ਕਿਊਬਾ ਸੰਕਟ : ਫੀਦਲ ਕਾਸਤਰੋ ਤੇ ਚੇਅ ਗਵੇਰਾ ਦਾ ਮੁਲਕ ਜਦੋਂ ਸੁਰਜੀਤ 'ਸਾਬਣ' ਤੇ 'ਬਰੈੱਡ' 'ਤੇ ਜ਼ਿੰਦਾ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੇ ਗੁਆਂਢ ਵਿਚ ਪੈਂਦੇ ਅਤੇ ਦਹਾਕਿਆਂ ਤੋਂ ਉਸ ਦੀ ਅਜਾਰੇਦਾਰੀ ਨੂੰ ਨਾ ਮੰਨਣ ਵਾਲੇ ਮੁਲਕ ਕਿਊਬਾ ਇੰਨ੍ਹੀ ਦਿਨੀ ਮੁੜ 3 ਦਹਾਕੇ ਪੁਰਾਣੇ ਸੰਕਟ ਵਿਚ ਗੁਜ਼ਰ ਰਿਹਾ ਹੈ।
ਪਿਛਲੇ ਕੁਝ ਦਿਨਾਂ ਤੋਂ ਮੁਲਕ ਵਿਚ ਭਾਰੀ ਰੋਸ ਮੁਜ਼ਾਹਰੇ ਹੋ ਰਹੇ ਹਨ। ਜਿਸ ਤੋਂ ਬਾਅਦ ਦਰਜਨਾਂ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਰੂਸ ਇੱਕ ਕਮਿਊਨਿਸਟ ਸੱਤਾ ਵਾਲਾ ਟਾਪੂ ਹੈ ਅਤੇ ਕਰੀਬ ਡੇਢ ਕਰੋੜ ਵਸੋਂ ਵਾਲੇ ਇਸ ਟਾਪੂ ਵਿਚ ਗੈਰ- ਅਧਿਕਾਰਤ ਇਕੱਠ ਗੈਰ-ਕਾਨੂੰਨੀ ਹਨ।
ਇਸ ਲਈ ਇੱਥੇ ਰੋਸ ਮੁਜ਼ਾਹਰੇ ਹੋਣਾ ਛੋਟੀ ਘਟਨਾ ਨਹੀਂ ਹੈ।
ਸੋਸ਼ਲ ਮੀਡੀਆ ਰਾਹੀ ਸਾਹਮਣੇ ਆਈਆਂ ਤਸਵੀਰਾਂ ਵਿਚ ਪੁਲਿਸ ਲੋਕਾਂ ਨੂੰ ਕੁੱਟਦੇ, ਹਿਰਾਸਤ ਵਿਚ ਲੈਂਦੇ ਅਤੇ ਕਾਲੀਆਂ ਮਿਰਚਾਂ ਦਾ ਸਪਰੇਅ ਕਰਦੇ ਦਿਖ ਰਹੀ ਹੈ।
ਦਰਅਸਲ ਕਿਊਬਾ ਵਿਚ ਕੋਰੋਨਾਵਾਇਰਸ ਮਹਮਾਰੀ ਅਤੇ ਆਰਥਿਕ ਸੰਕਟ ਕਾਰਨ ਲੋਕ ਗੁੱਸੇ ਵਿਚ ਹਨ ਅਤੇ ਹਾਲਾਤ ਤਿੰਨ ਦਹਾਕੇ ਪਹਿਲਾਂ ਵਾਲੇ ਬਣਦੇ ਦਿਖ ਰਹੇ ਹਨ।
ਕਿਊਬਾ ਦੇ ਮੌਜੂਦਾ ਰਾਸ਼ਟਰਪਤੀ ਮਿਗੇਲ ਦਿਆਜ਼ ਕਨੇਲ ਇਸ ਰੋਸ ਮੁਜ਼ਾਹਰੇ ਵਿਚ ਵਿਦੇਸ਼ੀ ਤਾਕਤਾਂ ਦੀ ਗੱਲ ਕਹਿ ਕੇ ਅਮਰੀਕਾ ਵੱਲ ਇਸ਼ਾਰਾ ਕਰ ਰਹੇ ਹਨ।
ਤਿੰਨ ਦਹਾਕੇ ਪਹਿਲਾਂ ਭਾਰਤ ਨੇ ਕਿਊਬਾ ਨੂੰ ਮਦਦ ਭੇਜ ਕੇ ਸੰਕਟ ਵਿਚੋਂ ਕੱਢਿਆ ਸੀ। ਇਸ ਰਿਪੋਰਟ ਵਿਚ ਅਸੀਂ ਉਸ ਭਾਰਤੀ ਕਮਿਊਨਿਟ ਆਗੂ ਦਾ ਜ਼ਿਕਰ ਕਰ ਰਹੇ ਹਾਂ, ਜੋ 3 ਦਹਾਕੇ ਪਹਿਲਾਂ ਕਿਊਬਾ ਲਈ ਮਦਦਗਾਰ ਸਾਬਿਤ ਹੋਇਆ ਸੀ।
ਇਸ ਆਗੂ ਕੀ ਸੀਪੀਆਈਐੱਮ ਦੇ ਸਾਬਕਾ ਜਨਰਲ ਸਕੱਤਰ ਮਰਹੂਮ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ।
ਇਹ ਵੀ ਪੜ੍ਹੋ :
ਕਾਮਰੇਡ ਸੁਰਜੀਤ ਬਾਰੇ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨੇ 2016 ਵਿਚ ਇੱਕ ਰਿਪੋਰਟ ਕੀਤੀ ਸੀ। ਜਿਸ ਨੂੰ ਪਾਠਕਾਂ ਦੀ ਰੁਚੀ ਲਈ ਇੱਥੇ ਹੂਬਹੂ ਛਾਪਿਆ ਜਾ ਰਿਹਾ ਹੈ।

ਤਸਵੀਰ ਸਰੋਤ, CPM
23 ਮਾਰਚ 1932 ਨੂੰ ਸ਼ਹੀਦ ਭਗਤ ਸਿੰਘ ਦਾ ਪਹਿਲਾ ਸ਼ਹਾਦਤ ਦਿਵਸ ਸੀ।
ਹੁਸ਼ਿਆਰਪੁਰ ਕਾਂਗਰਸ ਕਮੇਟੀ ਨੇ ਐਲਾਨ ਕੀਤਾ ਸੀ ਕਿ ਉਹ ਇਸ ਮੌਕੇ 'ਤੇ ਹੁਸ਼ਿਆਰਪੁਰ ਦੀ ਕਚਹਿਰੀ 'ਤੇ ਕਾਂਗਰਸ ਦਾ ਝੰਡਾ ਲਹਿਰਾਉਣਗੇ।
ਪਰ ਜਦੋਂ ਕਾਂਗਰਸ ਨੇਤਾਵਾਂ ਨੇ ਸੁਣਿਆ ਕਿ ਸੈਨਾ ਨੂੰ ਬੁਲਾ ਲਿਆ ਗਿਆ ਹੈ ਤਾਂ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ।
16 ਸਾਲ ਦੇ ਹਰਕਿਸ਼ਨ ਸਿੰਘ ਸੁਰਜੀਤ ਨੇ ਜਦੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਰਕਾਰ ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਜੋ ਵੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ।
ਸੁਰਜੀਤ ਦੇ ਪੋਤੇ ਸੰਦੀਪ ਸਿੰਘ ਬਾਸੀ ਕਹਿੰਦੇ ਹਨ, ''ਪ੍ਰੋਗਰਾਮ ਦੇ ਰੱਦ ਹੋਣ 'ਤੇ ਸੁਰਜੀਤ ਨੇ ਇਤਰਾਜ਼ ਕੀਤਾ।"
"ਇਸ 'ਤੇ ਉੱਥੇ ਮੌਜੂਦ ਇੱਕ ਕਾਂਗਰਸੀ ਨੇਤਾ ਨੇ ਕਿਹਾ ਕਿ ਜੇਕਰ ਤੁਸੀਂ ਇੰਨੇ ਬਹਾਦਰ ਹੋ ਤਾਂ ਖ਼ੁਦ ਹੀ ਜਾ ਕੇ ਝੰਡਾ ਲਹਿਰਾ ਦਿਓ।

ਜਨਮ ਤਰੀਕ ਰੱਖੀ ਆਪ
"ਸੁਰਜੀਤ ਨੇ ਲੰਬਾ ਕੁੜਤਾ ਪਾਇਆ ਹੋਇਆ ਸੀ। ਉਨ੍ਹਾਂ ਨੇ ਝੰਡੇ ਨੂੰ ਉਸ ਵਿੱਚ ਲੁਕਾਇਆ, ਤੇਜ਼ੀ ਨਾਲ ਪੌੜੀਆਂ ਚੜ੍ਹਦੇ ਹੋਏ ਉੁੱਪਰ ਪਹੁੰਚੇ ਅਤੇ ਯੂਨੀਅਨ ਜੈਕ ਨੂੰ ਉਤਾਰ ਕੇ ਕਾਂਗਰਸ ਦਾ ਝੰਡਾ ਲਹਿਰਾ ਦਿੱਤਾ।"
"ਸੁਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਗਲੇ ਦਿਨ ਜਦੋਂ ਮੈਜਿਸਟ੍ਰੇਟ ਨੇ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, 'ਮੇਰਾ ਨਾਂ ਲੰਡਨਤੋੜ ਸਿੰਘ ਹੈ।"
ਸੁਰਜੀਤ ਨੂੰ ਇਸ ਗੁਸਤਾਖ਼ੀ ਲਈ ਇੱਕ ਸਾਲ ਦੀ ਸਜ਼ਾ ਸੁਣਾਈ ਗਈ।
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਹਰਕਿਸ਼ਨ ਸਿੰਘ ਸੁਰਜੀਤ ਨੇ ਆਪਣੀ ਜਨਮ ਮਿਤੀ ਖ਼ੁਦ ਚੁਣੀ ਸੀ।
ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੱਸਦੇ ਹਨ, 'ਉਸ ਜ਼ਮਾਨੇ ਵਿੱਚ ਜਨਮ ਮਿਤੀ ਦਾ ਰਿਕਾਰਡ ਨਹੀਂ ਰੱਖਿਆ ਜਾਂਦਾ ਸੀ।"

"ਤਿਓਹਾਰਾਂ ਦੇ ਆਧਾਰ 'ਤੇ ਜਨਮ ਮਿਤੀ ਨਿਰਧਾਰਤ ਹੁੰਦੀ ਸੀ। ਜਦੋਂ ਦਸਵੀਂ ਦੀ ਪ੍ਰੀਖਿਆ ਆਈ ਤਾਂ ਉਨ੍ਹਾਂ ਨੂੰ ਆਪਣੀ ਜਨਮ ਮਿਤੀ ਦੱਸਣ ਲਈ ਕਿਹਾ ਗਿਆ।"
"ਉਨ੍ਹਾਂ ਨੇ ਆਪਣੀ ਮਾਂ ਨੂੰ ਪੁੱਛਿਆ, ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਉਨ੍ਹਾਂ ਨੇ ਆਪਣੇ ਹੀਰੋ ਭਗਤ ਸਿੰਘ ਦੇ ਸ਼ਹਾਦਤ ਦਿਵਸ 23 ਮਾਰਚ ਨੂੰ ਆਪਣੀ ਜਨਮ ਮਿਤੀ ਚੁਣਿਆ ਅਤੇ ਉਸ ਨੂੰ ਫਾਰਮ ਵਿੱਚ ਲਿਖਵਾ ਦਿੱਤਾ।"
"ਉਦੋਂ ਤੋਂ ਹੁਣ ਤੱਕ 23 ਮਾਰਚ ਨੂੰ ਹੀ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ।''
ਇੱਕ ਵਾਰ ਜਵਾਹਰ ਲਾਲ ਨਹਿਰੂ ਭਾਸ਼ਣ ਦੇਣ ਸੁਰਜੀਤ ਦੇ ਪਿੰਡ ਆਏ। ਆਮ ਸਭਾ ਤੋਂ ਇੱਕ ਦਿਨ ਪਹਿਲਾਂ ਪੁਲਿਸ ਨੇ ਸਭਾ ਸਥਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਸੁਰਜੀਤ ਦੇ ਖੇਤਾਂ ਵਿੱਚ ਜੌਂ ਦੀ ਫਸਲ ਲੱਗੀ ਹੋਈ ਸੀ। ਅਗਲੇ ਦਿਨ ਜਦੋਂ ਲੋਕ ਸੌਂ ਕੇ ਉੱਠੇ ਤਾਂ ਉੱਥੇ ਸ਼ਮਿਆਨਾ ਅਤੇ ਦਰੀਆਂ ਵਿਛੀਆਂ ਦੇਖ ਕੇ ਹੈਰਾਨ ਰਹਿ ਗਏ।
ਰਾਤ ਨੂੰ ਹੀ ਸੁਰਜੀਤ ਨੇ ਆਰਥਿਕ ਨੁਕਸਾਨ ਦੀ ਪਰਵਾਹ ਨਾ ਕਰਦੇ ਹੋਏ ਫ਼ਸਲ ਨੂੰ ਉਜਾੜ ਕੇ ਖੇਤਾਂ ਨੂੰ ਸਮਤਲ ਕਰ ਦਿੱਤਾ ਸੀ ਤਾਂ ਕਿ ਉੱਥੇ ਆਮ ਸਭਾ ਹੋ ਸਕੇ।
ਉਹ ਆਮ ਸਭਾ ਹੋਈ ਅਤੇ ਨਹਿਰੂ ਨੇ ਜਬਰਦਸਤ ਭਾਸ਼ਣ ਦਿੱਤਾ।
'ਸੁਰਜੀਤ ਸੋਪ ਅਤੇ ਸੁਰਜੀਤ ਬਰੈੱਡ ਨਾਲ ਕਿਊਬਾ ਜ਼ਿੰਦਾ ਰਹੇਗਾ'
ਸੁਰਜੀਤ ਦੀ ਸਾਦਗੀ ਅਤੇ ਸਪੱਸ਼ਟਤਾ ਉਨ੍ਹਾਂ ਨੂੰ ਹੋਰ ਭਾਰਤੀ ਨੇਤਾਵਾਂ ਤੋਂ ਅਲੱਗ ਕਰਦੀ ਸੀ।
ਉਨ੍ਹਾਂ ਦੇ ਖਰੇਪਣ ਦਾ ਸਵਾਦ ਤਤਕਾਲੀ ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਨੇ ਚਖਿਆ ਸੀ।
ਯੇਚੁਰੀ ਯਾਦ ਕਰਦੇ ਹਨ, ''1987 ਵਿੱਚ ਰੂਸੀ ਕ੍ਰਾਂਤੀ ਦੀ 70ਵੀਂ ਵਰ੍ਹੇਗੰਢ ਦੇ ਮੌਕੇ 'ਤੇ ਦੁਨੀਆ ਭਰ ਦੇ ਕਮਿਊਨਿਸਟ ਨੇਤਾ ਮਾਸਕੋ ਵਿੱਚ ਇਕੱਤਰ ਹੋਏ ਸਨ।"
"ਭੋਜ ਸਮੇਂ ਜਦੋਂ ਉਨ੍ਹਾਂ ਦੀ ਜਾਣ ਪਛਾਣ ਗੋਰਬਾਚੋਵ ਨਾਲ ਕਰਵਾਈ ਜਾ ਰਹੀ ਸੀ ਤਾਂ ਉਨ੍ਹਾਂ ਨੇ ਨੰਬੂਦਰੀਪਾਦ ਅਤੇ ਮੇਰੇ ਸਾਹਮਣੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਸਿਧਾਂਤ ਗ਼ਲਤ ਹੈ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਕਮਿਊਨਿਸਟ ਅੰਦੋਲਨ ਨੂੰ ਪੂਰੀ ਦੁਨੀਆ ਵਿੱਚ ਪਟਰੀ ਤੋਂ ਉਤਾਰ ਦੇਵੇਗਾ।"
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਉੱਥੇ ਮੌਜੂਦ ਕਈ ਕਮਿਊਨਿਸਟ ਨੇਤਾ ਇਸ ਤਰ੍ਹਾਂ ਦੀ ਹੀ ਸੋਚ ਰੱਖਦੇ ਸਨ, ਪਰ ਅਜਿਹਾ ਕਹਿ ਸਕਣ ਦੀ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਸੀ।"
"ਗੋਰਬਾਚੋਵ ਸੁਰਜੀਤ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ ਸਨ ਅਤੇ ਆਪਣਾ ਸਿਰ ਹਿਲਾਉਣ ਲੱਗੇ ਸਨ।''
ਛੋਟੀ ਉਮਰ ਵਿੱਚ ਹੀ ਸੁਰਜੀਤ ਦਾ ਵਿਆਹ ਪ੍ਰੀਤਮ ਕੌਰ ਨਾਲ ਹੋ ਗਿਆ ਸੀ। ਸੁਰਜੀਤ ਜਦੋਂ ਆਪਣੀ ਮਾਂ ਨਾਲ ਵਹੁਟੀ ਨੂੰ ਘਰ ਲਿਆ ਰਹੇ ਸਨ ਤਾਂ ਪੁਲਿਸ ਨੂੰ ਉਨ੍ਹਾਂ ਦੇ ਆਉਣ ਦੀ ਭਣਕ ਲੱਗ ਗਈ।
ਸੁਰਜੀਤ ਦੀ ਪਤਨੀ ਨੇ ਸਾਲ 2013 ਵਿੱਚ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਸੀ, ''ਵਿਆਹ ਦੇ ਬਾਅਦ ਅਸੀਂ ਲੋਕ ਟਾਂਗੇ ਤੋਂ ਘਰ ਆ ਰਹੇ ਸੀ।"
"ਪਿੰਡ ਦਾ ਰਸਤਾ 12-15 ਕਿਲੋਮੀਟਰ ਦਾ ਸੀ। ਰਸਤੇ ਵਿੱਚ ਪੁਲਿਸ ਉਨ੍ਹਾਂ ਨੂੰ ਫੜਨ ਆ ਗਈ। ਉਨ੍ਹਾਂ ਨੇ ਕਿਹਾ ਅੱਜ ਹੀ ਸਾਡਾ ਵਿਆਹ ਹੋਇਆ ਹੈ।"
"ਤੁਸੀਂ ਇੰਨੀ ਇਜਾਜ਼ਤ ਦੇ ਦਿਓ ਕਿ ਮੈਂ ਆਪਣੀ ਘਰਵਾਲੀ ਨੂੰ ਘਰ ਛੱਡ ਕੇ ਆ ਜਾਵਾਂ। ਮੈਨੂੰ ਘਰ ਛੱਡਣ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।"
"ਕੁਝ ਦਿਨਾਂ ਬਾਅਦ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਜੇਲ੍ਹ ਗਈ ਤਾਂ ਉਹ ਮੈਨੂੰ ਪਛਾਣ ਹੀ ਨਹੀਂ ਸਕੇ। ਮੇਰੀ ਨਨਾਣ ਨੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਉਨ੍ਹਾਂ ਦੀ ਪਤਨੀ ਹਾਂ।''
ਸਿਰਫ਼ ਪੜ੍ਹਨ ਦਾ ਸ਼ੌਕ
1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਦੇ ਬਾਅਦ ਜਦੋਂ ਕਿਊਬਾ ਦੀ ਆਰਥਿਕ ਸਥਿਤੀ ਖ਼ਰਾਬ ਹੋ ਗਈ ਤਾਂ ਉਨ੍ਹਾਂ ਨੇ ਪਾਰਟੀ ਵੱਲੋਂ ਕਿਊਬਾ ਨੂੰ ਦਸ ਹਜ਼ਾਰ ਟਨ ਕਣਕ ਭੇਜਣ ਦਾ ਬੀੜਾ ਚੁੱਕਿਆ।
ਸੀਤਾਰਾਮ ਯੇਚੁਰੀ ਯਾਦ ਕਰਦੇ ਹਨ, ''ਇਹ ਕੰਮ ਕਾਮਰੇਡ ਸੁਰਜੀਤ ਹੀ ਕਰ ਸਕਦੇ ਸਨ। ਉਨ੍ਹਾਂ ਨੇ ਜਦੋਂ ਦੇਖਿਆ ਕਿ ਸੋਵੀਅਤ ਸੰਘ ਬਿਖਰ ਗਿਆ ਹੈ।"
"ਕਿਊਬਾ ਦੀ ਸਥਿਤੀ ਬਹੁਤ ਗੰਭੀਰ ਸੀ ਕਿਉਂਕਿ ਉਨ੍ਹਾਂ ਦੀ ਪੂਰੀ ਅਰਥਵਿਵਸਥਾ ਸੋਵੀਅਤ ਸੰਘ 'ਤੇ ਨਿਰਭਰ ਸੀ।"
"ਕਿਊਬਾ ਦੇ ਉੱਪਰ ਪਾਬੰਦੀ ਲੱਗੀ ਹੋਈ ਸੀ ਜਿਸ ਕਾਰਨ ਉਹ ਆਪਣਾ ਸਾਮਾਨ ਦੁਨੀਆ ਵਿੱਚ ਕਿਧਰੇ ਹੋਰ ਨਹੀਂ ਭੇਜ ਸਕਦੇ ਸਨ। ਉਸ ਸਮੇਂ ਉਨ੍ਹਾਂ ਨੂੰ ਮਦਦ ਦੀ ਸ਼ਖਤ ਜ਼ਰੂਰਤ ਸੀ। ਉਨ੍ਹਾਂ ਕੋਲ ਨਹਾਉਣ ਲਈ ਸਾਬਣ ਨਹੀਂ ਸੀ ਅਤੇ ਨਾ ਹੀ ਖਾਣ ਲਈ ਕਣਕ।''
ਯੇਚੁਰੀ ਅੱਗੇ ਦੱਸਦੇ ਹਨ, "ਕਾਮਰੇਡ ਸੁਰਜੀਤ ਨੇ ਐਲਾਨ ਕਰ ਦਿੱਤਾ ਕਿ ਉਹ ਦਸ ਹਜ਼ਾਰ ਟਨ ਕਣਕ ਕਿਊਬਾ ਨੂੰ ਭੇਜਣਗੇ।"
"ਉਨ੍ਹਾਂ ਨੇ ਲੋਕਾਂ ਤੋਂ ਅਨਾਜ ਇਕੱਠਾ ਕੀਤਾ ਅਤੇ ਪੈਸੇ ਜਮ੍ਹਾਂ ਕੀਤੇ। ਉਸ ਜ਼ਮਾਨੇ ਵਿੱਚ ਨਰਸਿਮਹਾ ਰਾਓ ਦੀ ਸਰਕਾਰ ਸੀ।"
"ਉਨ੍ਹਾਂ ਦੇ ਯਤਨਾਂ ਨਾਲ ਪੰਜਾਬ ਦੀਆਂ ਮੰਡੀਆਂ ਤੋਂ ਇੱਕ ਵਿਸ਼ੇਸ਼ ਟਰੇਨ ਕੋਲਕਾਤਾ ਬੰਦਰਗਾਹ ਭੇਜੀ ਗਈ। ਮੈਨੂੰ ਹੁਣ ਤੱਕ ਯਾਦ ਹੈ ਉਸ ਸ਼ਿਪ ਦਾ ਨਾਂ ਸੀ ਕੈਰੀਬਿਅਨ ਪ੍ਰਿੰਸੇਜ।"
"ਉਨ੍ਹਾਂ ਨੇ ਨਰਸਿਮਹਾ ਰਾਓ ਨੂੰ ਕਿਹਾ ਕਿ ਅਸੀਂ ਦਸ ਹਜ਼ਾਰ ਟਨ ਕਣਕ ਭੇਜ਼ ਰਹੇ ਹਾਂ ਤਾਂ ਸਰਕਾਰ ਵੀ ਇੰਨੇ ਦਾ ਹੀ ਯੋਗਦਾਨ ਦੇਵੇ।"
"ਸਰਕਾਰ ਨੇ ਵੀ ਇੰਨੀ ਹੀ ਕਣਕ ਦਿੱਤੀ। ਉਸ ਦੇ ਨਾਲ ਦਸ ਹਜ਼ਾਰ ਸਾਬਣ ਵੀ ਭੇਜੇ ਗਏ। ਉੱਥੋ ਜਦੋਂ ਉਹ ਪੋਤ ਪਹੁੰਚਿਆ ਤਾਂ ਉਸ ਨੂੰ ਰਿਸੀਵ ਕਰਨ ਲਈ ਫ਼ੀਦੇਲ ਕਾਸਤਰੋ ਨੇ ਖ਼ਾਸ ਤੌਰ 'ਤੇ ਸੁਰਜੀਤ ਨੂੰ ਬੁਲਾਇਆ।"
"ਉਸ ਮੌਕੇ 'ਤੇ ਕਾਸਤਰੋ ਨੇ ਕਿਹਾ ਕਿ 'ਸੁਰਜੀਤ ਸੋਪ ਅਤੇ ਸੁਰਜੀਤ ਬਰੈੱਡ ਨਾਲ ਕਿਊਬਾ ਜ਼ਿੰਦਾ ਰਹੇਗਾ ਕੁਝ ਦਿਨਾਂ ਤੱਕ।"
ਸੁਰਜੀਤ ਦੀ ਪਤਨੀ ਪ੍ਰੀਤਮ ਕੌਰ ਯਾਦ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਸਿਰਫ਼ ਪੜ੍ਹਨ ਲਿਖਣ ਦਾ ਸ਼ੌਕ ਸੀ। ਫ਼ਿਲਮਾਂ ਆਦਿ ਉਹ ਨਹੀਂ ਦੇਖਦੇ ਸਨ।
ਉਸ ਵੇਲੇ ਉਨ੍ਹਾਂ ਨੇ ਦੱਸਿਆ ਸੀ, ''ਇੱਕ ਹੀ ਫ਼ਿਲਮ ਮੈਨੂੰ ਯਾਦ ਹੈ ਜੋ ਮੈਂ ਉਨ੍ਹਾਂ ਨਾਲ ਦੇਖੀ ਸੀ ਅਤੇ ਉਹ ਸੀ 'ਮਦਰ ਇੰਡੀਆ'। ਇੱਕ ਦੋ ਵਾਰ ਮੈਨੂੰ ਵਿਦੇਸ਼ ਲੈ ਕੇ ਜ਼ਰੂਰ ਗਏ ਸਨ। ਮੈਨੂੰ ਯਾਦ ਹੈ ਇੱਕ ਵਾਰ ਅਸੀਂ ਚੀਨ ਗਏ ਸੀ ਅਤੇ ਇੱਕ ਵਾਰ ਸਵੀਡਨ।"
"ਉਨ੍ਹਾਂ ਕੋਲ ਇੱਕ ਛੋਟਾ ਰੇਡਿਓ ਹੋਇਆ ਕਰਦਾ ਸੀ ਜਿਸ ਤੋਂ ਉਹ ਦਿਨ ਵਿੱਚ ਦੋ ਵਾਰ ਬੀਬੀਸੀ ਰੇਡਿਓ ਸੁਣਿਆ ਕਰਦੇ ਸਨ।''
1996 ਵਿੱਚ ਜਦੋਂ ਜਿਓਤੀ ਬਸੂ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਪ੍ਰਸਤਾਵ ਆਇਆ ਤਾਂ ਉਨ੍ਹਾਂ ਨੇ ਉਸ ਦਾ ਸਮਰਥਨ ਕੀਤਾ ਸੀ। ਪਰ ਜਦੋਂ ਪਾਰਟੀ ਵਿੱਚ ਉਸ ਦਾ ਵਿਰੋਧ ਹੋਇਆ ਤਾਂ ਉਨ੍ਹਾਂ ਨੇ ਆਪਣੀ ਰਾਏ ਉਸ ਦੇ ਉੱਪਰ ਥੋਪੀ ਨਹੀਂ।
ਸੀਤਾਰਾਮ ਯੇਚੁਰੀ ਯਾਦ ਕਰਦੇ ਹਨ, ''ਯੂਐੱਫ ਦੀ ਮੀਟਿੰਗ ਤੋਂ ਪਰਤ ਕੇ ਸੁਰਜੀਤ ਨੇ ਕਿਹਾ ਕਿ ਜਿਓਤੀ ਬਸੂ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਇਕਮਤ ਨਾਲ ਪ੍ਰਸਤਾਵ ਆਇਆ ਹੈ।"
"ਉਨ੍ਹਾਂ ਦਾ ਮੰਨਣਾ ਸੀ ਕਿ ਸਾਨੂੰ ਇਹ ਪ੍ਰਸਤਾਵ ਮੰਨ ਲੈਣਾ ਚਾਹੀਦਾ ਹੈ, ਪਰ ਸੈਂਟਰਲ ਕਮੇਟੀ ਨੇ ਤੈਅ ਕੀਤਾ ਕਿ ਸਾਨੂੰ ਇਹ ਪ੍ਰਸਤਾਵ ਨਹੀਂ ਮੰਨਣਾ ਚਾਹੀਦਾ।"
"ਜਦੋਂ ਸੁਰਜੀਤ ਇਸ ਫ਼ੈਸਲੇ ਦੀ ਸੂਚਨਾ ਦੇਣ ਯੂਐੱਫ ਦੀ ਬੈਠਕ ਵਿੱਚ ਗਏ ਤਾਂ ਮੈਨੂੰ ਵੀ ਆਪਣੇ ਨਾਲ ਲੈ ਗਏ। ਜਦੋਂ ਅਸੀਂ ਕਰਨਾਟਕ ਭਵਨ ਪਹੁੰਚੇ ਤਾਂ ਉੱਥੇ ਮੌਜੂਦ ਸਭ ਲੋਕ ਇਹ ਸੁਣ ਕੇ ਬਹੁਤ ਨਾਰਾਜ਼ ਹੋਏ।"
"ਉਹ ਸੁਰਜੀਤ ਅਤੇ ਬਸੂ ਨੂੰ ਕੁਝ ਕਹਿ ਨਹੀਂ ਸਕਦੇ ਸਨ। ਇਸ ਲਈ ਉਨ੍ਹਾਂ ਨੇ ਸਾਰਾ ਗੁੱਸਾ ਮੇਰੇ 'ਤੇ ਉਤਾਰਿਆ ਅਤੇ ਮੈਨੂੰ ਕਾਫ਼ੀ ਗਾਲ੍ਹਾਂ ਪਈਆਂ।''
ਯੇਚੁਰੀ ਅੱਗੇ ਦੱਸਦੇ ਹਨ, ''ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ 'ਤੇ ਦੁਬਾਰਾ ਵਿਚਾਰ ਹੋਵੇ। ਅਸੀਂ ਦੁਬਾਰਾ ਸੈਂਟਰਲ ਕਮੇਟੀ ਕੋਲ ਆਏ।"
"ਜਦੋਂ ਤੱਕ ਬਹੁਤ ਸਾਰੇ ਲੋਕ ਜਾ ਚੁੱਕੇ ਸਨ, ਪਰ ਉਨ੍ਹਾਂ ਨੇ ਦੁਬਾਰਾ ਕਿਹਾ ਕਿ ਜਿਓਤੀ ਬਸੂ ਨੂੰ ਪ੍ਰਧਾਨ ਮੰਤਰੀ ਦਾ ਪਦ ਨਹੀਂ ਸੰਭਾਲਣਾ ਚਾਹੀਦਾ।"
"ਜ਼ਾਹਿਰ ਹੈ ਇਹ ਦੋਵੇਂ ਇਸ ਫ਼ੈਸਲੇ ਤੋਂ ਖੁਸ਼ ਨਹੀਂ ਸਨ, ਪਰ ਉਨ੍ਹਾਂ ਨੇ ਕਮਿਊਨਿਸਟ ਸਿਪਾਹੀ ਦੀ ਤਰ੍ਹਾਂ ਉਸ ਫ਼ੈਸਲੇ ਨੂੰ ਮੰਨਿਆ।''
ਪਾਰਟੀ ਦੇ ਇੰਨੇ ਵੱਡੇ ਅਹੁਦਿਆਂ 'ਤੇ ਕੰਮ ਕਰਨ ਅਤੇ ਕਿੰਗ ਮੇਕਰ ਦੀ ਭੂਮਿਕਾ ਨਿਭਾਉਣ ਦੇ ਬਾਵਜੂਦ ਸੁਰਜੀਤ ਅੰਤ ਤੱਕ ਇੱਕ ਸਾਧਾਰਨ ਕਿਸਾਨ ਦੀ ਤਰ੍ਹਾਂ ਰਹੇ।
ਸੀਤਾਰਾਮ ਯੇਚੁਰੀ ਨੂੰ ਉਨ੍ਹਾਂ ਨਾਲ ਕਈ ਵਾਰ ਵਿਦੇਸ਼ਾਂ ਵਿੱਚ ਸੰਮੇਲਨਾਂ ਵਿੱਚ ਭਾਗ ਲੈਣ ਜਾਣਾ ਹੁੰਦਾ ਸੀ।
ਯੇਚੁਰੀ ਕਹਿੰਦੇ ਹਨ, ''ਉਹ ਰੋਜ਼ਾਨਾ ਸਵੇਰੇ ਮੇਰਾ ਦਰਵਾਜ਼ਾ ਖੜਕਾ ਕੇ ਕਹਿੰਦੇ ਸਨ ਕਿ ਚਾਹ ਤਿਆਰ ਹੈ ਜਿਸ ਨੂੰ ਉਹ ਗੀਜ਼ਰ ਦੇ ਪਾਣੀ ਨਾਲ ਟੀ ਬੈਗ ਪਾ ਕੇ ਖ਼ੁਦ ਤਿਆਰ ਕਰਦੇ ਸਨ।"
"ਸਵੇਰ ਦੀ ਚਾਹ ਦੇ ਬਿਨਾਂ ਉਨ੍ਹਾਂ ਦਾ ਸਿਸਟਮ ਕੰਮ ਨਹੀਂ ਕਰਦਾ ਸੀ ਅਤੇ ਉਸ ਚਾਹ 'ਤੇ ਹੀ ਅਸੀਂ ਲੋਕ ਦਿਨ ਭਰ ਦੇ ਕੰਮਾਂ ਦੀ ਯੋਜਨਾ ਬਣਾਉਂਦੇ ਸੀ।''
ਇਹ ਵੀ ਪੜ੍ਹੋ:
ਇਹ ਵੀ ਵੇਖੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














