ਗੂਗਲ ਸੀਈਓ ਸੁੰਦਰ ਪਿਚਾਈ ਨੇ ਦੱਸੀਆਂ ਉਹ ਦੋ ਗੱਲਾਂ ਜੋ ਭਵਿੱਖ ਵਿੱਚ ਲੈ ਕੇ ਆਉਣਗੀਆਂ ਕ੍ਰਾਂਤੀ

ਤਸਵੀਰ ਸਰੋਤ, AFP
- ਲੇਖਕ, ਅਮੋਲ ਰਾਜਨ
- ਰੋਲ, ਮੀਡੀਆ ਐਡੀਟਰ, ਬੀਬੀਸੀ
ਗੂਗਲ ਪ੍ਰਮੁੱਖ ਸੁੰਦਰ ਪਿਚਾਈ ਨੇ ਚਿਤਾਵਨੀ ਦਿੱਤੀ ਹੈ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਇੰਟਰਨੈੱਟ ਦੀ ਅਜ਼ਾਦੀ ਉੱਪਰ ਹਮਲੇ ਹੋ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕਈ ਦੇਸ਼ਾਂ ਵਿੱਚ ਸੂਚਨਾ ਦੇ ਪ੍ਰਵਾਹ ਨੂੰ ਰੋਕਿਆ ਜਾ ਰਿਹਾ ਹੈ ਅਤੇ ਅਜ਼ਾਦੀ ਦੇ ਮਾਡਲ ਨੂੰ ਅਕਸਰ ਹਲਕੇ ਵਿੱਚ ਲਿਆ ਜਾਂਦਾ ਹੈ।
ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਨਿੱਜਤਾ, ਡੇਟਾ ਅਤੇ ਟੈਕਸ ਨਾਲ ਜੁੜੇ ਵਿਵਾਦਾਂ ਬਾਰੇ ਵੀ ਗੱਲ ਕੀਤੀ।
ਉਨ੍ਹਾਂ ਨੇ ਆਖਿਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਹੋਣ ਵਾਲੇ ਬਦਲਾਅ ਅੱਗ, ਬਿਜਲੀ ਅਤੇ ਇੰਟਰਨੈੱਟ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੋਣਗੇ।
ਇਹ ਵੀ ਪੜ੍ਹੋ:
ਚੀਨ ਦੇ ਇੰਟਰਨੈੱਟ ਮਾਡਲ ਉੱਤੇ ਰਾਇ
ਪਿਚਾਈ ਨੂੰ ਜਦੋਂ ਪੁੱਛਿਆ ਗਿਆ ਕਿ ਇੰਟਰਨੈੱਟ ਦਾ ਚੀਨੀ ਮਾਡਲ ਜਿਸ ਵਿੱਚ ਸਰਕਾਰ ਦੇ ਹੱਥ ਵਿੱਚ ਬਹੁਤ ਤਾਕਤ ਹੈ ਅਤੇ ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ, ਕਿੰਨਾ ਸਹੀ ਹੈ ?
ਤਾਂ ਪਿਚਾਈ ਨੇ ਬਿਨਾਂ ਚੀਨ ਦਾ ਨਾਮ ਲਏ ਆਖਿਆ ਕਿ ਅਜ਼ਾਦ ਅਤੇ ਮੁਕਤ ਇੰਟਰਨੈੱਟ ਉੱਪਰ "ਹਮਲਾ ਕੀਤਾ ਜਾ ਰਿਹਾ ਹੈ।"

ਤਸਵੀਰ ਸਰੋਤ, Reuters
ਹਾਲਾਂਕਿ ਉਨ੍ਹਾਂ ਨੇ ਇਸ ਤੋਂ ਬਾਅਦ ਕਿਹਾ, "ਸਾਡੀਆਂ ਪ੍ਰਮੁੱਖ ਸੇਵਾਵਾਂ ਅਤੇ ਉਤਪਾਦਾਂ ਵਿੱਚੋਂ ਕੁਝ ਵੀ ਚੀਨ ਵਿੱਚ ਉਪਲੱਬਧ ਨਹੀਂ ਹੈ।"
ਦੋ ਚੀਜ਼ਾਂ ਨਾਲ ਆਵੇਗੀ ਕ੍ਰਾਂਤੀ
ਪਿਚਾਈ ਅਨੁਸਾਰ ਅਗਲੇ 25 ਸਾਲਾਂ ਵਿੱਚ ਜੋ ਦੋ ਚੀਜ਼ਾਂ ਕ੍ਰਾਂਤੀ ਲੈ ਕੇ ਆਉਣਗੀਆਂ ਉਹ ਹਨ- ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ ਕੰਪਿਊਟਿੰਗ।
ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਆਖਿਆ, "ਮੈਂ ਇਸ ਨੂੰ ਮਨੁੱਖਤਾ ਵੱਲੋਂ ਬਣਾਈ ਜਾਣ ਵਾਲੀ ਸਭ ਤੋਂ ਬਿਹਤਰੀਨ ਤਕਨੀਕ ਦੇ ਰੂਪ ਵਿੱਚ ਵੇਖਦਾ ਹਾਂ।"
"ਤੁਸੀਂ ਅੱਗ ਬਿਜਲੀ ਜਾਂ ਇੰਟਰਨੈੱਟ ਦੇ ਬਾਰੇ ਜੋ ਫ਼ਿਲਹਾਲ ਸੋਚਦੇ ਹੋ, ਇਹ ਅਜਿਹਾ ਹੀ ਹੋਣ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਇਸ ਤੋਂ ਵੀ ਬਿਹਤਰ।"
ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਮਨੁੱਖਾਂ ਵਾਂਗੂੰ ਕੰਮ ਕਰਨ ਲਈ ਬਣਾਇਆ ਜਾਂਦਾ ਹੈ।
ਖ਼ਾਸ ਤੌਰ 'ਤੇ ਕਿਸੇ ਵਿਸ਼ੇਸ਼ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਵੀ ਅਜਿਹੇ ਕਈ ਸਿਸਟਮ ਕੰਮ ਕਰ ਰਹੇ ਹਨ।

ਤਸਵੀਰ ਸਰੋਤ, Getty Images
ਕੁਆਂਟਮ ਕੰਪਿਊਟਿੰਗ ਇੱਕ ਪੂਰੀ ਵੱਖਰੀ ਤਰ੍ਹਾਂ ਦਾ ਕੰਸੈਪਟ ਹੈ। ਸਾਧਾਰਨ ਕੰਪਿਊਟਿੰਗ ਬਾਇਨਰੀ ਉੱਪਰ ਆਧਾਰਿਤ ਹੈ - 0 ਜਾਂ 1।
ਇਨ੍ਹਾਂ ਵਿਚਕਾਰ ਹੋਰ ਕੁਝ ਨਹੀਂ ਹੁੰਦਾ ਅਤੇ ਇਸ ਨੂੰ ਬਿਟਸ ਆਖਿਆ ਜਾਂਦਾ ਹੈ।
ਕੁਆਂਟਮ ਕੰਪਿਊਟਰ ਕਿਊਬਿਟਸ ਦੇ ਆਧਾਰ 'ਤੇ ਕੰਮ ਕਰਦੇ ਹਨ। ਇਸ ਰਾਹੀਂ ਇੱਕ ਪਦਾਰਥ ਦੇ ਇੱਕੋ ਵੇਲੇ ਕਈ ਅਵਸਥਾਵਾਂ ਵਿੱਚ ਹੋਣ ਦੀ ਸੰਭਾਵਨਾ ਬਣਦੀ ਹੈ।
ਇਸ ਨੂੰ ਸਮਝਣਾ ਮੁਸ਼ਕਿਲ ਹੈ ਪਰ ਦੁਨੀਆ ਵਿੱਚ ਇਹ ਇੱਕ ਵੱਡਾ ਬਦਲਾਅ ਲਿਆ ਸਕਦੇ ਹਨ।
ਹਾਲਾਂਕਿ ਪਿਚਾਈ ਸਮੇਤ ਤਕਨੀਕ ਨਾਲ ਜੁੜੇ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਹਰ ਜਗ੍ਹਾ ਕੰਮ ਨਹੀਂ ਆਉਣਗੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਟੈਕਸ ਸੰਬੰਧਿਤ ਮਾਮਲਿਆਂ ਉੱਪਰ ਕੀ ਬੋਲੇ ਪਿਚਾਈ
ਟੈਕਸ ਸੰਬੰਧਿਤ ਮਾਮਲਿਆਂ ਵਿੱਚ ਗੂਗਲ ਦੀ ਪ੍ਰਤੀਕਿਰਿਆ ਰੱਖਿਆਤਮਕ ਰਹੀ ਹੈ।
ਕਈ ਸਾਲਾਂ ਤੋਂ ਕੰਪਨੀ ਨੇ ਆਪਣੀਆਂ ਟੈਕਸ ਸਬੰਧੀ ਜ਼ਿੰਮੇਵਾਰੀਆਂ ਨੂੰ ਕਾਨੂੰਨੀ ਰੂਪ ਵਿੱਚ ਪੂਰਾ ਕਰਨ ਵਾਸਤੇ ਅਕਾਉਂਟੈਂਟ ਅਤੇ ਵਕੀਲਾਂ ਨੂੰ ਭਾਰੀ ਰਕਮ ਦਾ ਭੁਗਤਾਨ ਕੀਤਾ ਹੈ।
ਉਦਾਹਰਣ ਵਜੋਂ ਸਾਲ 2017 ਵਿੱਚ ਗੂਗਲ ਨੇ ਆਪਣੀ "ਡਬਲ ਆਇਰਿਸ਼ ਡਚ ਸੈਂਡਵਿਚ" ਨਾਮਕ ਰਣਨੀਤੀ ਦੇ ਤਹਿਤ ਇੱਕ ਡੱਚ ਸ਼ੈੱਲ ਕੰਪਨੀ ਰਾਹੀਂ 20 ਬਿਲੀਅਨ ਡਾਲਰ ਤੋਂ ਵੱਧ ਰਕਮ ਬਰਮੁਡਾ ਭੇਜੀ ਸੀ।
ਇਹ ਵੀ ਪੜ੍ਹੋ:-
ਪਿਚਾਈ ਨੇ ਆਖਿਆ ਕਿ ਗੂਗਲ ਵੱਲੋਂ ਹੁਣ ਇਸ ਸਕੀਮ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਕੰਪਨੀ ਦੁਨੀਆ ਦੇ ਸਭ ਤੋਂ ਵੱਡੇ ਕਰਦਾਤਾਵਾਂ ਵਿੱਚੋਂ ਇੱਕ ਹੈ।
ਉਹ ਹਰ ਉਸ ਦੇਸ਼ ਦੇ ਟੈਕਸ ਕਾਨੂੰਨਾਂ ਦਾ ਪਾਲਣ ਕਰਦੀ ਹੈ ਜਿੱਥੇ ਉਹ ਮੌਜੂਦ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ "ਕਾਰਪੋਰੇਟ ਗਲੋਬਲ ਮਿਨੀਮਮ ਟੈਕਸ ਉਪਰ ਹੋ ਰਹੀ ਗੱਲਬਾਤ ਬਾਰੇ ਕਾਫ਼ੀ ਉਤਸ਼ਾਹਿਤ ਹਨ।"
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕੰਪਨੀ ਨੇ ਪਿਛਲੇ ਇੱਕ ਦਹਾਕੇ ਵਿੱਚ ਆਮਦਨੀ ਦਾ 20 ਫ਼ੀਸਦ ਤੱਕ ਟੈਕਸ ਭਰਿਆ ਹੈ ਜੋ ਕਈ ਕੰਪਨੀਆਂ ਦੀ ਤੁਲਨਾ ਵਿੱਚ ਬਹੁਤ ਹੈ।
ਇਸ ਵਿੱਚੋਂ ਵੱਡਾ ਹਿੱਸਾ ਅਮਰੀਕਾ ਵਿਖੇ ਦਿੱਤਾ ਜਾਂਦਾ ਹੈ।
ਹੋਰ ਵੱਡੇ ਮੁੱਦਿਆਂ ਨੂੰ ਲੈ ਕੇ ਵੀ ਗੂਗਲ ਜਾਂਚ ਦਾ ਸਾਹਮਣਾ ਕਰ ਰਿਹਾ ਹੈ ਜਿਵੇਂ ਡਾਟਾ ਪ੍ਰਾਇਵੇਸੀ ਅਤੇ ਸਰਚ ਦੇ ਖੇਤਰ ਵਿੱਚ ਏਕਾਧਿਕਾਰ।
ਏਕਾਅਧਿਕਾਰ ਉੱਤੇ ਗੱਲ ਕਰਦਿਆਂ ਪਿਚਾਈ ਤਰਕ ਦਿੰਦੇ ਹਨ ਕਿ ਇੱਕ ਗੂਗਲ ਮੁਫ਼ਤ ਉਤਪਾਦ ਹੈ ਅਤੇ ਯੂਜ਼ਰਜ਼ ਆਸਾਨੀ ਨਾਲ ਕਿਤੇ ਹੋਰ ਜਾ ਸਕਦੇ ਹਨ। ਅਜਿਹਾ ਹੀ ਤਰਕ ਫੇਸਬੁੱਕ ਪਹਿਲਾਂ ਦੇ ਚੁੱਕਿਆ ਹੈ।
"ਭਾਰਤ ਮੇਰੇ ਅੰਦਰ ਵਸਿਆ ਹੈ"
ਇੰਟਰਵਿਊ ਦੌਰਾਨ ਪਿਚਾਈ ਤੋਂ ਪੁੱਛਿਆ ਗਿਆ ਕਿ ਉਹ ਅਮਰੀਕੀ ਹਨ ਜਾਂ ਭਾਰਤੀ।
ਜਵਾਬ ਵਿੱਚ ਉਨ੍ਹਾਂ ਨੇ ਆਖਿਆ, "ਮੈਂ ਅਮਰੀਕੀ ਨਾਗਰਿਕ ਹਾਂ ਪਰ ਭਾਰਤ ਮੇਰੇ ਅੰਦਰ ਵਸਿਆ ਹੈ ਅਤੇ ਜੋ ਮੈਂ ਹਾਂ ਉਸ ਦਾ ਇੱਕ ਅਹਿਮ ਹਿੱਸਾ ਹੈ।"
ਸੁੰਦਰ ਪਿਚਾਈ ਦਾ ਜਨਮ ਭਾਰਤ ਦੇ ਤਾਮਿਲਨਾਡੂ ਵਿਖੇ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਪੇਸ਼ੇ ਵਜੋਂ ਇਲੈਕਟ੍ਰੀਕਲ ਇੰਜੀਨੀਅਰ ਸਨ।
ਉਹ ਇੱਕ ਬਰਤਾਨਵੀ ਕੰਪਨੀ ਜੇਏਸੀ ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੀ ਮਾਤਾ ਇੱਕ ਸਟੈਨੋਗ੍ਰਾਫਰ ਸਨ।
ਸਕੂਲੀ ਸਿੱਖਿਆ ਖ਼ਤਮ ਕਰਨ ਤੋਂ ਬਾਅਦ ਪਿਚਾਈ ਨੂੰ ਆਈਆਈਟੀ ਖੜਗਪੁਰ ਵਿਖੇ ਦਾਖਲਾ ਮਿਲਿਆ ਜਿੱਥੇ ਉਨ੍ਹਾਂ ਨੇ ਮੈਟਲਰਜੀ ਵਿੱਚ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ।
ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਇੰਜਨੀਅਰਿੰਗ ਵਿੱਚ ਵਿੱਚ ਐਮ ਐਸ ਕਰਨ ਤੋਂ ਬਾਅਦ ਪਿਚਾਈ ਨੇ ਅਮਰੀਕਾ ਦੇ ਸਭ ਤੋਂ ਮੰਨੇ ਪ੍ਰਮੰਨੇ ਬਿਜ਼ਨਸ ਸਕੂਲਾਂ ਵਿੱਚੋਂ ਇੱਕ ਵਾਰਟਨ ਤੋਂ ਐਮਬੀਏ ਵੀ ਕੀਤਾ। 2004 ਵਿੱਚ ਸੁੰਦਰ ਪਿਚਾਈ ਗੂਗਲ ਨਾਲ ਜੁੜੇ। 2015 ਵਿੱਚ ਗੂਗਲ ਅਲਫਾਬੇਟ ਕੰਪਨੀ ਦਾ ਹਿੱਸਾ ਬਣਿਆ ਅਤੇ ਪਿਚਾਈ ਉਸ ਦੇ ਸੀਈਓ ਬਣੇ।














