ਕੈਟਰੀਨਾ ਕੈਫ਼-ਵਿੱਕੀ ਕੌਸ਼ਲ ਵਿਆਹ: ਇਸ ਕਾਰਨ ਆਪਣੇ ਵਿਆਹ ਦੀ ਜਾਣਕਾਰੀ ਲੁਕਾਉਂਦੇ ਹਨ ਬਾਲੀਵੁੱਡ ਸਿਤਾਰੇ

ਤਸਵੀਰ ਸਰੋਤ, HYPE PR
- ਲੇਖਕ, ਮਧੂ ਪਾਲ
- ਰੋਲ, ਬੀਬੀਸੀ ਸਹਿਯੋਗੀ
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦਾ ਸਮਾਰੋਹ ਅੱਜ ਸਮਾਪਤ ਹੋ ਜਾਵੇਗਾ। ਦੋਵਾਂ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹਾ ਦੇ ਹੈੱਡਕੁਆਟਰ ਤੋਂ ਲਗਭਗ 18 ਕਿਲੋਮੀਟਰ ਦੂਰ ਚੌਥ ਕਾ ਬਰਵਾੜਾ ਵਿੱਚ ਇੱਕ ਪਹਾੜੀ 'ਤੇ ਸਥਿਤ ਹੋਟਲ ਵਿੱਚ ਆਪਣੇ ਵਿਆਹ ਦੀਆਂ ਰਸਮਾਂ ਨਿਭਾਈਆਂ।
ਜਿਸ ਕਿਲੇ ਵਿੱਚ ਇਹ ਵਿਆਹ ਹੋਇਆ ਹੈ ਉਹ ਲਗਭਗ 700 ਸਾਲ ਪੁਰਾਣਾ ਹੈ ਅਤੇ ਹੁਣ ਇੱਕ ਹੋਟਲ ਵਿੱਚ ਤਬਦੀਲ ਹੋ ਚੁੱਕਿਆ ਹੈ।
ਪਿਛਲੇ ਕਾਫੀ ਸਮੇਂ ਤੋਂ ਬਾਲੀਵੁੱਡ ਅਤੇ ਮੀਡੀਆ ਵਿੱਚ ਵਿੱਕੀ-ਕੈਟ ਦੇ ਰਿਸ਼ਤੇ ਨੂੰ ਲੈ ਕੇ ਚਰਚਾ ਬਣੀ ਹੋਈ ਸੀ। ਹਾਲਾਂਕਿ ਦੋਵਾਂ ਨੇ ਇਸ ਨੂੰ ਜਨਤਕ ਤੌਰ 'ਤੇ ਕਦੇ ਸਵਿਕਾਰ ਨਹੀਂ ਕੀਤਾ ਪਰ ਉਨ੍ਹਾਂ ਦੇ ਵਿਆਹ ਦੀ ਖ਼ਬਰ ਨਾਲ ਇਸ ਰਿਸ਼ਤੇ 'ਤੇ ਮੁਹਰ ਲੱਗ ਗਈ।
ਪਰ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਦੋ ਵੱਡੇ ਸਿਤਾਰਿਆਂ ਨੇ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਜਾ ਕੇ ਵਿਆਹ ਕਰਵਾਇਆ ਹੋਵੇ।
ਇਹ ਵੀ ਪੜ੍ਹੋ:
ਸ਼ਮੀ ਕਪੂਰ ਤੇ ਗੀਤਾ ਬਾਲੀ ਦਾ 4 ਵਜੇ ਵਾਲਾ ਵਿਆਹ
ਬੀਬੀਸੀ ਹਿੰਦੀ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਪੱਤਰਕਾਰ ਜੈਪ੍ਰਕਾਸ਼ ਚੌਕਸੇ ਕਹਿੰਦੇ ਹਨ ਕਿ ਵਿੱਕੀ ਅਤੇ ਕੈਟਰੀਨਾ ਵਾਂਗ ਕਈ ਸਿਤਾਰੇ ਹਨ ਜਿਨ੍ਹਾਂ ਨੇ ਆਪਣੇ ਅਚਾਨਕ ਵਿਆਹ ਦੇ ਫੈਸਲੇ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਸੀ, ''ਅਜਿਹਾ ਕਰਨ ਵਾਲਿਆਂ 'ਚੋਂ ਸਭ ਤੋਂ ਪਹਿਲਾਂ ਮੇਰੇ ਜ਼ਹਿਨ ਵਿੱਚ ਸ਼ਮੀ ਕਪੂਰ ਤੇ ਗੀਤਾ ਬਾਲੀ ਦਾ ਨਾਮ ਆਉਂਦਾ ਹੈ। ਸ਼ਮੀ ਕਪੂਰ ਤੇ ਗੀਤਾ ਬਾਲੀ ਦਾ ਅਫੇਅਰ ਤਾਂ ਚੱਲ ਹੀ ਰਿਹਾ ਸੀ। ਸ਼ੂਟਿੰਗ ਮੁੱਕਣ ਤੋਂ ਬਾਅਦ ਉਹ ਅਕਸਰ ਸ਼ਾਮ ਨੂੰ ਸੜਕਾਂ 'ਤੇ ਟਹਿਲਦੇ ਸਨ।''

ਤਸਵੀਰ ਸਰੋਤ, Mohan Churiwala
ਪਰ ਇੱਕ ਦਿਨ ਉਨ੍ਹਾਂ ਨੇ ਅਚਾਨਕ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ, ਦੱਖਣੀ ਮੁੰਬਈ ਦੇ ਇੱਕ ਮੰਦਰ ਵਿੱਚ ਸਵੇਰੇ 4 ਵਜੇ ਜਾ ਕੇ ਪੁਜਾਰੀ ਨੂੰ ਉਠਾਇਆ ਅਤੇ ਵਿਆਹ ਕਰ ਲਿਆ।
ਸ਼ਮੀਨੇ ਇਸ ਬਾਰੇ ਆਪਣੇ ਪਿਤਾ ਪ੍ਰਿਥਵੀਰਾਜ ਕਪੂਰ ਅਤੇ ਵੱਡੇ ਭਰਾ ਰਾਜ ਕਪੂਰ ਤੱਕ ਨੂੰ ਵੀ ਨਹੀਂ ਦੱਸਿਆ। ਆਪਣੇ ਵਿਆਹ ਦੀ ਜਾਣਕਾਰੀ ਉਨ੍ਹਾਂ ਨੇ ਫੋਨ 'ਤੇ ਦਿੱਤੀ ਸੀ ਅਤੇ ਅਦਾਕਾਰਾ ਗੀਤਾ ਬਾਲੀ ਨੇ ਆਪਣੇ ਸਚਿਵ ਸੁਰੇਂਦਰ ਕਪੂਰ ਰਾਹੀਂ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ।''
ਸੁਰੇਂਦਰ ਕਪੂਰ, ਨਿਰਦੇਸ਼ਕ-ਨਿਰਮਾਤਾ ਬੋਨੀ ਕਪੂਰ ਅਤੇ ਅਦਾਕਾਰ ਅਨਿਲ ਕਪੂਰ ਦੇ ਪਿਤਾ ਸਨ।
ਫਿਲਮ'ਟੈਕਸੀ ਡਰਾਈਵਰ' ਦੇ ਸੈੱਟ 'ਤੇ ਦੇਵ ਆਨੰਦ-ਕਲਪਨਾ ਦਾ ਵਿਆਹ
ਐਵਰਗ੍ਰੀਨ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਦੇਵ ਆਨੰਦ ਅਤੇ ਸੁਰੱਈਆ ਦਾ ਪਿਆਰ ਅੰਜਾਮ ਤੱਕ ਨਹੀਂ ਪਹੁੰਚ ਸਕਿਆ। ਪਰ ਜਦੋਂ ਦੇਵ ਆਨੰਦ ਨੇ ਵਿਆਹ ਕਰਨ ਦਾ ਫੈਸਲਾ ਲਿਆ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਤਸਵੀਰ ਸਰੋਤ, Mohan Churiwala
ਉਨ੍ਹਾਂ ਨੇ ਆਪਣੀ ਫਿਲਮ 'ਟੈਕਸੀ ਡਰਾਈਵਰ' ਦੀ ਸ਼ੂਟਿੰਗ ਦੇ ਦੌਰਾਨ ਹੀ ਸਟੂਡੀਓ ਵਿੱਚ ਅਦਾਕਾਰਾ ਕਲਪਨਾ ਕਾਰਤਿਕ ਨਾਲ ਵਿਆਹ ਕਰਵਾ ਲਿਆ।
ਜੈਪ੍ਰਕਾਸ਼ ਚੌਕਸੇ ਕਹਿੰਦੇ ਹਨ, 'ਟੈਕਸੀ ਡਰਾਈਵਰ' ਦੀ ਸ਼ੂਟਿੰਗ 'ਤੇ ਜਦੋਂ ਲੰਚ ਬ੍ਰੇਕ ਹੋਇਆ ਤਾਂ ਉਨ੍ਹਾਂ ਨੇ ਤੁਰੰਤ ਪੰਡਿਤ ਨੂੰ ਬੁਲਾਇਆ ਅਤੇ ਕਲਪਨਾ ਕਾਰਤਿਕ ਨਾਲ ਸੱਤ ਫੇਰੇ ਲੈ ਲਏ।
ਸਿਰਫ ਇੰਨਾ ਹੀ ਨਹੀਂ, ਵਿਆਹ ਤੋਂ ਕੁਝ ਘੰਟੇ ਬਾਅਦ ਹੀ ਦੇਵ ਆਨੰਦ ਸ਼ੂਟਿੰਗ 'ਤੇ ਵਾਪਸ ਚਲੇ ਗਏ ਅਤੇ ਕੰਮ ਪੂਰਾ ਕੀਤਾ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਹੋਏ ਵਿਆਹ ਦੀ ਖ਼ਬਰ ਸੁਣ ਕੇ ਮੀਡੀਆ ਅਤੇ ਪ੍ਰਸ਼ੰਸਕ ਹੈਰਾਨ ਰਹਿ ਗਏ ਸਨ।
ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ
ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਕਹੇ ਜਾਂਦੇ ਰਾਜੇਸ਼ ਖੰਨਾ ਨੇ ਵੀ ਕੁਝ ਅਜਿਹਾ ਹੀ ਕੀਤਾ ਸੀ। ਉਨ੍ਹਾਂ ਦਾ ਵਿਆਹ ਵੀ ਖੂਬ ਚਰਚਾ ਵਿੱਚ ਰਿਹਾ।
ਚੌਕਸੇ ਦੇ ਅਨੁਸਾਰ, ''ਰਾਜੇਸ਼ ਖੰਨਾ ਦਾ ਅੰਜੂ ਮਹੇਂਦਰੂ ਨਾਲ 6 ਸਾਲ ਤੱਕ ਪ੍ਰੇਮ ਸਬੰਧ ਰਿਹਾ ਪਰ ਫਿਰ ਬ੍ਰੇਕਅਪ ਹੋ ਗਿਆ। ਪਰ ਅਚਾਨਕ ਉਨ੍ਹਾਂ ਨੇ ਪ੍ਰਸ਼ੰਸਕਾਂ ਅਤੇ ਪੱਤਰਕਾਰਾਂ ਨੂੰ ਖ਼ਬਰ ਮਿਲੀ ਕਿ ਰਾਜੇਸ਼ ਖੰਨਾ ਡਿੰਪਲ ਕਪਾੜੀਆ ਨਾਲ ਵਿਆਹ ਕਰਵਾਉਣ ਵਾਲੇ ਹਨ।
ਉਨ੍ਹਾਂ ਦਾ ਵਿਆਹ ਇਸ ਕਾਰਨ ਵੀ ਚਰਚਾ ਵਿੱਚ ਰਿਹਾ ਕਿਉਂਕਿ ਜਦੋਂ ਰਾਜੇਸ਼ ਖੰਨਾ ਡਿੰਪਲ ਨਾਲ ਵਿਆਹ ਕਰਾਉਣ ਲਈ ਬਰਾਤ ਲੈ ਕੇ ਨਿਕਲੇ ਤਾਂ ਉਨ੍ਹਾਂ ਨੇ ਅੰਜੂ ਮਹੇਂਦਰੂ ਨੂੰ ਜਲਨ ਮਹਿਸੂਸ ਕਰਾਉਣ ਲਈ ਉਨ੍ਹਾਂ ਦੇ ਘਰ ਦੇ ਸਾਹਮਣੇ ਤੋਂ ਬਰਾਤ ਕੱਢੀ ਅਤੇ ਕਿਹਾ ਕਿ ਦੇਰ ਤੱਕ ਨੱਚਦੇ ਰਹੋ।''
ਅਭਿਸ਼ੇਕ-ਐਸ਼ਵਰਿਆ ਦਾ ਵਿਆਹ ਤੇ ਬਾਲੀਵੁੱਡ ਦੀ ਨਾਰਾਜ਼ਗੀ
ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੇ ਵਿਆਹ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਸਨ।
ਪਹਿਲਾਂ ਅਭਿਸ਼ੇਕ ਦਾ ਵਿਆਹ ਕਰਿਸ਼ਮਾ ਕਪੂਰ ਨਾਲ ਪੱਕਾ ਹੋਇਆ ਸੀ, ਪਰ ਇਹ ਰਿਸ਼ਤਾ ਟੁੱਟ ਗਿਆ। ਫਿਰ ਕੁਝ ਸਾਲਾਂ ਬਾਅਦ ਅਭਿਸ਼ੇਕ-ਐਸ਼ਵਰਿਆ ਦੇ ਵਿਆਹ ਦੀ ਖ਼ਬਰ ਅਚਾਨਕ ਹੀ ਮੀਡੀਆ ਅਤੇ ਪ੍ਰਸ਼ੰਸਕਾਂ ਤੱਕ ਪਹੁੰਚੀ।
ਇਸ ਵਿਆਹ ਦੀ ਚਰਚਾ ਕਈ ਦਿਨਾਂ ਤੱਕ ਰਹੀ ਅਤੇ ਇਸਦਾ ਇੱਕ ਕਾਰਨ ਸੀ ਕਿ ਇਸ ਵਿਆਹ ਵਿੱਚ ਮਹਿਮਾਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ।
ਬੀਬੀਸੀ ਨਾਲ ਗੱਲਬਾਤ ਵਿੱਚ ਚੌਕਸੇ ਦੱਸਦੇ ਹਨ, ''ਅਮਿਤਾਭ ਨੇ ਅਭਿਸ਼ੇਕ ਦੇ ਵਿਆਹ ਵਿੱਚ ਘੱਟ ਮਹਿਮਾਨ ਇਸ ਲਈ ਬੁਲਾਏ ਸਨ ਕਿਉਂਕਿ ਉਨ੍ਹਾਂ ਦੀ ਪ੍ਰਸਿੱਧੀ ਬਹੁਤ ਜ਼ਿਆਦਾ ਸੀ ਅਤੇ ਇੰਨੀ ਵੱਡੀ ਸੰਖਿਆ ਵਿੱਚ ਲੋਕਾਂ ਦਾ ਰਿਜ਼ਰਵੇਸ਼ਨ ਕਰਾਉਣਾ ਸੰਭਵ ਨਹੀਂ ਸੀ, ਇਸ ਲਈ ਵਿਆਹ ਸਾਦਗੀ ਨਾਲ ਹੋਇਆ।''
''ਇਸ ਵਿਆਹ ਵਿੱਚ ਨਾ ਬੁਲਾਏ ਜਾਣ ਕਾਰਨ ਸ਼ਤਰੂਘਣ ਸਿਨ੍ਹਾ ਸਮੇਤ ਕਈ ਵੱਡੇ ਅਦਾਕਾਰ ਨਾਰਾਜ਼ ਹੋਏ ਸਨ, ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਸੀ ਇਸ ਵਿਆਹ ਵਿੱਚ ਪ੍ਰਕਾਸ਼ ਮਹਿਰਾ ਨੂੰ ਨਾ ਬੁਲਾਇਆ ਜਾਣਾ। ਜਿਸ ਕਾਰਨ ਪ੍ਰਕਾਸ਼ ਮਹਿਰਾ ਬਹੁਤ ਨਾਰਾਜ਼ ਹੋਏ ਸਨ।''

ਤਸਵੀਰ ਸਰੋਤ, SPL
''ਕਿਉਂਕਿ ਉਹੀ ਸਨ, ਜਿਨ੍ਹਾਂ ਨੇ ਫਿਲਮ ਜ਼ੰਜੀਰ ਵਿੱਚ ਅਮਿਤਾਭ ਨੂੰ ਸਭ ਤੋਂ ਪਹਿਲਾ ਵੱਡਾ ਬ੍ਰੇਕ ਦਿੱਤਾ ਸੀ, ਜਦਕਿ ਅਮਿਤਾਭ ਦਾ ਇਹ ਮੰਨਣਾ ਸੀ ਕਿ ਇੰਡਸਟਰੀ ਦੇ ਵਪਾਰਕ ਰਿਸ਼ਤੇ ਵਾਲੇ ਲੋਕਾਂ ਨੂੰ ਪਰਿਵਾਰਿਕ ਰਿਸ਼ਤੇ ਵਾਲੇ ਸਮਾਗਮ ਵਿੱਚ ਕਿਵੇਂ ਬੁਲਾਇਆ ਜਾ ਸਕਦਾ ਹੈ।''
ਧਰਮਿੰਦਰ ਤੇ ਹੇਮਾ ਦਾ ਨਾਟਕੀ ਢੰਗ ਨਾਲ ਹੋਇਆ ਵਿਆਹ
ਸੀਨੀਅਤ ਪੱਤਰਕਾਰ ਅਜੈ ਬ੍ਰਹਮਾਤਮਜ ਕਹਿੰਦੇ ਹਨ, ''ਬਾਲੀਵੁੱਡ ਦੇ ਹੀ-ਮੈਨ ਅਤੇ ਡ੍ਰੀਮ ਗਰਲ ਨੇ ਨਾਮ ਨਾਲ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਦੇ ਵਿਆਹ ਦੀ ਵੀ ਉਸ ਦੌਰ ਵਿੱਚ ਖੂਬ ਚਰਚਾ ਹੋਈ।''
ਉਹ ਕਹਿੰਦੇ ਹਨ ਕਿ ਹੇਮਾ ਮਾਲਿਨੀ ਦਾ ਵਿਆਹ ਬਹੁਤ ਨਾਟਕੀ ਢੰਗ ਨਾਲ ਹੋਇਆ ਸੀ।
ਬੀਬੀਸੀ ਨਾਲ ਇੱਕ ਕਿੱਸਾ ਸਾਂਝਾ ਕਰਦੇ ਹੋਏ ਅਜੈ ਕਹਿੰਦੇ ਹਨ, ''ਉਨ੍ਹਾਂ ਦਾ ਵਿਆਹ ਜਿਤੇਂਦਰ ਨਾਲ ਹੋਣ ਲਈ ਮੰਡਪ ਸਜ ਚੁੱਕਿਆ ਸੀ ਅਤੇ ਜਿਸ ਵੇਲੇ ਉਨ੍ਹਾਂ ਦਾ ਵਿਆਹ ਹੋਣ ਵਾਲਾ ਸੀ ਉਸੇ ਵੇਲੇ ਧਰਮਿੰਦਰ, ਜਿਤੇਂਦਰ ਦੀ ਪ੍ਰੇਮਿਕਾ ਸ਼ੋਭਾ ਦੇ ਨਾਲ ਚੇੱਨਈ (ਉਸ ਸਮੇਂ ਮਦਰਾਸ) ਪਹੁੰਚੇ ਅਤੇ ਫਿਰ ਉਹ ਵਿਆਹ ਨਹੀਂ ਹੋ ਸਕਿਆ।''
''ਉਦੋਂ ਜਿਤੇਂਦਰ ਨੂੰ ਮੰਡਪ ਤੋਂ ਉਠਾ ਕੇ ਉਨ੍ਹਾਂ ਦੀ ਥਾਂ ਧਰਮਿੰਦਰ ਬੈਠ ਗਏ ਅਤੇ ਹੇਮਾ ਮਾਲਿਨੀ ਦਾ ਵਿਆਹ ਧਰਮਿੰਦਰ ਨਾਲ ਹੋ ਗਿਆ।''

ਤਸਵੀਰ ਸਰੋਤ, Madhu Pal/BBC
ਧਰਮਿੰਦਰ ਨੇ ਹੇਮਾ ਨਾਲ ਵਿਆਹ ਕਰਵਾਉਣ ਲਈ ਇਸਲਾਮ ਧਰਮ ਕਬੂਲਿਆ ਕਿਉਂਕਿ ਉਹ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਅਤੇ ਹਿੰਦੂ ਹੋਣ ਕਾਰਨ ਦੂਜਾ ਵਿਆਹ ਨਹੀਂ ਕਰ ਸਕਦੇ ਸਨ।
ਅਕਸ਼ੈ ਅਤੇ ਟਵਿੰਕਲ ਨੇ ਸਭ ਨੂੰ ਕੀਤਾ ਹੈਰਾਨ
ਅਜੈ ਦੱਸਦੇ ਹਨ ਕਿ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਦੇ ਵਿਆਹ ਦੀ ਖਬਰ ਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਅਕਸ਼ੈ ਕੁਮਾਰ ਦਾ ਪਹਿਲਾਂ ਰਵੀਨਾ ਟੰਡਨ ਨਾਲ ਵਿਆਹ ਪੱਕਾ ਹੋ ਚੁੱਕਾ ਸੀ। ਕਾਰਡ ਵੀ ਵੰਡੇ ਜਾ ਚੁੱਕੇ ਸਨ, ਪਰ ਉਹ ਰਿਸ਼ਤਾ ਟੁੱਟ ਗਿਆ ਅਤੇ ਫਿਰ ਅਚਾਨਕ ਟਵਿੰਕਲ ਨਾਲ ਉਨ੍ਹਾਂ ਦਾ ਵਿਆਹ ਪੱਕਾ ਹੋ ਗਿਆ।
ਬਾਲੀਵੁੱਡ ਸਿਤਾਰਿਆਂ ਦੇ ਵਿਆਹ ਕਿਉਂ ਬਣਦੇ ਹਨ ਸੁਰਖੀਆਂ?
ਅੱਜਕੱਲ੍ਹ ਬਾਲੀਵੁੱਡ ਸਿਤਾਰਿਆਂ ਦੇ ਵਿਆਹ ਸਿਰਫ ਵਿਆਹ ਤੱਕ ਸੀਮਿਤ ਨਹੀਂ ਰਹਿ ਗਏ ਹਨ। ਇਹ ਹੁਣ ਕਿਸੇ ਫਿਲਮ ਵਾਂਗ ਹੀ ਕਮਾਈ ਦਾ ਸ਼ਾਨਦਾਰ ਤਰੀਕਾ ਬਣ ਗਏ ਹਨ।
ਇਨ੍ਹਾਂ ਵਿਆਹਾਂ ਨੂੰ ਕਵਰ ਕਰਨ ਲਈ ਵੱਡੀਆਂ-ਵੱਡੀਆਂ ਮੀਡੀਆ ਕੰਪਨੀਆਂ ਨੂੰ ਕਰੋੜਾਂ ਦੇ ਕਾਂਟਰੈਕਟ ਦਿੱਤੇ ਜਾਂਦੇ ਹਨ।
ਟਰੇਡ ਐਨਾਲਿਸਟ ਅਤੁਲ ਮੋਹਨ ਦੱਸਦੇ ਹਨ, ''ਜਦੋਂ ਵੀ ਸੈਲੇਬ੍ਰਿਟੀਜ਼, ਖਾਸ ਕਰਕੇ ਬਾਲੀਵੁੱਡ ਸਿਤਾਰਿਆਂ ਦਾ ਵਿਆਹ ਹੁੰਦਾ ਹੈ ਤਾਂ ਮੀਡੀਆ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਫੁਟੇਜ ਤੋਂ ਲੈ ਕੇ ਮਹਿਮਾਨਾਂ ਦੀ ਸੂਚੀ ਵਿੱਚ ਕੌਣ-ਕੌਣ ਹੋਵੇਗਾ ਆਦਿ ਦੇ ਪਿੱਛੇ ਪੈ ਜਾਂਦਾ ਹੈ।''
''ਇਨ੍ਹਾਂ ਸਾਰੀਆਂ ਗੱਲਾਂ ਦਾ ਹਊਆ ਬਣਾ ਦਿੱਤਾ ਜਾਂਦਾ ਹੈ। ਕਿਉਂਕਿ ਸਾਰੇ ਹੀ ਪਬਲੀਕੇਸ਼ਨ, ਵੈਬਸਾਈਟ, ਨਿਊਜ਼ ਚੈਨਲ ਆਦਿ ਜਾਣਦੇ ਹਨ ਕਿ ਸਾਨੂੰ ਇਸ ਨਾਲ ਬਹੁਤ ਹਿਟਜ਼ ਮਿਲਣਗੇ, ਸਬਸਕ੍ਰਿਪਸ਼ਨ ਵਧਣਗੇ ਅਤੇ ਐਡਜ਼ ਮਿਲਣਗੇ।''
ਉਹ ਕਹਿੰਦੇ ਹਨ, ''ਇਹ ਸਭ ਸਪੌਂਸਰਸ਼ਿਪ ਦਾ ਖੇਡ ਹੈ, ਉਸੇ ਤਰ੍ਹਾਂ ਜਿਵੇਂ ਪੁਰਸਕਾਰ ਸਮਾਰੋਹ ਆਦਿ 'ਚ ਕਿਸੇ ਚੈਨਲ ਨਾਲ ਟਾਇਅਪ ਹੁੰਦਾ ਹੈ, ਐਕਸਕਲੂਸਿਵ ਰਾਈਟਸ ਦਿੱਤੇ ਜਾਂਦੇ ਹਨ।''
ਇਹ ਸਾਰਾ ਕੁਝ ਬਿਲਕੁਲ ਵਪਾਰਕ ਸੌਦੇ ਵਾਂਗ ਹੁੰਦਾ ਹੈ, ਚੈਨਲ ਵੀ ਇਸਦਾ ਮੁਲਾਂਕਣ ਕਰਦੇ ਹਨ ਕਿ ਕਿਸ ਵਿਆਹ ਸਮਾਗਮ ਲਈ ਕਿੰਨਾ ਹਾਈਪ ਹੋਵੇ ਅਤੇ ਉਸ ਨੂੰ ਕਵਰ ਕਰਨ ਵਿੱਚ ਉਨ੍ਹਾਂ ਨੂੰ ਕਿੰਨੇ ਦਾ ਰੈਵੇਨਿਊ ਮਿਲ ਸਕਦਾ ਹੈ।''
ਇਸੇ ਮੁਲਾਂਕਣ ਦੇ ਹਿਸਾਬ ਨਾਲ ਉਹ ਇਨ੍ਹਾਂ ਹਸਤੀਆਂ ਦੇ ਵਿਆਹਾਂ ਨੂੰ ਕਵਰ ਕਰਨ ਲਈ ਕਾਂਟਰੈਕਟ ਕਰਦੇ ਹਨ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਉਸਦੇ ਐਕਸਕਲੂਸਿਵ ਰਾਈਟਸ ਮਿਲਣਗੇ, ਜਿਸ ਨਾਲ ਉਨ੍ਹਾਂ ਨੂੰ ਵੱਡਾ ਲਾਭ ਹੋਵੇਗਾ।''
ਅਤੁਲ ਮੋਹਨ ਕਹਿੰਦੇ ਹਨ ਕਿ ਹਾਲੀਵੁੱਡ ਹਸਤੀਆਂ ਦੇ ਵਿਆਹਾਂ ਨਾਲ ਜੇ ਤੁਲਨਾ ਕਰੀਏ ਤਾ ਭਾਵੇਂ ਹੀ 100 ਕਰੋੜ ਦੀ ਰਾਸ਼ੀ ਇੱਥੋਂ ਦੇ ਲੋਕਾਂ ਨੂੰ ਵੱਡੀ ਰਕਮ ਲੱਗਦੀ ਹੋਵੇ, ਪਰ ਉਹ ਉਨ੍ਹਾਂ ਲਈ ਸਿਰਫ਼ 13 ਮਿਲੀਅਨ ਡਾਲਰ ਹੈ। ਜੋ ਕਿ ਜ਼ਿਆਦਾ ਵੱਡੀ ਰਕਮ ਨਹੀਂ ਹੈ। ਹਾਲੀਵੁੱਡ ਸਿਤਾਰਿਆਂ ਦੇ ਵਿਆਹਾਂ ਦੀ ਕਵਰੇਜ ਇਸ ਨਾਲੋਂ ਕਈ ਗੁਣਾ ਜ਼ਿਆਦਾ ਕੀਮਤ 'ਤੇ ਵਿਕਦੀ ਹੈ।
ਉਹ ਕਹਿੰਦੇ ਹਨ, ''ਵੱਡੀਆਂ ਹਸਤੀਆਂ ਦੇ ਵਿਆਹਾਂ ਵਿੱਚ ਮਹਿਮਾਨਾਂ ਨੂੰ ਵਿਆਹ ਦਾ ਗੁਪਤ ਸਥਾਨ (ਵੇਨਿਊ) ਦੱਸ ਦਿੱਤਾ ਜਾਂਦਾ ਹੈ ਅਤੇ ਇੱਕ ਕੋਡ ਦਿੱਤਾ ਜਾਂਦਾ ਹੈ, ਤਾਂ ਜਿਹੜਾ ਕੋਈ ਸੱਦਿਆ ਗਿਆ ਹੋਵੇਗਾ ਉਸੇ ਕੋਲ ਇਹ ਕੋਡ ਹੋਵੇਗਾ।''
ਇਹ ਸਭ ਕੁਝ ਉਸ ਸਮਾਰੋਹ ਨੂੰ ਹਾਈਪ ਦੇਣ ਲਈ ਅਪਣਾਈ ਗਈ ਮਾਰਕਟਿੰਗ ਨੀਤੀ ਦੇ ਤਹਿਤ ਹੁੰਦਾ ਹੈ, ਜਿਵੇਂ ਕਿ ਅਕਸਰ ਪੁਰਾਣੀਆਂ ਫ਼ਿਲਮਾਂ 'ਹ ਤੁਸੀਂ ਵੇਖਿਆ ਹੋਵੇਗਾ ਕਿ ਸਮਗਲਰ ਇੱਕ ਕੋਡ ਪੁੱਛਦਾ ਹੈ ਅਤੇ ਫਿਰ ਮਾਲ ਸਪਲਾਈ ਕਰਦਾ ਹੈ। ਉਸੇ ਤਰ੍ਹਾਂ, ਇਹ ਸਭ ਵੀ ਬਿਲਕੁਲ ਫ਼ਿਲਮੀ ਤਰੀਕੇ ਨਾਲ ਹੁੰਦਾ ਹੈ ਅਤੇ ਹੋ ਰਿਹਾ ਹੈ।''
ਵਿੱਕੀ ਅਤੇ ਕੈਟਰੀਨਾ ਦੇ ਵਿਆਹ ਨੂੰ ਲੈ ਕੇ ਹਰ ਰੋਜ਼ ਨਵੇਂ-ਨਵੇਂ ਅਪਡੇਟ ਆਉਂਦੇ ਹਨ। ਇਹ ਸਭ ਸਟਾਰ ਕਪਿਲ ਵੈਲਿਊ ਨੂੰ ਵਧਾਉਣ ਲਈ ਕੀਤੀ ਜਾ ਰਹੀ ਮਾਰਕਟਿੰਗ ਦੇ ਤਹਿਤ ਕੀਤਾ ਜਾਂਦਾ ਹੈ।''

ਤਸਵੀਰ ਸਰੋਤ, Hype pr
ਬ੍ਰਾਂਡ ਪਰਮੋਸ਼ਨ ਦੀ ਰਣਨੀਤੀ ਹਨ ਵਿਆਹ
ਅਤੁਲ ਮੋਹਨ ਕਹਿੰਦੇ ਹਨ ਕਿ ਅਕਸਰ ਬਾਲੀਵੁੱਡ ਸਿਤਾਰਿਆਂ ਦੇ ਵਿਆਹ ਦੀ ਖ਼ਬਰ ਦੇ ਨਾਲ ਕਈ ਖ਼ਬਰਾਂ ਫੈਲਣ ਲੱਗਦੀਆਂ ਹਨ ਕਿ ਉਨ੍ਹਾਂ ਦਾ ਵਿਆਹ ਕਿੱਥੇ ਹੈ, ਕਿਸ ਵਿਅਕਤੀ ਨੂੰ ਨਹੀਂ ਬੁਲਾਇਆ ਗਿਆ ਆਦਿ।
ਉੱਥੋਂ ਦੀ ਹਰ ਪਲ ਦੀ ਖ਼ਬਰ ਆਉਂਦੀ ਹੈ। ਇਹ ਸਬਰ ਕੁਝ ਬ੍ਰਾਂਡ ਪਰਮੋਸ਼ਨ ਦੀ ਨੀਤੀ ਵਾਂਗ ਹੁੰਦਾ ਹੈ, ਇਹ ਪੂਰਾ ਪੈਕੇਜ ਹੀ ਹੈ। ਵੱਡੇ ਫ਼ਿਲਮੀ ਸਿਤਾਰਿਆਂ ਦੇ ਵਿਆਹ ਕਵਰ ਕਰਨ ਨਾਲ ਉਨ੍ਹਾਂ ਦੀ ਵੈਲਿਊਏਸ਼ਨ ਹੋਰ ਵਧ ਜਾਂਦੀ ਹੈ।
''ਬਾਲੀਵੁੱਡ ਦੇ ਜੋ ਸਭ ਤੋਂ ਵੱਡੇ ਫ਼ਿਲਮੀ ਸਿਤਾਰੇ ਹਨ, ਉਨ੍ਹਾਂ ਨੂੰ ਪਾਵਰਹਾਊਸ ਕਪਲ ਵੀ ਕਿਹਾ ਜਾਂਦਾ ਹੈ ਅਤੇ ਵਿਆਹ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਉਨ੍ਹਾਂ ਦੀ ਜੋੜੀ ਦੇ ਤੌਰ 'ਤੇ ਬ੍ਰਾਂਡ ਵੈਲਿਊ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ, ਜਿਵੇਂ ਕਿ ਰਣਵੀਰ-ਦੀਪਿਕਾ ਹਨ।
ਸ਼ਾਹਰੁਖ-ਗੌਰੀ ਵੀ ਇਕੱਠੇ ਐਡਜ਼ ਕਰਦੇ ਹਨ, ਵਿਰਾਟ-ਅਨੁਸ਼ਕਾ ਵੀ ਉਦਾਹਰਣ ਹਨ ਅਤੇ ਹੁਣ ਇਸ ਵਿੱਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਵੀ ਸ਼ਾਮਲ ਹੋ ਜਾਣਗੇ।
''ਮਿਸਾਲ ਵਜੋਂ, ਮੰਨ ਲਓ ਕਿ ਜੇ ਹੁਣ ਕਿਸੇ ਐਂਡੋਰਸਮੇਂਟ ਡੀਲ ਵਿੱਚ ਵਿੱਕੀ ਕੌਸ਼ਲ 2 ਕਰੋੜ ਅਤੇ ਕੈਟਰੀਨਾ ਕੈਫ਼ 3 ਕਰੋੜ ਲੈਂਦੇ ਸਨ, ਤਾਂ ਵਿਆਹ ਮਗਰੋਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਮਿਲ ਕੇ ਕੋਈ ਐਡ ਕਰਨ ਲਈ 10 ਕਰੋੜ ਦਾ ਵੀ ਆਫਰ ਮਿਲ ਜਾਵੇ।''
''ਇਕੱਠੇ ਆਉਣ ਨਾਲ ਪਾਵਰ ਕਪਲ ਦੀ ਵੈਲਿਊ ਹੋਰ ਵਧ ਜਾਂਦੀ ਹੈ ਤੇ ਹੋ ਸਕਦਾ ਹੈ ਕਿ ਪਹਿਲੀ ਵਾਰ ਕਿਸੇ ਐਡ ਵਿੱਚ ਨਾਲ-ਨਾਲ ਆਉਣ ਨੂੰ ਹੋਰ ਵੀ ਖਾਸ ਮੰਨਿਆ ਜਾਵੇ, ਇਸ ਨਾਲ ਉਨ੍ਹਾਂ ਨੂੰ ਹੋਰ ਵੀ ਵੱਡੀ ਡੀਲ ਮਿਲ ਸਕਦੀ ਹੈ।''
ਬਿਲਕੁਲ ਫਿਲਮ ਦੇ ਪਰਮੋਸ਼ਨ ਵਾਂਗ ਇਹ ਸਭ ਵੀ ਚੱਲਦਾ ਹੈ। ਪਹਿਲਾਂ ਦੇ ਫ਼ਿਲਮੀ ਸਿਤਾਰਿਆਂ ਦੇ ਵਿਆਹਾਂ ਵਿੱਚ ਇਹ ਸਭ ਨਹੀਂ ਹੁੰਦਾ ਸੀ। ਹੁਣ ਤਾਂ ਵਿਆਹ ਦੇ ਦਿਨ ਤੱਕ ਵੀ ਵਿਆਹ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਉਸ ਨੂੰ ਛਿਪਾ ਕੇ ਗੁਪਤ ਬਣਾ ਕੇ ਰੱਖਿਆ ਜਾਂਦਾ ਹੈ ਅਤੇ ਇਹ ਸਾਰਾ ਕੁਝ ਮਾਰਕਟਿੰਗ ਦਾ ਹਿੱਸਾ ਹੁੰਦਾ ਹੈ।''
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












