ਨਰਿੰਦਰ ਮੋਦੀ : ਪੰਜਾਬ ਫੇਰੀ ਦੌਰਾਨ ਮੋਦੀ ਦੇ ਰੂਟ ਦਾ ਕਿਸਾਨਾਂ ਨੂੰ ਕਿਵੇਂ ਪਤਾ ਲੱਗਿਆ -ਪ੍ਰੈਸ ਰੀਵਿਊ

ਤਸਵੀਰ ਸਰੋਤ, MHA
ਪੰਜਾਬ ਦੇ ਫ਼ਿਰੋਜ਼ਪੁਰ ਵਿਚ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਰੋਕਣ ਅਤੇ ਸੁਰੱਖਿਆ ਵਿਚ ਖਾਮੀਆਂ ਬਾਰੇ ਵੱਖ-ਵੱਖ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਵਿਤ ਵੱਖ ਵੱਖ ਦਾਅਵੇ ਕੀਤੇ ਗਏ ਹਨ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਇਕ ਖ਼ਬਰ ਮੁਤਾਬਕ ਲੁਧਿਆਣਾ-ਫਿਰੋਜ਼ਪੁਰ ਹਾਈਵੇ 'ਤੇ ਪਿਆਰੇਆਣਾ ਪਿੰਡ ਕੋਲ ਸੜਕ ਉੱਤੇ ਮੁਜ਼ਾਹਰਾ ਕਰ ਰਹੇ ਕਿਸਾਨ ਆਗੂ ਮੁਤਾਬਕ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਸੜਕ ਰਾਹੀਂ ਸਫ਼ਰ ਕਰਕੇ ਫ਼ਿਰੋਜ਼ਪੁਰ ਪਹੁੰਚ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਫੂਲ)ਦੇ ਜਰਨਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਪਤਾ ਹੁੰਦਾ ਕਿ ਪ੍ਰਧਾਨ ਮੰਤਰੀ ਸੱਚਮੁਚ ਇਸ ਰੂਟ ਰਾਹੀਂ ਆ ਰਹੇ ਹਨ ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਹੋਰ ਹੁੰਦੀ । ਨਰਿੰਦਰ ਮੋਦੀ ਉਨ੍ਹਾਂ ਦੇ ਵੀ ਪ੍ਰਧਾਨ ਮੰਤਰੀ ਹਨ।
ਮੁਜ਼ਾਹਰਾਕਾਰੀ ਕਿਸਾਨ ਆਗੂ ਮੁਤਾਬਕ ਉਨ੍ਹਾਂ ਨੂੰ ਲੱਗਿਆ ਕਿ ਪੁਲਿਸ ਸਿਰਫ਼ ਉਨ੍ਹਾਂ ਨੂੰ ਹਟਾਉਣ ਵਾਸਤੇ ਅਜਿਹਾ ਆਖ ਰਹੀ ਹੈ। ਟੈਲੀਵਿਜ਼ਨ ਉੱਤੇ ਖ਼ਬਰਾਂ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਟਰੈਫਿਕ ਜਾਮ ਵਿਚ ਫਸ ਗਏ ਅਤੇ ਧਰਨੇ ਕਰਕੇ ਵਾਪਸ ਚਲੇ ਗਏ।
ਇਹ ਵੀ ਪੜ੍ਹੋ:
ਉਧਰ ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਮੁਜ਼ਾਹਰਾਕਾਰੀਆਂ ਨੂੰ ਪ੍ਰਧਾਨਮੰਤਰੀ ਦੇ ਫ਼ਿਰੋਜ਼ਪੁਰ ਪਹੁੰਚਣ ਦੇ ਰੂਟ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ। ਖ਼ਬਰ ਮੁਤਾਬਕ ਪਿੰਡ ਪਿਆਰੇਆਣਾ ਵਿਖੇ ਸਪੀਕਰ ਤੋਂ ਭੀੜ ਨੂੰ ਇੱਕਠਾ ਹੋਣ ਲਈ ਆਖਿਆ ਗਿਆ ਤੇ ਰੋਡ ਜਾਮ ਕੀਤਾ ਗਿਆ।
ਇਸ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਜਿਹੀਆਂ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਮੁਜ਼ਾਹਰਾਕਾਰੀ ਭਾਜਪਾ ਸਮਰਥਕਾਂ ਨੂੰ ਰੋਕਣ ਅਤੇ ਸੜਕ ਜਾਮ ਕਰਨ ਦੀ ਗੱਲ ਮੰਨ ਰਹੇ ਹਨ।
ਪ੍ਰਧਾਨ ਮੰਤਰੀ ਦੀ ਰੈਲੀ ਬਾਰੇ ਲਗਾਤਾਰ ਹੋ ਰਹੀ ਕਵਰੇਜ ਕਾਰਨ ਸੋਸ਼ਲ ਮੀਡੀਆ ਅਤੇ ਬਾਕੀ ਮੀਡੀਆ ਵਿੱਚ ਨਰਿੰਦਰ ਮੋਦੀ ਦੇ ਸੜਕ ਰਾਹੀਂ ਫ਼ਿਰੋਜ਼ਪੁਰ ਤਕ ਸਫ਼ਰ ਕਰਨ ਦੀ ਗੱਲ ਪਹਿਲਾਂ ਹੀ ਸਾਹਮਣੇ ਆ ਰਹੀ ਸੀ।
ਪ੍ਰਧਾਨ ਮੰਤਰੀ ਦਾ ਰੂਟ ਮੁਜ਼ਾਹਰਾਕਾਰੀਆਂ ਵਿਚ ਲੀਕ ਹੋਇਆ ਜਾਂ ਨਹੀਂ ਇਸ ਬਾਰੇ ਸਵਾਲ ਲਗਾਤਾਰ ਸਾਹਮਣੇ ਆ ਰਹੇ ਹਨ।
ਭਾਰਤ ਵਿੱਚ ਓਮੀਕਰੋਨ ਵੇਰਿਅੰਟ ਨਾਲ ਹੋਈ ਪਹਿਲੀ ਮੌਤ
ਰਾਜਸਥਾਨ ਦੇ 74 ਸਾਲਾ ਬਜ਼ੁਰਗ ਦੀ ਮੌਤ ਓਮੀਕਰੋਨ ਵੇਰੀਐਂਟ ਦੇਸ਼ ਦੀ ਪਹਿਲੀ ਮੌਤ ਹੋਣ ਦੀ ਬੁੱਧਵਾਰ ਨੂੰ ਪੁਸ਼ਟੀ ਹੋ ਗਈ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ'' ਦੀ ਖ਼ਬਰ ਮੁਤਾਬਕ ਉਦੈਪੁਰ ਦੇ ਇਸ ਬਜ਼ੁਰਗ ਦੀ 31 ਦਸੰਬਰ ਨੂੰ ਮੌਤ ਹੋਈ ਸੀ ਅਤੇ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਡਾਈਬਿਟੀਜ਼ ਸਮੇਤ ਹੋਰ ਵੀ ਕਈ ਬਿਮਾਰੀਆਂ ਸਨ।
ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਮੁਤਾਬਕ ਇਸ ਬਜ਼ੁਰਗ ਨੂੰ ਓਮੀਕਰੋਨ ਵੇਰੀਐਂਟ ਕੋਵਿਡ ਸੀ। ਉਨ੍ਹਾਂ ਦੇ ਕੋਰੋਨਾਵਾਇਰਸ ਖ਼ਿਲਾਫ਼ ਦੋਹੇਂ ਟੀਕੇ ਲੱਗੇ ਹੋਏ ਸਨ।
ਭਾਰਤ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਬੁੱਧਵਾਰ ਨੂੰ ਐਕਟਿਵ ਕੇਸਾਂ ਦੀ ਗਿਣਤੀ ਦੋ ਲੱਖ ਤੋਂ ਉੱਪਰ ਪਹੁੰਚ ਗਈ ਹੈ ਅਤੇ ਇੱਕ ਦਿਨ ਵਿੱਚ ਪੰਜਾਹ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਸਨ।

ਤਸਵੀਰ ਸਰੋਤ, YALCINSONAT1
ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਦੇ ਡਾ ਐਨ ਕੇ ਅਰੋੜਾ ਮੁਤਾਬਕ ਭਾਰਤ ਮਹਾਂਮਾਰੀ ਦੀ ਤੀਸਰੀ ਲਹਿਰ ਅੰਦਰ ਪਹਿਲਾਂ ਹੀ ਦਾਖ਼ਲ ਹੋ ਚੁੱਕਿਆ ਹੈ।
ਪੰਜਾਬ ਵਿੱਚ ਬੁੱਧਵਾਰ ਨੂੰ 1800 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਚਾਰ ਮੌਤਾਂ ਵੀ ਦਰਜ ਹੋਈਆਂ ਹਨ।
ਰਾਜਧਾਨੀ ਦਿੱਲੀ ਵਿੱਚ ਵੀ ਬੁੱਧਵਾਰ ਨੂੰ 10,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਸੂਬਾ ਸਰਕਾਰਾਂ ਵੱਲੋਂ ਸਾਵਧਾਨੀ ਲਈ ਕਈ ਜਗ੍ਹਾ ਨਾਈਟ ਕਰਫ਼ਿਊ ਅਤੇ ਵੀਕੈਂਡ ਕਰਫਿਊ ਲਗਾਏ ਗਏ ਹਨ। ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਕਰਮਚਾਰੀਆਂ ਨੂੰ ਵੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਵਿਧਾਨ ਸਭਾ ਚੋਣਾਂ- ਉੱਤਰਾਖੰਡ ਹਾਈ ਕੋਰਟ ਦੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ
ਕੋਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਉਤਰਾਖੰਡ ਹਾਈ ਕੋਰਟ ਨੇ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਆਨਲਾਈਨ ਰੈਲੀ ਅਤੇ ਵੋਟਾਂ ਬਾਰੇ ਵਿਚਾਰ ਕਰਨ ਨੂੰ ਆਖਿਆ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਅਦਾਲਤ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਜਿਹਾ ਕਿਹਾ।
ਅਦਾਲਤ ਨੇ ਕਿਹਾ ਕਿ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਰੈਲੀਆਂ ਬਾਰੇ ਵੀ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।
ਹੋ ਸਕੇ ਤਾਂ ਚੋਣ ਪ੍ਰਚਾਰ ਵਰਚੁਅਲ ਰੈਲੀ ਰਾਹੀਂ ਹੋਵੇ ਅਤੇ ਭਵਿੱਖ ਵਿੱਚ ਜੇ ਹੋ ਸਕੇ ਤਾਂ ਚੋਣ ਕਮਿਸ਼ਨ ਵੋਟਾਂ ਵੀ ਵਰਚੂਅਲ ਤਰੀਕੇ ਨਾਲ ਹੀ ਕਰਵਾ ਸਕਣ ਬਾਰੇ ਸੋਚੇ।

ਤਸਵੀਰ ਸਰੋਤ, AFP
ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਇਸ ਸਾਲ ਫਰਵਰੀ-ਮਾਰਚ ਵਿੱਚ ਹੋ ਸਕਦੀਆਂ ਹਨ ਅਤੇ ਉਸ ਤੋਂ ਪਹਿਲਾਂ ਕੋਰੋਨਾਵਾਇਰਸ ਲਗਾਤਾਰ ਵਧ ਰਹੇ ਕੇਸ ਚਿੰਤਾ ਦਾ ਵਿਸ਼ਾ ਬਣ ਰਹੇ ਹਨ।
ਇਸ ਤੋਂ ਪਹਿਲਾਂ ਅਲਾਹਾਬਾਦ ਹਾਈ ਕੋਰਟ ਨੇ ਵੀ ਭਾਰਤ ਦੇ ਚੋਣ ਕਮਿਸ਼ਨ ਨੂੰ ਚੋਣਾਂ ਅੱਗੇ ਪਾਉਣ ਬਾਰੇ ਵਿਚਾਰ ਕਰਨ ਨੂੰ ਆਖਿਆ ਸੀ।
ਚੋਣ ਕਮਿਸ਼ਨ ਦੇ ਵਫ਼ਦ ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਮਨੀਪੁਰ ਦਾ ਤਿਆਰੀਆਂ ਨੂੰ ਲੈ ਕੇ ਜਾਇਜ਼ਾ ਲੈ ਚੁੱਕੇ ਹਨ।
ਉੱਤਰਾਖੰਡ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 12 ਜਨਵਰੀ ਨੂੰ ਹੋਵੇਗੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












