ਕਿਸਾਨ ਅੰਦੋਲਨ: ਹਰਿਆਣਾ ਵਿੱਚ 7 ਮਹੀਨਿਆਂ 'ਚ ਕਿਹੜੇ 7 ਵੱਡੇ ਬਦਲਾਅ ਆਏ

ਤਸਵੀਰ ਸਰੋਤ, Getty Images
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
26 ਨਵੰਬਰ 2020 ਤੋਂ ਦਿੱਲੀ ਦੇ ਬਾਰਡਰਾਂ ਉੱਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਸੱਤ ਮਹੀਨੇ ਹੋ ਗਏ ਹਨ। ਪੰਜਾਬ ਤੋਂ ਸ਼ੁਰੂ ਹੋਏ ਇਸ ਸਿਲਸਿਲੇ ਵਿੱਚ ਹਰਿਆਣਾ ਵੀ ਮੋਹਰੀ ਰਿਹਾ ਹੈ।
ਇਨ੍ਹਾਂ 7 ਮਹੀਨਿਆਂ ਦੌਰਾਨ ਹਰਿਆਣਾ ਵਿੱਚ 7 ਵੱਡੇ ਬਦਲਾਅ ਵੀ ਦੇਖੇ ਜਾ ਰਹੇ ਹਨ।
ਪਹਿਲਾ - ਔਰਤਾਂ ਦੀ ਹਿੱਸੇਦਾਰੀ
ਹਰਿਆਣਾ ਦਾ ਨਾਮ ਆਉਂਦੇ ਹੀ ਦਿਮਾਗ 'ਚ ਚਿੱਟੇ ਕੁੜਤੇ ਪਜਾਮੇ ਵਾਲੇ, ਸਿਰ ਉੱਤੇ ਚਿੱਟੇ ਰੰਗ ਦੀ ਪੱਗ ਬੰਨ੍ਹੀ ਹੁੱਕਾ ਪੀਂਦੇ ਲੋਕਾਂ ਦੇ ਅਕਸ ਅੱਖਾਂ ਸਾਹਮਣੇ ਆ ਜਾਂਦੇ ਹਨ।
ਲੰਘੇ 7 ਮਹੀਨਿਆਂ ਦੇ ਕਿਸਾਨ ਅੰਦੋਲਨ ਵਿੱਚ ਜੋ ਇੱਕ ਵੱਡਾ ਕ੍ਰਾਂਤੀਕਾਰੀ ਬਦਲਾਅ ਦਿਖਣ ਲੱਗਿਆ ਹੈ, ਉਹ ਹੈ ਔਰਤਾਂ ਦੀ ਧਰਨਿਆਂ ਵਿੱਚ ਹਿੱਸੇਦਾਰੀ।
ਇਹ ਵੀ ਪੜ੍ਹੋ:
ਹੁਣ ਜੀਂਦ-ਕੈਥਲ ਤੋਂ ਪੰਜਾਬ ਦੀ ਤਰਜ 'ਤੇ ਔਰਤਾਂ ਦੇ ਜੱਥੇ ਟਿਕਰੀ ਅਤੇ ਸਿੰਘੂ ਬਾਰਡਰਾਂ ਉੱਤੇ ਪੱਕੇ ਕੈਂਪ ਲਗਾਉਣ ਲਈ ਪਹੁੰਚ ਰਹੇ ਹਨ। ਡਾ਼ ਸਿੱਕਿਮ ਨੈਨ ਜੀਂਦ ਖਟਖੜ ਟੋਲ ਪਲਾਜ਼ਾ 'ਤੇ ਔਰਤਾਂ ਹਿੱਸੇਦਾਰੀ ਯਕੀਨੀ ਬਣਾਉਂਦੇ ਹਨ।
ਸਿੱਕਿਮ ਦੱਸਦੇ ਹਨ, ''ਔਰਤਾਂ ਤੋਂ ਬਗੈਰ ਕੋਈ ਵੀ ਅੰਦੋਲਨ ਸਫ਼ਲ ਨਹੀਂ ਹੋ ਸਕਦਾ। ਹਰਿਆਣਾ 'ਚ ਹਰ ਲੜਾਈ 'ਚ ਔਰਤਾਂ ਨੇ ਆਪਣਾ ਯੋਗਦਾਨ ਦਿੱਤਾ ਹੈ, ਪਰ ਪਿੱਛੇ ਰਹਿ ਕੇ।''
''ਜਦੋਂ ਸਾਡੇ ਮਰਦ ਅੰਦੋਲਨ ਕਰ ਰਹੇ ਹਨ ਤਾਂ ਅਸੀਂ ਘਰ 'ਚ ਬੱਚਿਆਂ ਨੂੰ ਸੰਭਾਲਣ ਦਾ ਕੰਮ ਅਤੇ ਖ਼ੇਤਾਂ ਵਿੱਚ ਖ਼ੇਤੀ ਦਾ ਕੰਮ ਕਰ ਰਹੇ ਹੁੰਦੇ ਸੀ। ਬਾਹਰ ਦੇ ਲੋਕਾਂ ਨੂੰ ਔਰਤਾਂ ਕਦੇ ਦਿਖਾਈ ਨਹੀਂ ਦਿੰਦੀਆਂ।''
ਇਸ ਵਾਰ ਦੇ ਲੰਬੇ ਕਿਸਾਨ ਅੰਦੋਲਨ ਨੇ ਔਰਤਾਂ ਨੂੰ ਘਰਾਂ ਤੋਂ ਬਾਹਰ ਆਉਣ 'ਤੇ ਮਜਬੂਰ ਕਰ ਦਿੱਤਾ ਹੈ।
ਸਿੱਕਿਮ ਅੱਗੇ ਆਖਦੇ ਹਨ, ''ਹੁਣ ਅਸੀਂ ਨਾ ਡਰਾਂਗੇ, ਨਾ ਰੁਕਾਂਗੇ, ਨਾ ਪਿੱਛੇ ਹਟਾਂਗੇ...ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।''
ਸਰਵਖਾਪ ਪੰਚਾਇਤ ਦੀ ਪ੍ਰਧਾਨ ਸੰਤੋਸ਼ ਦਹੀਆ ਵੀ ਕਈ ਜ਼ਿਲ੍ਹਿਆਂ ਵਿੱਚ ਔਰਤਾਂ ਦੀ ਹਿੱਸੇਦਾਰੀ ਯਕੀਨੀ ਬਣਾਉਂਦੇ ਹਨ।
ਦੂਜਾ - ਸਾਂਝੀ ਵਿਰਾਸਤ

ਤਸਵੀਰ ਸਰੋਤ, Getty Images
26 ਨਵੰਬਰ, 2020 ਤੋਂ ਪਹਿਲਾਂ ਹਰਿਆਣਾ ਤੇ ਪੰਜਾਬ ਦੇ ਆਮ ਲੋਕਾਂ ਦਾ ਇੱਕ ਦੂਜੇ ਦੇ ਸੂਬਿਆਂ ਬਾਰੇ ਸੀਮਤ ਸ਼ਬਦਕੋਸ਼ ਸੀ।
ਦੋਵੇਂ ਸੂਬਿਆਂ ਦੇ ਲੋਕ ਇੱਕ ਦੂਜੇ ਦਾ ਨਾਮ SYL ਪਾਣੀ ਦੇ ਝਗੜੇ ਨੂੰ ਲੈ ਕੇ, ਬਾਦਲ-ਚੌਟਾਲਾ ਪਰਿਵਾਰ ਦੀ ਦੋਸਤੀ ਦੇ ਨਾਮ 'ਤੇ ਸੁਣਦੇ ਸਨ ਜਾਂ ਵਪਾਰ 'ਚ ਲੁਧਿਆਣਾ ਦੇ ਗਰਮ ਕੱਪੜਿਆਂ ਦੀ ਮਾਰਕਿਟ ਅਤੇ ਦਰਸ਼ਨਾਂ ਲ਼ਈ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੱਕ ਹੀ ਸੀਮਤ ਸਨ।
ਪਰ ਹੁਣ ਸੱਤ ਮਹੀਨਿਆਂ ਦੇ ਕਿਸਾਨ ਅੰਦੋਲਨ ਨੇ ਇਸ ਸ਼ਬਦਕੋਸ਼ ਨੂੰ ਸਿਆਸਤ ਅਤੇ ਧਰਮ ਤੋਂ ਅੱਗੇ ਵੱਧ ਕੇ ਸਾਂਝੀ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕੀਤਾ ਹੈ।
ਟਿਕਰੀ ਬਾਰਡਰ 'ਤੇ ਸ਼ੁਰੂ ਤੋਂ ਅੰਦੋਲਨ ਵਿੱਚ ਟੈਂਟ ਲਗਾ ਕੇ ਰਹੇ ਇੱਕ ਕਿਸਾਨ ਨੇ ਦੱਸਿਆ, ''ਸਾਨੂੰ ਤਾਂ ਲਗਦਾ ਸੀ ਕਿ ਪੰਜਾਬ ਦੇ ਕਿਸਾਨ ਹਰਿਆਣਾ ਦੇ ਦੁਸ਼ਮਣ ਹਨ ਪਰ ਸੱਤ ਮਹੀਨੇ ਸਾਨੂੰ ਨਾਲ ਰਹਿੰਦੇ ਹੋ ਗਏ।''
''ਹੁਣ ਪਤਾ ਲੱਗਿਆ ਕਿ ਸਿਆਸੀ ਪਾਰਟੀਆਂ ਦੋਵਾਂ ਪਾਸੇ ਖੇਡ ਰਹੀਆਂ ਸਨ। ਜਿਵੇਂ ਅਸੀਂ ਕਿਸਾਨ ਹਾਂ ਤੇ ਸਭ ਦਾ ਭਲਾ ਸੋਚਦੇ ਹਾਂ, ਉਸੇ ਤਰ੍ਹਾਂ ਹੀ ਪੰਜਾਬ ਵਾਲੇ ਕਿਸਾਨ ਹਨ।''

ਤਸਵੀਰ ਸਰੋਤ, BBC/Sat singh
''ਸਾਡੀ ਭਾਸ਼ਾ ਅਤੇ ਪਹਿਰਾਵਾ ਵੱਖਰਾ ਹੋ ਸਕਦਾ ਹੈ ਪਰ ਆਤਮਾ ਇੱਕ ਹੈ। ਦੋਵਾਂ ਪਾਸੇ ਦੇ ਕਿਸਾਨ ਖ਼ੇਤ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਸਪੂਤ ਦੇਸ਼ ਦੀ ਸਰਹੱਦ 'ਚੇ ਬੰਦੂਕ ਤਾਣ ਕੇ ਖੜ੍ਹੇ ਹੁੰਦੇ ਹਨ।''
ਕਿਸਾਨ ਅੰਦਲਨ ਭਾਵੇਂ ਪੰਜਾਬ ਤੋਂ ਸ਼ੁਰੂ ਹੋਇਆ ਹੋਵੇ ਪਰ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਹਰਿਆਣਾ ਦੇ ਯੋਗਦਾਨ ਨੂੰ ਹਰ ਅਹਿਮ ਤਵੱਜੋ ਦਿੱਤੀ ਹੈ ਅਤੇ ਸਾਰੇ ਅਹਿਮ ਫ਼ੈਸਲੇ ਸਹਿਮਤੀ ਤੋਂ ਬਾਅਦ ਹੀ ਲਏ ਜਾ ਰਹੇ ਹਨ।
ਬਹਾਦੁਰਗੜ੍ਹ-ਟਿਕਰੀ ਬਾਰਡਰ ਉੱਤੇ ਹਰਿਆਣਾ ਦੇ ਇੱਕ ਕਿਸਾਨ ਰਾਜ ਨਾਰਾਇਣ ਯਾਦਵ ਨੇ ਮੋਰਚੇ ਨਾਲ ਲੱਗਦੀ ਦੋ ਏਕੜ ਜ਼ਮੀਨ ਕਿਸਾਨਾਂ ਨੂੰ ਸਬਜ਼ੀ ਉਗਾਉਣ ਲਈ ਮੁਫ਼ਤ ਵਿੱਚ ਦੇ ਦਿੱਤੀ।
ਯਾਦਵ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਜਦੋਂ ਪੰਜਾਬ ਤੋਂ ਕਿਸਾਨ ਆਏ ਤਾਂ ਦਿਮਾਗ 'ਚ ਬਹੁਤ ਗ਼ਲਤਫ਼ਹਿਮੀਆਂ ਸਨ ਪਰ ਫਿਰ ਉਨ੍ਹਾਂ ਦੇ ਨਾਲ ਸਮਾਂ ਗੁਜ਼ਾਰਨ ਤੋਂ ਬਾਅਦ ਮਹਿਸੂਸ ਹੋਇਆ ਕਿ ਵਿੱਛੜੇ ਭਰਾ ਨਾਲ ਮੁਲਾਕਾਤ ਹੋਈ ਹੈ।
ਤੀਜਾ - ਸਿਆਸਤ 'ਚ ਬਦਲਾਅ
ਲੰਘੇ 6 ਸਾਲਾਂ ਤੋਂ ਵੀ ਜ਼ਿਆਦਾ ਤੋਂ ਹਰਿਆਣਾ ਵਿੱਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਪਾਰਟੀ ਅਤੇ ਉਸਦੇ ਸਹਿਯੋਗੀ ਦਲ ਜਨਨਾਇਕ ਜਨਤਾ ਪਾਰਟੀ ਗਰਾਊਂਡ ਉੱਤੇ ਆਪਣਾ ਪ੍ਰਭਾਵ ਗੁਆ ਚੁੱਕੀ ਹੈ।
ਕਿਸਾਨ ਅੰਦੋਲਨ ਵੱਲੋਂ ਭਾਜਪਾ ਅਤੇ ਜਜਪਾ ਦੇ ਆਗੂਆਂ ਦੇ ਵਿਰੋਧ ਦਾ ਐਲਾਨ ਹੋਇਆ ਹੈ। ਕੋਈ ਵੀ ਸਰਕਾਰ ਦਾ ਵਿਧਾਇਕ ਜਾਂ ਮੰਤਰੀ ਹੁਣ ਕਿਸੇ ਵੀ ਜਨਤਕ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਦਾ।

ਤਸਵੀਰ ਸਰੋਤ, Sat singh/bbc
ਵਿਰੋਧ ਇੰਨਾਂ ਕੁ ਖੁੱਲ੍ਹਾ ਹੈ ਕਿ ਇੱਕ ਪਾਸੇ ਕਿਸਾਨ ਵਿਧਾਇਕਾਂ ਜਾਂ ਮੰਤਰੀਆਂ ਦਾ ਵਿਰੋਧ ਕਰਦੇ ਹਨ ਤਾਂ ਦੂਜੇ ਪਾਸੇ ਪੁਲਿਸ FIR ਕਰਦੀ ਜਾ ਰਹੀ ਹੈ।
ਪਰ ਵਿਰੋਧ ਘੱਟ ਨਹੀਂ ਹੋ ਰਿਹਾ। ਅਜੇ ਕੁਝ ਦਿਨ ਪਹਿਲਾਂ ਦੀ ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਭਾਜਪਾ ਦਫ਼ਤਰ ਦੀ ਨੀਂਹ ਝੱਜਰ ਵਿੱਚ ਰੱਖੀ ਹੀ ਸੀ ਕਿ ਕਿਸਾਨਾਂ ਨੇ ਵਿਰੋਧ ਕਰਦਿਆਂ ਨੀਂਹ ਹੀ ਪੁੱਟ ਦਿੱਤੀ।
ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਟੋਹਾਨਾ ਪੁਲਿਸ ਸਟੇਸ਼ਨ 'ਚ ਕਿਸਾਨਾਂ ਨੇ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਵੱਡਾ ਇਕੱਠ ਕੀਤਾ।
ਸਿਆਸੀ ਮਾਹਰ ਕਹਿੰਦੇ ਹਨ ਕਿਸੇ ਵੀ ਗ਼ੈਰ-ਸਿਆਸੀ ਅੰਦੋਲਨ ਦਾ ਇੰਨਾ ਲੰਬਾ ਚੱਲਣਾ ਆਪਣੇ ਆਪ 'ਚ ਹੀ ਵੱਡੀ ਗੱਲ ਹੈ। ਕਹਿਣ ਨੂੰ ਤਾਂ ਹਰਿਆਣਾ 'ਚ ਕਾਂਗਰਸ ਕੋਲ 31 ਵਿਧਾਇਕ ਹਨ ਪਰ ਕੇਂਦਰ 'ਚ ਮੋਦੀ ਸਰਕਾਰ ਅਤੇ ਸੂਬੇ ਵਿੱਚ ਖੱਟਰ ਸਰਕਾਰ ਨੇ ਕਦੇ ਉਸ ਦੀ ਚੱਲਣ ਨਹੀਂ ਦਿੱਤੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਮੁਤਾਬਕ ਕਿਸਾਨ ਅੰਦੋਲਨ ਹੀ ਪਿਛਲੇ 6 ਸਾਲਾਂ ਵਿੱਚ ਅਜਿਹਾ ਪੜਾਅ ਲੈ ਕੇ ਆਇਆ ਹੈ ਜਦੋਂ ਸਿਆਸੀ ਹਸਤੀਆਂ ਭਾਵੇਂ ਸੱਤਾ ਧਿਰ ਦੀਆਂ ਹੋਣ ਜਾਂ ਵਿਰੋਧੀ ਧਰ ਦੀਆਂ, ਸਾਰੀਆਂ ਹੀ ਬੌਣੀਆਂ ਨਜ਼ਰ ਆ ਰਹੀਆਂ ਹਨ।
ਇਸ ਦੇ ਨਾਲ-ਨਾਲ ਲੈਫਟ ਪਾਰਟੀਆਂ ਜੋ ਹਰਿਆਣਾ ਵਿੱਚ ਕਦੇ ਥਾਂ ਨਹੀਂ ਬਣਾ ਸਕੀਆਂ, ਕਿਸਾਨ ਅੰਦੋਲਨ 'ਚ ਸਾਫ਼ ਤੌਰ 'ਤੇ ਸਰਗਰਮ ਭੂਮਿਕਾ 'ਚ ਨਜ਼ਰ ਆ ਰਹੀਆਂ ਹਨ।
ਚੌਥਾ: ਨਵੀਂ ਲੀਡਰਸ਼ਿਪ ਦਾ ਉਭਾਰ
ਗੁਰਨਾਮ ਸਿੰਘ ਚਢੂਨੀ 2019 ਵਿੱਚ ਸਿਰਫ਼ 1307 ਵੋਟਾਂ ਹੀ ਲਾਡਵਾ (ਕੁਰੂਕਸ਼ੇਤਰ) ਵਿਧਾਨ ਸਭਾ ਹਲਕੇ ਤੋਂ ਲੈ ਕੇ ਕਰਾਰੀ ਹਾਰ ਦਾ ਸਾਹਮਣਾ ਕਰ ਚੁੱਕੇ ਸਨ। ਹੁਣ ਚਢੂਨੀ ਹਰਿਆਣਾ ਵਿੱਚ ਕਿਸਾਨ ਅੰਦੋਲਨ ਦਾ ਸਭ ਤੋਂ ਮਜ਼ਬੂਤ ਚਿਹਰਾ ਉੱਭਰ ਕੇ ਸਾਹਮਣੇ ਆਏ ਹਨ।
ਹਰਿਆਣਾ ਦੇ ਸਿਆਸੀ ਇਤਿਹਾਸ ਨੂੰ ਦੇਖੀਏ ਤਾਂ ਪਰਿਵਾਰਵਾਦ ਦਾ ਬੋਲਬਾਲਾ ਰਿਹਾ ਹੈ - ਭਾਵੇਂ ਦੇਵੀ ਲਾਲ ਦਾ ਪਰਿਵਾਰ ਹੋਵੇ, ਭਜਨ ਲਾਲ ਜਾਂ ਫ਼ਿਰ ਬੰਸੀ ਲਾਲ ਪਰਿਵਾਰ ਹੋਵੇ।
ਕਿਸਾਨ ਅੰਦੋਲਨ ਦੇ ਸੱਤ ਮਹੀਨਿਆਂ ਵਿੱਚ ਜੋ ਇੱਕ ਚੀਜ਼ ਸਾਫ਼ ਦਿਖਾਈ ਦੇ ਰਹੀ ਹੈ, ਉਹ ਨਹੀਂ ਲੀਡਰਸ਼ਿਪ ਦਾ ਆਉਣਾ ਹੈ।
ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਕਈ ਦਿਨਾਂ ਤੋਂ ਟੋਲ ਵਸੂਲੀ 'ਤੇ ਕਿਸਾਨਾਂ ਨੇ ਰੋਕ ਲਗਾਈ ਹੋਈ ਹੈ ਅਤੇ ਟੋਲ ਪਲਾਜ਼ਿਆਂ 'ਤੇ ਧਰਨੇ ਕਈ ਮਹੀਨਿਆਂ ਤੋਂ ਚੱਲ ਰਹੇ ਹਨ।
ਇਹ ਵੀ ਪੜ੍ਹੋ:
ਟੋਲ ਪਾਲਾਜ਼ਿਆਂ 'ਤੇ ਧਰਨਾ ਲਾ ਕੇ ਬੈਠੇ ਲੋਕਾਂ ਦੇ ਖਾਣ-ਪੀਣ ਦਾ ਇੰਤਜ਼ਾਮ ਸਥਾਨਕ ਲੀਡਰ ਕਰਦੇ ਹਨ ਅਤੇ ਇਨ੍ਹਾਂ ਲੀਡਰਾਂ ਨੇ ਲੋਕਾਂ 'ਚ ਆਪਣੀ ਥਾਂ ਬਣਾਈ ਹੈ।
ਜੀਂਦ-ਖਟਖੜ ਟੋਲ 'ਤੇ ਧਰਨੇ ਨੂੰ ਆਜ਼ਾਦ ਸਿੰਘ ਪਹਿਲਵਾਨ ਸ਼ੁਰੂ ਤੋਂ ਲੀਡ ਕਰ ਰਹੇ ਹਨ। 2019 'ਚ ਉਹ ਉਚਾਣਾ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਵੀ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲ ਸਕੀ।
ਇਸ ਵਾਰ ਆਜ਼ਾਦ ਸਿੰਘ ਨੇ ਕਿਸਾਨਾਂ ਨਾਲ ਮਿਲ ਕੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਵਿਰੋਧ ਕਰਨ 'ਚ ਸਭ ਤੋਂ ਸਰਗਰਮ ਭੂਮਿਕਾ ਨਿਭਾਈ ਹੈ ਅਤੇ ਦਿਹਾਤੀ ਖ਼ੇਤਰ ਵਿੱਚ ਥਾਂ ਕਾਇਮ ਕੀਤੀ ਹੈ।
ਔਰਤਾਂ 'ਚ ਕਿਸਾਨ ਯੂਨੀਅਨ ਦੀ ਨੇਤਾ ਸੁਮਨ ਹੁੱਡਾ ਅਤੇ ਜੀਂਦ-ਖਟਖ਼ੜ ਟੋਲ ਪਲਾਜ਼ਾ ਤੋਂ ਸਿੱਕਿਮ ਨੈਨ ਵਰਗੀਆਂ ਕਈ ਔਰਤਾਂ ਵੀ ਹੁਣ ਕਿਸਾਨ ਅੰਦੋਲਨ 'ਚ ਉਨ੍ਹਾਂ ਦੀ ਸਰਗਰਮ ਭੂਮਿਕਾ ਦੇ ਚੱਲਦਿਆਂ ਉਹ ਪੋਸਟਰ ਗਰਲ ਬਣ ਚੁੱਕੀਆਂ ਹਨ।
ਬਹੁਤ ਸਾਰੇ ਅਜਿਹੇ ਨੌਜਵਾਨ ਜਿਨ੍ਹਾਂ 'ਤੇ 2016 ਵਿੱਚ ਜਾਟ ਰਾਖਵਾਂਕਰਨ ਦੌਰਾਨ ਮਾਮਲੇ ਦਰਜ ਹੋਏ, ਉਹ ਹੁਣ ਕਿਸਾਨ ਅੰਦੋਲਨ 'ਚ ਚਹੇਤੇ ਬਣੇ ਹੋਏ ਹਨ।
ਪੰਜਵਾਂ: ਅੰਦੋਲਨ ਤੋਂ ਸਬਕ
ਹਰਿਆਣਾ ਦੇ 2016 ਰਾਖਵਾਂਕਰਨ ਨਾਲ ਜੁੜੇ ਅਤੇ ਕਿਸਾਨ ਅੰਦੋਲਨ ਵਿੱਚ ਹੀ ਅਹਿਮ ਭੂਮਿਕਾ ਅਦਾ ਕਰਨ ਵਾਲੇ ਬੁਜ਼ੁਰਗਾਂ ਦਾ ਮੰਨਣਾ ਹੈ ਕਿ ਇੰਨਾ ਵੱਡਾ ਸੰਘਰਸ਼ ਹੋਣ ਤੋਂ ਬਾਅਦ ਵੀ ਜਾਟ ਰਾਖਵੇਂਕਰਣ ਦੀ ਉਨ੍ਹਾਂ ਦੀ ਲੜਾਈ ਇਸ ਲਈ ਅਧੂਰੀ ਰਹਿ ਗਈ ਕਿਉਂਕਿ ਉਹ ਬੇਕਾਬੂ ਹੋ ਗਿਆ ਸੀ।
ਉਨ੍ਹਾਂ ਮੁਤਾਬਕ ਹਿੰਸਾ ਹੁੰਦੇ ਹੀ ਅੰਦੋਲਨ ਨੂੰ ਸਰਕਾਰ ਨੇ ਆਪਣੇ ਤਰੀਕੇ ਨਾਲ ਕੁਚਲ ਦਿੱਤਾ ਅਤੇ ਗਹਿਰੇ ਜ਼ਖ਼ਮ ਸਮਾਜ 'ਤੇ ਛੱਡ ਗਿਆ।

ਤਸਵੀਰ ਸਰੋਤ, BBC /sat singh
ਕਿਸਾਨ ਅੰਦੋਲਨ ਦੀ ਤੁਲਨਾ ਕਰਦੇ ਹੋਏ ਬੁਜ਼ੁਰਗਾਂ ਦਾ ਕਹਿਣਾ ਹੈ ਕਿ ਸੱਤ ਮਹੀਨਿਆਂ ਤੋਂ ਟਿਕਰੀ, ਸਿੰਘੂ ਅਤੇ ਸੂਬੇ ਵਿੱਚ ਕਈ ਥਾਵਾਂ ਉੱਤੇ ਚੱਲ ਰਹੇ ਇਸ ਅੰਦੋਲਨ ਤੋਂ ਇਹ ਗੱਲ ਸਿੱਖੀ ਹੈ ਕਿ ਅੰਦੋਲਨ ਨੂੰ ਚਲਾਉਂਦੇ ਸਮੇਂ ਹਿੰਸਾ ਤੋਂ ਕਿਵੇਂ ਬਚਣਾ ਹੈ।
ਪੰਜਾਬ ਦੀਆਂ ਜਥੇਬੰਦੀਆਂ ਤੋਂ ਅੰਦੋਲਨ ਨੂੰ ਸ਼ਾਂਤੀ ਨਾਲ ਚਲਾਉਣ ਦਾ ਗੁਣ ਹਰਿਆਣਾ ਨੇ ਵੀ ਸਿੱਖ ਲਿਆ ਹੈ।
ਰੋਹਤਕ ਦੇ ਸੁਰੇਸ਼ ਦੇਸਵਾਲ ਦੱਸਦੇ ਹਨ ਕਿ ਜੇ ਹਰਿਆਣਾ ਨੇ ਰਾਖਵਾਂਕਾਰਨ ਦੀ ਲੜਾਈ ਵਿੱਚ ਸੰਜਮ ਵਰਤਿਆ ਹੁੰਦਾ ਤਾਂ ਲੜਾਈ ਜਿੱਤ ਚੁੱਕੇ ਹੁੰਦੇ।
ਛੇਵਾਂ: ਆਪਸੀ ਭਾਈਚਾਰਾ
ਪੰਜਾਬ ਦੇ ਰਹਿਣ ਵਾਲੇ ਪਾਵੇਲ ਕੁੱਸਾ ਦਾ ਪੂਰਾ ਪਰਿਵਾਰ ਟਿਕਰੀ ਬਾਰਡਰ 'ਤੇ BKU (ਉਗਰਾਹਾਂ) ਦੇ ਸਮਰਥਨ 'ਚ ਬੈਠਾ ਹੈ।
ਪਾਵੇਲ ਦੱਸਦੇ ਹਨ ਕਿ ਹੁਣ ਪੰਜਾਬ ਤੇ ਹਰਿਆਣਾ ਦਾ ਭਾਈਚਾਰਾ ਸਿਰਫ਼ ਮਰਦਾਂ ਦੇ ਵਿੱਚ ਹੀ ਨਹੀਂ ਰਿਹਾ, ਸਗੋਂ ਇਹ ਪੂਰੇ ਪਰਿਵਾਰ 'ਚ ਰਿਸ਼ਤਾ ਬਣ ਗਿਆ ਹੈ।
ਉਹ ਕਹਿੰਦੇ ਹਨ, ''ਦੋਵੇਂ ਸੂਬਿਆਂ ਦੀਆਂ ਔਰਤਾਂ ਆਪਸ 'ਚ ਸਹੇਲੀਆਂ ਬਣ ਗਈਂ ਹਨ ਅਤੇ ਬੱਚੇ ਵੀ ਇੱਕ-ਦੂਜੇ ਦੇ ਦੋਸਤ ਬਣ ਗਏ ਹਨ।''
ਪੰਜਾਬ ਦੇ ਕੁਝ ਕਿਸਾਨ ਤਾਂ ਹਰਿਆਣਾ ਦੇ ਲੋਕਾਂ ਦੀ ਸੇਵਾ ਭਾਵਨਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਕੁਝ ਪਰਿਵਾਰ ਤੋਂ ਵਾਪਸ ਆਉਂਦੇ ਹੋਏ ਆਪਣੇ ਪਿੰਡ ਦਾ ਮਾਹੌਲ ਦਿਖਾਉਣ ਲਈ ਲੈ ਗਏ।
ਆਪਸੀ ਭਾਈਚਾਰੇ ਦਾ ਹੀ ਨਤੀਜਾ ਹੈ ਕਿ ਕਿਸੇ ਸਰਕਾਰੀ ਲੀਡਰ ਦਾ ਵਿਰੋਧ ਹੁੰਦਾ ਹੈ ਤਾਂ ਬਾਰਡਰ 'ਤੇ ਬੈਠੇ ਪੰਜਾਬ ਦੇ ਕਿਸਾਨ ਵੀ ਇਸ ਨੂੰ ਆਪਣੀ ਲੜਾਈ ਮੰਨਦੇ ਹੋਏ ਸਾਥ ਦੇਣ ਲਈ ਪਹੁੰਚ ਜਾਂਦੇ ਹਨ।
ਕਾਮਰੇਡ ਇੰਦਰਜੀਤ ਸਿੰਘ ਕਹਿੰਦੇ ਹਨ ਕਿ ਇਹ ਇੱਕ ਇਤਿਹਾਸਿਕ ਪਲ ਹੈ ਜੋ ਸਾਰੇ ਦੇਸ਼ ਦਾ ਕਿਸਾਨ ਇੱਕ ਹੋ ਗਿਆ ਅਤੇ ਕਿਉਂਕਿ ਹਰਿਆਣਾ ਦੇ ਅੰਦਰ ਸਭ ਤੋਂ ਜ਼ਿਆਦਾ ਗਤੀਵਿਧੀਆਂ ਹੋ ਰਹੀਆਂ ਹਨ ਤਾਂ ਉਸ ਨੂੰ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ।
ਸੱਤਵਾਂ: ਖਾਪਾਂ ਦਾ ਪੁਨਰ ਜਨਮ
ਹਿੰਸਕ ਹੋਏ 2016 ਦੇ ਅੰਦੋਲਨ ਦੇ ਕਾਰਨ ਸਵਾਲਾਂ ਵਿੱਚ ਘਿਰੀਆਂ ਹਰਿਆਣਾ ਦੀਆਂ ਖਾਪਾਂ ਨੂੰ ਵੀ ਕਿਸਾਨ ਅੰਦੋਲਨ ਨੇ ਇੱਕ ਨਵਾਂ ਮੌਕਾ ਦਿੱਤਾ ਹੈ ਆਪਣੇ ਗੁਆਚੇ ਮਾਣ-ਸਤਿਕਾਰ ਨੂੰ ਪਾਉਣ ਦਾ।

ਤਸਵੀਰ ਸਰੋਤ, BBC/sat singh
ਹਰਿਆਣਾ ਦੀਆਂ ਖ਼ਾਪਾਂ ਜ਼ਿਆਦਾਤਰ ਮੀਡੀਆ 'ਚ ਔਰਤ ਵਿਰੋਧੀ ਅਕਸ ਜਾਂ ਆਪਣੇ ਅਜੀਬ-ਗਰੀਬ ਫ਼ੈਸਲਿਆਂ ਕਰਕੇ ਆਉਂਦੀਆਂ ਰਹਿੰਦੀਆਂ ਹਨ, ਪਰ ਇਸ ਵਾਰ ਕਿਸਾਨ ਅੰਦੋਲਨ ਨੂੰ ਖੁੱਲ੍ਹੀ ਹਮਾਇਤ ਦੇਣ ਦੇ ਕਾਰਨ ਹੁਣ ਇਹ ਖਾਪਾਂ ਦੁਬਾਰਾ ਲੋਕਾਂ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ।
ਦੇਸਵਾਲ ਖਾਪ ਦੇ ਸੁਰੇਸ਼ ਦੇਸਵਾਲ ਕਹਿੰਦੇ ਹਨ ਕਿ ਸੂਬੇ ਦੀਆਂ ਖਾਪਾਂ ਦੀ ਕੋਸ਼ਿਸ਼ ਸਮਾਜ ਹਿੱਤ ਦੀ ਰਹਿੰਦੀ ਹੈ ਅਤੇ ਇਸ ਕਾਰਨ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ।
ਦੇਸਵਾਲ ਕਹਿੰਦੇ ਹਨ ਕਿ ਸਮੇਂ ਸਿਰ ਅੰਦੋਲਨ ਨੂੰ ਦਿੱਤੇ ਗਏ ਸਮਰਥਨ ਕਾਰਨ ਬਹੁਤ ਸਾਰੇ ਲੋਕਾਂ ਉਨ੍ਹਾਂ ਨੂੰ ਨਵੇਂ ਅਵਤਾਰ ਵਿੱਚ ਦੇਖਣ ਲੱਗੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2




















