ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ 'ਚ 5 ਅਜਿਹੇ ਸਵਾਲ, ਜਿਨ੍ਹਾਂ ਦੇ ਜਵਾਬ ਅਜੇ ਵੀ ਨਹੀਂ ਮਿਲੇ

ਤਸਵੀਰ ਸਰੋਤ, Getty Images
ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਸਾਲ ਬੀਤ ਚੁੱਕਿਆ ਹੈ ਪਰ ਸੁਸ਼ਾਂਤ ਨੇ ਆਪਣੀ ਜਾਨ ਖ਼ੁਦ ਲਈ ਜਾਂ ਫ਼ਿਰ ਉਸ ਦੀ ਕਤਲ ਹੋਇਆ? ਇਸ ਰਹੱਸ ਤੋਂ ਹੁਣ ਤੱਕ ਪਰਦਾ ਨਹੀਂ ਉੱਠ ਸਕਿਆ ਹੈ।
ਪੰਜ ਜਾਂਚ ਏਜੰਸੀਆਂ ਸੁਸ਼ਾਂਤ ਦੀ ਮੌਤ ਦੀ ਇਹ ਪਹੇਲੀ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਉਨ੍ਹਾਂ ਨੂੰ ਹੁਣ ਤੱਕ ਕਾਮਯਾਬੀ ਨਹੀਂ ਮਿਲ ਸਕੀ ਹੈ।
34 ਸਾਲ ਦੇ ਸੁਸ਼ਾਂਤ ਸਿੰਘ ਦੀ ਮੌਤ 14 ਜੂਨ 2020 ਨੂੰ ਹੋਈ ਸੀ। ਉਹ ਮੁੰਬਈ ਦੇ ਆਪਣੇ ਫਲੈਟ ਵਿੱਚ ਮ੍ਰਿਤ ਮਿਲੇ ਸਨ। ਸ਼ੁਰੂਆਤ ਵਿੱਚ ਅਜਿਹਾ ਦੱਸਿਆ ਗਿਆ ਸੀ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਸੀ, ਪਰ ਉਸ ਤੋਂ ਬਾਅਦ ਹਰ ਬੀਤਦੇ ਦਿਨ ਨਾਲ ਮਾਮਲਾ ਪੇਚੀਦਾ ਹੀ ਹੁੰਦਾ ਚਲਾ ਗਿਆ।
ਇਹ ਵੀ ਪੜ੍ਹੋ:
ਮੁੰਬਈ ਪੁਲਿਸ, ਬਿਹਾਰ ਪੁਲਿਸ, ਕੇਂਦਰੀ ਜਾਂਚ ਬਿਓਰੋ (CBI), ਨਾਰਕੌਟਿਕਸ ਕੰਟਰੋਲ ਬਿਓਰੋ (NCB) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ED) ਉਹ ਪੰਜ ਏਜੰਸੀਆਂ ਹਨ ਜਿਨ੍ਹਾਂ ਨੇ ਹੁਣ ਤੱਕ ਸੁਸ਼ਾਂਤ ਸਿੰਘ ਦੀ ਮੌਤ ਦੀ ਜਾਂਚ ਕੀਤੀ ਹੈ।
ਮੁੰਬਈ ਪੁਲਿਸ ਨੇ ਮੁੱਢਲੀ ਜਾਂਚ ਮਗਰੋਂ ਇਹ ਕਿਹਾ ਸੀ ਕਿ ਸੁਸ਼ਾਂਤ ਨੇ ਆਤਮਹੱਤਿਆ ਕੀਤੀ ਸੀ। ਉੱਥੇ ਹੀ ਸੀਬੀਆਈ ਨੇ ਹੁਣ ਤੱਕ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਜਾਂਚ ਦਾ ਕੀ ਨਤੀਜਾ ਨਿਕਲਿਆ।
ਨਾਰਕੌਟਿਕਸ ਕੰਟਰੋਲ ਬਿਓਰੋ ਇਸ ਮਾਮਲੇ ਵਿੱਚ ਬੌਲੀਵੁੱਡ ਵਿੱਚ ਸਰਗਰਮ ਡਰੱਗ ਸਿੰਡੀਕੇਟ ਦੇ ਪਹਿਲੂ ਦੀ ਜਾਂਚ ਕਰ ਰਿਹਾ ਹੈ। ਨਾਲ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਹੁਣ ਤੱਕ ਪੈਸੇ ਦੀ ਹੇਰਾ-ਫੇਰੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਅਜਿਹੇ ਵਿੱਚ ਇਹ ਸਵਾਲ ਹੈ ਕਿ ਇਨ੍ਹਾਂ ਜਾਂਚ ਏਜੰਸੀਆਂ ਨੇ ਆਪਣੀ ਤਫਤੀਸ਼ ਨੂੰ ਕਿਸ ਦਿਸ਼ਾ ਵਿੱਚ ਅੱਗੇ ਵਧਾਇਆ ਹੈ? ਇਹ ਜਾਂਚ ਵਿੱਚ ਹੁਣ ਤੱਕ ਕਿੱਥੇ ਪਹੁੰਚੀ ਹੈ? ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਸੀਬੀਆਈ ਦੀ ਜਾਂਚ ਵਿੱਚ ਹੁਣ ਤੱਕ ਜੋ ਹੋਇਆ
ਸੀਬੀਆਈ ਇਸ ਵਕਤ ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੀ ਜਾਨ ਖ਼ੁਦ ਹੀ ਲਈ, ਜਾਂ ਫਿਰ ਉਸ ਦਾ ਕਤਲ ਕੀਤਾ ਗਿਆ।
ਸੀਬੀਆਈ ਨੂੰ ਸੁਸ਼ਾਂਤ ਕੇਸ ਦੀ ਜਾਂਚ ਕਰਨ ਦਾ ਜ਼ਿੰਮਾ ਸੁਪਰੀਮ ਕੋਰਟ ਨੇ ਸੌਂਪਿਆ ਸੀ। ਇਸ ਗੱਲ ਨੂੰ ਵੀ ਦੱਸ ਮਹੀਨੇ ਬੀਤ ਚੁੱਕੇ ਹਨ, ਪਰ ਇਸ ਜਾਂਚ ਵਿੱਚ ਨਿਕਲਿਆ ਕੀ? ਸੀਬੀਆਈ ਨੇ ਹੁਣ ਤੱਕ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ।
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਲਗਾਤਾਰ ਇਹ ਮੰਗ ਕਰਦੇ ਰਹੇ ਹਨ ਕਿ ਸੁਸ਼ਾਂਤ ਕੇਸ ਨਾਲ ਜੁੜੀ ਸੀਬੀਆਈ ਦੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ।
ਸੀਬੀਆਈ ਨੇ ਇਸ ਮਾਮਲੇ ਵਿੱਚ ਬੌਲੀਵੁੱਡ ਅਦਾਕਾਰਾ ਅਤੇ ਸੁਸ਼ਾਂਤ ਦੀ ਗਰਲਫਰੈਂਡ ਰਹੀ ਰੀਆ ਚੱਕਰਵਰਤੀ, ਸੁਸ਼ਾਂਤ ਦੇ ਦੋਸਤ ਸਿਧਾਰਥ ਪੀਠਾਨੀ, ਉਨ੍ਹਾਂ ਦੇ ਰਸੋਈਏ ਨੀਰਜ ਅਤੇ ਦੀਪੇਸ਼ ਸਾਵੰਤ ਦੇ ਬਿਆਨ ਲਏ ਹਨ।
ਸੀਬੀਆਈ ਨੇ ਇਸ ਗੱਲ ਦਾ ਪਤਾ ਲਗਾਉਣ ਲਈ ਇੱਕ ਕਮੇਟੀ ਬਣਾਈ ਸੀ ਕਿ ਕੀ ਸੁਸ਼ਾਂਤ ਦਾ ਕਤਲ ਕੀਤਾ ਗਿਆ ਸੀ? ਇਸ ਕਮੇਟੀ ਦੀ ਅਗਵਾਈ ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ਦੇ ਫੋਰੈਂਸਿਕ ਵਿਭਾਗ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਕਰ ਰਹੇ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੁਸ਼ਾਂਤ ਦੇ ਘਰ 'ਤੇ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕੀਤਾ ਗਿਆ ਸੀ। ਡਾਕਟਰ ਸੁਧੀਰ ਗੁਪਤਾ ਨੇ ਆਪਣੀ ਰਿਪੋਰਟ ਸਤੰਬਰ 2020 ਵਿੱਚ ਹੀ ਸੀਬੀਆਈ ਨੂੰ ਸੌਂਪ ਦਿੱਤੀ ਸੀ।
ਮੀਡੀਆ ਨਾਲ ਗੱਲ ਕਰਦੇ ਹੋਏ ਡਾਕਟਰ ਸੁਧੀਰ ਗੁਪਤਾ ਨੇ ਕਿਹਾ ਸੀ ਕਿ, 'ਸੁਸ਼ਾਂਤ ਨੇ ਖ਼ੁਦ ਨੂੰ ਫਾਂਸੀ 'ਤੇ ਲਟਕਾ ਕੇ ਜਾਨ ਦਿੱਤੀ। ਇਹ ਮਾਮਲਾ ਖ਼ੁਦਕੁਸ਼ੀ ਦਾ ਹੈ। ਉਨ੍ਹਾਂ ਦੇ ਸਰੀਰ 'ਤੇ ਹੋਰ ਕੋਈ ਨਿਸ਼ਾਨ ਨਹੀਂ ਮਿਲਿਆ ਹੈ।''
ਇਸ ਵਿਚਕਾਰ ਭਾਜਪਾ ਦੇ ਸੰਸਦ ਮੈਂਬਰ ਸੁਬਰਮਣਯਮ ਸਵਾਮੀ ਨੇ ਇਸ ਕੇਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਣਕਾਰੀ ਮੰਗੀ ਸੀ। ਸੀਬੀਆਈ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਕੇਸ ਦੀ ਤਫ਼ਤੀਸ਼ ਚੱਲ ਰਹੀ ਹੈ ਅਤੇ ਮਾਮਲੇ ਦੇ ਹਰ ਪਹਿਲੂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਸੀਬੀਆਈ ਨੇ ਕਿਹਾ ਕਿ,''ਇਸ ਕੇਸ ਦੀ ਪੜਤਾਲ ਵਿੱਚ ਸਭ ਤੋਂ ਉੱਨਤ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਅਸੀਂ ਜ਼ਬਤ ਕੀਤੇ ਗਏ ਇਲੈੱਕਟ੍ਰੌਨਿਕ ਉਪਕਰਨਾਂ ਤੋਂ ਅੰਕੜੇ ਇਕੱਠੇ ਕਰ ਰਹੇ ਹਾਂ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਤਮਾਮ ਥਾਵਾਂ 'ਤੇ ਜਾ ਕੇ ਵੀ ਪੜਤਾਲ ਕੀਤੀ ਹੈ।''
ਉਦੋਂ ਇਹ ਪਹਿਲੀ ਅਤੇ ਆਖਰੀ ਦਫ਼ਾ ਸੀ ਜਦੋਂ ਸੀਬੀਆਈ ਨੇ ਅਧਿਕਾਰਕ ਰੂਪ ਨਾਲ ਸੁਸ਼ਾਂਤ ਕੇਸ ਦੀ ਜਾਂਚ ਦੀ ਜਾਣਕਾਰੀ ਦਿੱਤੀ ਸੀ। ਉਦੋਂ ਵੀ ਸੀਬੀਆਈ ਨੇ ਆਪਣੀ ਜਾਂਚ ਦੇ ਸਿੱਟੇ ਬਾਰੇ ਕੁਝ ਨਹੀਂ ਕਿਹਾ ਸੀ।
ਇਹ ਵੀ ਪੜ੍ਹੋ:
ਮਹਾਰਾਸ਼ਟਰ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਜਾਇਸਵਾਲ ਹੁਣ ਸੀਬੀਆਈ ਦੇ ਨਿਰਦੇਸ਼ਕ ਬਣ ਗਏ ਹਨ ਤਾਂ ਹੁਣ ਸੁਸ਼ਾਂਤ ਕੇਸ ਦੀ ਜਾਂਚ ਨਾਲ ਜੁੜਿਆ ਅੱਗੇ ਦਾ ਫੈਸਲਾ ਉਨ੍ਹਾਂ ਦੇ ਹੱਥ ਵਿੱਚ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ ਦੀ ਤਫ਼ਤੀਸ਼
ਸੁਸ਼ਾਂਤ ਦੇ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਰੀਆ ਚੱਕਰਵਰਤੀ ਨੇ ਸੁ਼ਸ਼ਾਂਤ ਦੇ ਬੈਂਕ ਖਾਤਿਆਂ ਤੋਂ 15 ਕਰੋੜ ਰੁਪਏ ਚੋਰੀ ਨਾਲ ਕਢਵਾ ਲਏ ਸਨ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਕੇਸ ਵਿੱਚ ਪ੍ਰਿਵੈਨਸ਼ਨ ਆਫ਼ ਮਨੀ ਲੌਂਡਰਿੰਗ ਐਕਟ (PMLA) ਤਹਿਤ ਪੜਤਾਲ ਸ਼ੁਰੂ ਕੀਤੀ ਸੀ। ਰੀਆ ਚੱਕਰਵਰਤੀ ਤੋਂ ਈਡੀ ਨੇ 7 ਅਗਸਤ 2020 ਨੂੰ ਪੁੱਛਗਿੱਛ ਕੀਤੀ ਸੀ।

ਤਸਵੀਰ ਸਰੋਤ, RHEA CHAKRABORTY/INSTAGRAM
ਰੀਆ ਦੀ ਪ੍ਰਬੰਧਕ ਅਤੇ ਸੁਸ਼ਾਂਤ ਦੇ ਸਾਬਕਾ ਹਾਊਸ ਮੈਨੇਜਰ ਨੂੰ ਵੀ ਈਡੀ ਨੇ ਪੁੱਛਗਿੱਛ ਲਈ ਬੁਲਾਇਆ ਸੀ।
ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੁਸ਼ਾਂਤ ਦੇ ਬੈਂਕ ਖਾਤਿਆਂ ਅਤੇ ਰੀਆ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬੈਂਕ ਖਾਤਿਆਂ ਵਿਚਕਾਰ ਕੋਈ ਲੈਣ ਦੇਣ ਨਹੀਂ ਹੋਇਆ ਸੀ।
ਨਾਰਕੌਟਿਕਸ ਕੰਟਰੋਲ ਬਿਓਰੋ ਦੀ ਜਾਂਚ
ਰੀਆ ਚੱਕਰਵਰਤੀ ਦੇ ਮੋਬਾਇਲ ਫੋਨ ਦੀ ਜਾਂਚ ਕਰਦੇ ਹੋਏ ਈਡੀ ਨੇ ਕਿਹਾ ਸੀ ਕਿ ਉਸ ਨੂੰ ਡਰੱਗਜ਼ ਬਾਰੇ ਹੋਈ ਗੱਲਬਾਤ ਦਾ ਪਤਾ ਲੱਗਿਆ ਸੀ। ਇਸ ਦੇ ਚੱਲਦੇ ਸੁਸ਼ਾਂਤ ਕੇਸ ਦੀ ਤਫ਼ਤੀਸ਼ ਵਿੱਚ ਨਾਰਕੌਟਿਕਸ ਕੰਟਰੋਲ ਬਿਓਰੋ ਦਾ ਦਾਖਲਾ ਵੀ ਹੋ ਗਿਆ ਸੀ।
ਐੱਨਸੀਬੀ ਨੇ ਰੀਆ ਚੱਕਰਵਰਤੀ ਨੂੰ 8 ਸਤੰਬਰ 2020 ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤ ਵਿੱਚ ਪੇਸ਼ ਕੀਤੇ ਗਏ ਆਪਣੇ ਹਲਫ਼ਨਾਮੇ ਵਿੱਚ ਨਾਰਕੌਟਿਕਸ ਕੰਟਰੋਲ ਬਿਓਰੋ ਨੇ ਕਿਹਾ ਸੀ ਕਿ , 'ਰੀਆ ਨੇ ਡਰੱਗਜ਼ ਖਰੀਦੀ ਸੀ। ਉਸ ਦੀ ਵੱਟਸਐਪ ਚੈਟ ਤੋਂ ਇਹ ਗੱਲ ਬਿਲਕੁਲ ਸਾਫ਼ ਹੈ ਕਿ ਉਹ ਡਰੱਗਜ਼ ਦੀ ਸਪਲਾਈ ਦੇ ਰੈਕੇਟ ਨਾਲ ਜੁੜੀ ਹੋਈ ਸੀ।'
ਅਕਤੂਬਰ 2020 ਵਿੱਚ ਰੀਆ ਨੂੰ ਬੰਬੇ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਨਾਰਕੌਟਿਕਸ ਕੰਟਰੋਲ ਬਿਓਰੋ, ਸੁਸ਼ਾਂਤ ਦੀ ਮੌਤ ਨਾਲ ਜੁੜੇ ਡਰੱਗਜ਼ ਦੇ ਮਾਮਲੇ ਵਿੱਚ ਹੁਣ ਤੱਕ 30 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਰੀਆ ਦਾ ਭਰਾ ਸ਼ੌਵਿਕ ਵੀ ਸ਼ਾਮਲ ਸੀ। ਸ਼ੌਵਿਕ ਨੂੰ ਵੀ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ।
ਇਸ ਵਿਚਕਾਰ ਨਾਰਕੌਟਿਕਸ ਕੰਟਰੋਲ ਬਿਓਰੋ ਨੇ ਇਸ ਸਾਲ 26 ਮਈ ਨੂੰ ਸੁਸ਼ਾਂਤ ਦੇ ਫਲੈਟ ਵਿੱਚ ਰਹਿਣ ਵਾਲੇ ਸਿਧਾਰਥ ਪੀਠਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਨਾਰਕੌਟਿਕਸ ਕੰਟਰੋਲ ਬਿਓਰੋ ਦੇ ਇੰਸਪੈਕਟਰ ਜਨਰਲ ਸਮੀਰ ਵਾਨਖੇੜੇ ਨੇ ਸਿਧਾਰਥ ਦੀ ਗ੍ਰਿਫ਼ਤਾਰੀ ਬਾਰੇ ਕਿਹਾ ਸੀ ਕਿ, ''ਸਿਧਾਰਥ ਪੀਠਾਨੀ ਫਰਾਰ ਸੀ। ਉਸ ਨੂੰ ਹੈਦਰਾਬਾਦ ਵਿੱਚ ਫੜਿਆ ਗਿਆ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।''

ਤਸਵੀਰ ਸਰੋਤ, FB/Rhea Chakraborty official
ਸਿਧਾਰਥ ਪੀਠਾਨੀ ਦੀ ਗ੍ਰਿਫ਼ਤਾਰੀ ਮਹੱਤਵਪੂਰਨ ਕਹੀ ਜਾ ਰਹੀ ਹੈ ਕਿਉਂਕਿ ਜਦੋਂ ਸੁਸ਼ਾਂਤ ਦੀ ਮੌਤ ਹੋਈ ਸੀ ਤਾਂ ਉਸ ਵਕਤ ਸਿਧਾਰਥ ਸੁਸ਼ਾਂਤ ਦੇ ਫਲੈਟ ਵਿੱਚ ਹੀ ਮੌਜੂਦ ਸੀ।
ਇਸ ਕੇਸ ਵਿੱਚ ਨਾਰਕੌਟਿਕਸ ਕੰਟਰੋਲ ਬਿਓਰੋ ਨੇ ਹੁਣ ਤੱਕ ਦੀਪਿਕਾ ਪਾਦੂਕੋਣ, ਰਕੁਲ ਪ੍ਰੀਤ ਸਿੰਘ, ਸਾਰਾ ਅਲੀ ਖ਼ਾਨ, ਸ਼੍ਰਧਾ ਕਪੂਰ ਵਰਗੀਆਂ ਅਤੇ ਅਰਜੁਨ ਕਪੂਰ ਤੋਂ ਵੀ ਸਵਾਲ ਜਵਾਬ ਕੀਤੇ ਹਨ। ਪਰ ਹੁਣ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਨ੍ਹਾਂ ਬੌਲੀਵੁੱਡ ਸਿਤਾਰਿਆਂ ਤੋਂ ਕਿਸ ਬਾਰੇ ਸਵਾਲ ਜਵਾਬ ਕੀਤੇ ਗਏ ਜਾਂ ਫਿਰ ਇਨ੍ਹਾਂ ਉੱਪਰ ਦੋਸ਼ ਕੀ ਹੈ।
ਮੁੰਬਈ ਪੁਲਿਸ ਨੇ ਕੀ ਜਾਂਚ ਕੀਤੀ ਸੀ?
ਸੁਸ਼ਾਂਤ ਦੀ ਮੌਤ ਇੱਕ ਹਾਈ ਪ੍ਰੋਫਾਇਲ ਮਾਮਲਾ ਸੀ। ਪਰ ਸੁਸ਼ਾਂਤ ਨੇ ਆਪਣੇ ਪਿੱਛੇ ਕੋਈ ਸੁਸਾਈਡ ਨੋਟ ਨਹੀਂ ਛੱਡਿਆ ਸੀ।

ਤਸਵੀਰ ਸਰੋਤ, Getty Images
ਮੁੰਬਈ ਪੁਲਿਸ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਤ੍ਰਿਮੁਖੇ ਨੇ ਪਹਿਲਾਂ ਕਿਹਾ ਸੀ ਕਿ 'ਪੋਸਟਮਾਰਟਮ ਰਿਪੋਰਟ ਮੁਤਾਬਕ ਸੁਸ਼ਾਂਤ ਦੀ ਮੌਤ ਲਟਕਣ ਕਰਕੇ ਦਮ ਘੁੱਟਣ ਕਾਰਨ ਹੋਈ ਸੀ।'
27 ਜੁਲਾਈ 2020 ਨੂੰ ਫੋਰੈਂਸਿਕ ਲੈਬ ਨੇ ਵੀ ਮੁੰਬਈ ਪੁਲਿਸ ਨੂੰ ਇੱਕ ਰਿਪੋਰਟ ਸੌਂਪੀ ਸੀ, ਫੋਰੈਂਸਿਕ ਲੈਬ ਦੀ ਇਸ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਸੀ ਕਿ ਇਹ ਕਤਲ ਦਾ ਮਾਮਲਾ ਨਹੀਂ ਹੈ। ਸੁਸ਼ਾਂਤ ਦੇ ਵਿਸਰਾ ਦੇ ਨਮੂਨੇ ਵਿੱਚ ਵੀ ਕੋਈ ਨੁਕਸਾਨਦੇਹ ਕੈਮੀਕਲ ਜਾਂ ਡਰੱਗ ਨਹੀਂ ਮਿਲੇ ਸਨ।
ਸੁਸ਼ਾਂਤ ਦੇ ਗਲੇ ਦੇ ਆਲੇ-ਦੁਆਲੇ ਕੱਪੜੇ ਦੇ ਕੁਝ ਰੇਸ਼ੇ ਜ਼ਰੂਰ ਪਾਏ ਗਏ ਸਨ। ਮੁੰਬਈ ਪੁਲਿਸ ਨੇ ਉਸ ਕੱਪੜੇ ਨੂੰ ਸੁਸ਼ਾਂਤ ਦੇ ਫਲੈਟ ਤੋਂ ਜ਼ਬਤ ਕੀਤਾ ਸੀ। ਫੋਰੈਂਸਿਕ ਅਧਿਕਾਰੀਆਂ ਨੇ ਕਿਹਾ ਸੀ ਕਿ, ''ਇਹ ਕੱਪੜਾ 200 ਕਿਲੋ ਤੱਕ ਦਾ ਵਜ਼ਨ ਬਰਦਾਸ਼ਤ ਕਰ ਸਕਦਾ ਸੀ।''
ਬਿਹਾਰ ਪੁਲਿਸ ਦੀ ਜਾਂਚ ਨੂੰ ਲੈ ਕੇ ਹੋਈ ਰਾਜਨੀਤੀ
ਸੁਸ਼ਾਂਤ ਦੇ ਪਰਿਵਾਰ ਨੇ ਮੁੰਬਈ ਪੁਲਿਸ ਦੀ ਤਫ਼ਤੀਸ਼ 'ਤੇ ਸਵਾਲ ਚੁੱਕੇ ਸਨ ਅਤੇ ਉਨ੍ਹਾਂ ਨੇ ਬਿਹਾਰ ਪੁਲਿਸ ਕੋਲ ਸੁਸ਼ਾਂਤ ਦੀ ਮੌਤ ਨਾਲ ਜੁੜੀ ਇੱਕ ਸ਼ਿਕਾਇਤ ਦਰਜ ਕਰਾਈ ਸੀ।

ਤਸਵੀਰ ਸਰੋਤ, TWITTER/SUSHANTSINGHRAJPOOT
ਸੁਸ਼ਾਂਤ ਦੇ ਪਰਿਵਾਰ ਦੇ ਦੋਸ਼ਾਂ ਨਾਲ ਉਸ ਦੀ ਮੌਤ ਦੇ ਕੇਸ ਵਿੱਚ ਰਾਜਨੀਤਕ ਮੋੜ ਆ ਗਿਆ ਸੀ। ਇਹ ਮਾਮਲਾ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਛਲਿਆ ਸੀ। ਸਥਾਨਕ ਪੱਧਰ ਤੋਂ ਲੈ ਕੇ ਰਾਜਧਾਨੀ ਤੱਕ, ਇਹ ਮੁੱਦਾ ਰਾਜਨੀਤਕ ਦੂਸ਼ਣਬਾਜ਼ੀ ਦੀ ਵਜ੍ਹਾ ਬਣ ਗਿਆ।
ਬਿਹਾਰ ਪੁਲਿਸ ਦੀ ਇੱਕ ਟੀਮ ਮਾਮਲੇ ਦੀ ਜਾਂਚ ਲਈ ਮੁੰਬਈ ਗਈ। ਇਸ ਮਾਮਲੇ ਵਿੱਚ ਬਿਹਾਰ ਪੁਲਿਸ ਦੇ ਜਾਂਚ ਕਰਨ ਦੇ ਅਧਿਕਾਰ 'ਤੇ ਸਵਾਲ ਉੱਠੇ ਅਤੇ ਮੁੰਬਈ ਗਈ ਬਿਹਾਰ ਪੁਲਿਸ ਦੀ ਟੀਮ ਨਾਲ ਕਈ ਨਾਟਕੀ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ। ਇਸ ਦੇ ਚੱਲਦੇ ਬਿਹਾਰ ਅਤੇ ਮਹਾਰਾਸ਼ਟਰ ਵਿਚਕਾਰ ਕਾਫ਼ੀ ਜ਼ਬਾਨੀ ਜੰਗ ਵੀ ਹੋਈ ਸੀ।
ਬੇਸ਼ੱਕ, ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਵਿੱਚ ਪੰਜ ਏਜੰਸੀਆਂ ਸ਼ਾਮਲ ਹੋ ਚੁੱਕੀਆਂ ਹੋਣ, ਪਰ ਅਜੇ ਵੀ ਇਹ ਰਾਜ਼ ਹੀ ਬਣਿਆ ਹੋਇਆ ਹੈ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਜਾਂ ਨਹੀਂ, ਕਿਉਂਕਿ ਹੁਣ ਇਹ ਕੇਸ ਸੀਬੀਆਈ ਦੇ ਕੋਲ ਹੈ ਤਾਂ ਸੁਸ਼ਾਂਤ ਦੇ ਫੈਨ ਅਤੇ ਹੋਰ ਲੋਕ ਇਸ ਕੇਸ ਵਿੱਚ ਸੀਬੀਆਈ ਦੇ ਬਿਆਨ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













