ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਸਮਾਗਮ 'ਤੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ - ਪ੍ਰੈੱਸ ਰਿਵੀਊ

ਨਰਿੰਦਰ ਮੋਦੀ

ਤਸਵੀਰ ਸਰੋਤ, @PIB_INDIA

ਤਸਵੀਰ ਕੈਪਸ਼ਨ, ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜੋ ਸੂਰਜ ਡੁੱਬਣ ਤੋਂ ਬਾਅਦ ਮੁਗਲ ਕਾਲ ਦੇ ਇਸ ਸਮਾਰਕ 'ਤੋਂ ਭਾਸ਼ਣ ਦੇਣਗੇ।

ਗੁਰੂ ਤੇਗ ਬਹਾਦਰ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨਗੇ।

ਮਿੰਟ ਦੀ ਖ਼ਬਰ ਮੁਤਾਬਕ, ਅਧਿਕਾਰਤ ਪੀਐੱਮਓ ਰੀਲੀਜ਼ ਦੇ ਅਨੁਸਾਰ, ਪ੍ਰਧਾਨ ਮੰਤਰੀ ਜਸ਼ਨ 'ਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਿਤ ਕਰਨਗੇ ਅਤੇ ਇਸ ਮੌਕੇ 'ਤੇ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕਰਨਗੇ।

ਪੀਐੱਮਓ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰੋਗਰਾਮ ਕੇਂਦਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਪ੍ਰੋਗਰਾਮ ਵਿੱਚ ਗੁਰੂ ਤੇਗ ਬਹਾਦਰ ਦੇ ਜੀਵਨ ਨੂੰ ਦਰਸਾਉਂਦਾ ਇੱਕ ਲਾਈਟ ਐਂਡ ਸਾਊਂਡ ਸ਼ੋਅ ਅਤੇ ਸਿੱਖਾਂ ਦੀ ਰਵਾਇਤੀ ਮਾਰਸ਼ਲ ਆਰਟ 'ਗਤਕਾ' ਵੀ ਹੋਵੇਗਾ।

ਇਹ ਪ੍ਰੋਗਰਾਮ ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਦੀਆਂ ਸਿੱਖਿਆਵਾਂ 'ਤੇ ਕੇਂਦ੍ਰਿਤ ਹੈ।

ਇਹ ਵੀ ਪੜ੍ਹੋ:

ਦਿੱਲੀ ਵਿੱਚ ਇੱਕ ਦਿਨ 'ਚ 60% ਵਧੇ ਕੋਵਿਡ ਮਾਮਲੇ, ਸਕਾਰਾਤਮਕਤਾ ਦਰ 5.7%

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ 20 ਅਪ੍ਰੈਲ ਦੀ ਰਾਤ ਤੱਕ, ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 1,009 ਨਵੇਂ ਕੇਸ ਦਰਜ ਕੀਤੇ ਗਏ, ਜੋ 19 ਅਪ੍ਰੈਲ ਨਾਲੋਂ 60 ਫੀਸਦੀ ਵੱਧ ਹਨ।

ਐੱਨਡੀਟੀਵੀ ਦੀ ਰਿਪੋਰਟ ਮੁਤਾਬਕ, ਇਹ ਸੰਖਿਆ 10 ਫਰਵਰੀ ਤੋਂ ਬਾਅਦ ਦਿੱਲੀ ਵਿੱਚ ਦਰਜ ਕੀਤੇ ਗਏ ਕੇਸਾਂ ਵਿੱਚ ਸਭ ਤੋਂ ਵੱਧ ਰਹੀ।

ਇਸਦੇ ਨਾਲ ਹੀ ਰਾਜਧਾਨੀ 'ਚ ਕੋਵਿਡ ਮਾਮਲਿਆਂ ਦੀ ਸਕਾਰਾਤਮਕਤਾ ਦਰ 5.7 ਫੀਸਦੀ ਹੋ ਗਈ ਹੈ। ਦਿੱਲੀ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, 11 ਤੋਂ 18 ਅਪ੍ਰੈਲ ਦੇ ਵਿਚਕਾਰ ਸਕਾਰਾਤਮਕਤਾ ਦਰ ਵਿੱਚ ਲਗਭਗ ਤਿੰਨ ਗੁਣਾ ਵਾਧਾ ਦਰਜ ਕੀਤਾ ਗਿਆ ਹੈ।

ਕੋਰੋਨਾ ਟੈਸਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਬੁੱਧਵਾਰ ਨੂੰ ਸਾਹਮਣੇ ਆਏ 2,067 ਨਵੇਂ ਮਾਮਲਿਆਂ ਵਿੱਚੋਂ 30 ਫੀਸਦੀ ਤੋਂ ਵੱਧ ਇੱਕਲੀ ਦਿੱਲੀ ਵਿੱਚ ਹਨ।

ਹਾਲਾਂਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ, ਕੋਵਿਡ ਦੇ ਕੇਸਾਂ ਵਿੱਚ ਵਾਧਾ ਹੋਣ ਦੇ ਬਾਵਜੂਦ ਕੁੱਲ ਐਕਟਿਵ ਮਾਮਲਿਆਂ ਵਿੱਚ ਹੁਣ ਤੱਕ ਹਸਪਤਾਲ ਵਿੱਚ ਭਰਤੀ ਹੋਣ ਦੀ ਗਿਣਤੀ ਤਿੰਨ ਪ੍ਰਤੀਸ਼ਤ ਤੋਂ ਵੀ ਘੱਟ ਰਹੀ ਹੈ।

ਦੱਸ ਦੇਈਏ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਵਿੱਚ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਇੱਕ ਵਾਰ ਫਿਰ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਪਹੁੰਚੇ ਭਾਰਤ, ਹੋ ਸਕਦੇ ਹਨ ਵੱਡੇ ਐਲਾਨ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਹਨ ਅਤੇ ਵੀਰਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਪਹੁੰਚ ਗਏ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਉਨ੍ਹਾਂ ਦੇ ਇਸ ਦੌਰੇ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਕਾਰੋਬਾਰ ਸੰਬੰਧੀ 1 ਬਿਲੀਅਨ ਪਾਉਂਡ ਤੋਂ ਵੱਧ ਦੇ ਨਿਵੇਸ਼ ਅਤੇ ਨਿਰਯਾਤ ਦੇ ਸੌਦਿਆਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਭਾਰਤ ਪਹੁੰਚੇ ਬੋਰਿਸ ਜੌਨਸਨ ਨੇ ਇੱਕ ਬਿਆਨ ਵਿੱਚ ਕਿਹਾ, "ਮੈਂ ਅੱਜ ਭਾਰਤ ਪਹੁੰਚਿਆ ਹਾਂ ਅਤੇ ਮੈਨੂੰ ਬਹੁਤ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ ਜੋ ਸਾਡੇ ਦੋਵੇਂ ਦੇਸ਼ ਮਿਲ ਕੇ ਪੂਰੀਆਂ ਕਰ ਸਕਦੇ ਹਨ। ਅਗਲੀ ਪੀੜ੍ਹੀ ਦੇ 5ਜੀ ਟੈਲੀਕਾਮ ਅਤੇ ਏਆਈ ਤੋਂ ਲੈ ਕੇ ਸਿਹਤ ਰਿਸਰਚ ਅਤੇ ਨਵਿਆਉਣਯੋਗ ਊਰਜਾ ਵਿੱਚ ਨਵੀਂ ਭਾਈਵਾਲੀ ਤੱਕ - ਯੂਕੇ ਅਤੇ ਭਾਰਤ ਦੁਨੀਆ ਦੀ ਅਗਵਾਈ ਕਰ ਰਹੇ ਹਨ... ਸਾਡੀ ਪਾਵਰਹਾਊਸ ਪਾਰਟਨਰਸ਼ਿਪ ਸਾਡੇ ਲੋਕਾਂ ਲਈ ਨੌਕਰੀਆਂ, ਵਿਕਾਸ ਅਤੇ ਮੌਕੇ ਪ੍ਰਦਾਨ ਕਰ ਰਹੀ ਹੈ, ਅਤੇ ਆਉਣ ਵਾਲੇ ਸਾਲਾਂ ਵਿੱਚ ਇਹ ਮਜ਼ਬੂਤੀ ਨਾਲ ਅੱਗੇ ਵਧੇਗੀ।

ਨਰਿੰਦਰ ਮੋਦੀ ਅਤੇ ਬੋਰਿਸ ਜੌਨਸਨ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਬ੍ਰਿਟੇਨ ਦੇ ਪੀਐੱਮ ਦੀ ਇਸ ਫੇਰੀ ਦੌਰਾਨ ਸਿਹਤ, ਤਕਨੀਕ ਅਤੇ ਵਪਾਰ ਸਬੰਧੀ ਵੱਡੀਆਂ ਡੀਲਜ਼ ਹੋ ਸਕਦੀਆਂ ਹਨ।

ਸ਼ੁੱਕਰਵਾਰ ਨੂੰ, ਜੌਨਸਨ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਰਥਿਕ, ਸੁਰੱਖਿਆ ਅਤੇ ਰੱਖਿਆ ਸਹਿਯੋਗ ਬਾਰੇ ਗੱਲਬਾਤ ਕਰਨਗੇ। ਇਸ ਦੌਰਾਨ ਉਨ੍ਹਾਂ ਵੱਲੋਂ ਵਪਾਰਕ ਸਮਝੌਤਿਆਂ ਦਾ ਐਲਾਨ ਕਰਨ ਦੀ ਉਮੀਦ ਹੈ।

ਬ੍ਰਿਟਿਸ਼ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ "ਪ੍ਰਧਾਨ ਮੰਤਰੀ ਆਪਣੀ ਭਾਰਤ ਫੇਰੀ ਦੀ ਵਰਤੋਂ, ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ਵਿੱਚੋਂ ਇੱਕ ਨਾਲ ਸਾਡੇ ਸਹਿਯੋਗ ਨੂੰ ਵਧਾਉਣ, ਯੂਕੇ ਦੇ ਕਾਰੋਬਾਰਾਂ ਲਈ ਵਪਾਰਕ ਰੁਕਾਵਟਾਂ ਨੂੰ ਘਟਾਉਣ ਅਤੇ ਘਰਾਂ ਵਿੱਚ ਨੌਕਰੀਆਂ ਅਤੇ ਵਿਕਾਸ ਨੂੰ ਵਧਾਉਣ ਲਈ ਕਰਨਗੇ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)