ਅਮਰੀਕੀ ਚੋਣਾਂ ਲਈ ਗੂਗਲ ਦੇ ਸਿਆਸੀ ਐਡ ਦੇਣ ਲਈ ਪਛਾਣ ਪੱਤਰ ਜ਼ਰੂਰੀ ਕੀਤਾ

ਤਸਵੀਰ ਸਰੋਤ, PA
ਗੂਗਲ ਨੇ ਮੰਗ ਕੀਤੀ ਹੈ ਕਿ ਆਉਣ ਵਾਲੀਆਂ ਅਮਰੀਕੀ ਚੋਣਾਂ ਦੌਰਾਨ ਸਿਆਸੀ ਮਸ਼ਹੂਰੀਆਂ ਦੇਣ ਵਾਲਿਆਂ ਨੂੰ ਅਮਰੀਕਾ ਦੇ ਪੱਕੇ ਨਾਗਰਿਕ ਜਾਂ ਪੱਕੇ ਰਿਹਾਇਸ਼ੀ ਹੋਣ ਦਾ ਸਬੂਤ ਦੇਣਾ ਪਏਗਾ।
ਸਿਆਸੀ ਮਸ਼ਹੂਰੀਆਂ ਦੇ ਮਾਮਲੇ ਵਿੱਚ ਹੋਰ 'ਪਾਰਦਰਸ਼ਤਾ' ਲਿਆਉਣ ਦੇ ਲਈ ਗੂਗਲ ਨੀਤੀਆਂ ਵਿੱਚ ਬਦਲਾਅ ਕਰ ਰਿਹਾ ਹੈ। ਇਹ ਮੰਗ ਵੀ ਇਸੇ ਬਦਲਾਅ ਦਾ ਹੀ ਹਿੱਸਾ ਹੈ।
ਇਸ ਦੇ ਨਾਲ ਹੀ ਮਸ਼ਹੂਰੀਆਂ ਦੇਣ ਵਾਲੇ ਨੂੰ ਇਹ ਦੱਸਣਾ ਪਏਗਾ ਕਿ ਮਸ਼ਹੂਰੀ ਲਈ ਪੈਸਾ ਕੌਣ ਲਾ ਰਿਹਾ ਹੈ।
ਇਹ ਖੁਲਾਸਾ ਹੋਇਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਜ਼ ਦਾ ਰੂਸੀ ਪ੍ਰੋਪੇਗੈਂਡਾ ਏਜੰਸੀਆਂ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀਆਂ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰ ਰਹੀਆਂ ਹਨ।
ਗੂਗਲ ਦੀ ਨਵੀਂ ਨੀਤੀ ਤਹਿਤ ਇਹ ਬਦਲਾਅ ਟਵਿੱਟਰ ਅਤੇ ਫੇਸਬੁੱਕ ਲਈ ਵੀ ਕੀਤੇ ਜਾਣਗੇ ਜੋ ਸਿਆਸੀ ਮਸ਼ਹੂਰੀਆਂ ਲਈ ਸਪੇਸ ਖਰੀਦਦੇ ਹਨ।
ਸਖ਼ਤ ਨਿਯਮ
ਗੂਗਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੈਂਟ ਵਾਕਰ ਨੇ ਇੱਕ ਬਲਾਗ ਵਿੱਚ ਕਿਹਾ ਕਿ ਇਹ ਬਦਲਾਅ 2017 ਦੇ ਉਨ੍ਹਾਂ ਦੇ ਸਿਆਸੀ ਮਸ਼ਹੂਰੀਆਂ ਸਬੰਧੀ ਫੰਡਸ ਬਾਰੇ ਪਾਰਦਰਸ਼ਿਤਾ ਲਿਆਉਣ ਦੇ ਕੀਤੇ ਵਾਅਦੇ ਦੇ ਤਹਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ, "ਐਡਵਰਟਾਈਜ਼ਰਜ਼ ਨੂੰ ਸਰਕਾਰ ਵੱਲੋਂ ਜਾਰੀ ਪਛਾਣ ਪੱਤਰ ਅਤੇ ਹੋਰ ਜਾਣਕਾਰੀ ਸਾਂਝੀ ਕਰਨੀ ਪਵੇਗੀ।"

ਤਸਵੀਰ ਸਰੋਤ, Alex Wong/Getty Images
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਗੂਗਲ ਗਰਮੀਆਂ ਦੇ ਮੌਸਮ ਵਿੱਚ ਇੱਕ ਰਿਪੋਰਟ ਜਾਰੀ ਕਰੇਗਾ ਜਿਸ ਵਿੱਚ ਸਿਰਫ਼ ਚੋਣ ਨਾਲ ਸਬੰਧਤ ਮਸ਼ਹੂਰੀਆਂ ਦੀ ਹੀ ਜਾਣਕਾਰੀ ਹੋਵੇਗੀ। ਇਸ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਸ ਨੇ ਮਸ਼ਹੂਰੀ ਲਗਵਾਈ ਹੈ ਅਤੇ ਕਿੰਨਾ ਪੈਸਾ ਖਰਚ ਕੀਤਾ ਗਿਆ ਹੈ।
ਗੂਗਲ ਮਸ਼ਹੂਰੀਆਂ ਬਾਰੇ ਇੱਕ ਡਾਟਾਬੇਸ ਵੀ ਬਣਾ ਰਿਹਾ ਹੈ ਜੋ ਕਿ ਕੋਈ ਵੀ ਸਰਚ ਕਰ ਸਕਦਾ ਹੈ।
ਸ਼ੁਰੂਆਤ ਵਿੱਚ ਇਹ ਪਛਾਣ-ਪੱਤਰ ਅਮਰੀਕੀ ਚੋਣਾਂ ਦੌਰਾਨ ਮੰਗਿਆ ਜਾਵੇਗਾ ਪਰ ਗੂਗਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਚੋਣ ਮੁਹਿੰਮਾਂ ਸਬੰਧੀ ਨਿਯਮ ਵੀ ਸਖ਼ਤ ਹੋਣਗੇ।
ਫੇਸਬੁੱਕ ਅਤੇ ਟਵਿੱਟਰ ਦੋਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਇਸ ਦੀ ਹੋਰ ਜਾਣਕਾਰੀ ਦੇਣਗੇ ਕਿ ਕੌਣ ਸਿਆਸੀ ਮਸ਼ਹੂਰੀਆਂ ਖਰੀਦ ਰਿਹਾ ਹੈ। ਉਨ੍ਹਾਂ ਨੇ ਮਸ਼ਹੂਰੀਆਂ ਦੇਣ ਸਬੰਧੀ ਨਿਯਮ ਸਖ਼ਤ ਕਰ ਦਿੱਤੇ ਹਨ।
ਕਿਉਂ ਲਿਆ ਫੈਸਲਾ?
ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰੂਸੀ ਸਰਕਾਰ ਨਾਲ ਜੁੜੇ ਕਈ ਰੂਸੀ ਅਦਾਕਾਰ ਸਿਆਸੀ ਮਸ਼ਹੂਰੀਆਂ ਖਰੀਦ ਰਹੇ ਸਨ ਤਾਂ ਜੋ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਫੇਸਬੁੱਕ ਦਾ ਦਾਅਵਾ ਹੈ ਕਿ ਕਰੀਬ 3000 ਮਸ਼ਹੂਰੀਆਂ ਨੇ ਕਿਸੇ ਵੀ ਉਮੀਦਵਾਰ ਦੀ ਹਮਾਇਤ ਨਹੀਂ ਕੀਤੀ ਸਗੋਂ ਉਨ੍ਹਾਂ ਵਿੱਚ ਇਮੀਗਰੇਸ਼ਨ ਸਬੰਧੀ ਭੜਕਾਊ ਜਾਣਕਾਰੀ ਸਾਂਝੀ ਕੀਤੀ ਗਈ।
ਨਵੰਬਰ 2018 ਵਿੱਚ ਅਮਰੀਕਾ ਵਿੱਚ ਮੱਧ-ਵਰਤੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਵਿੱਚ ਸੈਂਕੜੇ ਸਿਆਸਤਦਾਨ ਹਿੱਸਾ ਲੈਣਗੇ।












