ਪਟੌਦੀ 'ਚ 'ਲਵ ਜਿਹਾਦ' ਦਾ ਕੋਈ ਮਾਮਲਾ ਨਹੀਂ, ਫ਼ਿਰ ਮਹਾਪੰਚਾਇਤ ਕਿਉਂ ਹੋਈ - ਗਰਾਊਂਡ ਰਿਪੋਰਟ

ਮਹਾਪੰਚਾਇਤ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਪਟੌਦੀ 'ਚ ਹੋਈ ਮਹਾਪੰਚਾਇਤ ਦੀ ਇੱਕ ਤਸਵੀਰ
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ, ਪਟੌਦੀ (ਗੁਰੂਗ੍ਰਾਮ, ਹਰਿਆਣਾ) ਤੋਂ

ਪਟੌਦੀ ਦੀ ਇੱਕ ਭੀੜੀ ਜਿਹੀ ਗਲੀ 'ਚ ਜਦੋਂ ਸਾਡੀ ਕਾਰ ਇੱਕ ਕਰਿਆਨੇ ਦੀ ਦੁਕਾਨ ਸਾਹਮਣੇ ਰੁਕੀ ਤਾਂ ਉੱਥੇ ਖੜ੍ਹੇ ਮੁੰਡਿਆਂ ਨੇ ਕਿਹਾ, ''ਅਸੀਂ ਗੱਡੀ ਉੱਤੇ ਪ੍ਰੈੱਸ ਲਿਖਿਆ ਦੇਖ ਕੇ ਸਮਝ ਹੀ ਗਏ ਸੀ ਕਿ ਰਿਪੋਰਟਰ ਮਹਾਪੰਚਾਇਤ 'ਤੇ ਗੱਲ ਕਰਨ ਆਇਆ ਹੈ।''

ਗਲੇ ਵਿੱਚ ਭਗਵਾ ਕੱਪੜਾ ਪਹਿਨੇ ਇੱਕ ਨੌਜਵਾਨ ਨੇ ਕਿਹਾ, ''ਅਸੀਂ ਮਹਾਪੰਚਾਇਤ ਬਾਰੇ ਖੁੱਲ੍ਹ ਕੇ ਗੱਲ ਕਰਾਂਗੇ, ਆਪਣੇ ਵਿਚਾਰ ਰੱਖਾਂਗੇ। ਪਰ ਅਜੇ ਇੱਥੇ ਨਹੀਂ, ਇਕੱਲੇ 'ਚ...''

ਕਰਿਆਨੇ ਦੀ ਦੁਕਾਨ ਦੇ ਬਾਹਰ 7-8 ਨੌਜਵਾਨ ਚਰਚਾ ਕਰ ਰਹੇ ਸਨ। ਇਨ੍ਹਾਂ ਵਿੱਚੋਂ ਕਈਆਂ ਨੇ ਗਲੇ 'ਚ ਭਗਵਾ ਕੱਪੜਾ ਅਤੇ ਮੱਥੇ ਉੱਤੇ ਟਿੱਕਾ ਲਗਾਇਆ ਹੋਇਆ ਸੀ। ਨੌਜਵਾਨਾਂ ਦਾ ਇਹ ਗਰੁੱਪ ਚਾਰ ਜੁਲਾਈ ਨੂੰ ਪਟੌਦੀ ਦੇ ਰਾਮਲੀਲਾ ਮੈਦਾਨ ਵਿੱਚ ਹੋਈ ਮਹਪੰਚਾਇਤ 'ਚ ਵੀ ਸ਼ਾਮਲ ਸੀ।

ਪਟੌਦੀ 'ਚ ਹਾਲ ਹੀ 'ਚ ਬਣੇ ਧਰਮ ਰੱਖਿਆ ਮੰਚ ਨੇ ਇਸ ਪੰਚਾਇਤ ਦਾ ਆਯੋਜਨ ਕੀਤਾ ਸੀ। ਇਸ 'ਚ ਪਟੌਦੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਬਾਹਰ ਤੋਂ ਆਏ ਹਿੰਦੂਵਾਦੀ ਕਾਰਕੁੰਨਾਂ ਅਤੇ ਸਾਧੂ-ਸੰਤਾਂ ਨੇ ਵੀ ਹਿੱਸਾ ਲਿਆ ਸੀ। ਸਥਾਨਕ ਪ੍ਰਸ਼ਾਸਨ ਨੇ ਇਸ ਪੰਚਾਇਤ ਲਈ ਇਜਾਜ਼ਤ ਨਹੀਂ ਦਿੱਤੀ ਸੀ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਕਥਿਤ ਲਵ ਜਿਹਾਦ, ਮਹਾਪੰਚਾਇਤ ਅਤੇ ਭੜਕਾਊ ਭਾਸ਼ਣ ਦੀ ਕੀ ਹੈ ਪੂਰੀ ਕਹਾਣੀ?

ਐਸਡੀਐਮ ਪ੍ਰਦੀਪ ਕੁਮਾਰ ਮੁਤਾਬਕ, ਹਿੰਦੂ ਸੰਗਠਨਾਂ ਨੇ ਪੰਚਾਇਤ ਲਈ ਇਜਾਜ਼ਤ ਮੰਗੀ ਸੀ ਪਰ ਅਰਜ਼ੀ ਰੱਦ ਕਰ ਦਿੱਤੀ ਗਈ ਸੀ।

ਇਸ ਪੰਚਾਇਤ 'ਚ ਘੱਟ-ਗਿਣਤੀ ਮੁਸਲਮਾਨਾਂ ਖ਼ਿਲਾਫ਼ ਹਿੰਸਕ ਅਤੇ ਭੜਕਾਊ ਨਾਅਰੇਬਾਜ਼ੀ ਕੀਤੀ ਗਈ। ਪੰਚਾਇਤ ਦੇ ਆਯੋਜਕਾਂ 'ਚੋਂ ਇੱਕ ਦੇ ਮੁਤਾਬਕ, ''ਪੰਚਾਇਤ ਦਾ ਮਕਸਦ 'ਲਵ ਜਿਹਾਦ, ਜ਼ਮੀਨ ਵਿਵਾਦ ਅਤੇ ਧਰਮ ਬਦਲਣ ਦੇ ਮੁੱਦੇ ਨੂੰ ਚੁੱਕਣਾ ਅਤੇ ਹਿੰਦੂ ਹਿੱਤਾਂ ਦੀ ਰੱਖਿਆ ਲਈ ਲੋਕਾਂ ਨੂੰ ਇੱਕਜੁਟ ਕਰਨਾ ਸੀ।''

ਪਟੌਦੀ ਦਾ ਸਮਾਜਿਕ ਤਾਣਾ-ਬਾਣਾ

ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲਗਭਗ 60 ਕਿਲੋਮੀਟਰ ਅਤੇ ਗੁਰੂਗ੍ਰਾਮ ਤੋਂ ਕਰੀਬ 30 ਕਿਲੋਮੀਟਰ ਦੂਰ ਵਸਿਆ ਪਟੌਦੀ ਆਪਣੇ ਨਵਾਬੀ ਇਤਿਹਾਸ ਲਈ ਜਾਣਿਆ ਜਾਂਦਾ ਹੈ। ਇੱਥੋਂ ਦੀ ਲਗਭਗ 20 ਹਜ਼ਾਰ ਆਬਾਦੀ ਵਿੱਚ ਜ਼ਿਆਦਾਤਰ ਹਿੰਦੂ ਹਨ। ਇੱਕ ਅੰਦਾਜ਼ੇ ਮੁਤਾਬਕ, ਇੱਥੇ ਚਾਰ-ਪੰਜ ਹਜ਼ਾਰ ਮੁਸਲਮਾਨ ਰਹਿੰਦੇ ਹਨ।

ਅੰਗਰੇਜ਼ਾਂ ਦੇ ਸ਼ਾਸਨ ਕਾਲ ਦੌਰਾਨ ਬਣੀ ਪਟੌਦੀ ਰਿਆਸਤ 'ਚ ਪਟੌਦੀ ਅਤੇ ਆਲੇ-ਦੁਆਲੇ ਦੇ 52 ਪਿੰਡ ਸਨ ਜਿਨ੍ਹਾਂ 'ਚੋਂ ਜ਼ਿਆਦਾਤਰ ਆਬਾਦੀ ਹਿੰਦੂ ਸੀ ਅਤੇ ਸੱਤਾ ਮੁਸਲਮਾਨ ਨਵਾਬਾਂ ਦੇ ਹੱਥ 'ਚ ਸੀ। ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਇਸੇ ਨਵਾਬ ਪਰਿਵਾਰ ਦੇ ਵੰਸ਼ ਵਿੱਚੋਂ ਹਨ।

ਵੀਡੀਓ ਕੈਪਸ਼ਨ, ਭਾਜਪਾ ਬੁਲਾਰੇ ਤੇ ਕਰਨੀ ਸੈਨਾ ਦੇ ਮੁਖੀ ਸੂਰਜ ਪਾਲ ਅਮੂ ਦਾ ਘੱਟਗਿਣਤੀ ਭਾਈਚਾਰੇ ਖਿਲਾਫ਼ ਇਤਰਾਜ਼ਯੋਗ ਭਾਸ਼ਣ

ਆਜ਼ਾਦ ਭਾਰਤ 'ਚ ਨਵਾਬੀ ਤਾਂ ਖ਼ਤਮ ਹੋ ਗਈ ਪਰ ਪਟੌਦੀ ਦਾ ਸੱਭਿਆਚਰਕ ਭਾਈਚਾਰਾ ਕਾਇਮ ਰਿਹਾ। ਇੱਥੇ ਹਿੰਦੂ-ਮੁਸਲਮਾਨ ਮਿਲ ਕੇ ਰਹਿੰਦੇ ਹਨ। ਪਟੌਦੀ ਦੇ ਲੋਕਾਂ ਮੁਤਾਬਕ ਇੱਥੇ ਕਦੇ ਕਿਸੇ ਤਰ੍ਹਾਂ ਦੀ ਫ਼ਿਰਕੂ ਹਿੰਸਾ ਨਹੀਂ ਹੋਈ।

ਸੀਨੀਅਰ ਪੱਤਰਕਾਰ ਓਮ ਪ੍ਰਕਾਸ਼ ਕਹਿੰਦੇ ਹਨ, ''ਪਟੌਤੀ ਸ਼ਾਂਤ ਸ਼ਹਿਰ ਹੈ, ਇੱਥੇ ਲਗਭਗ 25 ਫੀਸਦੀ ਮੁਸਲਮਾਨ ਹਨ। ਹਿੰਦੂਆਂ-ਮੁਸਲਮਾਨਾਂ ਵਿੱਚ ਡੂੰਘਾ ਭਾਈਚਾਰਾ ਹੈ। ਨਵਾਬੀ ਇਤਿਹਾਸ ਵੀ ਹਿੰਦੂ-ਮੁਸਲਮਾਨ ਏਕਤਾ ਦਾ ਹੀ ਹੈ। ਪਟੌਦੀ 'ਚ ਰਾਮਲੀਲਾ ਇੱਥੋਂ ਦੇ ਨਵਾਬ ਨੇ ਹੀ ਸ਼ੁਰੂ ਕਰਵਾਈ ਸੀ। ਪਟੌਦੀ 'ਚ ਕਦੇ ਕੋਈ ਵੱਡਾ ਫਿਰਕੂ ਤਣਾਅ ਜਾਂ ਦੰਗਾ ਨਹੀਂ ਹੋਇਆ।''

4 ਜੁਲਾਈ ਨੂੰ ਹੋਈ ਮਹਾਪੰਚਾਇਤ ਵੀ ਇਸੇ ਰਾਮਲੀਲਾ ਮੈਦਾਨ 'ਚ ਹੋਈ ਸੀ। ਪੰਚਾਇਤ ਵਿੱਚ ਸ਼ਾਮਲ ਰਹੇ ਇੱਕ ਹਿੰਦੂਵਾਦੀ ਵਰਕਰ ਕਹਿੰਦੇ ਹਨ, ''ਪਟੌਦੀ ਦਾ ਇੱਕ ਇਤਿਹਾਸ ਇਹ ਸੀ ਕਿ ਇੱਥੇ ਰਾਮਲੀਲਾ ਨਵਾਬ ਨੇ ਸ਼ੁਰੂ ਕਰਵਾਈ ਸੀ ਅਤੇ ਹੁਣ ਇੱਕ ਮੌਜੂਦਾ ਦੌਰ ਇਹ ਹੈ ਕਿ ਸਾਨੂੰ ਹਿੰਦੂ ਹਿੱਤਾਂ ਦੀ ਰੱਖਿਆ ਲਈ ਇੱਥੇ ਮਹਾਪੰਚਾਇਤ ਕਰਨੀ ਪੈ ਰਹੀ ਹੈ। ਮਹਾਪੰਚਾਇਤ ਦੇ ਬਾਵਜੂਦ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ, ਇਹ ਇਸੇ ਗੱਲ ਦਾ ਪ੍ਰਮਾਣ ਹੈ ਕਿ ਇੱਥੇ ਅਜੇ ਵੀ ਭਾਈਚਾਰਾ ਹੈ।''

ਪਟੌਦੀ

ਹਿੰਦੂਵਾਦੀ ਨੌਜਵਾਨਾਂ ਦੇ ਸਮੂਹ ਕੋਲ ਹੀ ਬੈਠੀ ਇੱਕ ਬਜ਼ੁਰਗ ਔਰਤ ਕਹਿੰਦੀ ਹੈ, ''ਇੱਥੇ ਸਭ ਮਿਲ ਕੇ ਰਹਿੰਦੇ ਹਨ, ਹਿੰਦੂਆਂ-ਮੁਸਲਮਾਨਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਹੈ, ਸ਼ਾਦੀ ਵਿਆਹ 'ਚ ਵੀ ਸੱਦਦੇ ਹਨ। ਉਨ੍ਹਾਂ ਨੂੰ ਸਾਡੇ ਤੋਂ ਕੋਈ ਦਿੱਕਤ ਨਹੀਂ ਹੈ, ਸਾਨੂੰ ਉਨ੍ਹਾਂ ਤੋਂ ਕੋਈ ਦਿੱਕਤ ਨਹੀਂ ਹੈ।''

ਮਹਾਪੰਚਾਇਤ ਤੋਂ ਬਾਅਦ ਮੁਸਲਮਾਨਾਂ 'ਚ ਡਰ

ਪਟੌਦੀ 'ਚ ਮੁਸਲਮਾਨਾਂ ਦੀ ਆਬਾਦੀ ਸ਼ਹਿਰ ਦੀ ਜਾਮਾ ਮਸਜਿਦ ਦੇ ਆਲੇ-ਦੁਆਲੇ ਦੇ ਇਲਾਕੇ 'ਚ ਸਿਮਟੀ ਹੈ। ਇੱਥੇ ਲੋਕ ਕੈਮਰਾ ਦੇਖ ਕੇ ਗੱਲ ਕਰਨ ਤੋਂ ਕਤਰਾਉਂਦੇ ਹਨ।

ਇੱਕ ਬਜ਼ੁਰਗ ਕਹਿੰਦੇ ਹਨ, ''ਪਟੌਦੀ ਦਾ ਮਾਹੌਲ ਚੰਗਾ ਹੈ, ਮਹਾਪੰਚਾਇਤ ਤੋਂ ਬਾਅਦ ਵੀ ਕੁਝ ਨਹੀਂ ਹੋਇਆ, ਅਸੀਂ ਕੁਝ ਬੋਲਾਂਗੇ ਤਾਂ ਇਸ ਨਾਲ ਮਾਹੌਲ ਖ਼ਰਾਬ ਹੀ ਹੋਵਗਾ।''

70 ਸਾਲ ਦੇ ਮਹਿਮੂਦ ਪਟੌਦੀ ਦੇ ਮੂਲ ਨਿਵਾਸੀ ਨਹੀਂ ਹਨ। ਉਹ ਬਾਹਰ ਤੋਂ ਆ ਕੇ ਇੱਥੇ ਵਸੇ ਹਨ ਅਤੇ ਕੱਪੜੇ ਦੀ ਦੁਕਾਨ ਚਲਾਉਂਦੇ ਹਨ। ਮਹਿਮੂਦ ਕਹਿੰਦੇ ਹਨ, ''ਮੁਸਲਮਾਨਾਂ ਦੇ ਡਰਨ ਦੀ ਵਜ੍ਹਾ ਇਹ ਹੈ ਕਿ ਪੰਚਾਇਤ 'ਚ ਮੁਸਲਮਾਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਹਿੰਦੂਆਂ ਨੂੰ ਕਿਹਾ ਗਿਆ ਕਿ ਉਹ ਮੁਸਲਮਾਨਾਂ ਨੂੰ ਬਾਹਰ ਕੱਢਣ, ਉਨ੍ਹਾਂ ਤੋਂ ਦੁਕਾਨ-ਮਕਾਨ ਖਾਲ੍ਹੀ ਕਰਵਾ ਲਓ।''

ਮਹਿਮੂਦ
ਤਸਵੀਰ ਕੈਪਸ਼ਨ, ਮਹਿਮੂਦ ਪਟੌਦੀ ਦੇ ਮੂਲ ਨਿਵਾਸੀ ਨਹੀਂ ਹਨ

ਮਹਿਮੂਦ ਕਹਿੰਦੇ ਹਨ, ''ਸਿਰਫ਼ ਪਟੌਦੀ 'ਚ ਹੀ ਮੁਸਲਮਾਨ ਰਹਿੰਦੇ ਹਨ, ਆਲੇ-ਦੁਆਲੇ ਸਾਰੇ ਹਿੰਦੂਆਂ ਦੇ ਪਿੰਡ ਹਨ। ਅੱਜ ਹਿੰਦੂ ਮੁਸਲਮਾਨਾਂ ਨੂੰ ਬਾਹਰ ਕੱਢਣ ਦੀ ਗੱਲ ਕਰ ਰਹੇ ਹਨ। ਇਹ ਜ਼ਿਆਦਤੀ ਹੈ ਪਰ ਅਸੀਂ ਇਸ ਦੇ ਖ਼ਿਲਾਫ਼ ਕਰ ਵੀ ਕੀ ਸਕਦੇ ਹਾਂ? ਨਾਅਰੇਬਾਜ਼ੀ ਨਾਲ ਸਾਨੂੰ ਬਹੁਤ ਬੁਰਾ ਲੱਗਿਆ, ਪਰ ਅਸੀਂ ਚੁੱਪ ਰਹੇ, ਅਸੀਂ ਕੁਝ ਨਹੀਂ ਕੀਤਾ।''

ਮਹਿਮੂਦ ਅੱਗੇ ਕਹਿੰਦੇ ਹਨ ਕਿ ਇੱਥੇ ਸਾਰੇ ਲੋਕ ਮਿਲ-ਜੁਲ ਕੇ ਰਹਿ ਰਹੇ ਹਨ ਪਰ ਮਹਾਪੰਚਾਇਤ ਹੋਣ ਤੋਂ ਬਾਅਦ ਤਣਾਅ ਹੋ ਗਿਆ ਹੈ। ਹਾਲ ਹੀ ਦੇ ਦਿਨਾਂ 'ਚ ਪਟੌਦੀ ਦੇ ਆਲੇ-ਦੁਆਲੇ ਦੇ ਹਿੰਦੂਆਂ ਦੀ ਜ਼ਿਆਦਾ ਗਿਣਤੀ ਵਾਲੇ ਪਿੰਡਾਂ ਵਿੱਚ ਫੇਰੀ ਲਾਉਣ ਜਾਂ ਕਿਸੇ ਕੰਮ ਤੋਂ ਆਏ ਮੁਸਲਮਾਨਾਂ ਦੇ ਨਾਲ ਕੁੱਟਮਾਰ ਅਤੇ ਰੋਕ-ਟੋਕ ਦੀਆਂ ਕਈ ਘਟਨਾਵਾਂ ਹੋਈਆਂ ਹਨ।

ਮਹਿਮੂਦ ਕਹਿੰਦੇ ਹਨ, ''ਮੁਸਲਮਾਨ ਜੇ ਆਲੇ-ਦੁਆਲੇ ਕਿਸੇ ਪਿੰਡ ਵਿੱਚ ਸਮਾਨ ਵੇਚਣ ਜਾਂਦੇ ਹਨ ਤਾਂ ਉਨ੍ਹਾਂ 'ਤੇ ਇਲਜ਼ਾਮ ਲਗਾ ਦਿੰਦੇ ਹਨ। ਜੇ ਕਿਸੇ ਕਾਰੋਬਾਰੀ ਮੁਸਲਮਾਨ ਦਾ ਪਿੰਡ 'ਚ ਕੋਈ ਉਧਾਰ ਹੈ ਤਾਂ ਉਹ ਉਧਾਰ ਮੰਗਣ ਵੀ ਨਹੀਂ ਜਾ ਪਾਉਣਗੇ। ਜੇ ਮੁਸਲਮਾਨ ਫੇਰੀ ਵਾਲੇ ਆਲੇ-ਦੁਆਲੇ ਦੇ ਪਿੰਡਾਂ 'ਚ ਨਹੀਂ ਜਾ ਸਕਣਗੇ ਤਾਂ ਉਨ੍ਹਾਂ ਦੇ ਘਰਾਂ ਵਿੱਚ ਭੁੱਖਮਰੀ ਵਾਲੇ ਹਾਲਾਤ ਹੋ ਜਾਣਗੇ।''

ਰਾਜੂ ਖ਼ਾਨ
ਤਸਵੀਰ ਕੈਪਸ਼ਨ, ਭਾਰਤੀ ਜਨਤਾ ਪਾਰਟੀ ਦੇ ਘੱਟ-ਗਿਣਤੀ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ ਰਾਜੂ ਖ਼ਾਨ

ਉਧਰ ਭਾਰਤੀ ਜਨਤਾ ਪਾਰਟੀ ਦੇ ਘੱਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਜੂ ਖ਼ਾਨ ਕਹਿੰਦੇ ਹਨ, ''ਪਟੌਦੀ 'ਚ ਸਦੀਆਂ ਪੁਰਾਣਾ ਭਾਈਚਾਰਾ ਹੈ, ਹਿੰਦੂ ਮੁਸਲਮਾਨ ਲਈ ਖੜ੍ਹਾ ਹੁੰਦਾ ਰਹਿੰਦਾ ਹੈ ਅਤੇ ਮੁਸਲਮਾਨ ਹਿੰਦੂਆਂ ਲਈ ਖੜ੍ਹੇ ਹੁੰਦੇ ਹਨ, ਇਹ ਪਤਾ ਹੀ ਨਹੀਂ ਚੱਲਿਆ ਕਿ ਇਹ ਆਯੋਜਨ ਕਿਉਂ ਕੀਤਾ ਗਿਆ।''

ਰਾਜੂ ਕਹਿੰਦੇ ਹਨ, ''ਪੰਚਾਇਤ 'ਚ ਭੜਕਾਊ ਨਾਅਰੇਬਾਜ਼ੀ ਬਾਹਰ ਤੋਂ ਆਏ ਲੋਕਾਂ ਨੇ ਕੀਤੀ ਸੀ। ਬਾਵਜੂਦ ਇਸ ਦੇ ਪਟੌਦੀ ਵਿੱਚ ਸ਼ਾਂਤੀ ਹੈ।"

ਹਾਜੀ ਅਬਦੁਲ ਰਾਸ਼ੀਦ
ਤਸਵੀਰ ਕੈਪਸ਼ਨ, ਹਾਜੀ ਅਬਦੁਲ ਰਾਸ਼ੀਦ ਨੂੰ ਪਟੌਦੀ ਦੇ ਭਾਈਚਾਰੇ 'ਤੇ ਪੂਰਾ ਭਰੋਸਾ ਹੈ

ਉਧਰ 70 ਸਾਲ ਦੇ ਹਾਜੀ ਅਬਦੁਲ ਰਸ਼ੀਦ ਕਹਿੰਦੇ ਹਨ, ''ਬਾਹਰ ਦੇ ਬੰਦੇ ਆ ਕੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ, ਸਾਨੂੰ ਪਤਾ ਨਹੀਂ ਹੈ। ਪਟੌਦੀ ਦੇ ਹਿੰਦੂਆਂ ਨੇ ਵੀ ਕਦੇ ਸਾਨੂੰ ਪਰੇਸ਼ਾਨ ਨਹੀਂ ਕੀਤਾ। ਪੰਚਾਇਤ ਵਿੱਚ ਹੋਈ ਨਾਅਰੇਬਾਜ਼ੀ ਦੇ ਬਾਵਜੂਦ ਸਾਨੂੰ ਡਰ ਨਹੀਂ ਹੈ ਕਿਉਂਕਿ ਸਾਨੂੰ ਇੱਥੋਂ ਦੇ ਲੋਕਾਂ ਉੱਤੇ ਭਰੋਸਾ ਹੈ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

'ਲਵ ਜਿਹਾਦ' ਦੇ ਮਾਮਲੇ ਵੱਧ ਰਹੇ ਹਨ?

ਭਾਰਤ ਵਿੱਚ ਹਿੰਦੂਵਾਦੀ ਸੰਗਠਨ ਇਲਜ਼ਾਮ ਲਗਾਉਂਦੇ ਹਨ ਕਿ ਮੁਸਲਮਾਨ ਮੁੰਡੇ ਆਪਣੀ ਧਾਰਮਿਕ ਪਛਾਣ ਲੁਕੋ ਕੇ ਅਤੇ ਹਿੁੰਦੂ ਰੂਪ ਧਾਰ ਕੇ ਹਿੰਦੂ ਕੁੜੀਆਂ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਉਂਦੇ ਹਨ ਅਤੇ ਫ਼ਿਰ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਹਿੰਦੂ ਸੰਗਠਨ ਇਸ ਨੂੰ 'ਲਵ ਜਿਹਾਦ' ਦਾ ਨਾਮ ਦਿੰਦੇ ਹਨ। ਹਾਲਾਂਕਿ ਅਜਿਹੇ ਮਾਮਲਿਆਂ ਦੇ ਬਾਰੇ ਕੋਈ ਠੋਸ ਅੰਕੜੇ ਮੌਜੂਦ ਨਹੀਂ ਹਨ।

ਪਟੌਦੀ 'ਚ ਹੋਈ ਹਿੰਦੂ ਧਰਮ ਰੱਖਿਆ ਸੰਗਠਨ ਦੀ ਮਹਾਪੰਚਾਇਤ ਵੀ ਅਜਿਹੇ ਮਾਮਲਿਆਂ ਦੇ ਵਿਰੋਧ 'ਚ ਕੀਤੀ ਗਈ ਸੀ। ਪੰਚਾਇਤ 'ਚ ਸ਼ਾਮਲ ਬੁਲਾਰਿਆਂ ਨੇ ਦਾਅਵਾ ਕੀਤਾ ਸੀ ਕਿ ਪਟੌਦੀ ਖ਼ੇਤਰ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਕੁਝ ਬੁਲਾਰਿਆਂ ਨੇ ਕਿਹਾ ਸੀ ਪਟੌਦੀ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਅਜਿਹੇ 18 ਮਾਮਲੇ ਸਾਹਮਣੇ ਆ ਚੁੱਕੇ ਹਨ।

ਹਾਲਾਂਕਿ ਜਦੋਂ ਬੀਬੀਸੀ ਨੇ ਹਿੰਦੂਵਾਦੀ ਸੰਗਠਨਾਂ ਤੋਂ ਇਸ ਤਰ੍ਹਾਂ ਦੇ ਮਾਮਲਿਆਂ 'ਚ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਵੀ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਉਧਰ ਮਾਨੇਸਰ ਦੇ ਡੀਸੀਪੀ ਵਰੁਣ ਸਾਂਗਲਾ ਨੇ ਬੀਬੀਸੀ ਨੂੰ ਕਿਹਾ, ''ਹਾਲ ਹੀ ਦੇ ਮਹੀਨਿਆਂ ਵਿੱਚ ਪਟੌਦੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਇਸ ਤਰ੍ਹਾਂ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।''

ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਪਟੌਦੀ ਜਾਂ ਗੁਰੂਗ੍ਰਾਮ ਪੁਲਿਸ ਨੇ ਲਵ ਜਿਹਾਦ ਦੇ ਮਾਮਲੇ ਦਰਜ ਕੀਤੇ ਹਨ ਤਾਂ ਉਨ੍ਹਾਂ ਨੇ ਕਿਹਾ, ''ਅਸੀਂ ਇਸ ਤਰ੍ਹਾਂ ਦਾ ਕੋਈ ਅੰਕੜਾ ਨਹੀਂ ਰੱਖਦੇ ਹਾਂ।''

ਹਿੰਦੂ ਧਰਮ ਰੱਖਿਆ ਮੰਚ ਨਾਲ ਜੁੜੇ ਸੰਜੀਵ ਯਾਦਵ ਜਾਨੌਲਾ ਨੇ ਮਹਾਪੰਚਾਇਤ ਦਾ ਸੰਚਾਲਨ ਕੀਤਾ ਸੀ।

ਸੰਜੀਵ ਯਾਦਵ ਜਾਨੌਲਾ
ਤਸਵੀਰ ਕੈਪਸ਼ਨ, ਸੰਜੀਵ ਯਾਦਵ ਜਾਨੌਲਾ ਨੇ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ

ਬੀਬੀਸੀ ਨੂੰ ਜਾਨੌਲਾ ਕਹਿੰਦੇ ਹਨ, ''ਮਹਾਪੰਚਾਇਤ 'ਚ ਸਿਰਫ਼ ਪਟੌਦੀ ਹੀ ਨਹੀਂ ਦੂਰ-ਦੁਰਾਡੇ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕ ਅਤੇ ਸਾਧੂ-ਸੰਤ ਆਏ ਸੀ। ਪਟੌਦੀ ਖ਼ੇਤਰ ਅੰਦਰ ਵੱਧਦੇ ਹੋਏ ਲਵ ਜਿਹਾਦ, ਜ਼ਮੀਨ ਜਿਹਾਦ, ਧਰਮ ਬਦਲਣ ਵਰਗੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਪੰਚਾਇਤ ਕੀਤੀ ਗਈ ਸੀ।''

ਉਹ ਕਹਿੰਦੇ ਹਨ, ''ਪਟੌਦੀ ਖੇਤਰ 'ਚ ਸ਼ਾਂਤਮਈ ਮਾਹੌਲ ਸਾਲਾਂ ਤੋਂ ਕਾਇਮ ਹੈ, ਅਸੀਂ ਚੇਤਾਵਨੀ ਦਿੱਤੀ ਹੈ ਕਿ ਇਸ ਸ਼ਾਂਤੀ ਨੂੰ ਵਿਗਾੜਨ ਦਾ ਕੰਮ ਕੋਈ ਜਿਹਾਦੀ ਨਾ ਕਰੇ।''

ਪੰਚਾਇਤ 'ਚ ਹੋਈ ਹਿੰਸਕ ਨਾਅਰੇਬਾਜ਼ੀ ਦੇ ਸਵਾਲ ਉੱਤੇ ਜਾਨੌਲਾ ਕਹਿੰਦੇ ਹਨ, ''ਇਸ ਤਰ੍ਹਾਂ ਦੀ ਨਾਅਰੇਬਾਜ਼ੀ ਗ਼ਲਤ ਸੀ, ਅਸੀਂ ਪੰਚਾਇਤ ਤੋਂ ਪਹਿਲਾਂ ਹੀ ਫ਼ੈਸਲਾ ਲਿਆ ਸੀ ਕਿ ਅਸੀਂ ਸਿਰਫ਼ ਹਿੰਦੂ ਹਿੱਤ ਅਤੇ ਸੁਹਾਰਦ ਦੀ ਗੱਲ ਕਰਾਂਗੇ। ਕਿਸ ਨੂੰ ਵੱਡਣਾ ਹੈ, ਕਿਸ ਨੂੰ ਸਾੜਨਾ ਹੈ, ਇਹ ਸਾਡਾ ਕੰਮ ਨਹੀਂ ਹੈ।''

ਜਾਨੌਲਾ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਟੀਮ ਨੂੰ ਹਾਲ ਹੀ 'ਚ ਪਟੌਦੀ ਖੇਤਰ 'ਚ ਲਵ ਜਿਹਾਦ ਦੇ 18 ਮਾਮਲੇ ਮਿਲੇ ਹਨ। ਹਾਲਾਂਕਿ ਉਹ ਕਿਸੇ ਵੀ ਇੱਕ ਮਾਮਲੇ ਬਾਰੇ ਠੋਸ ਜਾਣਕਾਰੀ ਨਹੀਂ ਦੇ ਸਕੇ।

ਇਹ ਵੀ ਪੜ੍ਹੋ:

ਜਦੋਂ ਅਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ 'ਪੀੜਤ ਪਰਿਵਾਰਾਂ' ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ, ''ਜਿਸ ਦੀ ਬੇਟੀ ਜਾਂ ਭੈਣ ਦੇ ਨਾਲ ਇਹ ਘਟਨਾ ਹੁੰਦੀ ਹੈ, ਉਸ ਦਾ ਪਰਿਵਾਰ ਹੀ ਪਿੱਛੇ ਹੱਟ ਜਾਂਦਾ ਹੈ। ਉਹ ਸਾਡੇ ਸਾਹਮਣੇ ਤਾਂ ਕਹਿੰਦੇ ਹਨ ਕਿ ਅਜਿਹੀ ਘਟਨਾ ਹੋਈ ਹੈ ਪਰ ਉਹ ਇਸ ਨੂੰ ਜਨਤੱਕ ਤੌਰ 'ਤੇ ਸਵੀਕਾਰ ਨਹੀਂ ਕਰਦੇ।''

ਜਦੋਂ ਅਸੀਂ ਜ਼ੋਰ ਦੇ ਕੇ ਕਿਹਾ ਕਿ ਜਿਸ ਮੁੱਦੇ 'ਤੇ ਮਹਾਪੰਚਾਇਤ ਹੋ ਰਹੀ ਹੈ, ਇਲਾਕੇ ਦੀ ਸ਼ਾਂਤੀ ਨੂੰ ਖ਼ਤਰੇ 'ਚ ਪਾਇਆ ਜਾ ਰਿਹਾ ਹੈ। ਘੱਟੋ ਘੱਟ ਉਸ ਦਾ ਇੱਕ ਉਦਾਹਰਣ ਤਾਂ ਉਹ ਦੇਣ ਤਾਂ ਜਾਨੌਲਾ ਕਹਿੰਦੇ ਹਨ, ''ਇਸ ਤਰ੍ਹਾਂ ਦੇ ਮਾਮਲਿਆਂ ਦੀ ਪੂਰੀ ਰਿਪੋਰਟ ਸਾਡੀ ਕਮੇਟੀ ਕੋਲ ਹੈ। ਜਦੋਂ ਲੋੜ ਪਵੇਗੀ ਤਾਂ ਇਸ ਨੂੰ ਸਾਹਮਣੇ ਲਿਆਵਾਂਗੇ, ਮੈਂ ਪਹਿਲਾਂ ਵੀ ਕਹਿ ਚੁੱਕਿਆਂ ਹਾਂ ਕਿ ਹਿੰਦੂ ਸਮਾਜ ਦੇ ਪੀੜਤ ਲੋਕ ਸਾਹਮਣੇ ਆਉਣ ਤੋਂ ਡਰਦੇ ਹਨ। ਸਮਾਜ ਦੇ ਡਰ ਕਰਕੇ ਉਹ ਬੋਲ ਨਹੀਂ ਪਾਉਂਦੇ।''

ਭਾਰਤ ਦਾ ਸੰਵਿਧਾਨ ਬਾਲਗ ਨਾਗਰਿਕਾਂ ਨੂੰ ਵਿਆਹ ਕਰਨ ਦਾ ਅਧਿਕਾਰ ਦਿੰਦਾ ਹੈ। ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਵੀ ਵਿਆਹ ਕਰਨ ਦੀ ਆਜ਼ਾਦੀ ਹੈ। ਫ਼ਿਰ ਹਿੰਦੂ ਰੱਖਿਆ ਮੰਚ ਵਰਗੇ ਸੰਗਠਨ ਅਜਿਹੇ ਵਿਆਹਾਂ ਦਾ ਵਿਰੋਧ ਕਿਉਂ ਕਰਦੇ ਹਨ?

ਇਸ ਉੱਤੇ ਜਾਨੌਲਾ ਕਹਿੰਦੇ ਹਨ, ''ਭਾਰਤ ਦਾ ਸੰਵਿਧਾਨ ਪਤਾ ਨਹੀਂ ਕੀ-ਕੀ ਇਜਾਜ਼ਤ ਇਸ ਦੇਸ਼ ਨੂੰ ਦਿੰਦਾ ਹੈ, ਉਹ ਜਿਹੜਾ ਭਾਰਤ ਦਾ ਕਾਨੂੰਨ ਬਣਿਆ ਹੈ, ਕੀ ਉਹ ਸਿਰਫ਼ ਹਿੰਦੂਆਂ 'ਤੇ ਹੀ ਲਾਗੂ ਹੋਵੇਗਾ।''

ਜਾਨੌਲਾ ਕਹਿੰਦੇ ਹਨ, ''ਜਦੋਂ ਵੀ ਅੰਤਰ-ਧਾਰਮਿਕ ਵਿਆਹ ਹੋਣਗੇ, ਅਸੀਂ ਉਨ੍ਹਾਂ ਦਾ ਵਿਰੋਧ ਕਰਾਂਗੇ, ਭਾਵੇਂ ਪਛਾਣ ਜਨਤੱਕ ਕਰਕੇ ਇਹ ਵਿਆਹ ਹੋ ਰਹੇ ਹਨ। ਹਿੰਦੂ ਬੇਟੀ ਦਾ ਵਿਆਹ ਹਿੰਦੂ ਨਾਲ ਹੀ ਹੋਵੇਗਾ। ਕਿਸੇ ਮੁਸਲਮਾਨ ਦੇ ਘਰ 'ਚ ਅਸੀਂ ਹਿੰਦੂ ਬੇਟੀ ਨਹੀਂ ਜਾਣ ਦਿਆਂਗੇ।''

''ਮੁਸਲਮਾਨ ਧਰਮ ਦੇ ਲੋਕ ਆਪਣਾ ਨਾਮ ਹਿੰਦੂ ਰੱਖ ਕੇ ਪਿੰਡ ਦੇ ਅੰਦਰ ਘੁੰਮਦੇ ਹਨ ਅਤੇ ਸਾਡੀ ਭੋਲੀ-ਭਾਲੀ ਹਿੰਦੂ ਕੁੜੀਆਂ ਨੂੰ ਝਾਂਸੇ ਵਿੱਚ ਲੈਂਦੇ ਹਨ ਅਤੇ ਆਪਣੇ ਵੱਲ ਖਿੱਚਦੇ ਹਨ।''

''ਇਹ ਜਿਹਾਦੀ ਕੁਝ ਸਮੇਂ ਲਈ ਉਸ ਨੂੰ ਆਪਣੇ ਕੋਲ ਰੱਖਦੇ ਹਨ, ਫ਼ਿਰ ਛੱਡ ਦਿੰਦੇ ਹਨ। ਆਮਿਰ ਖਾਨ ਨੇ ਵੀ ਅਜਿਹੀ ਹੀ ਕੀਤਾ ਹੈ। ਛੋਟੇ ਪੱਧਰ ਤੋਂ ਲੈ ਕੇ ਵੱਡੇ ਤੱਕ ਇੱਕੋ ਤਰ੍ਹਾਂ ਦਾ ਜਿਹਾਦ ਹੋ ਰਿਹਾ ਹੈ।''

''ਹਿੰਦੂ ਧਰਮ 'ਚ ਜੇ ਕੋਈ ਆਪਣੀ ਪਤਨੀ ਛੱਡਦਾ ਹੈ ਤਾਂ ਆਸਾਨੀ ਨਾਲ ਦੂਜਾ ਵਿਆਹ ਨਹੀਂ ਹੁੰਦਾ। ਪਰ ਮੁਸਲਮਾਨਾਂ 'ਚ ਪਤਨੀ ਛੱਡਕੇ ਦੂਜਾ ਵਿਆਹ ਸੌਖਾ ਹੈ।''

ਓਮ ਪ੍ਰਕਾਸ਼
ਤਸਵੀਰ ਕੈਪਸ਼ਨ, ਸੀਨੀਅਰ ਪੱਤਰਕਾਰ ਓਮ ਪ੍ਰਕਾਸ਼ ਕਹਿੰਦੇ ਹਨ ਕਿ ਪਟੌਦੀ 'ਚ ਕਥਿਤ ਲਵ ਜਿਹਾਦ ਦਾ ਕੋਈ ਮਾਮਲਾ ਨਹੀਂ ਹੈ

ਸੀਨੀਅਰ ਪੱਤਰਕਾਰ ਓਮ ਪ੍ਰਕਾਸ਼ ਕਹਿੰਦੇ ਹਨ, ''ਜੇ ਦੋ ਲੋਕ ਪਿਆਰ ਕਰਦੇ ਹਨ ਤਾਂ ਮੈਂ ਉਸ ਨੂੰ ਲਵ ਜਿਹਾਦ ਨਹੀਂ ਮੰਨਦਾ, ਪਰ ਟਾਰਗੇਟ ਕਰਕੇ, ਧਰਮ ਬਦਲ ਕੇ ਹਿੰਦੂ ਕੁੜੀ ਨੂੰ ਫਸਾਉਣਾ ਗਲਤ ਹੈ। ਮੇਰੀ ਜਾਣਕਾਰੀ 'ਚ ਅਜੇ ਪਟੌਦੀ ਵਿੱਚ ਅਜਿਹਾ ਕੋਈ ਮਾਮਲੇ ਸਾਹਮਣੇ ਨਹੀਂ ਆਇਆ ਹੈ।''

ਓਮ ਪ੍ਰਕਾਸ਼ ਕਹਿੰਦੇ ਹਨ, ''ਹਾਲ ਹੀ 'ਚ ਲਵ ਜਿਹਾਦ ਵਰਗਾ ਇੱਕ ਮਾਮਲਾ ਆਇਆ ਸੀ, ਪਰ ਉਸ 'ਚ ਵੀ ਕੁੜੀ ਅਤੇ ਮੁੰਡੇ ਵਿਚਾਲੇ ਆਪਸ 'ਚ ਸਮਝੌਤਾ ਹੋ ਗਿਆ ਸੀ। ਕੋਈ ਸ਼ਿਕਾਇਤ ਨਹੀਂ ਹੋਈ ਸੀ। ਦੱਸਦੇ ਹਨ ਕਿ ਅਜਿਹੇ ਮਾਮਲੇ ਹੋਏ ਹਨ ਪਰ ਮੇਰੀ ਆਪਣੀ ਜਾਣਕਾਰੀ 'ਚ ਨਹੀਂ ਹੈ। ਹਾਂ, ਆਲੇ-ਦੁਆਲੇ ਤੋਂ ਅਜਿਹੇ ਮਾਮਲਿਆਂ ਦੀ ਰਿਪੋਰਟ ਆਉਂਦੀ ਹੈ, ਹੁਣ ਇਸ ਬਾਰੇ ਸੁਣ ਰਹੇ ਹਾਂ ਤਾਂ ਕੁਝ ਤਾਂ ਹੋ ਰਿਹਾ ਹੋਵੇਗਾ।''

ਪਟੌਦੀ 'ਚ ਨਵਾਬ ਪਰਿਵਾਰ ਦੇ ਮਹਿਲ ਦੀ ਕੰਧ ਦੀ ਛਾਂ ਹੇਠ ਬੈਠੇ ਕੁਝ ਲੋਕ ਤਾਸ਼ ਖੇਡ ਰਹੇ ਹਨ। ਇੱਥੇ ਬੈਠੇ ਬਜ਼ੁਰਗ ਧਰਮਪਾਲ ਬਤਰਾ ਕਹਿੰਦੇ ਹਨ, ''ਮੈਂ ਮਹਾਪੰਚਾਇਤ 'ਚ ਗਿਆ ਨਹੀਂ ਸੀ। ਧਰਮ ਬਦਲਣਾ, ਲਵ ਜਿਹਾਦ ਦੇ ਬਾਰੇ ਸਾਡੇ 52 ਪਿੰਡਾਂ ਦੀ ਮਹਾਪੰਚਾਇਤ ਸੀ, ਪਰ ਸਾਡੇ ਇਲਾਕੇ 'ਚ ਤਾਂ ਇਸ ਤਰ੍ਹਾਂ ਦਾ ਕੋਈ ਮਾਮਲਾ ਹੋਇਆ ਹੀ ਨਹੀਂ ਹੈ।''

ਧਰਮਪਾਲ ਬਤਰਾ
ਤਸਵੀਰ ਕੈਪਸ਼ਨ, ਧਰਮਪਾਲ ਬਤਰਾ ਮੁਤਾਬਕ, ਮੁੰਡਾ-ਕੁੜੀ ਦੋਵੇਂ ਨਾਲ ਰਹਿੰਦੇ ਹਨ ਤੇ ਜਦੋਂ ਗੱਲ ਵਿਗੜ ਜਾਂਦੀ ਹੈ ਤਾਂ ਲਵ ਜਿਹਾਦ ਕਹਿ ਦਿੰਦੇ ਹਨ

ਕਥਿਤ ਲਵ ਜਿਹਾਦ ਦੇ ਮਾਮਲਿਆਂ ਬਾਰੇ ਬਤਰਾ ਕਹਿੰਦੇ ਹਨ, ''ਮੁੰਡਾ-ਕੁੜੀ ਦੋਵੇਂ ਨਾਲ ਰਹਿੰਦੇ ਹਨ, ਜਦੋਂ ਗੱਲ ਵਿਗੜ ਜਾਂਦੀ ਹੈ ਤਾਂ ਲਵ ਜਿਹਾਦ ਕਹਿ ਦਿੰਦੇ ਹਨ।''

ਪੰਚਾਇਤ 'ਚ ਹੋਈ ਭੜਕਾਊ ਨਾਅਰੇਬਾਜ਼ੀ ਉੱਤੇ ਬਤਰਾ ਕਹਿੰਦੇ ਹਨ, ''ਹਰ ਕਿਸਮ ਦਾ ਬੰਦਾ ਪੰਚਾਇਤ 'ਚ ਆਉਂਦਾ ਹੈ, ਆਪਣੀ ਭਾਸ਼ਾ ਬੋਲਦਾ ਹੈ। ਇਸ ਨਾਲ ਮਾਹੌਲ ਖਰਾਬ ਹੁੰਦਾ ਹੈ ਪਰ ਇੱਥੇ ਕੋਈ ਖ਼ਾਸ ਫਰਕ ਨਹੀਂ ਪਿਆ। ਪਟੌਦੀ 'ਚ ਸਾਰੇ ਮਿਲ ਕੇ ਰਹਿੰਦੇ ਹਨ।''

ਫ਼ਿਰ ਇਹ ਭੜਕਾਊ ਨਾਅਰੇਬਾਜ਼ੀ ਕਿਉਂ ਕੀਤੀ ਗਈ, ਇਸ ਉੱਤੇ ਆਪਣੀ ਰਾਇ ਰੱਖਦੇ ਹੋਏ ਬਤਰਾ ਕਹਿੰਦੇ ਹਨ, ''ਕੁਝ ਲੋਕ ਆਪਣਾ ਨਾਮ ਮਸ਼ਹੂਰ ਕਰਨ ਲਈ ਇਹ ਪੰਚਾਇਤ ਕਰ ਰਹੇ ਹਨ। ਪਟੌਦੀ 53 ਪਿੰਡਾਂ ਦੀ ਰਿਆਸਤ ਹੈ, ਇਸ ਲਈ ਇੱਥੇ ਪੰਚਾਇਤ ਹੋਈ। ਆਲੇ-ਦੁਆਲੇ ਦੇ ਪਿਡਾਂ ਵਿੱਚੋਂ ਮੁਸਲਮਾਨ ਵੀ ਸਿਰਫ਼ ਇੱਥੇ ਹਨ, ਇਸੇ ਲਈ ਇੱਥੇ ਪੰਚਾਇਤ ਕੀਤੀ ਹੋਵੇਗੀ।''

ਇਸੇ ਦੌਰਾਨ ਬਤਰਾ ਕਹਿੰਦੇ ਹਨ ਕਿ ਪੰਚਾਇਤ ਨਾਲ ਹਿੰਦੂ-ਮੁਸਲਮਾਨ ਦੀ ਏਕਤਾ ਨੂੰ ਕੋਈ ਖ਼ਤਰਾ ਨਹੀਂ ਹੈ।

ਪੁਲਿਸ ਨੇ ਦਰਜ ਕੀਤੀ ਐਫ਼ਆਈਆਰ

ਮਹਾਪੰਚਾਇਤ ਦੌਰਾਨ ਜਾਮੀਆ ਵਿੱਚ ਸੀਏਏ ਖ਼ਿਲਾਫ਼ ਪ੍ਰਦਸ਼ਨ ਦੌਰਾਨ ਗੋਲੀਬਾਰੀ ਨਾਲ ਚਰਚਾ 'ਚ ਰਹੇ ਰਾਮਭਕਤ ਗੋਪਾਲ ਨਾਮ ਦੇ ਹਿੰਦੂਵਾਦੀ ਵਰਕਰ ਨੇ ਵੀ ਹਿੰਸਕ ਭਾਸ਼ਣ ਦਿੱਤਾ ਸੀ।

ਰਾਮਭਕਤ ਗੋਪਾਲ
ਤਸਵੀਰ ਕੈਪਸ਼ਨ, ਰਾਮਭਕਤ ਗੋਪਾਲ

ਗੁਰੂਗ੍ਰਾਮ ਪੁਲਿਸ ਨੇ ਰਾਮਭਕਤ ਗੋਪਾਲ ਖ਼ਿਲਾਫ਼ ਐਤਵਾਰ ਨੂੰ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਇੱਕ ਸਥਾਨਕ ਹਿੰਦੂ ਕਾਰੋਬਾਰੀ ਦੀ ਸ਼ਿਕਾਇਤ 'ਤੇ ਰਾਮਭਕਤ ਗੋਪਾਲ ਉਰਫ਼ ਗੋਪਾਲ ਸ਼ਰਮਾ ਖ਼ਿਲਾਫ਼ ਆਈਪੀਸੀ ਦੀ ਧਾਰਾ 153ਏ ਅਤੇ 295ਏ ਤਹਿਤ ਮੁਕੱਦਮਾ ਦਰਜ ਕੀਤਾ। ਮਹਾਪੰਚਾਇਤ ਦੌਰਾਨ ਕਰਣੀ ਸੇਨਾ ਮੁਖੀ ਅਤੇ ਹਰਿਆਣਾ ਭਾਜਪਾ ਦੇ ਬੁਲਾਰੇ ਸੂਰਜਪਾਲ ਅੰਮੂ ਨੇ ਵੀ ਭੜਕਾਊ ਭਾਸ਼ਣ ਦਿੱਤਾ ਸੀ ਪਰ ਉਨ੍ਹਾਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਗੁਰੂਗ੍ਰਾਮ ਪੁਲਿਸ ਦੇ ਬੁਲਾਰੇ ਸੁਭਾਸ਼ ਬੋਕਨ ਨੇ ਗੋਪਾਲ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਬੀਬੀਸੀ ਨੂੰ ਕਿਹਾ, ''ਇਸ ਮਾਮਲੇ 'ਚ ਐਫ਼ਆਈਆਰ ਦਰਜ ਹੋਈ ਹੈ, ਸਬੰਧਿਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ।''

ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਬੀਬੀਸੀ ਨਾਲ ਗੱਲਬਾਤ 'ਚ ਗੋਪਾਲ ਨੇ ਕਿਹਾ ਸੀ, ''ਮੇਰੇ ਭਾਸ਼ਣ 'ਚ ਕੁਝ ਸ਼ਬਦ ਸਨ, ਜਿਨ੍ਹਾਂ ਦੀ ਵਰਤੋਂ ਮੈਂ ਨਹੀਂ ਕਰਨਾ ਚਾਹੁੰਦਾ ਸੀ, ਉੱਥੇ ਜ਼ਿਆਦਾ ਗਰਮੀ ਅਤੇ ਭੀੜ ਹੋਣ ਕਾਰਨ ਗਿਆਨ ਨਾ ਹੋਣ ਕਰਕੇ ਮੇਰੇ ਮੂੰਹ ਤੋਂ ਕੁਝ ਅਜਿਹੇ ਸ਼ਬਦ ਨਿਕਲ ਗਏ। ਚੁੱਕ ਲੈਣ ਦੀ ਥਾਂ ਮੈਂ ਵਿਆਹ ਕਰਕੇ ਲਿਆਉਣ ਦੀ ਗੱਲ ਕਰ ਰਿਹਾ ਸੀ।''

ਗੋਪਾਲ ਕਹਿੰਦੇ ਹਨ, ''ਮੈਂ ਉੱਥੇ ਸਤਿਕਾਰ ਨਾਲ ਮੁਸਲਮਾਨ ਭੈਣਾਂ-ਬੇਟੀਆਂ ਨੂੰ ਸਨਾਤਨ ਧਰਮ ਵਿੱਚ ਲਿਆਉਣ ਦੀ ਗੱਲ ਕਹੀ ਹੈ। ਮੇਰੇ ਖ਼ੂਨ 'ਚ ਸ਼੍ਰੀ ਰਾਮ ਅਤੇ ਭਗਵਾਨ ਪਰਪਸ਼ੁਰਾਮ ਦੇ ਸਸਕਾਰ ਵਹਿੰਦੇ ਹਨ, ਜੋ ਮੈਨੂੰ ਕਿਸੇ ਭੈਣ-ਬੇਟੀ ਦੀ ਬੇਅਦਬੀ ਨਹੀਂ ਸਿਖਾਉਂਦੇ।''

ਬੀਬੀਸੀ ਨੇ ਜਦੋਂ ਗੋਪਾਲ ਤੋਂ ਪੁੱਛਿਆ ਕਿ ਉਨ੍ਹਾਂ ਦੇ ਭਾਸ਼ਣ ਨਾਲ ਹਿੰਸਾ ਭੜਕ ਸਕਦੀ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ, ''ਮੈਂ ਸੰਵਿਧਾਨ ਉੱਤੇ ਪੂਰਾ ਵਿਸ਼ਵਾਸ ਰੱਖਦਾ ਹਾਂ, ਨਾ ਮੈਂ ਹਿਸਾਂ ਨੂੰ ਹੱਲ ਸਮਝਦਾ ਹਾਂ ਅਤੇ ਨਾ ਹੀ ਉਸ ਦਾ ਸਮਰਥਨ ਕਰਦਾ ਹਾਂ। ਮੈਂ ਬਸ ਹਿੰਦੂਆਂ ਨੂੰ ਆਤਮ ਰੱਖਿਆ ਲਈ ਸਮਝਾਉਂਦਾ ਹਾਂ।''

ਆਪਣੇ ਭਾਸ਼ਣ 'ਚ ਗੋਪਾਲ ਨੇ ਇਸ਼ਾਰਿਆਂ 'ਚ ਹਿੰਦੂ ਨੌਜਵਾਨਾਂ ਨੂੰ ਹਥਿਆਰ ਰੱਖਣ ਦੀ ਅਪੀਲ ਵੀ ਕੀਤੀ ਸੀ।

ਬੀਬੀਸੀ ਨੂੰ ਗੋਪਾਲ ਕਹਿੰਦੇ ਹਨ, ''ਮੈਂ ਨੌਜਵਾਨਾਂ ਨੂੰ ਹੱਥਾਂ 'ਚ ਭਗਵਾ ਝੰਡਾ ਲੈਣ ਦੀ ਅਪੀਲ ਕਰ ਰਿਹਾ ਸੀ, ਬਾਕੀ ਤੁਸੀਂ ਸਮਝ ਰਹੇ ਹੋ। ਸੰਵਿਧਾਨ ਸਾਨੂੰ ਆਤਮ ਰੱਖਿਆ ਲਈ ਹਥਿਆਰ ਰੱਖਣ ਦੀ ਇਜਾਜ਼ਤ ਦਿੰਦਾ ਹੈ। ਸ਼ਸਤਰ ਅਤੇ ਸ਼ਾਸਤਰ ਬੈਸਟ ਕੰਬੀਨੇਸ਼ਨ (ਬਿਹਤਰੀਨ ਸੁਮੇਲ) ਹੈ। ਆਤਮ ਰੱਖਿਆ ਲਈ ਹਿੰਦੂਆਂ ਨੂੰ ਪ੍ਰੇਰਿਤ ਕਰਦਾ ਰਹਾਂਗਾ। ਮੈਂ ਸਿਰਫ਼ ਦੇਸ਼ਹਿੱਤ ਅਤੇ ਦੇਸ਼ ਦੇ ਸਤਿਕਾਰ 'ਚ ਬੋਲਦਾ ਹਾਂ।''

ਕੀ ਉਨ੍ਹਾਂ ਨੂੰ ਡਰ ਨਹੀਂ ਲਗਦਾ? - ਇਸ ਸਵਾਲ 'ਤੇ ਗੋਪਾਲ ਕਹਿੰਦੇ ਹਨ, ''ਮੈਨੂੰ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾਂਦਾ ਹੈ, ਧਮਕੀਆਂ ਮਿਲਦੀਆਂ ਹਨ, ਪਰ ਜਦੋਂ ਤੱਕ ਯੂਪੀ ਦੀ ਗੱਦੀ 'ਤੇ ਸਾਡੇ ਯੋਗੀ ਜੀ ਹਨ, ਉਦੋਂ ਤੱਕ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਦਿੱਲੀ ਦੀ ਗੱਦੀ ਉੱਤੇ ਵੀ ਉਹ ਬੈਠਣ। ਜਦੋਂ ਤੱਕ ਯੋਗੀ ਜੀ ਹਨ, ਰਾਮਭਕਤ ਗੋਪਾਲ ਨੂੰ ਕੋਈ ਭੈਅ ਨਹੀਂ ਹੈ।''

ਪਟੌਦੀ ਦੇ ਹਿੰਦੂਵਾਦੀ ਨੌਜਵਾਨਾਂ ਵਿੱਚ ਗੋਪਾਲ ਦਾ ਸਮਰਥਨ ਸਾਫ਼ ਨਜ਼ਰ ਆਉਂਦਾ ਹੈ। ਇਹ ਨੌਜਵਾਨ ਕਹਿੰਦੇ ਹਨ, ਗੋਪਾਲ ਨੇ ਜੋ ਕਿਹਾ ਸਹੀ ਕਿਹਾ।

ਜਿਤੇਂਦਰ ਕੁਮਾਰ

ਜਿਤੇਂਦਰ ਕੁਮਾਰ ਨਾਮ ਦੇ ਇੱਕ ਸਥਾਨਕ ਹਿੰਦੂਵਾਦੀ ਵਰਕਰ ਨੇ ਕਿਹਾ, ''ਅਸੀਂ ਲਵ ਜਿਹਾਦ ਦੇ ਖ਼ਿਲਾਫ਼ ਕੰਮ ਕਰ ਰਹੇ ਹਾਂ ਅਤੇ ਇਸ ਨੂੰ ਜੜ੍ਹ ਤੋਂ ਖ਼ਤਮ ਕਰਕੇ ਰਹਾਂਗੇ।''

ਬਜ਼ੁਰਗ ਔਰਤ ਦੀ ਚਿੰਤਾ

ਜੋ ਹਿੰਦੂਵਾਦੀ ਨੌਜਵਾਨ ਸਾਨੂੰ ਆਪਣੇ ਵਿਚਾਰਾਂ ਨੂੰ ਲੈ ਕੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੇ ਸੀ, ਉਹ ਉਸ ਥਾਂ 'ਤੇ ਤਾਲਾ ਜੜ ਕੇ ਚਲੇ ਗਏ ਹਨ ਜਿੱਥੇ ਉਨ੍ਹਾਂ ਨੇ ਸਾਨੂੰ ਸੱਦਿਆ ਸੀ।

ਸ਼ਹਿਰ ਦੇ ਆਪਸੀ ਭਾਈਚਾਰੇ ਦੀ ਗੱਲ ਕਰਨ ਵਾਲੀ ਬਜ਼ੁਰਗ ਔਰਤ ਨੇ ਕਿਹਾ, ''ਪਟੌਦੀ ਦਾ ਮਾਹੌਲ ਹੁਣ ਬਹੁਤ ਗੰਦਾ ਹੋ ਗਿਆ ਹੈ, ਦੁਕਾਨਾਂ ਉੱਤੇ ਮੁੰਡੇ ਖੜ੍ਹੇ ਰਹਿੰਦੇ ਹਨ, ਕੋਈ ਭੈਣ-ਬੇਟੀ ਬਾਹਰ ਨਹੀਂ ਨਿਕਲ ਸਕਦੀ। ਬੇਟੀਆਂ ਨੂੰ ਘਰ 'ਚ ਹੀ ਬੰਦ ਰੱਖਣਾ ਪੈ ਰਿਹਾ ਹੈ। ਮੁੰਡ ਦੁਕਾਨਾਂ ਉੱਤੇ ਜੁੱਟ-ਜੁੱਟ ਕੇ ਖੜ੍ਹੇ ਰਹਿੰਦੇ ਹਨ।''

''ਜਦੋਂ ਬੇਟੀਆਂ ਘਰੋਂ ਬਾਹਰ ਨਹੀਂ ਨਿਕਲ ਸਕਣਗੀਆਂ, ਘਰਾਂ ਵਿੱਚ ਕੈਦ ਰਹਿਣਗੀਆਂ ਤਾਂ ਉਹ ਚੁਸਤ-ਦੁਰੂਸਤ ਕਿਵੇਂ ਬਣਨਗੀਆਂ। ਸਾਰਾ ਪਹਿਰਾ ਬੇਟੀਆਂ ਉੱਤੇ ਹੀ ਹੈ।''

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)