ਪਟਿਆਲਾ ਹਿੰਸਾ: ਕੀ ਪੰਜਾਬ ਵਿੱਚ ਹਿੰਦੂ-ਸਿੱਖਾਂ ਦੀ ਭਾਈਚਾਰਕ ਸਾਂਝ ਨੂੰ ਖ਼ਤਰਾ ਹੈ

ਪਟਿਆਲਾ ਹਿੰਸਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਬੀਬੀਸੀ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਝੜਪ ਵਿੱਚ ਸ਼ਾਮਲ ਕਿਸੇ ਵੀ ਜੱਥੇਬੰਦੀ ਦਾ ਪੰਜਾਬ ਵਿੱਚ ਕੋਈ ਮਹੱਤਵਪੂਰਨ ਸਮਾਜਿਕ ਆਧਾਰ ਨਹੀਂ ਹੈ।
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਦਿਨੀਂ ਪਟਿਆਲਾ ਵਿੱਚ ਹੋਈ ਝੜਪ ਦੌਰਾਨ ਨੰਗੀਆਂ ਤਲਵਾਰਾਂ ਲਹਰਾਈਆਂ ਗਈਆਂ ਅਤੇ ਨਾਅਰੇਬਾਜ਼ੀ ਕਰਨ ਵਾਲੀ ਭੀੜ ਦੇਖ ਕੇ ਸੂਬੇ ਦੇ ਭਾਈਚਾਰਕ ਸਾਂਝ ਦੇ ਭਵਿੱਖ ਬਾਰੇ ਖ਼ਦਸ਼ੇ ਜ਼ਾਹਰ ਕੀਤੇ ਜਾਣ ਲੱਗੇ।

ਇਹ ਝੜਪ ਕਾਲੀ ਮਾਤਾ ਮੰਦਿਰ ਦੇ ਬਾਹਰ ਉਦੋਂ ਹੋਈ ਸੀ ਜਦੋਂ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੈਂਬਰਾਂ ਨੇ 'ਖ਼ਾਲਿਸਤਾਨ ਮੁਰਦਾਬਾਦ ਮਾਰਚ' ਸ਼ੁਰੂ ਕੀਤਾ ਸੀ।

ਕੁਝ ਸਿੱਖ ਕਾਰਕੁਨਾਂ ਨੇ ਇਸ ਮਾਰਚ ਦੇ ਖ਼ਿਲਾਫ਼ ਇੱਕ ਹੋਰ ਮਾਰਚ ਕੱਢਣ ਦਾ ਐਲਾਨ ਕਰ ਦਿੱਤਾ। ਨਤੀਜਾ ਸੀ ਇੱਕ ਦੂਸਰੇ 'ਤੇ ਤਲਵਾਰਾਂ ਵਿਖਾਈਆਂ ਗਈਆਂ ਪਥਰਾਅ ਕੀਤਾ ਗਿਆ ਤੇ ਪੁਲਿਸ ਵੱਲੋਂ ਹਵਾਈ ਫਾਇਰ ਕੀਤੇ ਗਏ।

ਇਸ ਘਟਨਾ ਵਿੱਚ ਚਾਰ ਲੋਕ ਜ਼ਖਮੀ ਹੋਏ ਸੀ।

ਵੀਡੀਓ ਕੈਪਸ਼ਨ, ਪਟਿਆਲਾ ਝੜਪ ਤੋਂ ਬਾਅਦ ਹਿੰਦੂ-ਸਿੱਖ ਭਾਈਚਾਰੇ ਦੀ ਸਾਂਝ ਕਿਵੇਂ ਰਹੀ, ਜਾਣੋ ਮਾਹਿਰ ਕੀ ਕਹਿੰਦੇ ਹਨ

ਕੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਰਾ ਹੈ?

ਚੰਗੀ ਗੱਲ ਇਹ ਹੈ ਕਿ ਇਹ ਸਥਿਤੀ ਛੇਤੀ ਹੀ ਕਾਬੂ ਆ ਗਈ ਹਾਲਾਂਕਿ ਪ੍ਰਸ਼ਾਸਨ ਨੂੰ ਕਰਫ਼ਿਊ ਲਾਉਣਾ ਪਿਆ ਅਤੇ ਇੰਟਰਨੈਟ ਬੰਦ ਕਰਨਾ ਪਿਆ।

ਪੁਲਿਸ ਨੇ ਮੁੱਖ ਮੁਲਜ਼ਮ ਸ਼ਿਵ ਸੈਨਾ (ਬਾਲ ਠਾਕਰੇ) ਦੇ ਹਰੀਸ਼ ਸਿੰਗਲਾ, ਰਾਜਪੁਰਾ ਦੇ ਬਰਜਿੰਦਰ ਸਿੰਘ ਪਰਵਾਨਾ ਅਤੇ ਕਥਿਤ ਤੌਰ 'ਤੇ ਨਫ਼ਰਤ ਭਰੇ ਭਾਸ਼ਣ ਦੇਣ ਵਾਲੇ ਅਸ਼ਵਨੀ ਕੁਮਾਰ ਗੱਗੀ ਪੰਡਿਤ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਕੁਝ ਲੋਕ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਵੀ ਕਰ ਰਹੇ ਹਨ।

ਪਟਿਆਲੇ ਦੀ ਘਟਨਾ ਲਗਭਗ ਦੋ ਹਫ਼ਤਿਆਂ ਤੋਂ ਸੋਸ਼ਲ ਮੀਡੀਆ 'ਤੇ ਹੰਗਾਮਾ ਕਰਨ ਤੋਂ ਬਾਅਦ ਹੋਈ ਜਾਪਦੀ ਹੈ।

ਬੀਬੀਸੀ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਝੜਪ ਵਿੱਚ ਸ਼ਾਮਲ ਕਿਸੇ ਵੀ ਜਥੇਬੰਦੀ ਦਾ ਪੰਜਾਬ ਵਿੱਚ ਕੋਈ ਵਰਨਣਯੋਗ ਸਮਾਜਿਕ ਆਧਾਰ ਨਹੀਂ ਹੈ।

ਇਹ ਵੀ ਪੜ੍ਹੋ:

ਬਰਜਿੰਦਰ ਪਰਵਾਨਾ, ਗੱਗੀ ਪੰਡਿਤ ਤੇ ਹਰੀਸ਼ ਸਿੰਗਲਾ ਕੌਣ ਹਨ

ਪੰਜਾਬ ਪੁਲਿਸ ਮੁਤਾਬਕ ਬਰਜਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਭੜਕਾਊ ਬਿਆਨਬਾਜ਼ੀ ਕੀਤੀ ਜਾਂਦੀ ਹੈ।

ਰਾਜਪੁਰਾ ਦੇ ਵਸਨੀਕ ਬਰਜਿੰਦਰ ਸਿੰਘ ਪਰਵਾਨਾ ਫਿਲਹਾਲ ਪੁਲਿਸ ਹਿਰਾਸਤ ਵਿੱਚ ਹਨ। ਉਹ ਲੋਕਲ ਗੁਰਦੁਆਰੇ ਦੇ ਮੁਖੀ ਹਨ ਤੇ ਉੱਥੇ ਪ੍ਰਚਾਰ ਵੀ ਕਰਦੇ ਹਨ।

ਪੁਲਿਸ ਨੇ ਦੱਸਿਆ ਕਿ 2007-2008 ਦੌਰਾਨ ਉਹ ਸਿੰਗਾਪੁਰ ਗਏ ਸਨ। ਤਕਰੀਬਨ ਡੇਢ ਸਾਲ ਉੱਥੇ ਰਹਿਣ ਤੋਂ ਬਾਅਦ ਉਹ ਭਾਰਤ ਵਾਪਸ ਆਏ। ਇਸ ਮਗਰੋਂ ਧਾਰਮਿਕ ਦੀਵਾਨ ਲਗਾ ਕੇ ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ।

ਬਰਜਿੰਦਰ ਸਿੰਘ ਪਰਵਾਨਾ

ਤਸਵੀਰ ਸਰੋਤ, FB/Barjinder singh parwana

ਤਸਵੀਰ ਕੈਪਸ਼ਨ, ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੋਏ ਕਿਸਾਨ ਅੰਦੋਲਨ ਵਿੱਚ ਵੀ ਬਰਜਿੰਦਰ ਸਿੰਘ ਵੱਲੋਂ ਹਿੱਸਾ ਲਿਆ ਗਿਆ ਸੀ।

ਇਸੇ ਦੌਰਾਨ ਬਰਜਿੰਦਰ ਸਿੰਘ ਪਰਵਾਨਾ ਨੇ ਦਮਦਮੀ ਟਕਸਾਲ ਰਾਜਪੁਰਾ ਨਾਂ ਦਾ ਜਥਾ ਬਣਾਇਆ ਅਤੇ ਉਸ ਦੇ ਮੁਖੀ ਬਣ ਗਏ।

ਇੱਕ ਵਸਨੀਕ ਬਸੰਤ ਸਿੰਘ, ਜੋ ਕਿ ਉੱਥੇ ਦੁਕਾਨ ਕਰਦੇ ਹਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਿਆ ਹੈ। ਉਨ੍ਹਾਂ ਨੇ ਕਿਹਾ ਪਰਵਾਨਾ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ।

ਉਨ੍ਹਾਂ ਨੇ ਆਖਿਆ, "ਉਹ ਸਥਾਨਕ ਗੁਰਦੁਆਰੇ ਦੇ ਮੁਖੀ ਹਨ ਅਤੇ ਸਾਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਖ਼ਬਰਾਂ ਤੋਂ ਹੀ ਪਤਾ ਲੱਗਿਆ ਹੈ। ਸਾਡੀ ਦੁਕਾਨ ਬਹੁਤ ਪੁਰਾਣੀ ਹੈ। ਪਹਿਲਾਂ ਅਸੀਂ ਉਨ੍ਹਾਂ ਨੂੰ ਨਹੀਂ ਜਾਣਦੇ ਸੀ ਪਰ ਗੁਰਦੁਆਰੇ ਦੇ ਪ੍ਰਧਾਨ ਬਣਨ ਤੋਂ ਬਾਅਦ ਹੀ ਉਨ੍ਹਾਂ ਬਾਰੇ ਪਤਾ ਲੱਗਿਆ ਹੈ।"

ਖ਼ਾਲਿਸਤਾਨ ਵਿਰੋਧੀ ਮਾਰਚ ਦਾ ਸੱਦਾ ਦੇਣ ਵਾਲੇ ਸ਼ਿਵ ਸੈਨਾ ਦੇ ਹਰੀਸ਼ ਸਿੰਗਲਾ ਨੂੰ ਘਟਨਾ ਦੇ ਦਿਨ ਹੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

ਤਕਰੀਬਨ 55 ਸਾਲ ਦੇ ਸਿੰਗਲਾ ਪੇਸ਼ੇ ਵਜੋਂ ਪ੍ਰਾਪਰਟੀ ਡੀਲਰ ਹਨ ਅਤੇ ਸ਼ਹਿਰ ਵਿੱਚ ਕਈ ਵਾਰ ਦੁਸਹਿਰੇ ਮੇਲੇ ਦਾ ਆਯੋਜਨ ਕਰਦੇ ਰਹੇ ਹਨ।

ਵੀਡੀਓ ਕੈਪਸ਼ਨ, ਪਟਿਆਲਾ ਹਿੰਸਾ: ਗੱਗੀ ਪੰਡਿਤ, ਬਰਜਿੰਦਰ ਪਰਵਾਨਾ ਤੇ ਹਰੀਸ਼ ਸਿੰਗਲਾ ਕੌਣ ਹਨ

ਕਈ ਸੁਰੱਖਿਆ ਕਰਮੀਆਂ ਵਿਚਾਲੇ ਘਿਰੇ ਰਹਿਣ ਵਾਲੇ ਸਿੰਗਲਾ ਖ਼ੁਦ ਨੂੰ ਸ਼ਿਵ ਸੈਨਾ (ਬਾਲ ਠਾਕਰੇ ) ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਹੇ ਹਨ।

ਹਾਲਾਂਕਿ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਯੋਗ ਰਾਜ ਸ਼ਰਮਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਸੀ।

ਪਟਿਆਲਾ ਵਿਖੇ ਵਾਪਰੀਆਂ ਘਟਨਾਵਾਂ ਵਿੱਚ ਗ੍ਰਿਫ਼ਤਾਰ ਹੋਏ 38 ਸਾਲਾ ਗੱਗੀ ਪੰਡਿਤ ਦਾ ਸਬੰਧ ਪੰਜਾਬ ਦੇ ਬਹਾਦਰਗੜ੍ਹ ਨਾਲ ਹੈ। ਘਟਨਾ ਦੇ ਦੋ ਦਿਨ ਮਗਰੋਂ ਗੱਗੀ ਪੰਡਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੰਜਾਬ ਪੁਲਿਸ ਮੁਤਾਬਿਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਣ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

ਗੱਗੀ ਪੰਡਿਤ ਪਟਿਆਲਾ ਵਿਖੇ ਕਾਲੀ ਮਾਤਾ ਮੰਦਿਰ ਦੀ ਲੰਗਰ ਕਮੇਟੀ ਦੇ ਮੁਖੀ ਸੰਜੀਵ ਭਾਰਦਵਾਜ ਦੇ ਸਾਥੀ ਹਨ। ਉਨ੍ਹਾਂ ਦੇ ਪਿਤਾ ਪੰਡਿਤ ਦਰਸ਼ਨ ਕਾਂਗਰਸ ਦੇ ਸਮਰਥਕ ਰਹੇ ਹਨ ਅਤੇ 2004 ਤੋਂ ਪੰਚਾਇਤ ਦੀਆਂ ਚੋਣਾਂ ਲੜਦੇ ਰਹੇ ਹਨ। ਉਹ ਲਗਾਤਾਰ 15 ਸਾਲ ਸਰਪੰਚ ਵੀ ਰਹੇ ਹਨ।

ਰਹੀਸ਼ ਸਿੰਗਲਾ

ਤਸਵੀਰ ਸਰੋਤ, Harish singla

ਤਸਵੀਰ ਕੈਪਸ਼ਨ, 2022 ਵਿਧਾਨ ਸਭਾ ਚੋਣਾਂ ਵਿਚ ਉਹ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਏ ਹਨ।

ਪਿਛਲੇ ਸਾਲਾਂ ਦੀਆਂ ਘਟਨਾਵਾਂ

ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਖਾੜਕੂਵਾਦ ਦੇ ਦਹਾਕੇ ਦੇ ਬਾਵਜੂਦ ਇੱਥੋਂ ਦੇ ਲੋਕਾਂ ਨੇ ਆਪਸੀ ਭਾਈਚਾਰੇ 'ਤੇ ਸੱਟ ਨਹੀਂ ਵੱਜਣ ਦਿੱਤੀ।

ਘੱਟੋ-ਘੱਟ ਹਾਲ ਦੇ ਸਾਲਾਂ ਵਿੱਚ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਸ ਸਭ ਦੇ ਦੌਰਾਨ ਸਮੇਂ-ਸਮੇਂ ਸਿਰ ਮਾਹੌਲ ਨੂੰ ਖ਼ਰਾਬ ਕਰਨ ਵਾਲੇ ਲੋਕਾਂ ਖ਼ਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਪੋਸਟਾਂ ਤੇ ਕਮੈਂਟ ਕਰਦੇ ਰਹਿੰਦੇ ਹਨ।

ਲਗਭਗ 10 ਸਾਲ ਪਹਿਲਾਂ, ਯਾਨੀ 2012 ਵਿੱਚ ਗੁਰਦਾਸਪੁਰ 'ਚ ਹਾਲਾਤ ਖ਼ਰਾਬ ਹੋ ਗਏ ਸੀ ਜਦੋਂ ਸ਼ਿਵ ਸੈਨਾ ਤੇ ਕੁਝ ਸਿੱਖ ਸੰਗਠਨਾਂ ਵਿਚਾਲੇ ਝੜਪ ਹੋਈ ਸੀ। ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਸ਼ਹਿਰ ਵਿੱਚ ਕਰਫ਼ਿਊ ਲਾਉਣਾ ਪਿਆ ਸੀ।

ਸਾਲ 2016 ਅਤੇ 2017 ਦੇ ਵਿਚਕਾਰ, ਪੰਜਾਬ ਵਿੱਚ ਆਰਐਸਐਸ ਦੇ ਆਗੂਆਂ 'ਤੇ ਕਈ ਹਮਲੇ ਕੀਤੇ ਗਏ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਗੁਆਂਢੀ ਮੁਲਕ ਵੱਲੋਂ ਫ਼ਿਰਕੂ ਅਸ਼ਾਂਤੀ ਫੈਲਾਉਣ ਦੀ ਵੱਡੀ ਸਾਜ਼ਿਸ਼ ਕਰਾਰ ਦਿੱਤਾ ਸੀ।

2018 ਵਿੱਚ, ਫਗਵਾੜਾ ਵਿੱਚ ਗੋਲ ਚੌਕ ਦਾ ਨਾਮ ਬਦਲ ਕੇ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ ਦਲਿਤ ਪ੍ਰਦਰਸ਼ਨਕਾਰੀਆਂ ਅਤੇ ਹਿੰਦੂ ਸੰਗਠਨਾਂ ਦਰਮਿਆਨ ਹੋਈ ਝੜਪ ਦੌਰਾਨ, ਇੱਕ ਦਲਿਤ ਨੌਜਵਾਨ ਦੀ ਮੌਤ ਹੋ ਗਈ ਸੀ।

ਮਾਹਿਰਾਂ ਦਾ ਇਸ ਬਾਰੇ ਕੀ ਕਹਿਣਾ ਹੈ?

ਡਾ਼ ਪਰਮਵੀਰ ਸਿੰਘ

ਤਸਵੀਰ ਸਰੋਤ, PArmvir singh/facebook

ਤਸਵੀਰ ਕੈਪਸ਼ਨ, ਡਾ਼ ਪਰਮਵੀਰ ਸਿੰਘ ਅਨੁਸਾਰ ਪੰਜਾਬ ਵਿੱਚ ਆਪਸੀ ਭਾਈਚਾਰਾ ਅਜੇ ਵੀ ਕਾਇਮ ਹੈ

ਪੰਜਾਬੀ ਵਿਸ਼ਵ ਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਮੁਖੀ ਪ੍ਰੋ. ਪਰਮ ਵੀਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਹਰ ਧਰਮ ਤੇ ਭਾਈਚਾਰੇ ਦੇ ਵਿੱਚ ਕੋਈ ਨਾ ਕੋਈ ਹੀਰੋਜ਼ ਹੁੰਦੇ ਹਨ।"

"ਉਹ ਲੋਕਲ ਹੀਰੋਜ਼ ਭਾਵੇਂ ਦੂਜਿਆਂ ਨੂੰ ਪਸੰਦ ਆਉਣ ਜਾਂ ਨਹੀਂ ਪਰ ਉਹ ਲੋਕਲ ਹੀਰੋਜ਼ ਸਥਾਨਕ ਲੋਕਾਂ ਦੇ ਦਿਲਾਂ ਵਿੱਚ ਵੱਸੇ ਹੁੰਦੇ ਨੇ। ਜਦੋਂ ਉਨ੍ਹਾਂ ਬਾਰੇ ਕੋਈ ਗੱਲ ਕਰਦਾ ਹੈ ਤਾਂ ਲੋਕਾਂ ਵਿੱਚ ਗੁੱਸਾ ਭੜਕ ਜਾਂਦਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਪਟਿਆਲਾ ਦੇ ਲੋਕਾਂ ਨੇ ਜਿਸ ਤਰੀਕੇ ਨਾਲ ਹਾਲਾਤ 'ਨਾਰਮਲ ਕਰਨ ਵਿੱਚ ਭੂਮਿਕਾ ਨਿਭਾਈ ਉਹ ਸ਼ਲਾਘਾਯੋਗ ਹੈ। ਖਾੜਕੂਵਾਦ ਵੇਲੇ ਵੀ ਸਿੱਖ-ਹਿੰਦੂ ਭਾਈਚਾਰਾ ਬਣਿਆ ਰਿਹਾ ਸੀ ਤੇ ਅੱਜ ਵੀ ਉਵੇਂ ਹੀ ਹੈ।"

ਸਾਬਕਾ ਡੀਜੀਪੀ, ਪੰਜਾਬ, ਸ਼ਸ਼ੀ ਕਾਂਤ
ਤਸਵੀਰ ਕੈਪਸ਼ਨ, ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹ) ਸ਼ਸ਼ੀ ਕਾਂਤ ਅਨੁਸਾਰ ਖੂਫ਼ੀਆ ਵਿਭਾਗ ਨੂੰ ਪਟਿਆਲਾ ਬਾਰੇ ਪਹਿਲਾਂ ਤੋਂ ਮਿਲੀ ਜਾਣਕਾਰੀ ’ਤੇ ਕਾਰਵਾਈ ਕਰਨੀ ਚਾਹੀਦੀ ਸੀ

ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹ) ਸ਼ਸ਼ੀ ਕਾਂਤ ਦਾ ਵੀ ਇਹੀ ਮੰਨਣਾ ਹੈ ਕਿ ਕੁਝ ਲੋਕ ਸਾਰੇ ਧਰਮਾਂ ਵਿਚ ਹੁੰਦੇ ਹਨ ਜੋ ਮਾਹੌਲ ਖ਼ਰਾਬ ਕਰਦੇ ਹਨ।

ਹਾਲਾਂਕਿ ਸ਼ਸ਼ੀਕਾਂਤ ਘਟਨਾ ਪਿੱਛੇ ਕਈ ਸਵਾਲ ਵੀ ਚੁੱਕਦੇ ਹਨ, ਉਹ ਕਹਿੰਦੇ ਹਨ ਕਿ "ਪਟਿਆਲਾ ਵਿਚ ਸੀਨੀਅਰ ਪੁਲਿਸ ਅਧਿਕਾਰੀ ਬੈਠਦੇ ਹਨ। ਇਸ ਘਟਨਾ ਬਾਰੇ ਪਹਿਲਾਂ ਹੀ ਸੂਬੇ ਦੇ ਖੁਫੀਆ ਵਿਭਾਗ ਨੂੰ ਸੁਚੇਤ ਕੀਤਾ ਗਿਆ ਸੀ ਫਿਰ ਇਸ ਘਟਨਾ ਨੂੰ ਰੋਕਿਆ ਕਿਉਂ ਨਹੀਂ ਗਿਆ?"

ਹਾਲਾਂਕਿ ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਜ਼ਰੂਰ ਖ਼ਰਾਬ ਹੋਈ ਹੈ, ਪਰ ਹਿੰਦੂ ਸਿੱਖ ਭਾਈਚਾਰਾ ਪਹਿਲਾਂ ਵਾਂਗ ਹੀ ਬਣਿਆ ਹੋਇਆ ਹੈ।

ਜਿੱਥੇ ਮਾਹਿਰਾਂ ਦਾ ਕਹਿਣਾ ਹੈ ਕਿ ਹਿੰਦੂ-ਸਿੱਖ ਭਾਈਚਾਰਕ ਸਾਂਝ ਪਹਿਲਾਂ ਵਾਂਗ ਬਣੀ ਹੋਈ ਹੈ, ਨਵੀਂ ਬਣੀ 'ਆਮ ਆਦਮੀ ਪਾਰਟੀ' ਦੀ ਸਰਕਾਰ ਨੂੰ ਅਜਿਹੇ ਸੰਭਾਵੀ ਸੰਕਟ ਪੈਦਾ ਕਰਨ ਵਾਲਿਆਂ 'ਤੇ ਨਜ਼ਰ ਜ਼ਰੂਰ ਰੱਖਣੀ ਪਵੇਗੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)