ਗੂਗਲ ਉਧਾਰ ਦੇ ਪੈਸਿਆਂ 'ਤੇ ਇੰਝ ਬਣੀ ਦੁਨੀਆਂ ਦੀ ਵੱਡੀ ਕੰਪਨੀ

ਗੂਗਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੂਗਲ ਨੇ ਆਪਣੇ ਕਰਮਚਾਰੀਆਂ ਲਈ "20% ਟਾਈਮ" ਦਾ ਫਾਰਮੂਲਾ ਵੀ ਅਪਣਾਇਆ ਹੈ
    • ਲੇਖਕ, ਲੂਸੀ ਹੂਕਰ
    • ਰੋਲ, ਬਿਜ਼ਨਸ ਰਿਪੋਰਟਰ, ਬੀਬੀਸੀ ਨਿਊਜ਼

ਇਹ ਕੰਪਨੀ ਅਜਿਹਾ ਕੁਝ ਵੀ ਨਹੀਂ ਵੇਚਦੀ ਜਿਸ ਨੂੰ ਅਸੀਂ ਚੁੱਕ ਕੇ ਜੇਬ ਵਿੱਚ ਪਾ ਲਈਏ। ਇਸ ਨੂੰ ਸਿੱਧੇ ਕੋਈ ਪੈਸੇ ਵੀ ਨਹੀਂ ਦਿੰਦਾ। ਫਿਰ ਵੀ, ਆਪਣੀ ਤਾਜ਼ਾ ਕਮਾਈ ਦੀ ਰਿਪੋਰਟ ਮੁਤਾਬਕ ਗੂਗਲ ਦੀ ਮਾਲਕ ਕੰਪਨੀ ਐਲਫ਼ਾਬੈਟ ਦੀ ਬਾਜ਼ਾਰ ਵਿੱਚ ਕੀਮਤ ਐਪਲ ਕੰਪਨੀ ਤੋਂ ਵੱਧ ਹੈ।

ਇਸ ਦਾ ਭਾਵ ਹੈ ਕਿ ਐਲਫ਼ਾਬੈਟ ਹੁਣ ਦੁਨੀਆਂ ਦੀ ਸਭ ਤੋਂ ਕੀਮਤੀ ਕੰਪਨੀ ਹੈ — ਇਸ ਦੀ ਕੀਮਤ ਹੈ ਕਰੀਬ 520 ਬਿਲੀਅਨ ਅਮਰੀਕੀ ਡਾਲਰ ਯਾਨੀ 37800 ਅਰਬ ਰੁਪਏ

ਇਹ ਕੰਪਨੀ ਇਸ ਮੁਕਾਮ 'ਤੇ ਪੁੱਜੀ ਕਿਵੇਂ?

ਗੂਗਲ ਪਿੱਛੇ ਇਸ ਦੇ ਦੋ ਬਾਨੀਆਂ, ਲੈਰੀ ਪੇਜ ਤੇ ਸਰਜੇਈ ਬ੍ਰਿਨ ਦਾ ਇੱਕ ਬੜਾ ਸਿੱਧਾ ਜਿਹਾ ਖਿਆਲ ਸੀ।

ਉਨ੍ਹਾਂ ਨੂੰ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਹੀ ਸਮਝ ਆ ਗਿਆ ਸੀ ਕਿ ਇੰਟਰਨੈੱਟ ਦੇ ਵੱਡੇ ਸੰਸਾਰ ਦੇ ਖਿਲਾਰੇ ਨੂੰ ਸਮੇਟਣ ਲਈ ਇਕ ਸਰਚ ਇੰਜਣ ਬਣਾਈ ਜਾਣੀ ਚਾਹੀਦੀ ਹੈ। ਇਹ ਇੰਜਣ ਇੰਟਰਨੈੱਟ ਉੱਤੇ ਲੋਕਪ੍ਰਿਯਤਾ ਦੇ ਆਧਾਰ 'ਤੇ ਚੀਜ਼ਾਂ ਨੂੰ ਪੇਸ਼ ਕਰੇਗਾ।

ਉਹ ਦਿਨ ਸੀ ਤੇ ਅੱਜ ਦਾ ਹੈ, ਲੈਰੀ ਪੇਜ ਤੇ ਸਰਜੇਈ ਬ੍ਰਿਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਨਲਾਈਨ ਇਸ਼ਤਿਹਾਰਾਂ ਤੇ ਤਕਨੀਕ ਦੀ ਦੁਨੀਆਂ ਦੀਆਂ ਨਵੀਆਂ ਕਾਢਾਂ ਨੂੰ ਪਛਾਣਦੇ ਰਹੇ ਅਤੇ ਕਰੋੜਾਂ ਰੁਪਏ ਕਮਾਉਂਦੇ ਗਏ।

ਇਹ ਵੀ ਪੜ੍ਹੋ:

ਗੂਗਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੈਰੀ ਪੇਜ ਤੇ ਸਰਜੇਈ ਬ੍ਰਿਨ ਨੇ ਆਪਣੇ ਪਰਿਵਾਰਾਂ ਅਤੇ ਮਿੱਤਰਾਂ ਤੋਂ 1 ਮਿਲੀਅਨ ਡਾਲਰ ਉਧਾਰ ਲਏ ਤੇ ਕੰਪਨੀ ਦੀ ਸ਼ੁਰੂਆਤ ਕੀਤੀ

ਹੁਣ ਅਸੀਂ ਗੂਗਲ ਦੀਆਂ ਸੇਵਾਵਾਂ ਦੀ ਵਰਤੋਂ ਲਗਾਤਾਰ ਕਰਦੇ ਰਹਿੰਦੇ ਹਾਂ, ਜਿਵੇਂ ਕਿ ਪਹਾੜਾਂ ਦੀ ਸੈਰ ਦੀ ਯੋਜਨਾ ਬਣਾਉਣ ਵੇਲੇ ਮੌਸਮ ਦਾ ਹਾਲ ਜਾਨਣ ਲਈ; ਦਫ਼ਤਰ ਦੀ ਕੋਈ ਈਮੇਲ ਭੇਜਣ ਲਈ; ਅੰਗਰੇਜ਼ੀ ਦਾ ਅਨੁਵਾਦ ਕਰਨ ਲਈ ਅਤੇ ਹੋਰ ਵੀ ਬਹੁਤ ਕੁਝ।

ਪਰ ਇਸ ਦੇ ਨਾਲ ਹੀ ਕੁਝ ਖਦਸ਼ੇ ਵੀ ਹਨ। ਕੀ ਗੂਗਲ ਦਾ ਬਾਜ਼ਾਰ ਉੱਤੇ ਦਬਦਬਾ ਚੰਗੀ ਗੱਲ ਹੈ? ਕੀ ਇਸ ਦੀ ਮਾਲਕ ਕੰਪਨੀ ਆਪਣੇ ਦਬਦਬੇ ਦਾ ਲਾਭ ਟੈਕਸ ਦੇ ਭੁਗਤਾਨ ਵੇਲੇ ਵੀ ਲੈਂਦੀ ਹੈ? ਕੀ ਗੂਗਲ ਸਾਡੇ ਬਾਰੇ ਕੁਝ ਜ਼ਿਆਦਾ ਹੀ ਤਾਂ ਨਹੀਂ ਜਾਣਦਾ?

ਸ਼ੁਰੁਆਤ ਇੰਝ ਹੋਈ

ਲੈਰੀ ਪੇਜ ਤੇ ਸਰਜੇਈ ਬ੍ਰਿਨ ਨੇ ਆਪਣੇ ਪਰਿਵਾਰਾਂ ਅਤੇ ਮਿੱਤਰਾਂ ਤੋਂ 1 ਮਿਲੀਅਨ ਡਾਲਰ ਉਧਾਰ ਲਏ। ਉਨ੍ਹਾਂ ਨੇ ਕੰਪਨੀ ਦੀ ਨੀਂਹ 7 ਸਤੰਬਰ 1998 ਨੂੰ ਰੱਖੀ।

ਗੂਗਲ ਦਾ ਨਾਂ ਪਹਿਲਾਂ 'ਬੈਕਰਬ' ਸੀ। 'ਗੂਗਲ' ਸ਼ਬਦ ਇਸ ਦੇ ਬਾਨੀਆਂ ਨੇ ਅੰਕ ਗਣਿਤ ਦੇ ਸ਼ਬਦ 'ਗੂਗੋਲ' ਤੋਂ ਲਿਆ ਸੀ — 'ਗੂਗੋਲ' ਭਾਵ 1 ਤੋਂ ਬਾਅਦ 100 ਸਿਫ਼ਰ ਦਾ ਅੰਕੜਾ।

ਪਿਵਟਲ ਰਿਸਰਚ ਗਰੁੱਪ ਨਾਂ ਦੀ ਸੰਸਥਾ ਲਈ ਕੰਮ ਕਰਨ ਵਾਲੇ ਵਿਸ਼ਲੇਸ਼ਕ, ਬ੍ਰਾਯਨ ਵੀਜ਼ਰ ਮੁਤਾਬਕ ਗੂਗਲ ਨੂੰ ਸਭ ਤੋਂ ਵਧੀਆ ਸਰਚ ਇੰਜਣ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਗੂਗਲ ਨੂੰ ਆਪਣੀ ਸ਼ੁਰੂਆਤੀ ਕਾਮਯਾਬੀ ਰਾਹੀਂ ਕੁਝ ਚੰਗੇ ਤਜ਼ਰਬੇ ਅਤੇ ਸਰਚ ਬਾਰੇ ਬੇਸ਼ਕੀਮਤੀ ਜਾਣਕਾਰੀ ਜਾਂ ਡਾਟਾ ਮਿਲ ਗਿਆ ਸੀ।

ਬ੍ਰਾਯਨ ਵੀਜ਼ਰ ਮੁਤਾਬਕ, "ਜੇ ਲੋਕਾਂ ਦੀ ਪਸੰਦ ਬਾਰੇ ਤੁਹਾਡੇ ਕੋਲ ਜਾਣਕਾਰੀ ਹੋਵੇਗੀ ਤਾਂ ਉਸਦੇ ਮੁਤਾਬਕ ਹੀ ਤੁਸੀਂ ਉਨ੍ਹਾਂ ਨੂੰ ਖੋਜਾਂ ਦੇ ਨਤੀਜੇ (ਸਰਚ ਰਿਜ਼ਲਟ) ਦੇ ਸਕੋਗੇ। ਇਸ ਵਿੱਚ ਖਰਚਾ ਬਹੁਤ ਹੁੰਦਾ ਹੈ, ਡਾਟਾ ਸੈਂਟਰ ਬਣਾਉਣੇ ਪੈਂਦੇ ਹਨ। ਏਕਾਧਿਕਾਰ ਹੋਣਾ ਤਾਂ ਫਿਰ ਕੁਦਰਤੀ ਹੀ ਹੈ।"

ਹੋਰਾਂ ਨੂੰ ਖਰੀਦ ਲਿਆ

ਆਪਣੇ ਸਰਚ ਇੰਜਣ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਹੀ ਪੇਜ ਤੇ ਬ੍ਰਿਨ ਦੀ ਜੋੜੀ ਨਵੇਂ ਕੰਮਾਂ 'ਚ ਹੱਥ ਪਾਉਂਦੀ ਰਹੀ।

ਗੂਗਲ ਨੇ ਆਪਣੇ ਕਰਮਚਾਰੀਆਂ ਲਈ "20% ਟਾਈਮ" ਦਾ ਫਾਰਮੂਲਾ ਵੀ ਅਪਣਾਇਆ ਹੈ। ਇਸ ਮੁਤਾਬਕ ਕਰਮਚਾਰੀਆਂ ਨੂੰ ਹਫ਼ਤੇ ਦਾ ਇੱਕ ਕੰਮਕਾਜੀ ਦਿਨ ਉਨ੍ਹਾਂ ਦੀਆਂ ਆਪਣੀਆਂ ਕਾਢਾਂ ਉੱਤੇ ਲਾਉਣ ਦੀ ਆਜ਼ਾਦੀ ਹੈ।

ਇਸੇ "20 ਫ਼ੀਸਦ ਸਮੇਂ" ਨੇ ਦੁਨੀਆਂ ਨੂੰ ਗੂਗਲ ਨਿਊਜ਼ ਵਰਗੀਆਂ ਨਿਵੇਕਲੀਆਂ ਸੇਵਾਵਾਂ ਦਿੱਤੀਆਂ ਹਨ।

ਗੂਗਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੂਗਲ ਕੰਪਨੀ ਹੁਣ ਸਿਰਫ ਸਰਚ ਇੰਜਣ ਹੀ ਨਹੀਂ ਸਗੋਂ ਕਈ ਹੋਰ ਸੇਵਾਵਾਂ ਵੀ ਦਿੰਦੀ ਹੈ

ਗੂਗਲ ਦੇ ਬਾਨੀ ਇੱਥੇ ਹੀ ਨਹੀਂ ਰੁਕੇ। ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਨੇ ਦਰਜਨਾਂ ਕੰਪਨੀਆਂ ਨੂੰ ਗੂਗਲ ਜਾਂ ਐਲਫ਼ਾਬੈਟ ਦੇ ਹੇਠਾਂ ਲਿਆਂਦਾ ਹੈ।

'ਰੀ-ਕੋਡ' ਨਾਂ ਦੇ ਰਸਾਲੇ ਲਈ ਕੰਮ ਕਰਨ ਵਾਲੇ ਮਾਰਕ ਬਰਜਨ ਮੁਤਾਬਕ, "ਗੂਗਲ ਦੇ ਅਫਸਰਾਂ ਨੂੰ ਸਟਾਰਟ-ਅਪ (ਨਵੀਆਂ ਕੰਪਨੀਆਂ) ਖਰੀਦਣ ਦਾ ਬਹੁਤ ਚਾਅ ਹੈ।"

ਪਿਛਲੇ ਸਾਲ ਅਗਸਤ ਵਿੱਚ ਹੀ ਕੰਪਨੀ ਨੇ 'ਗੂਗਲ' ਬ੍ਰਾਂਡ ਦੀ ਥਾਂ ਕੰਪਨੀ ਦਾ ਨਾਂ ਐਲਫ਼ਾਬੈਟ ਰੱਖਿਆ ਸੀ। ਹੁਣ ਗੂਗਲ ਨਾਂ ਤੁਹਾਨੂੰ ਇਨ੍ਹਾਂ ਦੇ ਹੋਰ ਵੱਡੇ ਕੰਮਾਂ ਉੱਤੇ ਨਹੀਂ ਮਿਲਦਾ। ਇਹ "ਅਸਮਾਨੀ" ਕੰਮਾਂ ਵਿੱਚ ਸ਼ਾਮਲ ਹਨ, ਇਨਸਾਨੀ ਜ਼ਿੰਦਗੀ ਨੂੰ ਵਧਾਉਣਾ, ਡਰੋਨ ਰਾਹੀਂ ਸਾਮਾਨ ਪਹੁੰਚਾਉਣਾ ਅਤੇ ਉਡਦੇ ਗੁਬਾਰਿਆਂ ਤੋਂ ਇੰਟਰਨੈੱਟ ਸੇਵਾ ਮੁਹੱਈਆ ਕਰਾਉਣਾ।

ਮਾਰਕ ਬਰਜਨ ਕਹਿੰਦੇ ਹਨ ਕਿ ਐਲਫ਼ਾਬੈਟ ਨੂੰ ਸਥਾਪਤ ਕਰਨ ਪਿੱਛੇ ਇੱਕ ਕਾਰਨ ਇਹ ਹੈ ਕਿ ਗੂਗਲ ਦੀ ਮਾਲਕ ਕੰਪਨੀ ਹੁਣ "ਘੱਟ ਖ਼ਤਰਨਾਕ" ਲੱਗਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਕੀ ਤੁਸੀਂ ਜਾਣਦੇ ਹੋ ਕਿਵੇਂ ਕੰਮ ਕਰਦਾ ਹੈ ਗੂਗਲ ਦਾ ਸਰਚ ਇੰਜਨ

ਐਲਫ਼ਾਬੈਟ ਕੀ ਕਰਦੀ ਹੈ?

ਹੁਣ 'ਗੂਗਲ' ਹੇਠਾਂ ਸੇਵਾਵਾਂ ਵਿੱਚ ਸਰਚ, ਮੈਪਸ (ਨਕਸ਼ੇ), ਯੂ-ਟਿਊਬ, ਕ੍ਰੋਮ ਅਤੇ ਐਂਡਰਾਇਡ ਸ਼ਾਮਲ ਹਨ।

ਐਲਫ਼ਾਬੈਟ ਬ੍ਰਾਂਡ ਹੇਠਾਂ ਚਲਦੇ ਪ੍ਰੋਜੈਕਟ ਹਨ:

  • X (ਐਕਸ) ਹੇਠਾਂ ਡਰਾਈਵਰ-ਰਹਿਤ ਗੱਡੀਆਂ, ਡਰੋਨ ਰਾਹੀਂ ਡਿਲੀਵਰੀ, ਗੁਬਾਰਿਆਂ ਤੋਂ ਇੰਟਰਨੈੱਟ, ਗਲੂਕੋਜ਼ ਸਤਰ *ਦੱਸਣ ਵਾਲੇ ਕਾਂਟੈਕਟ ਲੈਂਜ਼ ਅਤੇ ਹੋਰ ਵੀ ਕੁਝ ਸੇਵਾਵਾਂ ਉੱਤੇ ਕੰਮ ਕੀਤਾ ਜਾ ਰਿਹਾ ਹੈ।
  • Calico (ਕੈਲੀਕੋ) ਹੇਠਾਂ ਉਮਰ ਘਟਾਉਣ ਵਾਲੀਆਂ ਬਿਮਾਰੀਆਂ ਦੀ ਕਾਟ ਲੱਭੀ ਜਾ ਰਹੀ ਹੈ।
  • Nest (ਨੈਸਟ) ਹੇਠਾਂ ਘਰਾਂ ਲਈ 'ਸਮਾਰਟ' ਹੀਟਰ ਅਤੇ ਹੋਰ ਅਜਿਹੇ ਉਪਕਰਣਾਂ ਨੂੰ ਬਣਾਉਣ ਉੱਤੇ ਕੰਮ ਚੱਲ ਰਿਹਾ ਹੈ।
  • Fiber (ਫਾਈਬਰ) ਉਸ ਸੇਵਾ ਦਾ ਨਾਂ ਹੈ ਜਿਸ ਰਾਹੀਂ ਅਮਰੀਕਾ ਵਿੱਚ ਸੁਪਰ-ਫਾਸਟ ਇੰਟਰਨੈੱਟ ਅਤੇ ਟੀਵੀ-ਆਨ-ਡਿਮਾਂਡ ਮਿਲੇਗਾ।
  • ਰੋਬੋਟ ਬਣਾਉਣ ਵੱਲ ਵੀ ਕੰਮ ਕੀਤਾ ਜਾ ਰਿਹਾ ਹੈ, ਹਾਲਾਂਕਿ ਕੰਪਨੀ ਨੇ ਸਾਫ ਕੀਤਾ ਹੈ ਕਿ ਉਹ ਫੌਜੀ ਵਰਤੋਂ ਲਈ ਕੋਈ ਅਜਿਹਾ ਉਪਕਰਣ ਨਹੀਂ ਬਣਾਏਗੀ।

ਨਿਵੇਸ਼ ਕਿੱਥੇ-ਕਿੱਥੇ?

ਕੰਪਨੀ ਗੂਗਲ ਵੈਂਚਰਜ਼ ਅਤੇ ਗੂਗਲ ਕੈਪੀਟਲ ਰਾਹੀਂ ਹੋਰਾਂ ਦੇ ਪ੍ਰੋਜੈਕਟ ਵਿੱਚ ਵੀ ਪੈਸੇ ਲਗਾ ਰਹੀ ਹੈ। ਹਾਲਾਂਕਿ ਹਰੇਕ ਕਾਢ ਦੀ ਕਾਮਯਾਬੀ ਲਾਜ਼ਮੀ ਨਹੀਂ, ਜਿਵੇਂ ਕਿ ਗੂਗਲ ਗਲਾਸ।

ਮਾਰਕ ਬਰਜਨ ਮੁਤਾਬਕ, "ਗੂਗਲ ਗਲਾਸ ਕਾਫੀ ਮਹਿੰਗਾ ਨਿਵੇਸ਼ ਸੀ। ਇਹ ਸਾਫ ਹੈ ਕਿ ਇਸ ਵਿੱਚ ਇਨ੍ਹਾਂ (ਗੂਗਲ) ਨੇ ਕਈ ਗ਼ਲਤੀਆਂ ਕੀਤੀਆਂ ਸਨ।"

ਸੋਸ਼ਲ ਮੀਡੀਆ ਸੇਵਾਵਾਂ ਵਿੱਚ ਵੀ ਗੂਗਲ ਅਜੇ ਤਕ ਫੇਸਬੁੱਕ ਦਾ ਮੁਕਾਬਲਾ ਨਹੀਂ ਕਰ ਸਕੀ ਹੈ।

ਦਬਦਬੇ 'ਤੇ ਸਵਾਲ

ਇਸ ਦੇ ਬਾਵਜੂਦ ਗੂਗਲ ਇੱਕ ਵੱਡੀ ਕੰਪਨੀ ਹੈ ਅਤੇ ਸਵਾਲ ਇਹ ਹੈ ਕਿ ਕੀ ਇਸ ਨੇ ਆਪਣੇ ਹਾਵੀ ਹੋਣ ਦਾ ਨਾਜਾਇਜ਼ ਲਾਭ ਤਾਂ ਨਹੀਂ ਲਿਆ।

ਆਪਣੇ ਵਿਸ਼ਾਲ ਰੂਪ ਦੀ ਬਦੌਲਤ ਹੀ ਗੂਗਲ ਕੰਪਨੀ ਦੁਨੀਆਂ ਦੇ ਕਈ ਸਿਆਸੀ ਆਗੂਆਂ ਨਾਲ ਨੇੜਤਾ ਬਣਾ ਚੁੱਕੀ ਹੈ।

ਇਲਜ਼ਾਮ ਹੈ ਕਿ ਗੂਗਲ ਨੇ ਸਰਕਾਰਾਂ ਦੀ ਸੋਚ ਉੱਪਰ "ਕਬਜ਼ਾ" ਕਰ ਲਿਆ ਹੈ ਅਤੇ ਇਸ ਕਰਕੇ ਹੀ ਗੂਗਲ ਨੂੰ ਟੈਕਸ ਵਿੱਚ ਰਿਆਇਤ ਮਿਲਦੀ ਰਹਿੰਦੀ ਹੈ।

ਗੂਗਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਲਿਸਟੇਰ ਕੁੱਕ 2014 ਵਿੱਚ ਗੂਗਲ ਗਲਾਸ ਤਕਨੀਕ ਵਾਲੀ ਐਨਕ ਲਗਾ ਕੇ ਪ੍ਰੈਕਟਿਸ ਕਰਦੇ ਹੋਏ। ਇਹ ਤਕਨੀਕ ਬਹੁਤ ਕਾਮਯਾਬੀ ਹਾਸਲ ਨਹੀਂ ਕਰ ਸਕੀ।

ਗੂਗਲ ਉਨ੍ਹਾਂ ਵੱਡੀਆਂ ਕੰਪਨੀਆਂ ਵਿੱਚ ਸ਼ਾਮਲ ਹੈ ਜੋ ਕਿ ਇਹ ਦੱਸਦੀਆਂ ਹੀ ਨਹੀਂ ਕਿ ਉਨ੍ਹਾਂ ਨੇ ਕਿਹੜੇ ਇਲਾਕੇ ਜਾਂ ਦੇਸ਼ ਵਿੱਚ ਕਿੰਨਾ ਟੈਕਸ ਦਿੱਤਾ ਹੈ।

ਫਿਰ ਵੀ, ਫਾਇਨੈਂਸ਼ੀਅਲ ਟਾਈਮਜ਼ ਅਖਬਾਰ ਨੂੰ ਭੇਜੀ ਇੱਕ ਚਿੱਠੀ ਵਿੱਚ ਕੰਪਨੀ ਵੱਲੋਂ ਯੂਰਪ ਦੇ ਸੂਚਨਾ ਨਿਦੇਸ਼ਕ ਪੀਟਰ ਬੈਰਨ ਨੇ ਦੱਸਿਆ ਸੀ, "ਅਮਰੀਕਨ ਕੰਪਨੀ ਹੋਣ ਵਜੋਂ ਅਸੀਂ ਆਪਣੇ ਵੱਲੋਂ ਕਾਰਪੋਰੇਟ ਟੈਕਸ ਦਾ ਵੱਡਾ ਹਿੱਸਾ ਅਮਰੀਕਾ ਵਿੱਚ ਹੀ ਦਿੰਦੇ ਹਾਂ — ਪਿਛਲੇ ਰਿਪੋਰਟ ਕੀਤੇ ਗਏ ਸਾਲ ਦੌਰਾਨ 3.3 ਬਿਲੀਅਨ ਡਾਲਰ (240 ਅਰਬ ਰੁਪਏ)।"

ਗੂਗਲ ਦਾ ਪਹਿਲਾ ਸਲੋਗਨ ਸੀ, "ਡੋਂਟ ਬੀ ਈਵਿਲ" (ਬੁਰਾ ਨਾ ਕਰੋ), ਜਿਸ ਲਈ ਇਸ ਦਾ ਕਈ ਵਾਰ ਮਜ਼ਾਕ ਵੀ ਬਣਾਇਆ ਜਾਂਦਾ ਰਿਹਾ।

ਬ੍ਰਾਯਨ ਵੀਜ਼ਰ ਕਹਿੰਦੇ ਹਨ, "ਇਹ (ਮਜ਼ਾਕ ਉਡਾਉਣਾ) ਮੂਰਖਤਾ ਭਰਿਆ ਹੀ ਸੀ। ਇਸ [ਸਲੋਗਨ] ਵਿੱਚ ਆਦਰਸ਼ਵਾਦ ਨਜ਼ਰ ਆਉਂਦਾ ਸੀ।"

ਉਨ੍ਹਾਂ ਮੁਤਾਬਕ ਗੂਗਲ ਕੰਪਨੀ ਵਿੱਚ ਅੱਜ ਵੀ ਅਜਿਹੇ ਲੋਕ ਹਨ ਜੋਕਿ ਉਸ ਸਿਧਾਂਤ ਨੂੰ ਮੰਨਦੇ ਹਨ ਅਤੇ ਇਸੇ ਕਰਕੇ ਗੂਗਲ ਆਪਣੇ ਦਬਦਬੇ ਦੀ ਦੁਰਵਰਤੋਂ ਨਹੀਂ ਕਰਦੀ। "ਵਿਸ਼ਲੇਸ਼ਕ ਜਿੰਨਾ ਮਰਜ਼ੀ ਆਖਣ ਪਰ ਗੂਗਲ ਨੇ ਆਪਣੀ ਸਥਿਤੀ ਦੀ ਉੱਨੀ ਦੁਰਵਰਤੋਂ ਨਹੀਂ ਕੀਤੀ ਜਿੰਨੀ ਉਹ ਕਰ ਸਕਦੀ ਹੈ।"

ਬ੍ਰਾਯਨ ਵੀਜ਼ਰ ਦਾ ਅੱਗੇ ਕਹਿਣਾ ਹੈ ਕਿ ਆਮ ਗਾਹਕ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਨ੍ਹਾਂ ਨੇ ਨਹੀਂ ਵੇਖਿਆ ਪਰ ਗੂਗਲ ਰਾਹੀਂ ਇਸ਼ਤਿਹਾਰ ਦੇਣ ਵਾਲੇ ਜ਼ਰੂਰ ਕਹਿ ਸਕਦੇ ਹਨ ਕਿ ਗੂਗਲ ਆਪਣੇ ਦਬਦਬੇ ਦੀ ਦੁਰਵਰਤੋਂ ਕਰਦੀ ਹੈ।

ਲੰਮੇ ਪੈਂਡੇ ਉੱਤੇ ਨਜ਼ਰ

ਕੀ ਕੋਈ ਗੂਗਲ ਦੇ ਦਬਦਬੇ ਦਾ ਮੁਕਾਬਲਾ ਕਰ ਸਕੇਗਾ?

ਬ੍ਰਾਯਨ ਵੀਜ਼ਰ ਮੰਨਦੇ ਹਨ ਕਿ ਇਹ ਸੰਭਵ ਹੈ, "ਸਰਚ ਇੰਜਣ ਬਣਾਉਣਾ ਬਹੁਤ ਔਖਾ ਕੰਮ ਨਹੀਂ ਹੈ ਅਤੇ ਅੱਜ ਵੀ ਬਾਜ਼ਾਰ ਵਿੱਚ ਕਈ ਮੌਜੂਦ ਹਨ।"

ਉਨ੍ਹਾਂ ਮੁਤਾਬਕ ਗਾਹਕ ਵੀ ਆਸਾਨੀ ਨਾਲ ਆਪਣੀ ਪਸੰਦ ਬਦਲ ਸਕਦੇ ਹਨ; ਸ਼ਰਤ ਹੈ ਕਿ ਚੀਜ਼ ਚੰਗੀ ਹੋਵੇ।

ਪਰੰਤੂ ਮਾਰਕ ਬਰਜਨ ਦਾ ਮੰਨਣਾ ਹੈ ਕਿ 10-20 ਸਾਲਾਂ ਬਾਅਦ ਵੀ ਗੂਗਲ ਇੱਕ ਵੱਡਾ ਖਿਡਾਰੀ ਰਹੇਗਾ। "ਗੂਗਲ ਨੇ ਇੰਨੇ ਕੁ ਸੀਖ਼ ਅੱਗ ਵਿੱਚ ਭਖਾਏ ਹੋਏ ਹਨ ਕਿ ਕੋਈ ਨਾ ਕੋਈ ਤਾਂ ਕੰਮ ਆ ਹੀ ਜਾਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)