ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, 'ਪ੍ਰਧਾਨ ਮੰਤਰੀ 'ਤੇ ਕੋਈ ਹਮਲਾ ਨਹੀਂ ਹੋਇਆ, ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਸੀ'

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, ANI

ਪ੍ਰਧਾਨ ਮੰਤਰੀ ਦੇ ਦੌਰੇ ਵਿੱਚ ਪਏ ਵਿਘਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ,“ਪ੍ਰਧਾਨ ਮੰਤਰੀ ਉੱਪਰ ਕੋਈ ਹਮਲਾ ਨਹੀਂ ਹੋਇਆ ਹੈ ਅਤੇ ਸਗੋਂ ਮੁਜ਼ਾਹਰੇ ਤੋਂ ਕਾਫ਼ੀ ਦੂਰ ਉਨ੍ਹਾਂ ਦੇ ਕਾਫ਼ਲੇ ਨੂੰ ਰੋਕ ਲਿਆ ਗਿਆ।”

ਫਿਰੋਜ਼ਪੁਰ ਰੈਲੀ ਕਰਨ ਜਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਬਠਿੰਡਾ ਤੋਂ ਹੁਸੈਨੀਵਾਲ ਬਾਰਡਰ ਜਾਂਦਿਆਂ ਰਾਹ ਵਿੱਚ ਰੋਕੇ ਜਾਣ ਦੀ ਘਟਨਾ ਤੋਂ ਬਾਅਦ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਪੀਐਮ ਦੀ ਸੁਰੱਖਿਆ ਵਿੱਚ ਚੂਕ ਮੰਨਦਿਆਂ ਸੂਬਾ ਸਰਕਾਰ ਤੋਂ ਇਸ ਬਾਰੇ ਰਿਪੋਰਟ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਰੱਖਿਆ ਵਿੱਚ ਚੂਕ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਨੇ ਕਿਹਾ, "ਸੜਕ ਤੋਂ ਜਾਣ ਦਾ ਫ਼ੈਸਲਾ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਲਿਆ ਗਿਆ, ਸ਼ਾਇਦ ਖ਼ਰਾਬ ਮੌਸਮ ਕਾਰਨ ਜਾਂ ਕੁਝ ਹੋਰ ਪਰ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਹੋਈ।

ਪ੍ਰਧਾਨ ਮੰਤਰੀ ਵੱਲੋਂ ਬਠਿੰਡਾ ਹਵਾਈ ਅੱਡੇ ਉੱਪਰ ਕੀਤੀ ਟਿੱਪਣੀ ਬਾਰੇ ਮੁੱਖ ਮੰਤਰੀ ਨੇ ਕਿਹਾ, “ਜੇ ਉਨ੍ਹਾਂ ਨੇ ਗੁੱਸੇ ਵਿੱਚ ਕੁਝ ਕਿਹਾ ਹੈ ਜਾਂ ਸਿਆਸੀ ਸੋਚ ਨਾਲ ਕੁਝ ਕਿਹਾ ਹੈ ਤਾਂ ਮੈਂ ਉਸ ਉੱਪਰ ਟਿੱਪਣੀ ਨਹੀਂ ਕਰਾਂਗਾ। ਪਰ ਜੇ ਉਨ੍ਹਾਂ ਉੱਪਰ ਕੁਝ ਹੁੰਦਾ ਤਾਂ ਮੈਂ ਆਪਣਾ ਖੂਨ ਪਹਿਲਾਂ ਡੋਹਲਾਂਗਾ।”

ਇਹ ਵੀ ਪੜ੍ਹੋ:

ਸੀਐਮ ਨੇ ਕਿਹਾ ਕਿ ਅੱਜ ਪੀਐਮ ਦਾ ਦੌਰਾ ਸੀ ਉਨ੍ਹਾਂ ਨੇ ਫਿਰੋਜ਼ਪੁਰ ਜਾਣਾ ਸੀ, ਇਸ ਦੌਰਾਨ ਉਨ੍ਹਾਂ ਨੇ ਕੁਝ ਉਦਘਾਟਨ ਕਰਨੇ ਸਨ ਅਤੇ ਫਿਰ ਸਿਆਸੀ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਰੁਕਾਵਟ ਆਉਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਇਸ ਗੱਲ ਦਾ ਸਾਨੂੰ ਖੇਦ ਹੈ।”

"ਮੈਂ ਆਪ ਉਨ੍ਹਾਂ ਨੂੰ ਬਠਿੰਡੇ ਰਸੀਵ ਕਰਨਾ ਸੀ ਫਿਰ ਹੈਲੀਕਾਪਟਰ ਵਿੱਚ ਫਿਰੋਜ਼ਪੁਰ ਉਨਾਂ ਦੇ ਨਾਲ ਜਾਣਾ ਸੀ। ਫਿਰੋਜ਼ਪੁਰ ਜਾਕੇ ਇੱਕ ਮੀਟਿੰਗ ਵਿੱਚ ਵੀ ਸ਼ਾਮਲ ਹੋਣਾ ਸੀ।

“ਜਿਨ੍ਹਾਂ ਨੇ ਵੀ ਪੀਐਮ ਦੇ ਕੋਲ ਜਾਣਾ ਸੀ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਉਣਾ ਪੈਂਦਾ ਹੈ। ਜਦੋਂ ਕੱਲ ਮੈਂ ਤੇ ਆਪਣੇ ਦਫ਼ਤਰ ਦੇ ਬੰਦਿਆਂ ਨੇ ਮੇਰੇ ਨਾਲ ਜਾਣਾ ਸੀ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਮੇਰੇ ਹਰਦਮ ਨਾਲ ਰਹਿਣ ਵਾਲੇ ਹੁਸਨ ਲਾਲ ਜੋ ਕਿ ਸਾਡੇ ਮੁੱਖ ਸਕੱਤਰ ਹਨ, ਉਹ ਕੋਰੋਨਾ ਪੌਜ਼ੀਟੀਵ ਆ ਗਏ, ਮੇਰਾ ਇੱਕ ਪੀਏ ਹਰੀ ਸਿੰਘ ਉਹ ਕੋਰੋਨਾ ਪੌਜ਼ੀਟੀਵ ਆ ਗਏ।”

"ਇਸ ਤੋਂ ਬਾਅਦ ਪੀਐਮ ਦਫ਼ਤਰ ਵੱਲੋਂ ਲਿਖਤੀ ਹੁਕਮ ਆਇਆ ਕਿ ਹਿਮਾਚਲ ਅਤੇ ਹਰਿਆਣੇ ਦੇ ਮੁੱਖ ਮੰਤਰੀ ਵੀ ਵੀਡੀਓ ਕਾਨਫ਼ਰੰਸ ਰਾਹੀਂ ਜੁੜ ਰਹੇ ਹਨ ਤੁਸੀਂ ਵੀ ਜੁੜ ਜਾਓ।"

ਉਨ੍ਹਾਂ ਨੇ ਕਿਹਾ ਕਿ ਇਸੇ ਕਾਰਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਮੰਤਰੀ ਨੂੰ ਬਠਿੰਡਾ ਹਵਾਈ ਅੱਡੇ ਉੱਪਰ ਸਵਾਗਤ ਕੀਤਾ।

"ਮੈਂ ਡਿਪਟੀ ਸੀਐਮ ਤੇ ਫਿਰੋਜ਼ਰਪੁਰ ਦੇ ਐਮਐਲਏ ਦੀ ਡਿਊਟੀ ਲਗਾਈ ਕਿ ਉਹ ਫਿਰੋਜ਼ਪੁਰ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ।"

ਚੰਨੀ ਨੇ ਦੱਸਿਆ ਕਿ ਉਨ੍ਹਾਂ ਨੇ “ਲਗਭਗ ਪੌਣੇ ਦੋ ਵਜੇ ਆਈਬੀ ਦੇ ਡਾਇਰੈਕਟ ਨੂੰ ਫ਼ੋਨ ਕਰਕੇ ਦੱਸਿਆ ਕਿ ਹਾਲਾਤ ਬਿਲਕੁਲ ਸਾਫ਼ ਹੋ ਚੁੱਕੇ ਹਨ।”

“ਸਵੇਰੇ ਸਾਢੇ ਛੇ ਵਜੇ ਮੈਨੂੰ ਡਾਇਰੈਕਟਰ ਦਾ ਫ਼ੌਨ ਆਇਆ ਤੇ ਉਨ੍ਹਾਂ ਨੇ ਦੱਸਿਆ ਕਿ ਸਾਰੇ ਰਸਤੇ ਖੁੱਲ੍ਹ ਗਏ ਹਨ ਤੇ ਪੁਲਿਸ ਨੇ ਬੜੀ ਮਦਦ ਕੀਤੀ।”

ਉਨ੍ਹਾਂ ਨੇ ਕਿਹਾ ਕਿ ਪੀਐਮ ਦੇ ਦੌਰੇ ਦਾ ਸਾਰਾ ਪ੍ਰੋਗਰਾਮ ਉਨ੍ਹਾਂ ਦੇ ਦਫ਼ਤਰ ਵੱਲੋਂ ਤੈਅ ਕੀਤਾ ਗਿਆ ਸੀ ਤੇ ਸੂਬਾ ਸਰਕਾਰ ਦੀ ਉਸ ਵਿੱਚ ਕੋਈ ਭੂਮਿਕਾ ਨਹੀਂ ਸੀ।

ਪ੍ਰਧਾਨ ਮੰਤਰੀ ਦੇ ਉਤਰਨ ਲਈ ਤਿੰਨ ਹੈਲੀਪੈਡ ਤਿਆਰ ਕੀਤੇ ਗਏ ਸਨ। ਇਹ ਵੀ ਤੈਅ ਕਰ ਲਿਆ ਗਿਆ ਸੀ ਕਿ ਕਿਸ ਹੈਲੀਪੈਡ 'ਤੇ ਉਤਰਨਗੇ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਦੇ ਭੇਜੇ ਗਏ ਵੇਰਵੇ ਨੂੰ ਪੜ੍ਹ ਕੇ ਸੁਣਾਇਆ ਤੇ ਕਿਹਾ, “ਪੀਐਮ ਦਫ਼ਤਰ ਵੱਲੋਂ ਭੇਜੇ ਗਏ ਸ਼ਡਿਊਲ ਮੁਤਾਬਕ ਪੀਐਮ ਦੇ ਸੜਕ ਰਾਹੀਂ ਲਿਜਾਣ ਦਾ ਕੋਈ ਜ਼ਿਕਰ ਨਹੀਂ ਸੀ।”

“ਜਦੋਂ ਕਿਸਾਨਾਂ ਨੇ ਉਥੇ ਆਪਣੇ ਟਰੈਕਟਰ ਵਗੈਰਾ ਖੜ੍ਹੇ ਕਰ ਲਏ ਤਾਂ ਸਾਡੇ ਅਫ਼ਸਰਾਂ ਨੇ ਧਰਨੇ ਤੋਂ ਕਾਫ਼ੀ ਪਿੱਛੇ ਰੋਕਿਆ ਗਿਆ ਅਤੇ ਬੇਨਤੀ ਕੀਤੀ ਗਈ ਕਿ ਜਾਂ ਤਾਂ ਹੋਰ ਰਸਤਾ ਲਿਆ ਜਾਵੇ ਜਾਂ ਪ੍ਰੋਗਰਾਮ ਰੱਦ ਕਰ ਦਿੱਤਾ ਜਾਵੇ।”

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀ ਮੰਗ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਅੱਜ ਨਹੀਂ ਤਾਂ ਚਾਰ ਦਿਨਾਂ ਨੂੰ ਲੱਗਣਾ ਹੈ, ਅਸੀਂ ਨਹੀਂ ਕਹਿੰਦੇ ਨਾ ਲਗਾਓ।"

ਲਾਈਨ

ਕੀ ਹੋਇਆ- ਪੰਜ ਨੁਕਤਿਆਂ ਵਿੱਚ ਸਮਝੋ

ਪੀਐਮ

ਤਸਵੀਰ ਸਰੋਤ, MHA

ਤਸਵੀਰ ਕੈਪਸ਼ਨ, ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾਂ ਪੰਜਾਬ ਦੌਰਾ ਹੈ ਅਤੇ ਭਾਜਪਾ ਦਾ ਵੱਡਾ ਸਿਆਸੀ ਪ੍ਰੋਗਰਾਮ ਸੀ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਸਰਕਾਰੀ ਦੌਰੇ 'ਤੇ ਪੰਜਾਬ ਵਿੱਚ ਸਨ। ਇਸ ਦੌਰਾਨ ਉਨ੍ਹਾਂ ਨੇ ਫਿਰੋਜ਼ਪੁਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ।
  • ਪੀਐਮ ਨੇ ਬਠਿੰਡੇ ਤੋਂ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਬਾਰਡਰ ਜਾਣਾ ਸੀ ਪਰ ਯਾਦਗਾਰ ਤੋਂ 30 ਕਿੱਲੋਮੀਟਰ ਉਰੇ ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਇੱਕ ਪੁਲ 'ਤੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਕੁਝ ਮੁਜਾਹਰਾਕਾਰੀਆਂ ਵੱਲੋਂ ਸੜਕ ਜਾਮ ਕੀਤੀ ਹੋਈ ਹੈ।
  • ਪੀਐਮ ਉਸ ਜਾਮ ਵਿੱਚ 15-20 ਮਿੰਟ ਫ਼ਸੇ ਰਹੇ। ਕੇਂਦਰੀ ਗ੍ਰਹਿ ਮੰਤਰਾਲਾ ਇਸ ਨੂੰ ਸੁਰੱਖਿਆ ਵਿੱਚ ਕੁਤਾਹੀ ਦੱਸ ਰਿਹਾ ਹੈ। ਉੱਥੋਂ ਪੀਐਮ ਦਾ ਕਾਫ਼ਲਾ ਵਾਪਸ ਬਠਿੰਡਾ ਹਵਾਈ ਅੱਡੇ ਵੱਲ ਚੱਲ ਪਿਆ ਅਤੇ ਰੈਲੀ ਰੱਦ ਕਰ ਦਿੱਤੀ ਗਈ।
  • ਬੀਜੇਪੀ ਲੀਡਰਸ਼ਿਪ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਡੀਜੀਪੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਰਸਤਾ ਸਾਫ਼ ਹੈ ਤਾਂ ਕੀ ਉਹ ਝੂਠ ਬੋਲ ਰਹੇ ਸਨ। ਪ੍ਰਧਾਨ ਮੰਤਰੀ ਪੁਲ ਉੱਪਰੋਂ ਜਾ ਰਹੇ ਹਨ ਇਹ ਜਾਣਕਾਰੀ ਪੁਲ ਉੱਪਰ ਜਾ ਖੜਨ ਵਾਲੇ ਮੁ਼ਜ਼ਾਹਰਾਕਾਰੀਆਂ ਨੂੰ ਕਿਸਨੇ ਦਿੱਤੀ।
  • ਪੰਜਾਬ ਦੇ ਮੁੱਖ ਮੰਤਰੀ ਸਮੇਤ ਕਾਂਗਰਸ ਦੀ ਲੀਡਰਸ਼ਿਪ ਨੇ ਗ੍ਰਹਿ ਮੰਤਰਾਲਾ ਅਤੇ ਬੀਜੇਪੀ ਲੀਡਰਸ਼ਿਪ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਲਾਈਨ

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਵੱਡੀਆਂ ਖਾਮੀਆਂ: ਗ੍ਰਹਿ ਮੰਤਰਾਲਾ

ਫ਼ਿਰੋਜ਼ਪੁਰ ਵਿਖੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੀ ਸੁਰੱਖਿਆ ਵਿੱਚ ਖਾਮੀਆਂ ਹੋਣ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ।

ਬਿਆਨ ਵਿੱਚ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਸਵੇਰੇ ਬਠਿੰਡਾ ਵਿਖੇ ਪੁੱਜੇ ਜਿੱਥੇ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਹੁਸੈਨੀਵਾਲ ਜਾਣਾ ਸੀ। ਖ਼ਰਾਬ ਮੌਸਮ ਕਰਕੇ ਪ੍ਰਧਾਨ ਮੰਤਰੀ ਸੜਕ ਰਾਹੀਂ ਉੱਥੇ ਜਾਣ ਲਈ ਤਿਆਰ ਹੋ ਗਏ। ਡੀਜੀਪੀ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਨੂੰ ਹਰੀ ਝੰਡੀ ਵੀ ਦਿੱਤੀ ਗਈ ਸੀ।

ਗ੍ਰਹਿ ਮੰਤਰਾਲੇ ਨੇ ਆਖਿਆ ਕਿ ਹੁਸੈਨੀਵਾਲਾ ਤੋਂ 30 ਕਿਲੋਮੀਟਰ ਪਹਿਲਾਂ ਫਲਾਈਓਵਰ 'ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਰੋਡ ਜਾਮ ਕੀਤਾ ਹੋਇਆ ਸੀ। ਪ੍ਰਧਾਨ ਮੰਤਰੀ 15-20 ਮਿੰਟ ਉੱਥੇ ਫਸੇ ਰਹੇ ਅਤੇ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਅਣਗਹਿਲੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਪ੍ਰੈੱਸ ਬਿਆਨ ਵਿੱਚ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਫੇਰੀ ਅਤੇ ਯਾਤਰਾ ਬਾਰੇ ਪੰਜਾਬ ਸਰਕਾਰ ਨੂੰ ਪਹਿਲਾਂ ਤੋਂ ਹੀ ਸਾਰਾ ਕੁਝ ਦੱਸਿਆ ਗਿਆ ਸੀ ਅਤੇ ਨਿਯਮਾਂ ਅਨੁਸਾਰ ਸੁਰੱਖਿਆ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਣਾ ਚਾਹੀਦਾ ਸੀ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਸੜਕ ਉੱਪਰ ਸਕਿਊਰਿਟੀ ਫੋਰਸ ਨਹੀਂ ਸੀ।

ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਘਟਨਾ ਦਾ ਸੰਗਿਆਨ ਲਿਆ ਹੈ ਅਤੇ ਪੰਜਾਬ ਸਰਕਾਰ ਤੋਂ ਰਿਪੋਰਟ ਵੀ ਮੰਗੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)