ਗਾਂਧੀ ਜਯੰਤੀ: ਕਿਸਾਨਾਂ ਤੇ ਮਜ਼ਦੂਰਾਂ ਬਾਰੇ ਗਾਂਧੀ ਦੀ ਕੀ ਸਮਝ ਸੀ, ਕਦੋਂ ਗਾਂਧੀ ਨੇ ਕਿਹਾ, ‘ਮੈਂ ਕਿਸਾਨ ਹਾਂ’

ਤਸਵੀਰ ਸਰੋਤ, Getty Images
- ਲੇਖਕ, ਕੁਮਾਰ ਪ੍ਰਸ਼ਾਂਤ
- ਰੋਲ, ਗਾਂਧੀਵਾਦੀ ਵਿਚਾਰਕ
ਇਹ ਸਵਾਲ ਕਿਸ ਨੂੰ ਪੁੱਛੀਏ ਕਿ ਕੀ ਮਹਾਤਮਾ ਗਾਂਧੀ ਪਹਿਲਾਂ ਕਿਸਾਨ ਸਨ ਜਾਂ ਮਜ਼ਦੂਰ?
ਜੇ ਤੁਸੀਂ ਉਨ੍ਹਾਂ ਨੂੰ ਪੁੱਛੋ ਤਾਂ ਉਹ ਆਪਣੇ ਸਰਲ ਜਵਾਬ ਨਾਲ ਹੈਰਾਨ ਕਰ ਦੇਣਗੇ ਕਿ ਇਹ ਅਜਿਹਾ ਸਵਾਲ ਹੈ ਕਿ ਜਿਵੇਂ ਤੁਸੀਂ ਪੁੱਛ ਰਹੇ ਹੋ ਕਿ ਮੈਂ ਪਹਿਲਾਂ ਸਾਹ ਲੈਂਦਾ ਹਾਂ ਜਾਂ ਛੱਡਦਾ ਹਾਂ!
ਕੀ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਕਿਸਾਨ ਹੁੰਦਾ ਹੈ ਉਹ ਮਜ਼ਦੂਰ ਨਾ ਹੋਵੇ, ਇਹ ਬਿਲਕੁਲ ਸੰਭਵ ਨਹੀਂ ਹੈ! ਕਿਸਾਨ-ਖੇਤੀ ਇੱਕ ਅਜਿਹਾ ਉਦਮ ਹੈ ਜੋ ਕਿਸਾਨ ਦੀ ਮਜ਼ਦੂਰੀ ਤੋਂ ਬਿਨਾਂ ਸੰਭਵ ਨਹੀਂ ਹੈ।
ਪਰ ਗਾਂਧੀ ਜੀ ਦੇ ਇਸ ਜਵਾਬ ਨੂੰ ਇੱਕ ਪਾਸੇ ਰੱਖਕੇ ਜੇ ਅਸੀਂ ਉਨ੍ਹਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਕਹਾਣੀ ਕੁਝ ਇਸ ਤਰ੍ਹਾਂ ਦੀ ਬਣਦੀ ਹੈ।
ਜਦੋਂ ਮੋਹਨਦਾਸ ਕਰਮਚੰਦ ਗਾਂਧੀ, ਇੱਕ ਭਾਰਤੀ ਜੋ ਦੱਖਣੀ-ਅਫ਼ਰੀਕਾ ਵਿੱਚ ਬੈਰਿਸਟਰ ਦੀ ਪੜ੍ਹਾਈ ਕਰ ਰਹੇ ਸੀ, ਉਨ੍ਹਾਂ ਨੇ ਆਪਣੀ ਜ਼ਿੰਦਗੀ ਅਤੇ ਜੀਵਨ ਆਧਾਰ ਦੋਵਾਂ ਨੂੰ ਬਦਲਿਆ।
ਪਹਿਲਾਂ ਫੀਨਿਕਸ ਵਿੱਚ ਜ਼ਮੀਨ ਦਾ ਇੱਕ ਵੱਡਾ ਟੁਕੜਾ ਖਰੀਦਿਆ ਅਤੇ ਫਿਰ ਰੂਸੀ ਸਾਹਿਤਕਾਰ-ਦਾਰਸ਼ਨਿਕ ਟਾਲਸਟਾਏ ਦੇ ਨਾਮ 'ਤੇ ਆਪਣਾ ਆਸ਼ਰਮ ਟਾਲਸਟਾਏ ਫਾਰਮ ਸਥਾਪਤ ਕੀਤਾ!
ਇਸ ਆਸ਼ਰਮ ਨੂੰ ਸਥਾਪਤ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਦਾਰਸ਼ਨਿਕ ਰਸਕਿਨ ਦੀ ਕਿਤਾਬ 'ਅਨ ਟੂ ਦ ਲਾਸਟ' ਮਿਲੀ ਸੀ।
ਇਸ ਕਿਤਾਬ ਨੇ ਉਸ ਦੇ ਮਨ ਵਿੱਚ ਇਹ ਵਿਚਾਰ ਅਤੇ ਵਿਸ਼ਵਾਸ ਜਗਾ ਦਿੱਤਾ ਕਿ ਸਾਡੀ ਸੱਭਿਅਤਾ ਨੇ ਜੋ ਸੁੱਖ-ਸਹੂਲਤਾਂ ਦੀ ਦੁਨੀਆਂ ਬਣਾਈ ਹੈ, ਉਹ ਸਹੂਲਤ ਜੇ ਇੱਕ ਕਤਾਰ ਵਿੱਚ ਖੜ੍ਹੇ ਸਭ ਤੋਂ ਅੰਤਮ ਵਿਅਕਤੀ ਤੱਕ ਨਹੀਂ ਪਹੁੰਚਦੀ ਤਾਂ ਇਹ ਪ੍ਰਣਾਲੀ ਖ਼ਤਰਨਾਕ ਅਤੇ ਸ਼ੋਸ਼ਣ ਕਰਨ ਵਾਲੀ ਬਣ ਜਾਵੇਗੀ।
ਇਸ ਅਹਿਸਾਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਇੱਕ ਕਿਸਾਨ ਦੀ ਜ਼ਿੰਦਗੀ ਹੀ ਅਸਲ ਜ਼ਿੰਦਗੀ ਹੈ, ਜਿਸ ਵਿੱਚ ਤੁਸੀਂ ਆਪਣੀ ਮਿਹਨਤ ਨਾਲ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਤਪਾਦਨ ਕਰ ਸਕਦੇ ਹੋ। ਇੱਥੋਂ ਕਿਸਾਨ ਗਾਂਧੀ ਦਾ ਜਨਮ ਹੁੰਦਾ ਹੈ।
ਇਹ ਵੀ ਪੜ੍ਹੋ:
ਧਰਤੀ ਨੂੰ ਵਾਹੁਣ ਵਾਲੇ ਹੁੰਦੇ ਹਨ ਕਿਸਾਨ-ਮਜ਼ਦੂਰ...
ਕਿਸਾਨ ਗਾਂਧੀ ਦਾ ਜਨਮ ਮਨ ਦੇ ਪੱਧਰ 'ਤੇ ਤਾਂ ਹੋ ਗਿਆ ਸੀ ਪਰ ਉਹ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ ਸੀ ਜਦੋਂ ਤੱਕ ਪੱਥਰੀਲੀ ਧਰਤੀ ਨੂੰ ਹਥੌੜੇ ਅਤੇ ਖੁਦਾਈ ਰਾਹੀਂ ਇੱਕ ਬਰਾਬਰ ਖੇਤ ਵਿੱਚ ਨਹੀਂ ਬਦਲ ਦਿੱਤਾ ਜਾਂਦਾ, ਜਦੋਂ ਤੱਕ ਕਿਸਾਨਾਂ ਦੇ ਰਹਿਣ ਲਈ ਘਰ ਅਤੇ ਮਕਾਨ ਨਹੀਂ ਬਣਾਏ ਜਾਂਦੇ!
ਇੰਨਾ ਹੀ ਨਹੀਂ ਕਿਸਾਨ ਬੈਰਿਸਟਰ ਸਾਹਿਬ ਨੂੰ ਇਸ ਦੀ ਜ਼ਰੂਰਤ ਵੀ ਮਹਿਸੂਸ ਹੋਈ ਕਿ ਉਨ੍ਹਾਂ ਨੂੰ ਆਪਣੀ ਗੱਲ ਕਹਿਣ-ਸਮਝਾਉਣ ਲਈ ਆਪਣਾ ਅਖ਼ਬਾਰ ਵੀ ਹੋਣਾ ਚਾਹੀਦਾ ਹੈ।

ਤਸਵੀਰ ਸਰੋਤ, Gettyimages
ਭਾਵ ਇਹ ਕਿ ਇੱਕ ਪ੍ਰੈਸ ਹੋਣੀ ਚਾਹੀਦੀ ਹੈ। ਇਸ ਲਈ ਇਸਦਾ ਮਤਲਬ ਇਹ ਹੈ ਕਿ ਬੈਰਿਸਟਰ ਕਿਸਾਨ ਸਾਹਿਬ ਨੂੰ ਪ੍ਰੈਸ ਵੀ ਚਲਾਉਣੀ ਆਉਣੀ ਚਾਹੀਦੀ ਹੈ ਅਤੇ ਮਸ਼ੀਨਾਂ ਦੀ ਆਮ ਟੁੱਟ -ਭੱਜ ਨੂੰ ਠੀਕ ਕਰਨਾ ਵੀ ਆਉਣਾ ਚਾਹੀਦਾ ਹੈ।
ਇਸ ਲਈ ਅਸੀਂ ਗਾਂਧੀ ਨੂੰ ਦੱਖਣੀ ਅਫ਼ਰੀਕਾ ਦੇ ਟਾਲਸਟਾਏ ਆਸ਼ਰਮ ਵਿੱਚ ਮਜ਼ਦੂਰੀ-ਕਿਸਾਨੀ-ਮਿਸਤਰੀਗਿਰੀ ਕਰਦੇ ਦੇਖਦੇ ਹਾਂ, ਜੋ ਜ਼ਮੀਨ ਦੀ ਖੁਦਾਈ ਕਰਦਾ ਹੈ, ਹਲ ਚਲਾਉਂਦਾ ਅਤੇ ਫਸਲਾਂ ਦੀ ਬੀਜ-ਕਟਾਈ ਕਰਦਾ ਹੈ।
ਉਹ ਇਹ ਸਾਰਾ ਕੰਮ ਇਕੱਲੇ ਨਹੀਂ ਕਰਦੇ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦਾ ਦੇਸੀ ਅਤੇ ਵਿਦੇਸ਼ੀ ਲੋਕਾਂ ਦਾ ਸਮੂਹ ਹੈ ਜੋ ਉਨ੍ਹਾਂ ਨਾਲ ਹੈ।
ਇੰਨਾ ਹੀ ਨਹੀਂ 'ਇੰਡੀਅਨ ਓਪੀਨੀਅਨ' ਨਾਮ ਦਾ ਜੋ ਅਖ਼ਬਾਰ ਹੈ, ਉਸ ਦੇ ਮੁੱਖ ਲੇਖਕ-ਸੰਪਾਦਕ-ਪ੍ਰਿੰਟਰ ਵੀ ਉਹੀ ਹਨ।
ਅਸੀਂ ਉਨ੍ਹਾਂ ਨੂੰ ਲਿਖਣ, ਕਾਗਜ਼ ਕੱਟਦੇ-ਕੰਪੋਜ਼ਿੰਗ ਕਰਦੇ ਅਤੇ ਅਖ਼ਬਾਰਾਂ ਦੀ ਛਪਾਈ ਦੀਆਂ ਮਸ਼ੀਨਾਂ ਚਲਾਉਂਦੇ ਵੀ ਦੇਖਦੇ ਹਾਂ।
ਅਤੇ ਇੱਥੇ ਹੀ ਜਨਮ ਹੁੰਦਾ ਹੈ ਜੰਗ ਲੜਨ ਦੀ ਉਸ ਵਿਲੱਖਣ ਸ਼ੈਲੀ ਦਾ ਜਿਸ ਨੂੰ ਉਹ ਸੱਤਿਆਗ੍ਰਹਿ ਕਹਿੰਦੇ ਹਨ। ਇੱਥੇ ਹੀ ਉਨ੍ਹਾਂ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਹ ਪਹਿਲੀ ਵਾਰ ਜੇਲ੍ਹ ਦਾ ਦੌਰਾ ਵੀ ਕਰਦੇ ਹਨ ਅਤੇ ਇੱਥੇ ਹੀ ਉਹ ਪਹਿਲੀ ਵਾਰ ਅਦਾਲਤ ਦੇ ਹਲਫ਼ਨਾਮੇ 'ਤੇ ਆਪਣਾ ਪੇਸ਼ਾ ਵੀ ਲਿਖਦੇ ਹਨ - ਮੈਂ ਇੱਕ ਕਿਸਾਨ ਹਾਂ!

ਤਸਵੀਰ ਸਰੋਤ, Getty Images
ਉਹ ਸਵੈ-ਜੀਵਨੀ ਵਿੱਚ ਲਿਖਦੇ ਹਨ, "ਸੱਤ ਦਿਨਾਂ ਦੇ ਅੰਦਰ ਉਨ੍ਹਾਂ ਨੇ 20 ਏਕੜ ਜ਼ਮੀਨ ਲਈ ਜਿਸ ਵਿੱਚ ਪਾਣੀ ਦਾ ਇੱਕ ਛੋਟਾ ਜਿਹਾ ਨਾਲਾ ਸੀ।”
“ਇੱਥੇ ਕੁਝ ਸੰਤਰੇ ਅਤੇ ਅੰਬ ਦੇ ਦਰਖਤ ਸਨ। ਨੇੜੇ ਹੀ 80 ਏਕੜ ਦਾ ਇੱਕ ਹੋਰ ਪਲਾਟ ਸੀ। ਉਸ ਵਿੱਚ ਖਾਸ ਕਰਕੇ ਫ਼ਲਾਂ ਦੇ ਦਰਖਤ ਸਨ ਅਤੇ ਇੱਕ ਛੋਟੀ ਜਿਹੀ ਝੌਂਪੜੀ ਸੀ। ਕੁਝ ਦਿਨਾਂ ਬਾਅਦ ਉਸਨੂੰ ਵੀ ਖਰੀਦ ਲਿਆ... ਪਾਰਸੀ ਸੇਠ ਰੁਸਤਮਜੀ ਦੀ ਮਦਦ ਨਾਲ ਇਮਾਰਤ ਦਾ ਕੰਮ ਸ਼ੁਰੂ ਹੋਇਆ।"
"75 ਫੁੱਟ ਉੱਚੀ ਅਤੇ 50 ਫੁੱਟ ਚੌੜੀ ਇਮਾਰਤ ਇੱਕ ਮਹੀਨੇ ਵਿੱਚ ਤਿਆਰ ਹੋ ਗਈ। ਅਸੀਂ ਇੱਥੇ ਹੀ ਮਿਸਤਰੀਆਂ ਅਤੇ ਤਰਖਾਣਾਂ ਦੇ ਨਾਲ ਰਹਿਣਾ ਸ਼ੁਰੂ ਕੀਤਾ ... 'ਇੰਡੀਅਨ ਓਪੀਨੀਅਨ' ਛਪਣ ਦੇ ਦਿਨ ਦੀ ਪਹਿਲੀ ਰਾਤ ਤਾਂ ਅਜਿਹੀ ਬੀਤੀ ਕਿ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।"
"ਫਰਮਾ ਮਸ਼ੀਨ 'ਤੇ ਕੱਸ ਦਿੱਤਾ ਗਿਆ ਸੀ ਪਰ ਇੰਜਣ ਚੱਲਣ ਤੋਂ ਇਨਕਾਰ ਕਰਨ ਲਗਿਆ। ਵੈਸਟ ਨਿਰਾਸ਼ ਅਤੇ ਹੰਝੂ ਭਰੀਆਂ ਅੱਖਾਂ ਨਾਲ ਮੇਰੇ ਕੋਲ ਆਏ...।”
“ਮੈਂ ਕਿਹਾ, ਹੰਝੂ ਵਹਾਉਣ ਦਾ ਕੋਈ ਕਾਰਨ ਨਹੀਂ ਹੈ। ਹੱਥ ਨਾਲ ਚੱਲਣ ਵਾਲੇ ਉਸ ਸਿਲੰਡਰ ਦਾ ਕੀ ਹੋਇਆ? ਵੈਸਟ ਨੇ ਕਿਹਾ: ਸਾਡੇ ਕੋਲ ਇਸ ਨੂੰ ਚਲਾਉਣ ਲਈ ਆਦਮੀ ਨਹੀਂ ਹਨ। ਮੈਂ ਕਿਹਾ: ਇਹ ਮੇਰਾ ਕੰਮ ਹੈ! … ਮੈਂ ਖੜ੍ਹਾ ਹੋ ਗਿਆ, ਬਾਕੀ ਸਾਰੇ ਵਾਰੀ-ਵਾਰੀ ਨਾਲ ਖੜ੍ਹੇ ਹੋਏ ਅਤੇ ਸਾਡਾ ਕੰਮ ਹੋਣ ਲੱਗਿਆ।
ਗਾਂਧੀ ਦਾ ਭਾਰਤ ਆਉਣਾ
ਜਿਵੇਂ ਕਿਸਮਤ ਉਨ੍ਹਾਂ ਦਾ ਹੱਥ ਫੜ੍ਹ ਕੇ ਚੱਲ ਰਹੀ ਸੀ। 1915 ਵਿੱਚ ਉਹ ਦੱਖਣੀ ਅਫ਼ਰੀਕਾ ਛੱਡ ਕੇ ਭਾਰਤ ਵਾਪਸ ਆ ਗਏ।
ਹੁਣ ਉਨ੍ਹਾਂ ਨਾਲ ਸਿਰਫ਼ 'ਅਨ ਟੂ ਦਿਸ ਲਾਸਟ' ਹੀ ਨਹੀਂ, 'ਹਿੰਦ-ਸਵਰਾਜ' ਵੀ ਹੈ ਅਤੇ ਉਨ੍ਹਾਂ ਦੇ ਸਾਹਮਣੇ ਉਹ ਹਿੰਦ ਹੈ, ਜਿਸ ਦੇ ਸਵਰਾਜ ਦੀ ਉਹ ਗੱਲ ਕਰਦੇ ਹਨ।
ਪਰ ਇਹ 'ਹਿੰਦ' ਉਨ੍ਹਾਂ ਦੇ ਲਈ ਲਗਭਗ ਅਜਨਬੀ ਹੈ ਕਿਉਂਕਿ ਉਨ੍ਹਾਂ ਨੇ ਬੈਰਿਸਟਰ ਦੀ ਪੜ੍ਹਾਈ ਤੋਂ ਲੈ ਕੇ ਬੈਰਿਸਟਰ ਦੀ ਕਮਾਈ ਤੱਕ ਇੱਕ ਲੰਮੀ ਉਮਰ ਵਿਦੇਸ਼ਾਂ ਵਿੱਚ ਬਿਤਾਈ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਸੱਤਿਆਗ੍ਰਹਿ ਵਰਗਾ ਵਿਸਮਾਦੀ ਵਿਚਾਰ ਵੀ ਉਨ੍ਹਾਂ ਨਾਲ ਚਿੰਬੜਿਆ ਹੋਇਆ ਹੈ। ਗੁਰੂ ਗੋਖਲੇ ਮਹਿਸੂਸ ਕਰਦੇ ਹਨ ਕਿ ਵਿਦਿਆਰਥੀ ਦੇ ਭੂਤ ਨੂੰ ਦੂਰ ਕਰਨ ਲਈ ਕਿਸੇ ਜੜੀ ਬੂਟੀ ਦੀ ਲੋੜ ਹੈ।
ਉਹ ਕਹਿੰਦੇ ਹਨ, "ਇੱਕ ਸਾਲ ਅੱਖਾਂ ਖੁੱਲ੍ਹੀਆਂ ਅਤੇ ਮੂੰਹ ਬੰਦ ਰੱਖੋ ਅਤੇ ਇਸ ਦੇਸ ਨੂੰ ਜਾਣੋ-ਪਛਾਣੋ ਅਤੇ ਫਿਰ ਫੈਸਲਾ ਕਰੋ ਕਿ ਕੀ ਅਤੇ ਕਿਵੇਂ ਕਰਨਾ ਹੈ।"
ਇਸ ਲਈ 1916 ਦੇ ਪੂਰੇ ਸਾਲ ਅਸੀਂ ਗਾਂਧੀ ਨੂੰ ਇੱਕ ਭਾਰਤੀ ਕਿਸਾਨ-ਮਜ਼ਦੂਰ ਦੀ ਪੁਸ਼ਾਕ ਵਿੱਚ ਇੱਕ ਰੇਲਗੱਡੀ ਦੀ ਤੀਜੀ ਸ਼੍ਰੇਣੀ ਵਿੱਚ ਬੈਠ ਕੇ ਸਾਰਾ ਦੇਸ ਘੁੰਮਦੇ-ਦੇਖਦੇ ਹਾਂ। ਉਹ ਭਾਰਤ ਦੇ ਖੇਤਾਂ ਵਿੱਚ ਜਾਂਦੇ ਹਨ, ਉਨ੍ਹਾਂ ਤਿਉਹਾਰਾਂ-ਮੇਲਿਆਂ-ਤੀਰਥਾਂ ਵਿੱਚ ਭਟਕਦੇ ਹਨ, ਜਿੱਥੇ ਦੇਸ ਦਾ ਮਜ਼ਦੂਰ-ਕਿਸਾਨ ਆਪਣੇ ਕੁਦਰਤੀ ਵਿਸ਼ਵਾਸਾਂ ਅਤੇ ਆਸਥਾ ਨਾਲ ਰਹਿੰਦਾ-ਘੁੰਮਦਾ ਹੈ।
ਇਹ ਇੱਕ ਪੂਰੇ ਸਾਲ ਦਾ ਉਹ ਕਾਲ ਹੈ, ਜਿਸਦਾ ਨਤੀਜਾ ਅਸੀਂ ਬਿਹਾਰ ਦੇ ਚੰਪਾਰਨ ਵਿੱਚ 1917 ਵਿੱਚ ਦੇਖਦੇ ਹਾਂ।
ਚੰਪਾਰਨ ਵਿੱਚ ਅਸੀਂ ਗਾਂਧੀ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਆਜ਼ਾਦੀ ਦੇ ਅੰਦੋਲਨ ਨਾਲ ਜੋੜਦੇ ਹੋਏ ਦੇਖਦੇ ਹਾਂ ...
ਇੱਥੇ ਗਾਂਧੀ ਕਿਸਾਨ ਬਣਕੇ ਦੇਸ ਦੇ ਪਹਿਲੇ ਸਿਆਸੀ ਕਿਸਾਨ ਅੰਦੋਲਨ ਨੂੰ ਚਲਾਉਂਦੇ ਹਨ।
ਨੀਲ ਦੀ ਕਾਸ਼ਤ ਦੀ ਸ਼ੋਸ਼ਣਕਾਰੀ ਪ੍ਰਣਾਲੀ ਤੋਂ ਆਜ਼ਾਦੀ ਲਈ ਤਾਂ ਇਹ ਇੱਕ ਅੰਦੋਲਨ ਹੈ ਹੀ ਪਰ ਇਸ ਅਰਥ ਵਿੱਚ ਇੱਕ ਨਵਾਂ ਚਰਿੱਤਰ ਜੋੜ ਦਿੱਤਾ ਜਾਂਦਾ ਹੈ ਕਿ ਗਾਂਧੀ ਇਸ ਨੂੰ ਆਜ਼ਾਦੀ ਦੀ ਨਾਲ ਵੀ ਜੋੜਦੇ ਹਨ।

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਕਿਸਾਨ ਦੇਸ ਦੀ ਆਜ਼ਾਦੀ ਦਾ ਸਿਪਾਹੀ ਬਣੇਗਾ, ਕਿਸਾਨ ਵੀ ਕਦੇ ਨਹੀਂ ਚਾਹੁੰਦੇ ਸਨ।
ਪਰ ਅਸੀਂ ਦੇਖਦੇ ਹਾਂ ਕਿ ਚੰਪਾਰਨ ਤੋਂ ਬਾਅਦ ਕਾਂਗਰਸ ਦੇ ਮੰਚ 'ਤੇ ਕਿਸਾਨਾਂ ਦੀ ਮੌਜੂਦਗੀ ਹੁੰਦੀ ਹੈ, ਉਹ ਕਾਂਗਰਸ ਦੀ ਭਾਸ਼ਾ ਅਤੇ ਪਹਿਰਾਵਾ ਦੋਵਾਂ ਨੂੰ ਬਦਲ ਦਿੰਦੇ ਹਨ।
ਕਾਂਗਰਸ ਭਾਰਤ ਦੇ ਅੰਗਰੇਜ਼ਾਂ ਦੇ ਕੁਲੀਨ ਵਰਗ ਦੇ ਹੱਥਾਂ 'ਚੋਂ ਨਿਕਲ ਕੇ ਭਾਰਤ ਦੇ ਪੇਂਡੂ ਸਮਾਜ ਵਿੱਚ ਸ਼ਾਮਲ ਹੋ ਜਾਂਦੀ ਹੈ।
ਇਸ ਇੱਕ ਕੀਮਿਆਗਿਰੀ ਨੇ ਕਾਂਗਰਸ ਦੀਆਂ ਜੜ੍ਹਾਂ ਨੂੰ ਭਾਰਤ ਦੀ ਮਿੱਟੀ ਵਿੱਚ ਇੰਨਾ ਡੂੰਘਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਅੱਜ ਵੀ, ਕਾਂਗਰਸੀਆਂ ਅਤੇ ਵਿਰੋਧੀ ਧਿਰਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ, ਉਹ ਜੜ੍ਹਾਂ ਪੂਰੀ ਤਰ੍ਹਾਂ ਉਖੜੀਆਂ ਨਹੀਂ ਹਨ।
ਕਿਸਾਨ ਕੌਣ ਹਨ
ਫਿਰ ਗਾਂਧੀ 29 ਸਤੰਬਰ, 1919 ਦੇ 'ਨਵਜੀਵਨ' ਵਿੱਚ ਲਿਖਦੇ ਹਨ, "ਅਫ਼ਸਰਾਂ ਦੀ ਹਾਲਤ ਸੱਚਮੁੱਚ ਤਰਸਯੋਗ ਹੈ। ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਨੂੰ ਅਧਿਕਾਰੀਆਂ ਦੇ ਨਜ਼ਰੀਏ ਤੋਂ ਦੇਖਿਆ ਹੈ ਭਾਵ ਟੈਕਸ ਵਸੂਲਣ ਵਾਲੇ ਨਜ਼ਰੀਏ ਤੋਂ।”
“ਜਿਹੜਾ ਅਧਿਕਾਰੀ ਵੱਧ ਤੋਂ ਵੱਧ ਰਕਮ ਇਕੱਠੀ ਕਰ ਸਕਦਾ ਹੈ, ਉਸ ਨੂੰ ਤਰੱਕੀ ਦਿੱਤੀ ਜਾਂਦੀ ਹੈ... ਜਦੋਂਕਿ ਅਸਲ ਗੱਲ ਇਹ ਹੈ ਕਿ ਭਾਰਤ ਦੇ ਕਿਸਾਨ ਗਰੀਬ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇੱਕ ਵਾਰ ਹੀ ਖਾਣ ਲਈ ਮਿਲਦਾ ਹੈ।”
"ਅਤੇ ਇਹ ਕਿਸਾਨ ਕੌਣ ਹਨ? ਹਜ਼ਾਰਾਂ ਬੀਘੇ ਦਾ ਮਾਲਕ ਵੀ ਇੱਕ ਕਿਸਾਨ ਹੈ, ਜਿਸ ਕੋਲ ਇੱਕ ਬੀਘਾ ਹੈ ਉਹ ਵੀ ਇੱਕ ਕਿਸਾਨ ਹੈ। ਜਿਸ ਕੋਲ ਇੱਕ ਬੀਘਾ ਵੀ ਨਹੀਂ ਹੈ, ਪਰ ਉਹ ਦੂਜਿਆਂ ਦੀ ਜ਼ਮੀਨ ਵਾਹੁੰਦਾ ਹੈ ਅਤੇ ਆਪਣਾ ਢਿੱਡ ਭਰਨ ਲਈ ਕੁਝ ਅੰਨ ਮਿਲਦਾ ਹੈ, ਉਹ ਵੀ ਇੱਕ ਕਿਸਾਨ ਹੈ।”

ਤਸਵੀਰ ਸਰੋਤ, Getty Images
ਅਤੇ ਚੰਪਾਰਨ ਵਿੱਚ ਮੈਂ ਇੱਕ ਅਜਿਹਾ ਕਿਸਾਨ ਵੀ ਦੇਖਿਆ ਹੈ ਜੋ ਸਿਰਫ਼ ਸਾਹਿਬ ਲੋਕਾਂ ਦੀ ਅਤੇ ਸਾਡੀ ਸਿਰਫ਼ ਗੁਲਾਮੀ ਹੀ ਕਰਦਾ ਹੈ ਅਤੇ ਉਮਰ ਭਰ ਉਨ੍ਹਾਂ ਦਾ ਇਸ ਗੁਲਾਮੀ ਤੋਂ ਛੁਟਕਾਰਾ ਨਹੀਂ ਮਿਲ ਪਾਉਂਦਾ। ਇੰਨੇ ਤਰ੍ਹਾਂ ਦੇ ਕਿਸਾਨ ਹਨ ਕਿ ਅਸੀਂ ਕਦੇ ਵੀ ਕਿਸਾਨਾਂ ਦੀ ਸਹੀ ਗਿਣਤੀ ਬਾਰੇ ਨਹੀਂ ਜਾਣ ਸਕਦੇ।"
"ਕਿਸਾਨਾਂ ਦੀ ਹਾਲਤ ਸੁਧਰਨ ਦੀ ਬਜਾਏ, ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ, ਅਜਿਹਾ ਮੇਰਾ ਅਨੁਭਵ ਹੈ। ਉਨ੍ਹਾਂ ਦੇ ਚਿਹਰਿਆਂ 'ਤੇ ਉਮੀਦ ਦੀ ਕੋਈ ਕਿਰਨ ਨਹੀਂ ਹੈ। ਉਨ੍ਹਾਂ ਦੇ ਸਰੀਰ ਇੰਨੇ ਮਜ਼ਬੂਤ ਨਹੀਂ ਹਨ ਜਿੰਨੇ ਹੋਣੇ ਚਾਹੀਦੇ ਹਨ।"
"ਉਨ੍ਹਾਂ ਦੇ ਮੁੰਡੇ ਘੱਟ ਹਿੰਮਤ ਵਾਲੇ ਦਿਖਾਈ ਦਿੰਦੇ ਹਨ। ਉਹ ਵੱਡੇ ਪਾਟੀਦਾਰਾਂ ਦੇ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ। ਮਦਰਾਸ ਦੇ ਪਿੰਡਾਂ ਵਿੱਚ ਜਾਂਦੇ ਹੋਏ ਮੈਂ ਕੰਬ ਜਾਂਦਾ ਹਾਂ। ਜਿਵੇਂ ਦਾ ਡੂੰਘਾ ਤਜੁਰਬਾ ਮੇਰਾ ਅਤੇ ਚੰਪਾਰਨ ਦੇ ਕਿਸਾਨਾਂ ਦਾ ਹੈ, ਉਨਾਂ ਮਦਰਾਸ ਦਾ ਨਹੀਂ ਹੈ, ਫਿਰ ਵੀ ਜਿਨ੍ਹਾਂ ਪਿੰਡਾਂ ਨੂੰ ਮੈਂ ਦੇਖਿਆ ਹੈ ਉਸ ਤੋਂ ਮੈਨੂੰ ਕਿਸਾਨਾਂ ਦੀ ਗਰੀਬੀ ਦਾ ਅੰਦਾਜ਼ਾ ਮਿਲਦਾ ਹੈ।''
ਨਾਲੇ ਨੂੰ ਸਾਫ਼ ਕਰਨ ਨਾਲ ਨਦੀਆਂ ਸਾਫ਼ ਨਹੀਂ ਹੋਣਗੀਆਂ, ਨਦੀਆਂ ਨੂੰ ਸਾਫ਼ ਕਰੋਗੇ, ਤਾਂ ਨਾਲੇ ਵੀ ਸਾਫ਼ ਹੋ ਜਾਣਗੇ ...
"ਭਾਰਤ ਲਈ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਵੇ। ਸਾਨੂੰ ਹਰ ਪਲ ਇਸ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਭਾਰਤ ਆਪਣੇ ਸ਼ਹਿਰਾਂ ਵਿੱਚ ਨਹੀਂ ਬਲਕਿ ਆਪਣੇ ਪਿੰਡਾਂ ਵਿੱਚ ਰਹਿੰਦਾ ਹੈ।
ਜੇ ਅਸੀਂ ਭਾਰਤ ਦੇ ਚੰਗੇ ਸ਼ਹਿਰਾਂ ਦੀ ਗਿਣਤੀ ਕਰੀਏ ਤਾਂ ਉਹ ਸੌ ਦੇ ਅੰਦਰ ਹੀ ਹੋਣਗੇ, ਪਰ ਪਿੰਡਾਂ ਦੀ ਕੋਈ ਗਿਣਤੀ ਨਹੀਂ ਹੈ। ਇਹੀ ਕਾਰਨ ਹੈ ਕਿ ਅਸੀਂ ਸ਼ਹਿਰਾਂ ਨੂੰ ਖੁਸ਼ ਕਰਨ ਲਈ ਜੋ ਉਪਾਅ ਕਰਦੇ ਹਾਂ ਉਸਦਾ ਭਾਰਤ 'ਤੇ ਬਹੁਤ ਘੱਟ ਅਸਰ ਹੁੰਦਾ ਹੈ।
ਟੋਇਆਂ ਨੂੰ ਸਾਫ਼ ਕਰਨ ਨਾਲ ਨਦੀ ਤਾਂ ਸਾਫ਼ ਨਹੀਂ ਹੋ ਜਾਂਦੀ? ਪਰ ਜੇ ਨਦੀਆਂ ਸਾਫ਼ ਹੋਣ ਤਾਂ ਟੋਇਆਂ ਦੀ ਗੰਦਗੀ ਆਪਣੇ ਆਪ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਪਿੰਡਾਂ ਦੇ ਜੀਵਨ ਵਿੱਚ ਸੁਧਾਰ ਅਤੇ ਵਿਕਾਸ ਹੋਵੇ ਤਾਂ ਬਾਕੀ ਭਾਰਤ ਬਹੁਤ ਹੱਦ ਤੱਕ ਸੁਧਰ ਜਾਵੇਗਾ। "
ਪੂੰਜੀਪਤੀਆਂ ਤੇ ਮਜ਼ਦੂਰਾਂ ਵਿਚਾਲੇ ਟਕਰਾਅ
ਜਦੋਂ ਗਾਂਧੀ ਚੰਪਾਰਨ ਤੋਂ ਨਿਕਲਦੇ ਹਨ ਤਾਂ ਉਹ ਅਹਿਮਦਾਬਾਦ ਪਹੁੰਚਦੇ ਹੈ, ਜਿੱਥੇ ਮਿੱਲ ਮਾਲਕਾਂ ਅਤੇ ਮਜ਼ਦੂਰਾਂ ਵਿਚਕਾਰ ਸਿੱਧਾ ਟਕਰਾਅ ਵਾਲੇ ਹਾਲਾਤ ਬਣੇ ਹੋਏ ਹਨ।
ਅਸੀਂ ਇਹ ਯਾਦ ਰੱਖੀਏ ਕਿ ਭਾਰਤ ਆਉਂਦੇ ਹੀ ਅਸੀਂ ਗਾਂਧੀ ਨੂੰ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਦੇਖਦੇ ਹਾਂ ਅਤੇ ਫਿਰ ਮਜ਼ਦੂਰਾਂ-ਮਾਲਕਾਂ ਵਿੱਚ ਇੱਕ ਟਰੇਡ ਯੂਨੀਅਨ ਲੀਡਰ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਦੇ ਹਾਂ।
ਮਿੱਲਾਂ ਵੀ ਕੱਪੜੇ ਦੀਆਂ ਹਨ ਜੋ ਮੈਨਚੇਸਟਰ ਅਹਿਮਦਾਬਾਦ ਵਿੱਚ ਹਨ, ਜਿਨ੍ਹਾਂ ਉੱਤੇ ਉਦਯੋਗਿਕ ਕ੍ਰਾਂਤੀ ਦਾ ਮਹਿਲ ਖੜ੍ਹਾ ਕੀਤਾ ਗਿਆ ਹੈ।
ਮਿੱਲ ਮਾਲਕ ਵੀ ਅਜਿਹੇ ਹਨ ਜੋ ਗਾਂਧੀ ਨੂੰ ਜਾਣਦੇ ਹਨ, ਉਨ੍ਹਾਂ ਦੀ ਕਈ ਵਾਰ ਮਦਦ ਵੀ ਕਰ ਚੁੱਕੇ ਹਨ।

ਤਸਵੀਰ ਸਰੋਤ, PRAMOD KAPOOR/BBC
ਪਰ ਅੱਜ ਉਹ ਗਾਂਧੀ ਦੋ ਵੱਖ -ਵੱਖ ਧੜਿਆਂ ਵਿੱਚ ਖੜ੍ਹੇ ਹਨ। ਗਾਂਧੀ ਨੇ ਇੱਥੇ ਜੋ ਰਾਹ ਅਪਣਾਇਆ ਉਹ ਟਰੇਡ ਯੂਨੀਅਨ ਨੂੰ ਇੱਕ ਨਵਾਂ ਰੁਤਬਾ ਵੀ ਦਿੰਦਾ ਹੈ ਅਤੇ ਇੱਕ ਨਵਾਂ ਰਾਹ ਵੀ ਦਿਖਾਉਂਦਾ ਹੈ।
ਉਹ ਕਹਿੰਦੇ ਹਨ ਕਿ ਮਾਲਕ-ਮਜ਼ਦੂਰ ਦੀ ਸਾਡੀ ਸਮਝ ਹੀ ਉਲਟੀ ਹੈ। ਇੱਥੇ ਦੋਵੇਂ ਹੀ ਮਾਲਕ ਹਨ: ਇੱਕ ਪੂੰਜੀ ਦਾ ਮਾਲਕ ਹੈ, ਦੂਜਾ ਕਿਰਤ ਦਾ ਮਾਲਕ ਹੈ ਅਤੇ ਦੋਵਾਂ ਦਾ ਰੁਤਬਾ ਬਰਾਬਰ ਹੈ।
ਇਸ ਲਈ ਇੱਕ-ਦੂਜੇ ਨੂੰ ਡਰਾਉਣਾ, ਇੱਕ ਦੂਜੇ ਨੂੰ ਠਗਣਾ, ਇੱਕ ਦੂਜੇ ਤੋਂ ਚੋਰੀ ਕਰਨ ਵਰਗੇ ਉਪਾਅ ਕੰਮ ਨਹੀਂ ਆਉਣਗੇ। ਮਜ਼ਦੂਰਾਂ ਨੂੰ ਸੰਭਵ ਆਮਦਨੀ ਅਤੇ ਮਾਲਕਾਂ ਨੂੰ ਸੰਭਵ ਕਮਾਈ ਬਾਰੇ ਵਿਚਾਰ ਕਰਨਾ ਪਏਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
8 ਦਸੰਬਰ, 1920 ਦੇ 'ਨਵਜੀਵਨ' ਵਿੱਚ ਉਹ ਲਿਖਦੇ ਹਨ, "ਭਾਰਤ ਦੇ ਮਜ਼ਦੂਰਾਂ ਦੇ ਸਾਹਮਣੇ ਦੋ ਰਾਹ ਹਨ: ਪੱਛਮੀ ਸਿਧਾਂਤ ਨੂੰ ਮੰਨਣਾ ਜਿਸਦੀ ਸੋਟੀ ਉਸਦੀ ਮੱਝ, ਜਾਂ ਪੂਰਬੀ ਸਿਧਾਂਤ ਨੂੰ ਮੰਨਣਾ ਕਿ ਜਿੱਥੇ ਧਰਮ ਹੈ, ਉੱਥੇ ਜਿੱਤ ਹੈ। ਕਮਜ਼ੋਰ ਅਤੇ ਤਾਕਤਵਰ ਦੋਵਾਂ ਨੂੰ ਨਿਆਂ ਹਾਸਲ ਕਰਨ ਦਾ ਬਰਾਬਰ ਅਧਿਕਾਰ ਹੈ।
"ਮਜ਼ਦੂਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇ ਹਿੰਸਾ ਰਾਹੀਂ ਤਨਖਾਹ ਵਿੱਚ ਵਾਧਾ ਕਰਨਾ ਸੰਭਵ ਹੈ ਤਾਂ ਕੀ ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ? ਹਿੰਸਾ ਅਧਿਕਾਰ ਹਾਸਲ ਕਰਨ ਦਾ ਸਭ ਤੋਂ ਸੌਖਾ ਤਰੀਕਾ ਜਾਪਦਾ ਹੈ ਪਰ ਅੰਤ ਵਿੱਚ ਇਹ ਮੁਸ਼ਕਲ ਸਾਬਤ ਹੁੰਦਾ ਹੈ। ਜੋ ਤਲਵਾਰਾਂ ਚਲਾਉਂਦੇ ਹਨ, ਉਹ ਅਕਸਰ ਤਲਵਾਰ ਨਾਲ ਹੀ ਮਰ ਜਾਂਦੇ ਹਨ। ਤੈਰਾਕ ਦੀ ਮੌਤ ਜ਼ਿਆਦਾਤਰ ਪਾਣੀ ਵਿੱਚ ਹੀ ਹੁੰਦੀ ਹੈ।''
"ਯੂਰਪ ਵੱਲ ਦੇਖੋ। ਉੱਥੇ ਕੋਈ ਵੀ ਖੁਸ਼ ਨਹੀਂ ਦਿਖਾਈ ਦਿੰਦਾ। ਕਿਸੇ ਨੂੰ ਵੀ ਸੰਤੁਸ਼ਟੀ ਨਹੀਂ ਹੈ। ਮਜ਼ਦੂਰਾਂ ਦਾ ਮਾਲਕਾਂ 'ਤੇ ਅਤੇ ਮਾਲਕਾਂ ਦਾ ਮਜ਼ਦੂਰਾਂ 'ਤੇ ਕੋਈ ਵਿਸ਼ਵਾਸ ਨਹੀਂ ਹੈ। ਦੋਵਾਂ ਵਿੱਚ ਇੱਕ ਕਿਸਮ ਦੀ ਸ਼ਕਤੀ ਹੈ ਪਰ ਉਹ ਤਾਂ ਮੱਝਾਂ ਵਿੱਚ ਵੀ ਹੁੰਦੀ ਹੈ। ਉਹ ਮਰਦੇ ਦਮ ਤੱਕ ਲੜਦੇ ਹੀ ਰਹਿੰਦੇ ਹਨ।"
ਪੰਜ ਤਾਰਾ ਹੋਟਲ ਨਹੀਂ, ਮਜ਼ਦੂਰਾਂ ਲਈ ਪੰਜ ਤਾਰਾ ਪ੍ਰਬੰਧ ਹੋਣਾ ਚਾਹੀਦਾ ਹੈ…
"ਆਮ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਮਾਲਕ-ਮਜ਼ਦੂਰ ਵਿਵਾਦਾਂ ਵਿੱਚ ਮਾਲਕਾਂ ਵੱਲੋਂ ਬੇਇਨਸਾਫ਼ੀ ਜ਼ਿਆਦਾ ਹੁੰਦੀ ਹੈ। ਪਰ ਮੈਂ ਇਹ ਵੀ ਸਮਝਦਾ ਅਤੇ ਦੇਖਦਾ ਹਾਂ ਕਿ ਜਿਸ ਦਿਨ ਮਜ਼ਦੂਰ ਆਪਣੀ ਤਾਕਤ ਬਾਰੇ ਪੂਰੀ ਤਰ੍ਹਾਂ ਜਾਣੂ ਹੋ ਜਾਣਗੇ, ਉਹ ਮਾਲਕਾਂ ਨਾਲੋਂ ਵੀ ਵਧੇਰੇ ਬੇਇਨਸਾਫ਼ੀ ਕਰ ਸਕਣਗੇ। ਫਿਰ ਕਾਮੇ ਮਜ਼ਦੂਰ ਨਹੀਂ ਰਹਿਣਗੇ, ਉਹ ਮਾਲਕ ਬਣ ਜਾਣਗੇ ... ਮੈਨੂੰ ਲਗਦਾ ਹੈ ਕਿ ਸਾਨੂੰ ਇਸ ਅਧਾਰ 'ਤੇ ਮਜ਼ਦੂਰਾਂ ਬਾਰੇ ਸੋਚਣਾ ਚਾਹੀਦਾ ਹੈ:
1. ਕੰਮ ਦੇ ਘੰਟੇ ਉੰਨੇ ਹੀ ਹੋਣੇ ਚਾਹੀਦੇ ਹਨ ਜਿਸ ਨਾਲ ਮਜ਼ਦੂਰਾਂ ਕੋਲ ਆਰਾਮ ਕਰਨ ਦਾ ਸਮਾਂ ਬਚੇ।
2. ਉਹ ਸਿੱਖਿਆ ਹਾਸਲ ਕਰ ਸਕਣ ਇਸ ਲਈ ਅਜਿਹੀ ਪ੍ਰਣਾਲੀ ਅਤੇ ਸਾਧਨ ਉਪਲਬਧ ਹੋਣੇ ਚਾਹੀਦੇ ਹਨ।
3. ਉਨ੍ਹਾਂ ਦੇ ਬੱਚਿਆਂ ਨੂੰ ਲੋੜੀਂਦਾ ਦੁੱਧ, ਕੱਪੜੇ ਅਤੇ ਲੋੜੀਂਦੀ ਸਿੱਖਿਆ ਦੇ ਸਾਧਨ ਮਿਲਣੇ ਚਾਹੀਦੇ ਹਨ।
4. ਉਨ੍ਹਾਂ ਦੇ ਰਹਿਣ ਲਈ ਸਾਫ਼ ਘਰ ਹੋਣੇ ਚਾਹੀਦੇ ਹਨ।
5. ਅਜਿਹੀ ਆਰਥਿਕ ਪ੍ਰਣਾਲੀ ਹੋਣੀ ਚਾਹੀਦੀ ਹੈ ਕਿ ਬਜ਼ੁਰਗ ਹੋਮ ਤੱਕ ਉਹ ਇੰਨੀ ਬੱਚਤ ਕਰ ਸਕਣ ਉਨ੍ਹਾਂ ਦਾ ਬੁਢਾਪੇ ਵਿੱਚ ਗੁਜ਼ਾਰਾ ਹੋ ਸਕੇ।
"ਅੱਜ ਇਸ ਵਿੱਚੋਂ ਕੁਝ ਵੀ ਨਹੀਂ ਹੈ। ਮਾਲਕ ਸਿਰਫ਼ ਮਜ਼ਦੂਰੀ ਦੇਖਦੇ ਹਨ, ਨਾ ਕਿ ਮਜ਼ਦੂਰ ਦੀ ਹਾਲਤ। ਮਜ਼ਦੂਰ ਅਜਿਹੇ ਵਿਚਾਰਾਂ ਵਿੱਚ ਲੱਗੇ ਰਹਿੰਦੇ ਹਨ ਕਿ ਘੱਟ ਤੋਂ ਘੱਟ ਕੰਮ ਕਰਕੇ ਵੱਧ ਤੋਂ ਵੱਧ ਤਨਖ਼ਾਹ ਕਿਵੇਂ ਬਣਾਈ ਜਾਵੇ। ਅਜਿਹੇ ਵਿੱਚ ਸਿਰਫ਼ ਇੱਕ ਹੀ ਰਾਹ ਬਚਦਾ ਹੈ - ਦੋਵਾਂ ਵਿੱਚ ਪਰਿਵਾਰਕ ਸਦਭਾਵਨਾ ਕਿਵੇਂ ਪੈਦਾ ਹੋਵੇ?
ਗਾਂਧੀ ਦਾ ਕਿਸਾਨ ਖੇਤ ਵਿੱਚ ਅਨਾਜ ਅਤੇ ਮਨ ਵਿੱਚ ਦੇਸ਼ ਭਗਤੀ ਪੈਦਾ ਕਰਨ ਵਾਲਾ ਇਨਸਾਨ ਹੈ।
ਗਾਂਧੀ ਦਾ ਮਾਲਕ ਕੋਈ ਅਮੀਰ ਆਦਮੀ ਨਹੀਂ ਹੈ ਜੋ ਪੂੰਜੀ ਦੇ ਬਲ 'ਤੇ ਧਨ-ਦੌਲਤ ਦਿਖਾਉਂਦਾ ਹੈ। ਉਹ ਪੂੰਜੀ ਇਕੱਠੀ ਕਰਕੇ ਸਮਾਜ ਦਾ ਵਿਕਾਸ ਕਰਦਾ ਹੈ। ਗਾਂਧੀ ਦਾ ਮਜ਼ਦੂਰ ਸੰਗਠਨ ਦੇ ਜ਼ੋਰ 'ਤੇ ਮਨਮਰਜ਼ੀ ਦੀ ਮੰਗ ਰੱਖਣ ਵਾਲਾ ਸੰਸਕਾਰ ਰਹਿਤ ਭੀੜ ਨਹੀਂ ਹੈ, ਬਲਕਿ ਇੱਕ ਕਾਰੀਗਰ ਹੈ ਜੋ ਕਿਰਤ ਅਤੇ ਪੂੰਜੀ ਦੇ ਵਿਚਕਾਰ ਇੱਕ ਪੁਲ ਬਣਾਉਂਦਾ ਹੈ।

ਤਸਵੀਰ ਸਰੋਤ, Getty Images
ਗਾਂਧੀ ਦੀ ਟਰੇਡ ਯੂਨੀਅਨ ਮਾਲਕ ਅਤੇ ਮਜ਼ਦੂਰ ਦੇ ਵਿੱਚ ਪਾੜੇ ਨੂੰ ਇਸ ਢੰਗ ਨਾਲ ਭਰਨ ਦਾ ਇੱਕ ਕਾਰਕ ਹੈ ਕਿ ਸ਼ਾਇਦ ਤੁਹਾਨੂੰ ਦੋਵਾਂ ਦੇ ਵਿੱਚਲੇ ਦਾ ਪਾੜਾ ਨਜ਼ਰ ਹੀ ਨਹੀਂ ਆਵੇਗਾ। ਇਹ ਉਨ੍ਹਾਂ ਦਾ ਆਦਰਸ਼ ਵਿਚਾਰ ਨਹੀ, ਉਨ੍ਹਾਂ ਦਾ ਖੇਤੀ ਕਿਸਾਨ ਦੇ ਮਾਮਲੇ ਵਿੱਚ ਸੋਚਿਆ ਹੋਇਆ ਰਚਨਾਤਮਕ ਬਦਲ ਸੀ, ਜਿਸਦੀ ਅਸੀਂ ਹੁਣ ਤੱਕ ਜਾਂਚ ਨਹੀਂ ਕੀਤੀ ਹੈ।
ਇਹ ਉਸ ਸਮਾਜਿਕ-ਆਰਥਿਕ ਕ੍ਰਾਂਤੀ ਦਾ ਉਨ੍ਹਾਂ ਦਾ ਠੋਸ ਸੰਕਲਪ ਹੈ, ਜਿਸ ਤੋਂ ਬਿਨਾਂ ਅਸੀਂ ਵੀ ਇਸ ਜਾਂ ਉਸ ਪਾਸੇ ਨਾਲ ਖੜ੍ਹੇ ਹੋ ਕੇ ਨਾਅਰੇ ਤਾਂ ਲਗਾਉਂਦੇ ਹਾਂ ਪਰ ਰਾਹ ਸਤਾ ਨਹੀਂ ਲੱਭ ਪਾਉਂਦੇ।
ਕਿਸਾਨਾਂ ਨੂੰ ਉਪਜ ਦਾ ਵਾਜਬ ਮੁੱਲ ਮਿਲਣਾ ਚਾਹੀਦਾ ਹੈ, ਘੱਟੋ-ਘੱਟ ਸਮਰਥਨ ਮੁੱਲ ਦਾ ਸਹਾਰਾ ਜ਼ਰੂਰ ਮਿਲਣਾ ਚਾਹੀਦਾ ਹੈ।
ਘੱਟੋ-ਘੱਟ ਮਜ਼ਦੂਰੀ ਦਾ ਕਾਨੂੰਨ ਵੀ ਹੋਵੇ ਅਤੇ ਉਸ ਦੀ ਪਾਲਣਾ ਵੀ ਹੋਵੇ। ਤਾਂ ਖੇਤੀ ਕਿਸਾਨੀ ਇੱਕ ਸੱਭਿਆਚਾਰਕ ਪਰੰਪਰਾ ਬਣ ਜਾਵੇਗੀ। ਇਹ ਸਿਰਫ਼ ਕਮਾਈ ਦੀ ਕਿਰਿਆ ਨਹੀਂ ਰਹੇਗੀ।
ਸੂਬੇ ਨੂੰ ਖੇਤੀ-ਕਿਸਾਨੀ ਤੋਂ ਦੂਰ ਰੱਖਣ ਅਤੇ ਕਿਸਾਨ-ਮਜ਼ਦੂਰ ਸਹਿਕਾਰੀ ਦਾ ਵਿਕਾਸ ਕਰਨ ਦੀ ਲੋੜ ਹੈ।
ਸਾਡੀ ਪਰੰਪਰਾ ਵਿੱਚ ਇੱਕ ਕਿਸਾਨ ਪਰਿਵਾਰ ਹੁੰਦਾ ਸੀ ਜਿਸ ਵਿੱਚ ਖੇਤੀ ਨਾਲ ਜੁੜੇ ਸਾਰੇ ਹਿੱਸਿਆਂ ਦੀ ਸਾਂਝੇਦਾਰੀ ਹੁੰਦੀ ਸੀ। ਗਊ ਵੰਸ਼ ਦਾ ਹਿੱਸਾ ਵੀ ਯਕੀਨੀ ਬਣਾਇਆ ਜਾਂਦਾ ਸੀ। ਗਾਂਧੀ ਇਸ ਗ੍ਰਾਮ ਸਵਰਾਜ ਦੀ ਕਲਪਨਾ ਕਰਦੇ ਹਨ, ਉਸ ਵਿੱਚ ਅਜਿਹਾ ਹੀ ਸਮਾਜਿਕ ਢਾਂਚਾ ਬਣੇਗਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












