ਉੱਤਰ ਤੇ ਦੱਖਣੀ ਕੋਰੀਆ ਵਾਰਤਾ : ਸਵਾਗਤੀ ਫੁੱਲਾਂ ਤੋਂ ਲੈ ਕੇ ਖਾਣੇ ਤੱਕ, ਹਰ ਚੀਜ਼ ਦਿੰਦੇ ਸੀ ਸੁਨੇਹਾ

ਦੱਖਣੀ ਤੇ ਉੱਤਰੀ ਕੋਰੀਆ ਦੀ ਇਤਿਹਾਸਕ ਬੈਠਕ ਦੇ ਮੰਚ ਨੂੰ ਬਹੁਤ ਧਿਆਨ ਨਾਲ ਤੇ ਬਹੁਤ ਖ਼ਾਸ ਤਰੀਕੇ ਨਾਲ ਸਜਾਇਆ ਗਿਆ।
ਬੈਠਕ ਵਾਲੇ ਕਮਰੇ ਵਿੱਚ ਰੱਖੀ ਗਈ ਹਰ ਚੀਜ਼ ਕਿਸੇ ਗੱਲ ਵੱਲ ਸੰਕੇਤ ਕਰਦੀ ਹੈ। ਖਾਣੇ ਤੋਂ ਲੈ ਕੇ ਫੁੱਲਾਂ ਤੱਕ ਅਤੇ ਮੇਜ਼ ਦੇ ਘੇਰੇ ਤੋਂ ਲੈ ਕੇ ਦੇਵਦਾਰ ਦਾ ਦਰਖ਼ਤ ਲਾਉਣ ਤੱਕ।
ਇਸ ਬੈਠਕ ਦੀ ਤਿਆਰੀ ਕਰਨ ਵਾਲੀ ਦੱਖਣੀ ਕੋਰੀਆ ਦੀ ਕਮੇਟੀ ਦੇ ਇੰਚਾਰਜ ਦੱਸਦੇ ਹਨ,''ਇਹ ਸਾਰੀ ਸਜਾਵਟ ਕੋਰੀਆ ਦੇ ਪ੍ਰਾਇਦੀਪ ਦੀ ਸ਼ਾਂਤੀ ਅਤੇ ਸਹਿਯੋਗ ਤੇ ਖੁਸ਼ਹਾਲੀ ਦਾ ਦੌਰ ਆਉਣ ਦਾ ਪ੍ਰਗਟਾਵਾ ਕਰਦੀ ਹੈ।''
ਮੁਲਾਕਾਤ ਵਾਲੀ ਥਾਂ
ਡੀਮਿਲੀਟਰਾਇਜ਼ਡ ਜ਼ੋਨ ਦੇ ਪਿੰਡ ਪਨਮੁਨਜੋਮ ਵਿੱਚ ਇਹ ਮੁਲਾਕਾਤ ਹੋਈ। ਜਿਸਨੂੰ ਆਪਣੇ ਆਪ ਵਿੱਚ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਪਿਛਲੀਆਂ ਦੋ ਬੈਠਕਾਂ ਦੇ ਲਈ ਦੱਖਣੀ ਕੋਰੀਆ ਦੇ ਸਿਆਸੀ ਲੀਡਰ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਗਏ ਸੀ।

ਤਸਵੀਰ ਸਰੋਤ, EPA
ਇਸ ਵਾਰ ਦੋਵੇਂ ਪਾਸਿਆਂ ਦੇ ਲੀਡਰਾਂ ਨੇ ਫੌਜੀ ਰੇਖਾ 'ਤੇ ਮੁਲਾਕਾਤ ਕੀਤੀ ਅਤੇ ਫਿਰ ਉਹ ਅਲ ਗੱਲਬਾਤ ਲਈ ਪੀਸ ਹਾਊਸ ਚਲੇ ਗਏ।
ਇਹ ਹਾਊਸ ਦੱਖਣੀ ਕੋਰੀਆ ਦੀ ਸਰਹੱਦ 'ਤੇ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਉੱਤਰੀ ਕੋਰੀਆ ਦੇ ਲੀਡਰ ਇਹ ਸਰਹੱਦ ਪਾਰ ਕੀਤੀ ਹੋਵੇ।

ਤਸਵੀਰ ਸਰੋਤ, AFP
ਦੋਵੇ ਨੇਤਾਵਾਂ ਨੇ ਦੱਖਣੀ ਕੋਰੀਆ ਵਿੱਚ ਸੱਭਿਅਕ ਪਹਿਰਾਵੇ ਵਿੱਚ ਗਾਰਡ ਆਫ ਆਨਰ ਲਿਆ।
ਸਜਾਵਟ ਵਾਲੇ ਫੁੱਲ
ਬੈਠਕ ਵਾਲੇ ਕਮਰੇ ਨੂੰ ਸਜਾਉਣ ਲਈ ਫੁੱਲਾਂ ਨੂੰ ਪਰੰਪਰਾਗਤ ਚਿੱਟੇ ਰੰਗ ਦੇ ਫੁੱਲਦਾਨਾਂ ਵਿੱਚ ਰੱਖਿਆ ਗਿਆ ਸੀ।
ਇਨ੍ਹਾਂ ਫੁੱਲਦਾਨਾਂ ਵਿਚਲੇ ਫੁੱਲ ਵੀ ਕੋਈ ਆਮ ਨਹੀਂ ਸਨ। ਇਨ੍ਹਾਂ ਵਿੱਚ ਪਿਓਨੀ ਦੇ ਫੁੱਲ ਸਨ ਜੋ ਸਵਾਗਤ ਦੇ ਪ੍ਰਤੀਕ ਸਨ। ਡੇਜ਼ੀ ਜੋ ਸ਼ਾਂਤੀ ਦਰਸਾਉਂਦੇ ਹਨ ਅਤੇ ਜਿਹੜੀਆਂ ਥਾਵਾਂ ਤੋਂ ਫੌਜ ਹਟਾ ਲਈ ਗਈ ਹੈ ਉੱਥੋਂ ਚੁਣ ਕੇ ਲਿਆਂਦੇ ਜੰਗਲੀ ਫੁੱਲ।
ਬੈਠਕ ਵਾਲਾ ਮੇਜ
ਦੋਵਾਂ ਲੀਡਰਾਂ ਨੇ ਜਿਸ ਮੇਜ 'ਤੇ ਬੈਠ ਕੇ ਗੱਲਬਾਤ ਕੀਤੀ ਉਸਦਾ ਘੇਰਾ 2018 ਮਿਲੀਮੀਟਰ ਹੈ ਜੋ ਕਿ ਮੌਜੂਦਾ ਸਾਲ 2018 ਦਾ ਪ੍ਰਤੀਕ ਹੈ ਜਦੋਂ ਇਹ ਬੈਠਕ ਹੋ ਰਹੀ ਹੈ।
ਇਸ ਬੈਠਕ ਲਈ ਕੁਰਸੀਆਂ ਵੀ ਖ਼ਾਸ ਤੌਰ 'ਤੇ ਬਣਾਈਆਂ ਗਈਆਂ ਸੀ। ਇਨ੍ਹਾਂ ਕੁਰਸੀਆਂ ਜਪਾਨ ਲਈ ਕੁਝ ਤਕਲੀਫ਼ ਦਾ ਸਬੱਬ ਬਣੀਆਂ।

ਤਸਵੀਰ ਸਰੋਤ, Getty Images
ਇਨ੍ਹਾਂ ਕੁਰਸੀਆਂ ਉੱਤੇ ਕੋਰੀਆ ਪ੍ਰਾਇਦੀਪ ਦਾ ਨਕਸ਼ਾ ਬਣਿਆ ਹੈ ਜਿਸ ਵਿੱਚ ਡਕੋਡੋ ਦੀਪ ਸਮੂਹ ਨੂੰ ਦੱਖਣੀ ਕੋਰੀਆ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਦੀਪ ਸਮੂਹ ਉੱਤੇ ਜਪਾਨ ਵੀ ਆਪਣਾ ਦਾਅਵਾ ਪੇਸ਼ ਕਰਦਾ ਹੈ। ਇਸਦੇ ਨਾਲ ਹੀ ਦੋਵੇਂ ਕੋਰੀਆਈ ਦੇਸ ਵੀ ਜਪਾਨ ਨੂੰ ਕੋਈ ਬਹੁਤਾ ਪਸੰਦ ਨਹੀਂ ਕਰਦੇ ਹਨ।
ਕਮਰੇ ਦੀ ਸਜਾਵਟ
ਬੈਠਕ ਦੇ ਕਮਰੇ ਵਿੱਚ ਫੈਲੇ ਹੋਏ ਸੰਕੇਤ ਸਿਰਫ਼ ਕੁਰਸੀਆਂ ਤੇ ਮੇਜ ਤੱਕ ਸੀਮਤ ਨਹੀਂ ਸਨ।
ਇਸ ਕਮਰੇ ਦਾ ਡਿਜ਼ਾਇਨ ਕੋਰੀਆ ਦੇ ਰਵਾਇਤੀ ਹਾਨੋਕ ਹਾਊਸ ਵਾਂਗ ਹੈ। ਇਸਦੀਆਂ ਖਿੜਕੀਆਂ ਦੇ ਪਰਦੇ ਕਾਗਜ਼ ਦੇ ਹਨ।

ਤਸਵੀਰ ਸਰੋਤ, South Korean government
ਨੀਲਾ ਗਲੀਚਾ ਕੋਰੀਅਨ ਪ੍ਰਾਇਦੀਪ ਦੇ ਪਹਾੜਾਂ ਅਤੇ ਨਦੀਆਂ ਦੇ ਵਹਾਅ ਨੂੰ ਦਰਸਾਉਂਦਾ ਹੈ।
ਕੰਧ 'ਤੇ ਉੱਤਰੀ ਕੋਰੀਆ ਦੇ ਕੂਮਗੈਂਗ ਪਹਾੜੀ ਦੀ ਵੱਡੀ ਪੇਟਿੰਗ ਲੱਗੀ ਹੈ। ਦੱਖਣੀ ਕੋਰੀਆ ਸਰਕਾਰ ਦੇ ਬੁਲਾਕੇ ਮੁਤਾਬਕ ਇਸ ਪਹਾੜ 'ਤੇ ਜਾਣ ਦੀ ਕਦੇ ਕੋਰੀਆ ਦੇ ਲੋਕ ਇੱਛਾ ਰੱਖਦੇ ਸੀ।

ਤਸਵੀਰ ਸਰੋਤ, KCNA
''ਮਾਊਂਟ ਕੂਮਗੈਂਗ ਦੱਖਣੀ ਕੋਰੀਆ ਤੇ ਉੱਤਰੀ ਕੋਰੀਆ ਵਿਚਾਲੇ ਸਮਝੌਤੇ ਤੇ ਮੇਲ-ਮਿਲਾਪ ਦਾ ਪ੍ਰਤੀਕ ਹੈ।''
ਦੇਵਦਾਰ ਦਾ ਦਰਖ਼ਤ
ਦੁਪਹਿਰ ਸਮੇਂ ਇੱਕ ਯਾਦਗਾਰੀ ਦਰਖ਼ਤ ਲਗਾਇਆ ਗਿਆ। ਏਐਫਪੀ ਦੀ ਰਿਪੋਰਟ ਮੁਤਾਬਕ ਦੇਵਦਾਰ ਦਾ ਇਹ ਦਰਖ਼ਤ ਸੰਨ 1953 ਦਾ ਹੈ, ਜਦੋਂ ਕੋਰੀਆ ਦੀ ਜੰਗਬੰਦੀ 'ਤੇ ਦਸਤਖ਼ਤ ਕੀਤੇ ਗਏ ਸੀ।

ਤਸਵੀਰ ਸਰੋਤ, AFP
ਦੋਵਾਂ ਲੀਡਰਾਂ ਨੇ ਕਹੀ ਨਾਲ ਪਹਿਲਾਂ ਖੁਦਾਈ ਕੀਤੀ ਤੇ ਫਿਰ ਉੱਤਰੀ ਤੇ ਦੱਖਣੀ ਕੋਰੀਆ ਦੇ ਪਹਾੜਾਂ ਤੋਂ ਮਿੱਟੀ ਲੈ ਕੇ ਦਰਖ਼ਤ ਲਗਾਇਆ ਤੇ ਦੋਵੇਂ ਪਾਸੇ ਵਗਦੀਆਂ ਨਦੀਆਂ ਦਾ ਪਾਣੀ ਵੀ ਦਿੱਤਾ।
ਇਸਦੇ ਯਾਦਗਾਰੀ ਪੱਥਰ ਤੇ ਲਿਖਿਆ ਹੈ,''ਸ਼ਾਂਤੀ ਤੇ ਖੁਸ਼ਹਾਲੀ ਬੀਜਣਾ।''
ਖਾਣਾ
ਦੋਹਾਂ ਵਫ਼ਦਾਂ ਨੂੰ ਪਰੋਸਿਆ ਗਿਆ ਖਾਣਾ ਵੀ ਸੰਕੇਤਾਂ ਨਾਲ ਭਰਪੂਰ ਸੀ। ਹਰੇਕ ਨਿਵਾਲੇ ਦਾ ਵੱਖਰਾ ਮਹੱਤਵ ਸੀ।

ਤਸਵੀਰ ਸਰੋਤ, Getty Images
ਖਾਣਾ ਆਗੂਆਂ ਦੇ ਜੱਦੀ ਸ਼ਹਿਰਾਂ ਤੋਂ ਆਇਆ। ਇਹ ਉਨ੍ਹਾਂ ਇਲਾਕਿਆਂ ਤੋਂ ਸੀ ਜਿੱਥੋਂ ਫੌਜ ਹਟਾ ਲਈ ਗਈ ਹੈ।
ਮਿਸਾਲ ਵਜੋਂ꞉
- ਉੱਤਰੀ ਕੋਰੀਆ ਦੇ ਪ੍ਰਸਿੱਧ ਕੋਲਡ ਨੂਡਲ
- ਸਵਿਟਜ਼ਰਲੈਂਡ ਦੇ ਆਲੂਆਂ ਦਾ ਇੱਕ ਪਕਵਾਨ ਕਿਉਂਕਿ ਕਿੰਮ ਨੇ ਆਪਣੀ ਜਵਾਨੀ ਉੱਥੇ ਬਿਤਾਈ ਹੈ।
- ਰਾਸ਼ਟਪਰਤੀ ਮੂਨ ਦੇ ਜੱਦੀ ਸ਼ਹਿਰ ਤੋਂ ਸਮੁੰਦਰੀ ਪਕਵਾਨ
- ਜਿਹੜੇ ਇਲਾਕਿਆਂ ਤੋਂ ਫੋਜ ਹਟਾ ਲਈ ਗਈ ਹੈ ਉੱਥੇ ਉਗਾਈਆਂ ਸਬਜੀਆਂ ਵਾਲਾ ਬਿਬੀਮਬੈਬ












