ਪੰਜਾਬ ਸਮੇਤ ਭਾਰਤ 'ਚ ਹਰ 25 ਮਿੰਟ 'ਚ ਇੱਕ ਘਰੇਲੂ ਮਹਿਲਾ ਕਰਦੀ ਹੈ ਖੁਦਕੁਸ਼ੀ, ਮਾਹਰਾਂ ਨੇ ਇਹ ਦੱਸੇ ਕਾਰਨ

ਤਸਵੀਰ ਸਰੋਤ, Getty Images
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਹਰ ਰੋਜ਼ ਔਸਤਨ 61 ਘਰੇਲੂ ਮਹਿਲਾਵਾਂ ਆਤਮ-ਹੱਤਿਆ ਕਰ ਲੈਂਦੀਆਂ ਹਨ, ਪਰ ਅਜਿਹਾ ਕੀ ਹੈ ਜੋ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਰਦਾ ਹੈ?
ਸਰਕਾਰ ਦੇ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (ਐੱਨਸੀਆਰਬੀ) ਨੇ ਹਾਲ ਹੀ ਵਿੱਚ ਡੇਟਾ ਜਾਰੀ ਕੀਤਾ ਹੈ ਜਿਸ ਦੇ ਅਨੁਸਾਰ ਪਿਛਲੇ ਸਾਲ 22,372 ਘਰੇਲੂ ਮਹਿਲਾਵਾਂ ਨੇ ਆਤਮ ਹੱਤਿਆ ਕੀਤੀ। ਇਸ ਹਿਸਾਬ ਨਾਲ ਹਰ 25 ਮਿੰਟ 'ਚ ਇੱਕ ਔਰਤ ਨੇ ਆਪਣੀ ਜਾਨ ਆਪ ਹੀ ਲੈ ਲਈ।
ਸਾਲ 2020 ਵਿੱਚ ਭਾਰਤ 'ਚ ਆਤਮ-ਹੱਤਿਆ ਦੇ ਕੁੱਲ 153,052 ਦਰਜ ਮਾਮਲਿਆਂ ਵਿੱਚੋਂ 14.6% ਮਾਮਲੇ ਸਿਰਫ ਘਰੇਲੂ ਮਹਿਲਾਵਾਂ ਦੇ ਹਨ। ਆਤਮ-ਹੱਤਿਆ ਕਰਨ ਵਾਲੀਆਂ ਮਹਿਲਾਵਾਂ ਵਿੱਚੋਂ 50% ਤੋਂ ਜ਼ਿਆਦਾ ਅੰਕੜਾ ਘਰੇਲੂ ਮਹਿਲਾਵਾਂ ਦਾ ਹੈ।
ਰਿਪੋਰਟ ਅਨੁਸਾਰ, ਇਨ੍ਹਾਂ ਕੁੱਲ ਮਾਮਲਿਆਂ ਵਿੱਚੋਂ ਲੰਘੇ ਸਾਲ ਪੰਜਾਬ ਵਿੱਚ 2,616 ਘਰੇਲੂ ਮਹਿਲਾਵਾਂ ਨੇ ਆਤਮ-ਹੱਤਿਆ ਕੀਤੀ ਜਦਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਇਹ ਅੰਕੜਾ 4,001 ਹੈ।
ਅਜਿਹਾ ਸਿਰਫ 2020 ਵਿੱਚ ਹੀ ਨਹੀਂ ਹੋਇਆ ਹੈ। ਐੱਨਸੀਆਰਬੀ ਨੇ ਸਾਲ 1997 ਤੋਂ ਕੰਮ ਦੇ ਆਧਾਰ 'ਤੇ ਆਤਮ-ਹੱਤਿਆ ਦਾ ਡੇਟਾ ਇੱਕਠਾ ਕਰਨਾ ਸ਼ੁਰੂ ਕੀਤਾ ਹੈ ਅਤੇ ਉਸਦੇ ਮੁਤਾਬਕ ਹਰ ਸਾਲ 20,000 ਤੋਂ ਜ਼ਿਆਦਾ ਘਰੇਲੂ ਔਰਤਾਂ ਆਤਮ-ਹੱਤਿਆ ਕਰਦੀਆਂ ਹਨ।
ਸਾਲ 2009 ਵਿੱਚ ਇਹ ਅੰਕੜਾ ਵੱਧ ਕੇ 25,092 ਹੋ ਗਿਆ ਸੀ।
ਕੀ ਹੈ ਇਸਦੇ ਪਿੱਛੇ ਕਾਰਨ
ਦਰਜ ਹੋਈਆਂ ਰਿਪੋਰਟਾਂ ਵਿੱਚ ਆਤਮ-ਹੱਤਿਆ ਦੇ ਅਜਿਹੇ ਮਾਮਲਿਆਂ ਲਈ ਹਮੇਸ਼ਾ ''ਪਰਿਵਾਰਿਕ ਸਮੱਸਿਆਵਾਂ'' ਜਾਂ ''ਵਿਆਹ ਸਬੰਧਤ ਮੁੱਦਿਆਂ'' ਨੂੰ ਦੋਸ਼ ਦਿੱਤਾ ਜਾਂਦਾ ਹੈ।
ਪਰ ਅਸਲ ਵਿੱਚ ਅਜਿਹਾ ਕੀ ਹੈ ਜੋ ਮਹਿਲਾਵਾਂ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕਰ ਦਿੰਦਾ ਹੈ?
ਇਹ ਵੀ ਪੜ੍ਹੋ:
ਮਾਨਸਿਕ ਸਿਹਤ ਨਾਲ ਸਬੰਧਤ ਮਾਹਿਰ ਕਹਿੰਦੇ ਹਨ ਕਿ ਇਸਦੇ ਪਿੱਛੇ ਇੱਕ ਮੁੱਖ ਕਾਰਨ ਹੈ- ਬੇਕਾਬੂ ਘਰੇਲੂ ਹਿੰਸਾ ਅਤੇ ਰੋਜ਼ਾਨਾ ਦੇ ਉਹੀ ਨੀਰਸ ਕੰਮ ਜੋ ਵਿਆਹੁਤਾ ਜ਼ਿੰਦਗੀ ਨੂੰ ਹੋਰ ਬੋਝਲ ਤੇ ਦਮਘੋਟੂ ਬਣਾ ਸਕਦੇ ਹਨ।
ਹਾਲ ਹੀ ਵਿੱਚ ਹੋਏ ਇੱਕ ਸਰਕਾਰੀ ਸਰਵੇਖਣ ਵਿੱਚ ਹਿੱਸਾ ਲੈਣ ਵਾਲੀਆਂ ਕੁੱਲ ਔਰਤਾਂ ਵਿੱਚੋਂ 30% ਨੇ ਮੰਨਿਆ ਕਿ ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਨਾਲ ਹਿੰਸਾ ਕੀਤੀ।
ਡਾਕਟਰ ਊਸ਼ਾ ਵਰਮਾ ਸ਼੍ਰੀਵਾਸਤਵ ਵਾਰਾਣਸੀ ਵਿੱਚ ਇੱਕ ਕਲੀਨਿਕਲ ਮਨੋਵਿਗਿਆਨੀ ਹਨ ਅਤੇ ਕਹਿੰਦੇ ਹਨ, ''ਮਹਿਲਾਵਾਂ ਬਹੁਤ ਸਹਿਣਸ਼ੀਲਹੁੰਦੀਆਂ ਹਨ, ਪਰ ਬਰਦਾਸ਼ਤ ਕਰਨ ਦੀ ਵੀ ਇੱਕ ਹੱਦ ਹੁੰਦੀ ਹੈ।''
''ਜ਼ਿਆਦਾਤਰ ਕੁੜੀਆਂ ਦਾ 18 ਸਾਲ ਦੀ ਹੁੰਦਿਆਂ ਹੀ ਵਿਆਹ ਹੋ ਜਾਂਦਾ ਹੈ - ਜੋ ਕਿ ਵਿਆਹ ਲਈ ਤੈਅ ਕੀਤੀ ਗਈ ਕਾਨੂੰਨੀ ਉਮਰ ਹੈ। ਉਹ ਇੱਕ ਪਤਨੀ ਤੇ ਬਹੁ ਬਣ ਜਾਂਦੀ ਹੈ ਤੇ ਆਪਣਾ ਜ਼ਿਆਦਾ ਸਮਾਂ ਘਰ ਖਾਣਾ ਬਣਾਉਣ, ਸਫਾਈ ਕਰਨ ਜਾਂ ਹੋਰ ਘਰੇਲੂ ਕੰਮਾਂ ਵਿੱਚ ਹੀ ਬਿਤਾਉਂਦੀ ਹੈ।"
"ਉਸ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਹੁੰਦੀਆਂ ਹਨ, ਉਸਦੀ ਆਪਣੀ ਨਿੱਜੀ ਆਜ਼ਾਦੀ ਬਹੁਤ ਥੋੜ੍ਹੀ ਹੁੰਦੀ ਹੈ ਅਤੇ ਮੁਸ਼ਕਿਲ ਨਾਲ ਹੀ ਅਜਿਹਾ ਹੁੰਦਾ ਹੈ ਕਿ ਉਸ ਕੋਲ ਆਪਣਾ ਕੋਈ ਪੈਸੇ ਹੋਵੇ।''
''ਉਸਦੀ ਪੜ੍ਹਾਈ ਅਤੇ ਸੁਪਨਿਆਂ ਦਾ ਹੁਣ ਕੋਈ ਮਹੱਤਵ ਨਹੀਂ ਰਹਿ ਜਾਂਦਾ ਅਤੇ ਹੌਲੀ-ਹੌਲੀ ਉਸਦੀਆਂ ਇੱਛਾਵਾਂ ਖਤਮ ਹੋਣ ਲੱਗਦੀਆਂ ਹਨ ਤੇ ਗਾਇਬ ਹੋ ਜਾਂਦੀਆਂ ਹਨ। ਉਨ੍ਹਾਂ ਦੀ ਥਾਂ ਨਿਰਾਸ਼ਾ ਲੈ ਲੈਂਦੀ ਹੈ ਅਤੇ ਉਸਦੀ ਹੋਂਦ ਕਿਸੇ ਸਜ਼ਾ ਵਰਗੀ ਬਣ ਜਾਂਦੀ ਹੈ।''

ਤਸਵੀਰ ਸਰੋਤ, Getty Images
ਜ਼ਿਆਦਾ ਉਮਰ ਦੀਆਂ ਔਰਤਾਂ ਦੇ ਕਾਰਨ ਵੱਖਰੇ
ਡਾਕਟਰ ਵਰਮਾ ਸ਼੍ਰੀਵਾਸਤਵ ਕਹਿੰਦੇ ਹਨ ਕਿ ਜ਼ਿਆਦਾ ਉਮਰ ਦੀਆਂ ਔਰਤਾਂ ਵਿੱਚ ਆਤਮ-ਹੱਤਿਆ ਦੇ ਕਾਰਨ ਵੱਖਰੇ ਹੁੰਦੇ ਹਨ।
''ਬਹੁਤ ਸਾਰੀਆਂ ਮਹਿਲਾਵਾਂ ਬੱਚਿਆਂ ਦੇ ਵੱਡੇ ਹੋਣ ਅਤੇ ਘਰ ਛੱਡਣ ਤੋਂ ਬਾਅਦ 'ਐਂਪਟੀ ਨੈਸਟ ਸਿੰਡਰੋਮ' ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਹੋਰ ਬਹੁਤ ਸਾਰੀਆਂ ਪ੍ਰੀ-ਮੇਨੋਪੋਜ਼ਲ ਸਿੰਪਟਮਜ਼ ਨਾਲ ਦੋ-ਚਾਰ ਹੁੰਦੀਆਂ ਹਨ, ਜੋ ਕਿ ਤਣਾਅ ਅਤੇ ਰੋਣ ਦੀ ਇੱਛਾ ਦਾ ਕਾਰਨ ਬਣਦਾ ਹੈ।''
ਪਰ ਉਹ ਕਹਿੰਦੇ ਹਨ ਕਿ ਆਤਮ-ਹੱਤਿਆਵਾਂ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ ਅਤੇ ''ਜੇ ਤੁਸੀਂ ਕਿਸੇ ਨੂੰ ਇੱਕ ਪਲ ਲਈ ਵੀ ਰੋਕ ਲੈਂਦੇ ਹੋ ਤਾਂ ਉਮੀਦ ਹੁੰਦੀ ਹੈ ਕਿ ਉਹ ਰੁਕ ਜਾਣਗੇ।''
ਅਜਿਹਾ ਕਿਵੇਂ ਹੁੰਦਾ ਹੈ, ਇਸ ਬਾਰੇ ਦੱਸਦਿਆਂ ਹੋਇਆਂ ਮਨੋਵਿਗਿਆਨੀ ਸੋਮਿਤਰਾ ਪਥਾਰੇ ਕਹਿੰਦੇ ਹਨ ਕਿ ਭਾਰਤ ਵਿੱਚ ਬਹੁਤ ਸਾਰੀਆਂ ਆਤਮ-ਹੱਤਿਆਵਾਂ ਭਾਵਨਾਵਾਂ ਦੇ ਆਵੇਗ 'ਚ ਆ ਕੇ ਹੁੰਦੀਆਂ ਹਨ। ''ਆਦਮੀ ਘਰ ਆਉਂਦਾ ਹੈ, ਪਤਨੀ ਨੂੰ ਕੁੱਟਦਾ ਹੈ ਅਤੇ ਉਹ ਆਪਣੀ ਜਾਨ ਲੈ ਲੈਂਦੀ ਹੈ।''
ਉਹ ਕਹਿੰਦੇ ਹਨ ਕਿ ਸੁਤੰਤਰ ਅਧਿਐਨ ਇਹ ਦਿਖਾਉਂਦਾ ਹੈ ਖੁਦਕੁਸ਼ੀ ਕਰਨ ਵਾਲੀਆਂ ਭਾਰਤੀ ਔਰਤਾਂ ਵਿੱਚ ਇੱਕ ਤਿਹਾਈ ਔਰਤਾਂ ਨਾਲ ਘਰੇਲੂ ਹਿੰਸਾ ਹੋਈ ਹੁੰਦੀ ਹੈ। ਪਰ ਐੱਨਸੀਆਰਬੀ ਦੇ ਡੇਟਾ ਵਿੱਚ ਘਰੇਲੂ ਹਿੰਸਾ ਨੂੰ ਇੱਕ ਕਾਰਨ ਵਜੋਂ ਦੱਸਿਆ ਹੀ ਨਹੀਂ ਗਿਆ ਹੈ।
ਇਹ ਵੀ ਪੜ੍ਹੋ:-
ਔਰਤਾਂ ਦੀ ਮਾਨਸਿਕ ਸਿਹਤ ਕਿਵੇਂ ਹੁੰਦੀ ਹੈ ਪ੍ਰਭਾਵਿਤ
ਬੈਂਗਲੋਰ ਆਧਾਰਿਤ ਮਾਨਸਿਕ ਸਿਹਤ ਐਪ ਵਾਇਸਾ(Wysa) ਵਿੱਚ ਮਨੋਵਿਗਿਆਨੀ ਚੇਤਾਲੀ ਸਿਨ੍ਹਾ ਕਹਿੰਦੇ ਹਨ, ''ਬਹੁਤ ਸਾਰੀਆਂ ਔਰਤਾਂ ਜੋ ਘਰੇਲੂ ਹਿੰਸਾ ਵਾਲੀ ਸਥਿਤੀ ਵਿੱਚ ਰਹਿੰਦੀਆਂ ਹਨ, ਉਹ ਸਿਰਫ ਉਨ੍ਹਾਂ ਨੂੰ ਮਿਲਣ ਵਾਲੇ ਸਮਰਥਨ ਕਾਰਨ ਮਾਨਸਿਕ ਤੌਰ 'ਤੇ ਠੀਕ ਰਹਿੰਦੀਆਂ ਹਨ।''
ਚੇਤਾਲੀ ਸਿਨ੍ਹਾ ਪਹਿਲਾਂ ਮੁੰਬਈ ਵਿੱਚ ਇੱਕ ਸਰਕਾਰੀ ਮਾਨਸਿਕ ਹਸਪਤਾਲ ਵਿੱਚ ਤਿੰਨ ਸਾਲਾਂ ਤੱਕ ਕੰਮ ਕਰ ਚੁੱਕੇ ਹਨ ਅਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਕਾਊਂਸਲਿੰਗ ਕਰਦੇ ਰਹੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਪਾਇਆ ਕਿ ਮਹਿਲਾਵਾਂ ਲੋਕਲ ਰੇਲਗੱਡੀ ਵਿੱਚ ਸਫ਼ਰ ਕਰਨ ਦੌਰਾਨ ਜਾਂ ਆਪਣੇ ਗੁਆਂਢੀਆਂ ਨਾਲ ਸਬਜ਼ੀਆਂ ਆਦਿ ਖਰੀਦਦੇ ਸਮੇਂ ਅਜਿਹੇ ਛੋਟੇ-ਛੋਟੇ ਸਮੂਹ ਬਣਾ ਲੈਂਦੀਆਂ ਹਨ ਜੋ ਉਨ੍ਹਾਂ ਦਾ ਮਾਨਸਿਕ ਤੌਰ 'ਤੇ ਸਾਥ ਦਿੰਦੇ ਹਨ।

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, ''ਉਨ੍ਹਾਂ ਕੋਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਹੋਰ ਕੋਈ ਥਾਂ ਨਹੀਂ ਹੁੰਦੀ ਅਤੇ ਕਦੇ-ਕਦੇ ਉਨ੍ਹਾਂ ਦੀ ਮਾਨਸਿਕ ਸਿਹਤ ਸਿਰਫ ਕਿਸੇ ਇੱਕ ਵਿਅਕਤੀ ਨਾਲ ਗੱਲ ਕਰਨ 'ਤੇ ਅਧਾਰਿਤ ਹੁੰਦੀ ਹੈ।''
ਕੋਰੋਨਾ ਮਹਾਮਾਰੀ ਨੇ ਵਿਗਾੜੇ ਹਾਲਾਤ
ਨਾਲ ਹੀ ਉਹ ਕਹਿੰਦੇ ਹਨ ਕਿ ਮਹਾਮਾਰੀ ਅਤੇ ਤਾਲਾਬੰਦੀ ਨੇ ਸਥਿਤੀ ਹੋਰ ਵਿਗਾੜ ਦਿੱਤੀ ਹੈ।
''ਜਦੋਂ ਆਦਮੀ ਕੰਮ ਲਈ ਘਰੋਂ ਬਾਹਰ ਜਾਂਦੇ ਸਨ ਤਾਂ ਔਰਤਾਂ ਕੋਲ ਇੱਕ ਸੁਰੱਖਿਅਤ ਥਾਂ ਹੋ ਜਾਂਦੀ ਸੀ, ਪਰ ਮਹਾਮਾਰੀ ਦੌਰਾਨ ਇਹ ਵੀ ਬੰਦ ਹੋ ਗਿਆ। ਤੇ ਘਰੇਲੂ ਹਿੰਸਾ ਦੀਆਂ ਸਥਿਤੀਆਂ ਵਿੱਚ, ਇਸਦਾ ਮਤਲਬ ਇਹ ਵੀ ਸੀ ਕਿ ਉਹ ਆਪਣੇ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਨਾਲ ਹੀ ਫਸ ਜਾਂਦੀਆਂ ਸਨ।"
"ਇਸਨੇ ਉਨ੍ਹਾਂ ਦੇ ਕਿਤੇ ਆਉਣ-ਜਾਣ ਅਤੇ ਅਜਿਹੀਆਂ ਚੀਜ਼ਾਂ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਜਿਸ ਨਾਲ ਉਨ੍ਹਾਂ ਨੂੰ ਖੁਸ਼ੀ ਮਿਲਦੀ ਸੀ। ਇਸ ਤਰ੍ਹਾਂ ਸਮੇਂ ਦੇ ਨਾਲ-ਨਾਲ ਗੁੱਸਾ, ਦੁੱਖ ਅਤੇ ਉਦਾਸੀ ਵਧਦੀ ਰਹਿੰਦੀ ਹੈ ਆਤਮ-ਹੱਤਿਆ ਉਨ੍ਹਾਂ ਦਾ ਆਖਰੀ ਰਸਤਾ ਬਣ ਜਾਂਦਾ ਹੈ।''
ਵਿਸ਼ਵ ਪੱਧਰ 'ਤੇ ਖੁਦਕੁਸ਼ੀਆਂ ਦੀ ਸਭ ਤੋਂ ਵੱਧ ਗਿਣਤੀ ਭਾਰਤ ਵਿੱਚ ਹੈ: ਦੁਨੀਆ ਭਰ ਵਿੱਚ ਆਤਮ-ਹੱਤਿਆ ਦੇ ਕੁੱਲ ਮਾਮਲਿਆਂ ਵਿੱਚੋਂ ਇੱਕ ਚੌਥਾਈ ਅੰਕੜਾ ਭਾਰਤੀ ਪੁਰਸ਼ਾਂ ਦਾ ਹੈ, ਜਦਕਿ ਖੁਦਕੁਸ਼ੀ ਦੇ ਕੁੱਲ ਵੈਸ਼ਵਿਕ ਮਾਮਲਿਆਂ ਵਿਚੋਂ 36% ਭਾਰਤੀ ਔਰਤਾਂ (15 ਤੋਂ 39 ਸਾਲ ਦੀਆਂ) ਨਾਲ ਸਬੰਧਤ ਹਨ।
ਅੰਕੜੇ ਸੁਧਾਰਨ ਦੀ ਲੋੜ
ਪਰ ਮਾਨਸਿਕ ਵਿਗਾੜ ਅਤੇ ਖੁਸਕੁਸ਼ੀ ਨੂੰ ਰੋਕਣ ਬਾਰੇ ਅਧਿਐਨ ਕਰ ਚੁੱਕੇ ਡਾਕਟਰ ਪਥਾਰੇ ਕਹਿੰਦੇ ਹਨ ਕਿ ਭਾਰਤ ਦੇ ਅਧਿਕਾਰਤ ਅੰਕੜੇ ਬਹੁਤ ਘੱਟ ਅੰਦਾਜ਼ੇ ਵਾਲੇ ਹਨ ਅਤੇ ਸਮੱਸਿਆ ਦਾ ਸਹੀ ਪੈਮਾਨਾ ਨਹੀਂ ਦਰਸਾਉਂਦੇ।
''ਜੇ ਤੁਸੀਂ ਮਿਲੀਅਨ ਡੈਥ ਸਟੱਡੀ ਜਾਂ ਲੈਂਸੇਟ ਸਟੱਡੀ ਨੂੰ ਵੇਖੋ ਤਾਂ ਭਾਰਤ ਵਿੱਚ ਖੁਦਕੁਸ਼ੀਆਂ 30% ਤੋਂ 100% ਤੱਕ ਘੱਟ ਰਿਪੋਰਟ ਕੀਤੀਆਂ ਜਾਂਦੀਆਂ ਹਨ।''
ਉਹ ਕਹਿੰਦੇ ਹਨ, "ਬਾਰੇ ਅਜੇ ਤੱਕ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ - ਇਸ ਬਾਰੇ ਸ਼ਰਮਿੰਦਗੀ ਅਤੇ ਕਲੰਕ ਮਹਿਸੂਸ ਕੀਤਾ ਜਾਂਦਾ ਹੈ ਅਤੇ ਬਹੁਤੇ ਪਰਿਵਾਰ ਇਸਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ।"
"ਭਾਰਤ ਦੇ ਪੇਂਡੂ ਖੇਤਰਾਂ ਵਿੱਚ ਓਟੋਪੀਸੀ ਵਰਗਾ ਜ਼ਰੂਰਤ ਹੀ ਨਹੀਂ ਹੁੰਦੀ ਅਤੇ ਅਮੀਰ ਲੋਕ ਪੁਲਿਸ ਉੱਤੇ ਖ਼ੁਦਕੁਸ਼ੀ ਨੂੰ ਕਿਸੇ ਅਣਹੋਣੀ ਘਟਨਾ ਵਰਗਾ ਦਿਖਾਉਣ ਦਾ ਜ਼ੋਰ ਪਾਉਂਦੇ ਹਨ। ਪੁਲਿਸ ਦੀਆਂ ਐਂਟਰੀਆਂ ਵੀ ਪ੍ਰਮਾਣਿਤ ਨਹੀਂ ਹੁੰਦੀਆਂ।''
ਭਾਰਤ ਵਿੱਚ ਆਤਮ-ਹੱਤਿਆ ਨੂੰ ਰੋਕਣ ਲਈ ਨੀਤੀ ਤਿਆਰ ਕੀਤੀ ਜਾ ਰਹੀ ਹੈ ਅਤੇ ਅਜਿਹੇ ਵਿੱਚ ਡਾਕਟਰ ਪਥਾਰੇ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਅੰਕੜਿਆਂ ਨੂੰ ਸੁਧਾਰਨ ਦੀ ਲੋੜ ਹੈ।
''ਜੇ ਤੁਸੀਂ ਭਾਰਤ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਦੇ ਅੰਕੜੇ ਵੇਖੋ, ਤਾ ਇਹ ਹਾਸੋਹੀਣੇ ਤਰੀਕੇ ਨਾਲ ਘੱਟ ਹਨ। ਦੁਨੀਆ ਭਰ ਵਿੱਚ ਆਮ ਤੌਰ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਦੇ ਮਾਮਲੇ ਅਸਲ ਵਿੱਚ ਹੋਈਆਂ ਖੁਦਕੁਸ਼ੀਆਂ ਤੋਂ ਚਾਰ ਤੋਂ 20 ਵਾਰ ਜ਼ਿਆਦਾ ਹੁੰਦੇ ਹਨ।"
"ਇਸ ਤਰ੍ਹਾਂ ਜੇ ਭਾਰਤ ਵਿੱਚ ਲੰਘੇ ਸਾਲ 150,000 ਆਤਮ-ਹੱਤਿਆ ਦੇ ਮਾਮਲੇ ਦਰਜ ਹੋਏ ਤਾਂ ਆਤਮ-ਹੱਤਿਆ ਦੀਆਂ ਕੋਸ਼ਿਸ਼ਾਂ 6 ਲੱਖ ਤੋਂ 60 ਲੱਖਦੇ ਵਿਚਕਾਰ ਹੋਣੀਆਂ ਚਾਹੀਦੀਆਂ ਹਨ।
ਡਾਕਟਰ ਪਥਾਰੇ ਕਹਿੰਦੇ ਹਨ ਕਿ ਇਹ ਖਤਰੇ ਵਾਲੀ ਉਹ ਪਹਿਲੀ ਆਬਾਦੀ ਹੈ ਜਿਸ ਨੂੰ ਆਤਮ-ਹੱਤਿਆ 'ਤੇ ਰੋਕ ਲਗਾਉਣ ਲਈ ਸਭ ਤੋਂ ਪਹਿਲਾਂ ਟੀਚਾ ਬਣਾਇਆ ਜਾਣਾ ਚਾਹੀਦਾ ਹੈ, ਪਰ ਅਸੀਂ ਖਰਾਬ ਅੰਕੜਿਆਂ ਵਿੱਚ ਘਿਰੇ ਰਹਿੰਦੇ ਹਾਂ।
"ਸੰਯੁਕਤ ਰਾਸ਼ਟਰ ਦਾ ਟੀਚਾ ਸਾਲ 2030 ਤੱਕ ਵਿਸ਼ਵ ਪੱਧਰ 'ਤੇ ਖੁਦਕੁਸ਼ੀਆਂ ਨੂੰ ਇੱਕ ਤਿਹਾਈ ਤੱਕ ਘਟਾਉਣ ਦਾ ਹੈ, ਪਰ ਪਿਛਲੇ ਸਾਲ, ਉਸਤੋਂ ਵੀ ਪਿਛਲੇ ਸਾਲ ਦੇ ਮੁਕਾਬਲੇ ਸਾਡੇ ਇੱਥੇ ਖੁਦਕੁਸ਼ੀਆਂ ਵਿੱਚ 10% ਦਾ ਵਾਧਾ ਹੋਇਆ ਹੈ, ਅਤੇ ਇਸਨੂੰ ਘਟਾਉਣਾ ਇੱਕ ਸੁਪਨੇ ਵਰਗਾ ਹੀ ਹੋ ਕੇ ਰਹਿ ਗਿਆ ਹੈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












