚ ਹਨ ਪਰ ਸਾਲ 2013 ਵਿੱਚ ਹੋਏ ਇੱਕ ਝਗੜੇ ਦੌਰਾਨ ਮਿਸਰ ਦੇ ਵਸਨੀਕ ਦੀ ਮੌਤ ਤੋਂ ਬਾਅਦ ਬਲਵਿੰਦਰ ਉੱਥੋਂ ਦੀ ਜੇਲ੍ਹ 'ਚ ਬੰਦ ਹਨ।
ਸਾਊਥੀ ਅਰਬ ਰਿਆਦ ਦੀ ਅਦਾਲਤ ਨੇ ਇਸ ਮਾਮਲੇ 'ਚ ਬਲਵਿੰਦਰ ਸਿੰਘ ਦਾ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਹੈ। ਪਰ ਉਨ੍ਹਾਂ ਵੱਲੋਂ ਰਹਿਮ ਦੀ ਅਪੀਲ ਕਰਨ 'ਤੇ ਉਨ੍ਹਾਂ ਨੂੰ ਸਜ਼ਾ ਦੇ ਬਦਲੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰਿਆਲ (ਭਾਰਤੀ ਕਰੰਸੀ ਮੁਤਾਬਕ 2 ਕਰੋੜ) ਬਲੱਡ ਮਨੀ ਦੇਣ ਦਾ ਹੁਕਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












