ਹਰਿਆਣਾ ਵਿੱਚ 100 ਕਿਸਾਨਾਂ 'ਤੇ ਦਰਜ ਹੋਏ ਦੇਸ਼ਧ੍ਰੋਹ ਮੁਕੱਦਮੇ ਦਾ ਪੂਰਾ ਮਾਮਲਾ ਕੀ ਹੈ

ਤਸਵੀਰ ਸਰੋਤ, Prabhudayal/bbc
- ਲੇਖਕ, ਪ੍ਰਭੂ ਦਿਆਲ
- ਰੋਲ, ਸਹਿਯੋਗੀ, ਬੀਬੀਸੀ ਪੰਜਾਬੀ
ਹਰਿਆਣਾ ਦੇ ਸਿਰਸਾ ਵਿੱਚ ਕਿਸਾਨ ਸੜਕਾਂ 'ਤੇ ਉਤਰੇ ਆਏ ਹਨ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ, ਕਾਰਨ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਤੇ ਉਨ੍ਹਾਂ ਖ਼ਿਲਾਫ਼ ਦਰਜ ਕੀਤੇ ਮੁਕੱਦਮੇ ਹਨ।
ਕਿਸਾਨ ਦਾ ਇਹ ਪ੍ਰਦਰਸ਼ਨ 11 ਜੁਲਾਈ ਦੀ ਘਟਨਾ ਨੂੰ ਲੈ ਕੇ ਹੈ, ਜਿਸ ਦੇ ਤਹਿਤ ਪੁਲਿਸ ਵੱਲੋਂ 100 ਕਿਸਾਨਾਂ 'ਤੇ ਦੇਸ਼ਧ੍ਰੋਹ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਸੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਵੀਰਵਾਰ ਤੜਕੇ ਵੱਖ-ਵੱਖ ਪਿੰਡਾਂ ਵਿੱਚੋਂ ਪੰਜ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਪੁਲਿਸ ਵੱਲੋਂ ਬਿਆਨ ਜਾਰੀ ਕਰਕੇ ਸੂਚਿਤ ਵੀ ਕੀਤਾ ਹੈ।

ਤਸਵੀਰ ਸਰੋਤ, Prabhu dayal/bbc
ਕਿਸਾਨਾਂ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਪਿੰਡਾਂ ਦੇ ਗੁਰਦੁਆਰਿਆਂ ਤੋਂ ਕਿਸਾਨਾਂ ਨੂੰ ਦਿੱਤੀ ਗਈ ਕਿ ਪੁਲਿਸ ਕਿਸਾਨਾਂ ਨੂੰ ਘਰਾਂ ਵਿੱਚੋਂ ਚੁੱਕ ਰਹੀ ਹੈ।
ਇਹ ਵੀ ਪੜ੍ਹੋ-
ਜਿਵੇਂ ਹੀ ਇਹ ਸੂਚਨਾ ਕਿਸਾਨਾਂ ਨੂੰ ਮਿਲੀ ਤਾਂ ਕਿਸਾਨ ਸਿਰਸਾ ਦੇ ਬਾਬਾ ਭੂਮਣ ਸ਼ਾਹ ਚੌਕ ਤੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ।
ਜਿਵੇਂ-ਜਿਵੇਂ ਦਿਨ ਚੜਦਾ ਗਿਆ ਕਿਸਾਨਾਂ ਦੀ ਗਿਣਤੀ ਵੱਧਦੀ ਗਈ।
ਕੀ ਹੈ ਮਾਮਲਾ
ਦਰਅਸਲ ਲੰਘੀ 11 ਜੁਲਾਈ ਨੂੰ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਜ਼ਿਲ੍ਹਾ ਭਾਜਪਾ ਵੱਲੋਂ ਪਾਰਟੀ ਕਾਰਕੁਨਾਂ ਦੀ ਇੱਕ ਵਰਕਸ਼ਾਪ ਰੱਖੀ ਗਈ ਸੀ।
ਇਸ ਵਰਕਸ਼ਾਪ ਨੂੰ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਅਤੇ ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਸੰਬੋਧਨ ਕੀਤਾ ਸੀ।
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਭਾਜਪਾ ਤੇ ਜਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਕਿਸਾਨਾਂ ਵੱਲੋਂ ਭਾਜਪਾ ਤੇ ਜਜਪਾ ਆਗੂਆਂ ਵੱਲੋਂ ਕੋਈ ਪ੍ਰੋਗਰਾਮ ਕਰਨ 'ਤੇ ਕਾਲੇ ਝੰਡੇ ਦਿਖਾਏ ਜਾਂਦੇ ਹਨ।

ਤਸਵੀਰ ਸਰੋਤ, Prabhudayal/BBC
ਇਸੇ ਤਹਿਤ ਕਿਸਾਨਾਂ ਨੇ ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਦਾ ਵਿਰੋਧ ਕੀਤਾ ਤੇ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ।
ਭਾਜਪਾ ਆਗੂਆਂ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕਰਦੇ ਕਈ ਕਿਸਾਨ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੀਆਂ ਕੰਧਾਂ ਤੇ ਗੇਟ ਟੱਪ ਕੇ ਅੰਦਰ ਦਾਖ਼ਲ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਤਿੱਖੀ ਝੜਪ ਹੋਈ।
ਕੁਝ ਲੋਕਾਂ ਵੱਲੋਂ ਗੱਡੀਆਂ ਦੇ ਕਾਫਲੇ 'ਤੇ ਪਥਰਾਅ ਕੀਤਾ ਗਿਆ ਜਿਸ ਵਿੱਚ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਦੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਸਨ।
ਜਿਸ ਮਗਰੋਂ ਪੁਲਿਸ ਨੇ ਕਿਸਾਨਾਂ 'ਤੇ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਤਿਤਰ-ਬਿਤਰ ਕਰ ਦਿੱਤਾ ਸੀ ਤੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਕਿਸਾਨਾਂ ਨੇ ਕੀਤਾ ਫੈਸਲਾ
ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਪੁਲਿਸ ਦੀ ਗ੍ਰਿਫ਼ਤਾਰੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।
ਕਿਸਾਨਾਂ ਨੇ ਸਾਰੇ ਪਿੰਡਾਂ ਵਿੱਚ ਸਰਕਾਰ ਦੇ ਪੁਤਲੇ ਫੂਕ ਕੇ ਕਿਸਾਨਾਂ ਨੂੰ ਇਕੱਜੁਟ ਕਰਨ ਦਾ ਫੈਸਲਾ ਲਿਆ ਹੈ।
16 ਜੁਲਾਈ ਨੂੰ ਕਿਸਾਨ ਪਿੰਡਾਂ ਵਿੱਚ ਸਰਕਾਰ ਦੇ ਪੁਤਲੇ ਫੂਕਣਗੇ ਅਤੇ 17 ਜੁਲਾਈ ਨੂੰ ਪੂਰੇ ਸੂਬੇ ਦੇ ਕਿਸਾਨ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦਾ ਘੇਰਾਓ ਕਰਨਗੇ।
ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਦਾ ਬਿਆਨ
ਜ਼ਿਲ੍ਹਾ ਪੁਲਿਸ ਬੁਲਾਰੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।
ਜਿਸ ਵਿੱਚ ਪੁਲਿਸ ਨੇ 11 ਜੁਲਾਈ ਨੂੰ ਚੌਧਰੀ ਦੇਵੀ ਲਾਲ ਯੂਨੀਵਰਸਟੀ ਦੇ ਗੇਟ 'ਤੇ ਗੱਡੀਆਂ ਦੀ ਭੰਨ ਤੋੜ ਕਰਨ, ਸਰਕਾਰੀ ਕਰਮਚਾਰੀਆਂ ਨਾਲ ਹੱਥੋਪਾਈ ਕਰਨ, ਉਨ੍ਹਾਂ ਦੀ ਡਿਊਟੀ ਵਿੱਚ ਰੁਕਾਵਟ ਪਾਉਣ ਅਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਕਿਸਾਨਾਂ ਨੂੰ ਗ੍ਰਿਫ਼ਤਾਰੀ ਕੀਤਾ ਹੈ।

ਤਸਵੀਰ ਸਰੋਤ, Prabhudayal/bbc
ਪੁਲਿਸ ਨੇ ਦੱਸਿਆ ਕਿ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਦੋ ਨਾਮਜ਼ਦ ਕਿਸਾਨਾਂ ਸਣੇ ਕਰੀਬ 100 ਕਿਸਾਨਾਂ ਖ਼ਿਲਾਫ਼ ਕੇਸ ਦਰਜ
ਇਸ ਤੋਂ ਇਲਾਵਾ ਡਿਊਟੀ ਮੈਜਿਸਟਰੇਟ ਸੁਸ਼ੀਲ ਕੁਮਾਰ ਦੀ ਸ਼ਿਕਾਇਤ 'ਤੇ ਸਿਵਲ ਲਾਈਨਜ਼ ਥਾਣਾ 'ਚ ਕਿਸਾਨ ਹਰਚਰਨ ਸਿੰਘ ਤੇ ਪ੍ਰਹਿਲਾਦ ਸਿੰਘ ਭਾਰੂਖੇੜਾ ਸਣੇ ਕਰੀਬ 100 (ਐੱਫਆਈਆਰ ਮੁਤਾਬਕ) ਕਿਸਾਨਾਂ ਖ਼ਿਲਾਫ਼ ਦੇਸ਼ਧ੍ਰੋਹ ਦੀ ਧਾਰਾ 124 ਏ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ-
ਵੱਡੀ ਗਿਣਤੀ 'ਚ ਪੁਲਿਸ ਤਾਇਨਾਤ
ਕਿਸਾਨਾਂ ਦੇ ਇਕੱਠੇ ਹੋਣ ਦੀ ਭਿਣਕ ਪੁਲਿਸ ਨੂੰ ਲੱਗੀ ਤਾਂ ਵੱਡੀ ਗਿਣਤੀ 'ਚ ਪੁਲਿਸ ਬਾਬਾ ਭੂਮਣ ਸ਼ਾਹ ਚੌਕ 'ਚ ਤਾਇਨਾਤ ਕਰ ਦਿੱਤੀ ਗਈ।
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਘਰ ਨੂੰ ਜਾਣ ਵਾਲੇ ਰਾਹਾਂ 'ਤੇ ਵੱਡੇ ਬੈਰੀਕੇਡ ਲਾ ਦਿੱਤੇ ਗਏ।
ਮਿੰਨੀ ਸਕੱਤਰੇਤ 'ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਤੇ ਜ਼ਿਲ੍ਹਾ ਪੁਲਿਸ ਕਪਤਾਨ ਦੇ ਘਰ ਅੱਗੇ ਵੀ ਬੈਰੀਕੇਡ ਲਾ ਦਿੱਤੇ ਗਏ ਤੇ ਪਾਣੀ ਦੀਆਂ ਬੁਛਾੜਾਂ ਕਰਨ ਵਾਲੀਆਂ ਗੱਡੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ।

ਤਸਵੀਰ ਸਰੋਤ, Prabhudayal/bbc
ਕਾਫੀ ਦੇਰ ਤੱਕ ਕਿਸਾਨਾਂ ਨੇ ਬਾਬਾ ਭੂਮਣ ਸ਼ਾਹ ਚੌਕ 'ਤੇ ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ। ਇਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਹਲਕੀ ਝੜਪ ਵੀ ਹੋਈ।
ਇਸੇ ਦੌਰਾਨ ਸਰਵ ਕਰਮਚਾਰੀ ਸੰਘ ਨਿੱਜੀਕਰਨ ਦੇ ਵਿਰੁੱਧ ਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਜਦੋਂ ਕਰਮਚਾਰੀਆਂ ਨੂੰ ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਿਆ ਤਾਂ ਕਰਮਚਾਰੀਆਂ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ।
ਸ਼ਹੀਦ ਭਗਤ ਸਿੰਘ ਚੌਕ ਤੇ ਬਾਬਾ ਭੂਮਣ ਸ਼ਾਹ ਚੌਕ ਤੋਂ ਕਿਸਾਨ ਕਰਮਚਾਰੀਆਂ ਨਾਲ ਰਲ ਕੇ ਪ੍ਰਦਰਸ਼ਨ ਕਰਦੇ ਹੋਏ ਮਿੰਨੀ ਸਕੱਤਰੇਤ ਪੁੱਜੇ ਜਿੱਥੇ ਕਈ ਘੰਟਿਆਂ ਤੱਕ ਕਿਸਾਨਾਂ ਤੇ ਕਰਮਚਾਰੀਆਂ ਨੇ ਐਸਪੀ ਦੇ ਦਫ਼ਤਰ ਦਾ ਘੇਰਾਓ ਕਰੀ ਰੱਖਿਆ।
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਿਸਾਨ ਨੇਤਾਵਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਦਿੱਤੀ ਜਾਣਕਾਰੀ
ਪੁਲਿਸ ਵੱਲੋਂ ਘਰੋਂ ਚੁੱਕੇ ਗਏ ਕਿਸਾਨਾਂ ਦੀ ਸਥਾਨਕ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਜਾਣਕਾਰੀ ਦਿੱਤੀ।
ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਤੇ ਭਾਰਤੀ ਕਿਸਾਨ ਏਕਤਾ ਯੂਨੀਅਨ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਗੱਲਬਾਤ ਹੋ ਗਈ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ 'ਤੇ ਕੀਤੇ ਗਏ ਦੇਸ਼ਧ੍ਰੋਹ ਦੇ ਮੁਕੱਦਮੇ ਦੀ ਨਿੰਦਾ ਕੀਤਾ ਹੈ।
ਇਹ ਵੀ ਪੜ੍ਹੋ :
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















