ਹਾਲੀਵੁੱਡ ਦੀਆਂ ਸੁਪਰਹੀਰੋ ਫਿਲਮਾਂ ਦਾ ਆਧਾਰ ਬਣੀ 1000 ਸਾਲ ਪੁਰਾਣੀ ਕਵਿਤਾ

ਬੇਯੋਵੁੱਫ

ਤਸਵੀਰ ਸਰੋਤ, Britt Martin

ਤਸਵੀਰ ਕੈਪਸ਼ਨ, ਬੇਯੋਵੁੱਫ ਅੰਗਰੇਜ਼ੀ ਭਾਸ਼ਾ ਦੀ ਸਭ ਤੋਂ ਪੁਰਾਣੀ ਕਵਿਤਾ ਹੈ
    • ਲੇਖਕ, ਕੇਟ ਸਕੌਟਰ
    • ਰੋਲ, ਬੀਬੀਸੀ ਨਿਊਜ਼

ਯੂਕੇ ਦੀ ਕਾਉਂਟੀ ਸਫਿੱਕ ਵਿੱਚ ਸਾਹਿਤ ਫੈਸਟੀਵਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਾਲ ਬੇਯੋਵੁੱਫ ਦੀ ਪ੍ਰਸਿੱਧ ਕਵਿਤਾ ਵੀ ਸੁਣਾਈ ਜਾਏਗੀ। ਕਿਸੇ ਅਣਜਾਣ ਲੇਖਕ ਨੇ 1000 ਸਾਲ ਪਹਿਲਾਂ ਇਹ ਲਿਖੀ ਸੀ ਅਤੇ ਇਹ ਅੱਜ ਵੀ ਪ੍ਰਚਲਿਤ ਹੈ।

ਬੇਯੋਵੁੱਫ 3182 ਲਾਈਨਾਂ ਦੀ ਕਵਿਤਾ ਹੈ ਜਿਸ ਦਾ ਹੀਰੋ ਖ਼ਤਰਨਾਕ ਰਾਖ਼ਸ ਦਾ ਸਾਹਮਣਾ ਕਰਦਾ ਹੈ। ਰਾਜ ਦੀ ਰੱਖਿਆ ਲਈ ਉਹ ਮੁੰਹ 'ਚੋਂ ਅੱਗ ਕੱਢਣ ਵਾਲੇ ਡ੍ਰੈਗਨ ਤੋਂ ਵੀ ਲੜ ਜਾਂਦਾ ਹੈ।

ਸੁਣਨ ਵਿੱਚ ਇਹ ਕਿਸੇ ਹਾਲੀਵੁੱਡ ਦੀ ਫਿਲਮ ਦਾ ਪਲੌਟ ਲੱਗਦਾ ਹੈ।

ਇਹ ਬੇਯੋਵੁੱਫ ਦੀ ਕਵਿਤਾ ਕਦੇ ਐਂਗਲੋ ਸੈਕਸਨ ਇੰਗਲੈਂਡ ਵਿੱਚ ਸੁਣਾਈ ਜਾਂਦੀ ਸੀ।

ਇਤਿਹਾਸਕਾਰ ਅਤੇ ਬਰੌਡਕਾਸਟਰ ਮਾਈਕਲ ਵੁੱਡ ਮੁਤਾਬਕ ਬੇਯੋਵੁੱਫ ਕਵਿਤਾ ਅੰਗਰੇਜ਼ੀ ਸਾਹਿਤ ਦੇ ਸ਼ੁਰੂਆਤੀ ਦੌਰ ਵਿੱਚ ਲਿਖੀ ਗਈ ਸੀ।ਇਸ ਦੇ ਲੇਖਕ ਅਤੇ ਲਿਖਣ ਦਾ ਸਮਾਂ ਅੱਜ ਤੱਕ ਇੱਕ ਰਾਜ਼ ਹੈ।

ਇਸ ਦਾ ਸਿਰਫ ਇੱਕ ਹੀ ਖਰੜਾ ਬਚਿਆ ਹੈ, ਉਹ ਵੀ 18ਵੀਂ ਸਦੀ ਵਿੱਚ ਇੱਕ ਲਾਈਬ੍ਰੇਰੀ ਵਿੱਚ ਅੱਗ ਦੌਰਾਨ ਤਬਾਹ ਹੋਣ ਵਾਲਾ ਸੀ।

ਐਨਜਲੀਨਾ ਜੋਲੀ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, 2007 ਵਿੱਚ ਇਸ ਕਵਿਤਾ 'ਤੇ ਬਣੀ ਫਿਲਮ ਵਿੱਚ ਐਨਜਲੀਨਾ ਜੋਲੀ ਨੇ ਰਾਖ਼ਸ ਗਰੈਨਡੈਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ

ਜੇ ਇਤਿਹਾਸਕਰਾਂ ਦੀ ਮੰਨੀਏ ਤਾਂ ਕਰੀਬ 1300 ਸਾਲਾਂ ਬਾਅਦ ਬੇਯੋਵੁੱਫ ਕਵਿਤਾ ਅੱਜ ਵੀ ਨਾ ਹੀ ਸਿਰਫ ਪੜ੍ਹੀ ਜਾਂ ਸ਼ੇਅਰ ਕੀਤੀ ਜਾਂਦੀ ਹੈ, ਬਲਕਿ ਗੀਤਾਂ ਅਤੇ ਫਿਲਮਾਂ ਲਈ ਵੀ ਇਸ ਦਾ ਇਸਤੇਮਾਲ ਹੁੰਦਾ ਹੈ।

ਕਿਹਾ ਜਾਂਦਾ ਹੈ ਕਿ ਇਸ ਕਵਿਤਾ ਵਿੱਚ ਮਾਹਿਰ ਜੇ.ਆਰ.ਆਰ. ਟੋਲਕਿਅਨ ਨੇ ਆਪਣੀ ਮਸ਼ੂਹਰ ਹਾਲੀਵੁੱਡ ਫਿਲਮ 'ਲੌਰਡ ਆਫ ਦਿ ਰਿੰਗਜ਼ ਟ੍ਰਿਲਜੀ' ਲਈ ਬੇਯੋਵੁੱਫ ਤੋਂ ਹੀ ਪ੍ਰੇਰਣਾ ਲਈ ਸੀ।

ਯੂਨੀਵਰਸਿਟੀ ਕਾਲਜ ਆਫ ਲੰਡਨ ਦੇ ਪ੍ਰੋਫੈਸਰ ਐਂਡਕਰਿਊ ਬਰਨ ਮੁਤਾਬਕ ਮੀਡੀਵਲ ਥੀਮ ਵਾਲੀਆਂ ਵੀਡੀਓ ਗੇਮਜ਼ ਅਤੇ ਟੀਵੀ ਸ਼ੋਅਜ਼ ਵੀ ਇਸੇ ਗਾਥਾ 'ਤੇ ਅਧਾਰਿਤ ਹਨ।

ਉਨ੍ਹਾਂ ਕਿਹਾ, ''ਲੌਰਡ ਆਫ ਦਿ ਰਿੰਗਸ', 'ਡਨਜਿਓਂਨਜ਼ ਐਂਡ ਡਰੈਗਨਜ਼', 'ਗੇਮ ਆਫ ਥ੍ਰੋਨਜ਼' ਵੇਖਕੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਬਹਾਦਰੀ, ਤਾਕਤ ਲਈ ਸੰਘਰਸ਼ ਅਤੇ ਸੋਸ਼ਲ ਸਿਸਟਮ ਵਰਗੇ ਸਬਜੈਕਟ ਉਨ੍ਹਾਂ ਨੂੰ ਕਿੱਥੋਂ ਮਿਲੇ ਹਨ।''

ਬੇਯੋਵੁੱਫ ਦਾ ਬਚਿਆ ਹੋਇਆ ਖਰੜਾ

ਤਸਵੀਰ ਸਰੋਤ, British Library

ਤਸਵੀਰ ਕੈਪਸ਼ਨ, ਬੇਯੋਵੁੱਫ ਦਾ ਇੱਕ ਹੀ ਖਰੜਾ ਬਚਿਆ ਹੈ

ਐਂਗਲੋ ਸੈਕਸਨ ਅੰਗਰੇਜ਼ੀ ਦੇ ਪ੍ਰੋਫੈਸਰ ਟੋਲਕਿਅਨ ਨੇ 1926 ਵਿੱਚ ਬੇਯੋਵੁੱਫ ਨੂੰ ਟ੍ਰਾਂਸਲੇਟ ਕੀਤਾ ਸੀ।

ਆਈਰਿਸ਼ ਕਵੀ ਸੀਮਸ ਹੀਨੇ ਦੀ 1999 ਵਿੱਚ ਕੀਤੀ ਟ੍ਰਾਂਸਲੇਸ਼ਨ ਬਹੁਤ ਵਿਕੀ ਸੀ ਅਤੇ ਮਾਈਕਲ ਮੌਰਪੁਰਗੋ ਨੇ ਬੱਚਿਆਂ ਲਈ ਕਹਾਣੀ ਨੂੰ ਆਪਣੇ ਅੰਦਾਜ਼ ਵਿੱਚ ਦੁਹਰਾਇਆ ਸੀ।

ਕਈ ਕੌਮਿਕਸ, ਫਿਲਮਾਂ, ਟੀਵੀ ਸੀਰੀਜ਼ ਅਤੇ ਡੌਕਿਊਮੈਂਟਰੀਜ਼ ਵੀ ਬਣੀਆਂ ਹਨ।

ਗੇਮ ਆਫ ਥ੍ਰੋਨਜ਼

ਤਸਵੀਰ ਸਰੋਤ, HBO/SKY

ਤਸਵੀਰ ਕੈਪਸ਼ਨ, ਕਿਹਾ ਜਾਂਦਾ ਹੈ ਕਿ ਟੀਵੀ ਸ਼ੋਅ 'ਗੇਮ ਆਫ ਥ੍ਰੋਨਜ਼ट ਬੇਯੋਵੁੱਫ 'ਤੇ ਆਧਾਰਿਤ ਹੈ

ਵੁੱਡ ਨੇ ਦੱਸਿਆ, ''ਇਹ ਸ਼ੇਕਸਪੀਅਰ ਤੋਂ ਪਹਿਲਾਂ ਦੀ ਹੈ। ਇਸ ਵਿੱਚ ਰਾਖ਼ਸ ਹੈ, ਹੀਰੋ ਹੈ ਅਤੇ ਡ੍ਰੈਗਨ ਦੇ ਨਾਲ ਲੜਾਈ ਵੀ ਹੈ।

''ਇਹ ਇੱਕ ਬਿਹਤਰੀਨ ਕਹਾਣੀ ਹੈ ਜਿਸ ਨੂੰ ਲੋਕਾਂ ਨੇ ਚੁੱਕ ਕੇ ਨਵੇਂ ਰੂਪ ਦਿੱਤੇ ਹਨ। ਇਹ ਵਾਰ-ਵਾਰ ਬਣਨ ਦੇ ਯੋਗ ਹੈ, ਲੋਕ ਇਸ ਦੇ ਦੁਖਦ ਪੱਖ ਵੱਲ ਆਕਰਸ਼ਿਤ ਹੁੰਦੇ ਹਨ।''

ਉਨ੍ਹਾਂ ਅੱਗੇ ਕਿਹਾ, ''ਮਹਾਨ ਕਹਾਣੀਆਂ ਬਹੁਤ ਘੱਟ ਹੁੰਦੀਆਂ ਹਨ। ਸਾਨੂੰ ਰਾਖ਼ਸ ਅਤੇ ਹੀਰੋ ਪਸੰਦ ਹਨ, ਬੇਯੋਵੁੱਫ ਵਿੱਚ ਇਹ ਦੋਵੇਂ ਹਨ।''

ਬੇਯੋਵੁੱਫ ਦੀ ਕੌਮਿਕ ਕਿਤਾਬ

ਤਸਵੀਰ ਸਰੋਤ, DC Entertainment

ਬੇਯੋਵੁੱਫ ਸਵੀਡਨ ਦਾ ਨੌਜਵਾਨ ਸੀ ਜਿਸ ਨੇ ਰਾਖ਼ਸ ਗਰੈਨਡੈਲ ਦੀ ਬਾਂਹ ਕੱਟ ਦਿੱਤੀ ਸੀ। ਗਰੈਨਡੈਲ ਨੇ ਡੈਨਮਾਰਕ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ।

ਗਰੈਨਡੈਲ ਦੀ ਬਾਂਹ ਕੱਟਣ ਤੋਂ ਬਾਅਦ ਬੇਯੋਵੁੱਫ ਨੇ ਉਸਦੀ ਬਦਲਾ ਲੈਣ ਆਈ ਮਾਂ ਨੂੰ ਵੀ ਮਾਰ ਦਿੱਤਾ ਸੀ।

ਜਿਸ ਤੋਂ ਬਾਅਦ ਉਹ ਗੀਟਸ ਦਾ ਰਾਜਾ ਬਣ ਗਿਆ ਅਤੇ 50 ਸਾਲਾਂ ਤੱਕ ਉੱਥੇ ਰਾਜ ਕੀਤਾ। ਜਦ ਇੱਕ ਡ੍ਰੈਗਨ ਨੇ ਉਸਦੇ ਰਾਜ 'ਤੇ ਹਮਲਾ ਕੀਤਾ, ਉਹ ਉਸ ਨਾਲ ਲੜ ਪਿਆ ਅਤੇ ਅੰਤ ਵਿੱਚ ਦੋਵੇਂ ਹੀ ਮਰ ਗਏ।

ਫਿਲਮ ਦਾ ਪ੍ਰੀਮਿਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੌਸ ਐਨਜਿਲੀਸ ਵਿੱਚ 2007 ਵਿੱਚ ਰਿਲੀਜ਼ ਹੋਈ ਬੇਯੋਵੁੱਫ ਦੀ ਫਿਲਮ ਦਾ ਪ੍ਰੀਮੀਅਰ ਹੋਇਆ ਸੀ।

ਲੇਖਕ ਅਤੇ ਕਵੀ ਕੈਵਿਨ ਕਰੌਸਲੀ ਹੌਲੈਂਡ ਨੇ ਕਵਿਤਾ ਨੂੰ ਮੌਡਰਨ ਅੰਗਰੇਜ਼ੀ ਵਿੱਚ ਕਰੀਬ 650 ਸ਼ਬਦਾਂ ਵਿੱਚ ਟ੍ਰਾਂਸਲੇਟ ਕੀਤਾ ਹੈ।

ਉਨ੍ਹਾਂ ਦੇ ਮੁਤਾਬਕ ਕਵਿਤਾ ਬਹੁਤ ਹੌਲੀ ਚੱਲਦੀ ਹੈ। ਉਨ੍ਹਾਂ ਕਿਹਾ, ''ਇਹ ਪੁਰਾਣੇ ਜ਼ਮਾਨੇ ਦੇ ਡਾਂਸ ਸਟੈੱਪ ਵਰਗੀ ਹੈ, ਹੌਲੀ-ਹੌਲੀ ਚੱਲਦੀ ਹੈ, ਜਲਦਬਾਜ਼ੀ ਨਹੀਂ ਕਰਦੀ।''

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਇਸਨੂੰ ਤਿੰਨ ਵੱਖ-ਵੱਖ ਵਾਰੀਆਂ ਵਿੱਚ ਸੁਣਾਇਆ ਜਾਂਦਾ ਹੋਵੇਗਾ।

ਵੁੱਡਬਰਿਜ

ਤਸਵੀਰ ਸਰੋਤ, Rachel Cade

ਤਸਵੀਰ ਕੈਪਸ਼ਨ, ਕੁਝ ਇਤਿਹਾਸਕਾਰਾਂ ਨੂੰ ਲੱਗਦਾ ਹੈ ਕਿ ਬੇਯੋਵੁੱਫ ਨੂੰ ਸਫਿੱਕ ਦੇ ਇਲਾਕੇ ਵਿੱਚ ਹੀ ਲਿਖਿਆ ਗਿਆ ਹੋਵੇਗਾ

ਇਹ ਫੈਸਟੀਵਲ ਵੁੱਡਬਰਿਜ ਦੇ ਸ਼ਹਿਰ ਸਫਿੱਕ ਵਿੱਚ ਹੋ ਰਿਹਾ ਹੈ ਅਤੇ ਕਰੌਸਲੀ ਮੁਤਾਬਕ ਹੋ ਸਕਦਾ ਹੈ ਕਿ ਇਹ ਲਿਖੀ ਵੀ ਇਸੇ ਇਲਾਕੇ ਵਿੱਚ ਗਈ ਹੋਵੇ।

ਵੁੱਡਬਰਿਜ ਦੀ ਸਾਬਕਾ ਮੇਅਰ ਕਲਾਰ ਪਰਕਿੰਸ ਨੇ ਕਿਹਾ, ''ਬਹੁਤ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਬੇਯੋਵੁੱਫ ਕਈ ਕਹਾਣੀਆਂ, ਫਿਲਮਾਂ ਅਤੇ ਗੇਮਜ਼ ਦਾ ਆਧਾਰ ਹੈ।''

''ਵੁੱਡਬਰਿਜ ਵਿੱਚ ਬਹੁਤ ਸਕਾਰਾਤਮਕਤਾ ਹੈ, ਜੇ ਤੁਸੀਂ ਸੋਚੋ ਤਾਂ ਨਦੀ ਦੇ ਉਸ ਪਾਰ ਤੋਂ ਸਾਰੇ ਯੋਧਾਵਾਂ ਨੂੰ ਆਉਂਦੇ ਹੋਏ ਵੇਖ ਸਕਦੇ ਹੋ।''

ਬੇਯੋਵੁੱਫ ਫੈਸਟੀਵਲ ਪੋਸਟਰ

ਤਸਵੀਰ ਸਰੋਤ, Beowulf Festival

ਤਸਵੀਰ ਕੈਪਸ਼ਨ, ਫੈਸਟੀਵਲ ਸੱਤ ਮਈ ਤੱਕ ਚੱਲਣ ਵਾਲਾ ਹੈ

ਇਸ ਲਈ ਭਾਵੇਂ ਹੀ ਇਸਨੂੰ 1000 ਸਾਲ ਪਹਿਲਾਂ ਲਿਖਿਆ ਗਿਆ ਹੋਵੇ, ਕਲਾਰ ਦੀ ਭਾਸ਼ਾ ਵਿੱਚ ਕਹੀਏ ਤਾਂ, ਇਹ ਅੱਜ ਵੀ 'ਸਾਡੇ ਨਾਲ ਬੋਲਦੀ' ਹੈ।

ਬੇਯੋਵੁੱਫ ਫੈਸਟੀਵਲ ਤਿੰਨ ਮਈ ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ ਸੱਤ ਮਈ ਤੱਕ ਚੱਲੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)