ਸਿਰਫ 13 ਘੰਟੇ 'ਚ ਕਰੀਬ 37 ਹਜ਼ਾਰ ਵਾਰ ਡਿੱਗੀ ਬਿਜਲੀ

ਤਸਵੀਰ ਸਰੋਤ, JACK GUEZ/AFP/GETTY IMAGES
ਆਂਧਰ ਪ੍ਰਦੇਸ਼ ਵਿੱਚ ਸਥਾਨਕ ਪ੍ਰਸ਼ਾਸਨ ਅਨੁਸਾਰ ਮੰਗਲਵਾਰ ਦਿਨ ਵੇਲੇ 13 ਘੰਟਿਆਂ ਵਿੱਚ 36,749 ਵਾਰ ਬਿਜਲੀ ਡਿੱਗੀ ਹੈ।
ਸੂਬੇ ਦੇ ਕੁਦਰਤੀ ਕਰੋਪੀ ਪ੍ਰਬੰਧਨ ਮਹਿਕਮੇ ਮੁਤਾਬਕ ਇਹ ਸਾਧਾਰਣ ਤੋਂ ਕਿਤੇ ਵਧ ਹੈ, ਜੋ ਮੌਸਮ ਦੇ ਬਦਲਣ ਦਾ ਨਤੀਜਾ ਹੈ। ਬਿਜਲੀ ਡਿੱਗਣ ਕਾਰਨ ਮੰਗਲਵਾਰ ਤੋਂ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ 9 ਸਾਲ ਦੀ ਬੱਚੀ ਵੀ ਸ਼ਾਮਿਲ ਹੈ।
ਭਾਰਤ ਵਿੱਚ ਹਰ ਸਾਲ ਆਸਮਾਨੀ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਵਿੱਚ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ।
ਸੂਬੇ ਵਿੱਚ ਐਮਰਜੈਂਸੀ ਆਪਰੇਸ਼ਨ ਸੈਂਟਰ ਚਲਾਉਣ ਵਾਲੇ ਕਿਸ਼ਨ ਸਾਂਕੁ ਬੀਬੀਸੀ ਨੂੰ ਦੱਸਦੇ ਹਨ ਕਿ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਖੇਤਰ ਵਿੱਚ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ।

ਤਸਵੀਰ ਸਰੋਤ, Getty Images
ਇਹ ਮੌਸਮ ਜੂਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਿਤੰਬਰ ਦੇ ਅੰਤ ਤੱਕ ਚਲਦਾ ਹੈ।
ਹਾਲਾਂਕਿ ਮੰਗਲਵਾਰ ਨੂੰ ਇੱਥੇ ਜੋ ਹੋਇਆ ਉਸ ਨੂੰ ਕਿਸੇ ਤਰੀਕੇ ਨਾਲ ਸਾਧਾਰਣ ਨਹੀਂ ਮੰਨਿਆ ਜਾ ਸਕਦਾ। ਅੰਕੜਿਆਂ ਮੁਤਾਬਕ ਪਿਛਲੇ ਸਾਲ ਇਸ ਇਲਾਕੇ ਵਿੱਚ ਮਈ ਦੇ ਪੂਰੇ ਮਹੀਨੇ ਵਿੱਚ ਕਰੀਬ 30 ਹਜ਼ਾਰ ਵਾਰ ਬਿਜਲੀ ਡਿੱਗੀ ਸੀ।
'200 ਕਿਮੀ ਤੱਕ ਵਧ ਗਏ ਬੱਦਲ'
ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਜਾ ਰਹੇ ਹਨ।
ਆਂਧਰਾ ਪ੍ਰਦੇਸ਼ ਦੇ ਉੱਤਰੀ ਤਟ 'ਤੇ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਹੁੰਦੀਆਂ ਹਨ। ਇਹ ਇੱਕ ਅਜਿਹਾ ਬਦਲਾਅ ਹੈ, ਜਿੱਥੇ ਭਾਰੀ ਮੀਂਹ ਹੁੰਦਾ ਹੈ।
ਸਾਂਕੁ ਨੇ ਦੱਸਿਆ ਕਿ ਮਾਨਸੂਨ ਤੋਂ ਪਹਿਲਾਂ ਇਸ ਖੇਤਰ ਵਿੱਚ ਬਿਜਲੀ ਡਿੱਗਣ ਦੀ ਸੰਭਾਵਨਾਵਾਂ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਨੇ ਦੱਸਿਆ, "ਇਸ ਸਾਲ ਅਰਬ ਸਾਗਰ ਦੀਆਂ ਠੰਢੀਆਂ ਹਵਾਵਾਂ ਅਤੇ ਉੱਤਰੀ ਭਾਰਤ ਦੀਆਂ ਗਰਮ ਹਵਾਵਾਂ ਵਿੱਚ ਟੱਕਰ ਹੋਣ ਕਾਰਨ ਸਾਧਾਰਣ ਤੋਂ ਵਧ ਬੱਦਲ ਬਣੇ ਅਤੇ ਅਜਿਹੇ ਹਾਲਾਤ ਪੈਦਾ ਹੋਏ, ਜਿਸ ਨਾਲ ਬਿਜਲੀ ਡਿੱਗਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।"

ਤਸਵੀਰ ਸਰੋਤ, Getty Images
ਉਨ੍ਹਾਂ ਨੇ ਅੱਗੇ ਦੱਸਿਆ, "ਬੱਦਲਾਂ ਦੇ 200 ਕਿਮੀ ਵਧਣ ਕਾਰਨ ਇਸ ਤਰ੍ਹਾਂ ਦੀ ਸਥਿਤੀ ਬਣੀ, ਉਨ੍ਹਾਂ ਮੁਤਾਬਕ, "ਆਮਤੌਰ 'ਤੇ ਇਹ 15 ਤੋਂ 16 ਕਿਮੀ ਵਧਦੇ ਹਨ। ਸਾਡੇ ਤਜਰਬੇ ਵਿੱਚ ਅਜਿਹਾ ਬਹੁਤ ਹੀ ਘੱਟ ਹੋਇਆ ਹੈ।"
ਕਿਸਾਨਾਂ ਲਈ ਵਧ ਖਤਰੇ ਦਾ ਖਦਸ਼ਾ
ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਮੁਤਾਬਕ 2005 ਅਨੁਸਾਰ ਭਾਰਤ ਵਿੱਚ ਹਰ ਸਾਲ ਬਿਜਲੀ ਡਿੱਗਣ ਨਾਲ ਘੱਟੋ- ਘੱਟ 2 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਜੂਨ 2016 ਵਿੱਚ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਬਿਜਲੀ ਡਿੱਗਣ ਨਾਲ 93 ਲੋਕਾਂ ਦੀ ਮੌਤ ਹੋਈ ਸੀ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।
ਉਸ ਦੀ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਅਮਰੀਕਾ ਵਰਗੇ ਵਿਕਸਿਤ ਦੇਸਾਂ ਵਿੱਚ ਚਿਤਾਵਨੀ ਦੇਣ ਦੀ ਵਿਵਸਥਾ ਬਿਹਤਰ ਹੈ, ਸਮੇਂ ਤੋਂ ਪਹਿਲਾਂ ਲੋਕਾਂ ਨੂੰ ਮੌਸਮ ਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਇਹ ਹਾਲਾਤ ਭਾਰਤ ਵਿੱਚ ਨਹੀਂ ਹਨ।
ਇਸ ਤੋਂ ਇਲਾਵਾ ਵਿਸ਼ਵ ਦੀ ਤੁਲਨਾ ਵਿੱਚ ਭਾਰਤ ਵਿੱਚ ਬਹੁਤ ਸਾਰੇ ਲੋਕ ਖੇਤੀਬਾੜੀ ਦੇ ਕੰਮਾਂ ਲਈ ਆਪਣੇ-ਆਪਣੇ ਘਰ ਤੋਂ ਬਾਹਰ ਕੰਮ ਕਰਦੇ ਹਨ ਅਤੇ ਬਿਜਲੀ ਡਿੱਗਣ ਦੀ ਚਪੇਟ ਵਿੱਚ ਆਉਣ ਦਾ ਖਦਸ਼ਾ ਵੀ ਵਧ ਬਣਿਆ ਰਹਿੰਦਾ ਹੈ।

ਤਸਵੀਰ ਸਰੋਤ, Getty Images
ਪਰ ਸਾਂਕੁ ਕਹਿੰਦੇ ਹਨ ਕਿ ਉਨ੍ਹਾਂ ਦਾ ਦਫ਼ਤਰ ਲੋਕਾਂ ਨੂੰ ਖਤਰੇ ਬਾਰੇ ਜਲਦ ਤੋਂ ਜਲਦ ਦੱਸਣ ਦੀ ਕੋਸ਼ਿਸ਼ ਕਰਦਾ ਹੈ।
"ਮੰਗਲਵਾਰ ਨੂੰ ਮੈਸੇਜਿੰਗ ਸੇਵੀ ਵੱਟਸਐਪ ਅਤੇ ਟੇਲੀਗ੍ਰਾਮ ਰਾਹੀਂ ਜ਼ਿਲਾ ਅਧਿਕਾਰੀਆਂ ਨੂੰ ਸਾਵਧਾਨ ਕੀਤਾ ਕਰ ਦਿੱਤਾ ਸੀ ਅਤੇ ਟੈਲੀਵਿਜ਼ਨ ਅਤੇ ਰੇਡੀਓ 'ਤੇ ਐਲਾਨ ਕਰ ਦਿੱਤਾ ਗਿਆ ਹੈ ਕਿ ਮੌਸਮ ਦੀ ਖਰਾਬੀ ਦੇ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ।"
ਉਹ ਕਹਿੰਦੇ ਹਨ ਕਿ ਉਨ੍ਹਾਂ ਮੋਬਾਈਲ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਸਬਸਕ੍ਰਿਪਸ਼ਨ-ਬੇਸਸ ਅਲਰਟ ਵੀ ਭੇਜ ਦਿੱਤਾ ਸੀ।
"ਪਰ ਅਸੀਂ ਖੇਤਾਂ ਵਿੱਚ ਕੰਮ ਕਰਨੇ ਵਾਲੇ ਲੋਕਾਂ ਨੂੰ ਸਾਵਧਾਨ ਨਹੀਂ ਕਰ ਸਕੇ ਕਿਉਂਕਿ ਉਹ ਆਪਣੇ ਫੋਨ ਆਪਣੇ ਨਾਲ ਨਹੀਂ ਰੱਖਦੇ।"
ਬਿਜਲੀ ਡਿੱਗਣ 'ਤੇ ਕੀ ਕਰੀਏ?
- ਕਿਸੇ ਗੱਡੀ ਜਾਂ ਇਮਾਰਤ ਅੰਦਰ ਸ਼ਰਨ ਲਓ।
- ਖੁਲੀ ਥਾਂ ਅਤੇ ਖੁਲੀ ਪਹਾੜੀ ਤੋਂ ਦੂਰ ਰਹੋ।
- ਜੇਕਰ ਤੁਹਾਡੇ ਆਲੇ-ਦੁਆਲੇ ਲੁਕਣ ਲਈ ਕੋਈ ਛੱਤ ਨਹੀਂ ਹੈ ਤਾਂ ਹੇਠਾਂ ਪੈਰਾਂ ਭਾਰ ਬੈਠ ਜਾਓ, ਆਪਣੇ ਹੱਥ ਗੋਡਿਆਂ 'ਤੇ ਰੱਖ ਕੇ ਸਿਰ ਗੋਡਿਆਂ 'ਚ ਲੁਕਾ ਲਓ।
- ਕਿਸੇ ਵੀ ਲੰਬੇ ਅਤੇ ਵੱਖਰੇ ਰੁੱਖ ਹੇਠਾਂ ਨਾ ਖੜੇ ਹੋਵੋ।
- ਜੇਕਰ ਤੁਸੀਂ ਪਾਣੀ, ਸਮੁੰਦਰ ਜਾਂ ਨਦੀਂ ਵਿੱਚ ਹੋ ਤਾਂ ਤੁਰੰਤ ਉੱਥੇ ਪਾਸੇ ਹੋ ਜਾਓ।
*ਸਰੋਤ: ਦੁਰਘਟਨਾਵਾਂ ਦੀ ਰੋਕਥਾਮ ਕਰਨ ਵਾਲੀ ਰਾਇਲ ਸੋਸਾਇਟੀ












