ਅਕਾਲੀ ਦਲ ਦਾ BJP ਨਾਲ ਤੋੜ ਵਿਛੋੜਾ ਤੇ ਹੁਣ BSP ਨਾਲ ਨਵੀਂ ਪਾਰੀ, ਕੀ ਹਨ ਇਸ ਦੇ ਮਾਅਨੇ

ਪ੍ਰਕਾਸ਼ ਸਿੰਘ ਬਾਦਲ, ਮਾਇਆਵਤੀ

ਤਸਵੀਰ ਸਰੋਤ, fb

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਅਹਿਮ ਫੇਰਬਦਲ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ 2022 ਦੀਆਂ ਸੂਬਾਈ ਚੋਣਾਂ ਲਈ ਗਠਜੋੜ ਕਰ ਲਿਆ ਹੈ।

ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਦੋਵੇਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਗਠਜੋੜ ਦਾ ਐਲਾਨ ਕੀਤਾ।

2022 ਦੀਆਂ ਚੋਣਾਂ ਲਈ ਗਠਜੋੜ ਵਿੱਚ ਬਸਪਾ ਨੂੰ 22 ਸੀਟਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਅਕਾਲੀ ਦਲ ਦਾ BSP ਨਾਲ ਗਠਜੋੜ ਪੰਜਾਬ ਵਿੱਚ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਸਕਦਾ ਹੈ?

ਬੀਜੇਪੀ ਨਾਲ ਤੋੜ-ਵਿਛੋੜੇ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਸਪਾ ਨਾਲ ਗਠਜੋੜ ਦੇ ਪੰਜਾਬ ਦੀ ਸਿਆਸਤ ਲਈ ਕੀ ਮਾਅਨੇ ਹਨ। ਇਸ ਬਾਰੇ ਅਸੀਂ ਸਿਆਸੀ ਮਾਹਿਰ ਪ੍ਰੋਫ਼ੈਸਰ ਮੁਹੰਮਦ ਖਾਲਿਦ ਅਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕਰਕੇ ਵਿਸ਼ਲੇਸ਼ਣ ਦੀ ਕੋਸ਼ਿਸ਼ ਕੀਤੀ ਹੈ।

ਬਸਪਾ ਦਾ ਪੰਜਾਬ ਵਿੱਚ ਨਾ-ਮਾਤਰ ਆਧਾਰ, ਫ਼ਿਰ ਗਠਜੋੜ ਦੇ ਮਾਅਨੇ ਕੀ?

ਇਸ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ, "BSP ਲਈ ਸ਼੍ਰੋਮਣੀ ਅਕਾਲੀ ਦਲ ਨੇ 20 ਸੀਟਾਂ ਛੱਡੀਆਂ ਹਨ। ਆਖਰੀ ਵਾਰ ਬਸਪਾ ਨੇ ਆਪਣੇ ਬਲਬੂਤੇ ਵਿਧਾਨ ਸਭਾ ਦੀਆਂ ਨੌਂ ਸੀਟਾਂ ਜਿੱਤੀਆਂ ਸਨ। ਉਹ 1992 ਦੀਆਂ ਚੋਣਾਂ ਸੀ। ਉਨ੍ਹਾਂ ਚੋਣਾਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ। ਉਸ ਤੋਂ ਬਾਅਦ ਹੌਲੀ-ਹੌਲੀ ਪੰਜਾਬ ਦੀ ਸਿਆਸਤ ਵਿੱਚੋਂ ਬਸਪਾ ਦਾ ਸਫਾਇਆ ਹੁੰਦਾ ਗਿਆ।''

ਅਕਾਲੀ ਦਲ, ਬਸਪਾ

ਤਸਵੀਰ ਸਰੋਤ, FB/Sukhbir Singh Badal

ਤਸਵੀਰ ਕੈਪਸ਼ਨ, ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਦੋਵਾਂ ਪਾਰਟੀਆਂ ਦਾ ਰਸਮੀ ਤੌਰ 'ਤੇ ਗਠਜੋੜ ਹੋਇਆ

''ਇਸ ਵੇਲੇ ਇਹ ਪਾਰਟੀ ਪੰਜਾਬ ਵਿੱਚੋਂ ਕੋਈ ਸੀਟ ਨਹੀਂ ਜਿੱਤਦੀ। ਗਠਜੋੜ ਵਿੱਚ ਇੰਨਾ ਕੁ ਫਾਇਦਾ ਹੋ ਸਕਦਾ ਹੈ ਕਿ ਦੁਆਬੇ ਦੀਆਂ ਕੁਝ ਸੀਟਾਂ ਤੋਂ ਕੁਝ ਵੋਟਾਂ ਹਾਸਲ ਕਰ ਲੈਂਦੇ ਹਨ ਕਿਉਂਕਿ ਉੱਥੇ ਬਸਪਾ ਦਾ ਥੋੜ੍ਹਾ ਆਧਾਰ ਹੈ। ਬਸਪਾ ਨਾਲ ਗਠਜੋੜ ਕਰਨ ਨਾਲ ਅਕਾਲੀ ਦਲ ਦੀ ਸੰਭਾਵਨਾ ਪਹਿਲਾਂ ਨਾਲੋਂ ਕੁਝ ਵੱਧ ਗਈ ਹੈ।''

ਇਸੇ ਸਵਾਲ 'ਤੇ ਸਿਆਸੀ ਮਾਹਿਰ ਪ੍ਰੋਫ਼ੈਸਰ ਮੁਹੰਮਦ ਖਾਲਿਦ ਕਹਿੰਦੇ ਹਨ, "ਬੀਐਸਪੀ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਅਤੇ ਇੱਕ ਸਮੇਂ ਇਸ ਦਾ ਸੂਬੇ ਵਿੱਚ ਆਧਾਰ ਸੀ। ਨੇਤਾ ਕਾਂਸ਼ੀ ਰਾਮ ਤੋਂ ਬਾਅਦ ਦੀ ਲੀਡਰਸ਼ਿਪ ਪੰਜਾਬ ਵਿੱਚ ਉਹ ਆਧਾਰ ਕਾਇਮ ਨਹੀਂ ਰੱਖ ਸਕੀ ਅਤੇ ਇਲੈਕਟੋਰਲ ਸਿਆਸਤ ਵਿੱਚੋਂ ਇਸ ਦਾ ਵਜੂਦ ਖ਼ਤਮ ਹੋ ਗਿਆ। ਮੌਜੂਦਾ ਵੇਲੇ ਇਸ ਗਠਜੋੜ ਦੀ ਲੋੜ ਬਾਰੇ ਗੱਲ ਕਰੀਏ, ਤਾਂ ਪੰਜਾਬ ਅੰਦਰ ਦੇਸ਼ ਵਿੱਚੋਂ ਸਭ ਤੋਂ ਵੱਧ 33 ਫੀਸਦੀ ਦਲਿਤ ਜਨਗਣਨਾ ਹੈ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

''ਬੀਜੇਪੀ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਬੀਜੇਪੀ ਦਾ ਪੱਕਾ ਵੋਟ ਬੈਂਕ ਵੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਟੁੱਟ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਪੱਧਰ 'ਤੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਨਾਲ ਟੱਕਰ ਲੈਣ ਨਾਲੋਂ ਕਿਸੇ ਪਾਰਟੀ ਨਾਲ ਗਠਜੋੜ ਕਰਨਾ ਬਿਹਤਰ ਸਮਝਿਆ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਇਸ ਗਠਜੋੜ ਕਾਰਨ ਦਲਿਤ ਵੋਟ ਉਨ੍ਹਾਂ ਵੱਲ ਆ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਲਈ ਇਹ ਗਠਜੋੜ ਇੱਕ ਮਜਬੂਰੀ ਵਿੱਚੋਂ ਉਪਜਿਆ ਹੈ।"

ਕੀ ਸ਼੍ਰੋਮਣੀ ਅਕਾਲੀ ਦਲ ਕੋਲ ਗਠਜੋੜ ਲਈ ਕੋਈ ਹੋਰ ਬਿਹਤਰ ਵਿਕਲਪ ਹੋ ਸਕਦਾ ਸੀ?

ਪ੍ਰੋਫ਼ੈਸਰ ਖਾਲਿਦ ਇਸ ਬਾਰੇ ਕਹਿੰਦੇ ਹਨ ਕਿ ਕਿਸੇ ਵੇਲੇ ਬਸਪਾ ਪੰਜਾਬ ਵਿੱਚ ਕਿੰਗ ਮੇਕਰ ਸੀ ਅਤੇ ਦੁਆਬੇ ਵਿੱਚ ਪਕੜ ਰਖਦੀ ਸੀ, ਜੋ ਕਿ ਹੁਣ ਨਹੀ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਹੋਰ ਵਿਕਲਪ ਨਜ਼ਰ ਨਹੀਂ ਆਉਂਦਾ।

ਉਹ ਕਹਿੰਦੇ ਹਨ, ''ਅਕਾਲੀਆਂ ਦਾ ਬੀਜੇਪੀ ਨਾਲੋਂ ਹੁਣੇ-ਹੁਣੇ ਗਠਜੋੜ ਟੁੱਟਿਆ ਹੈ। ਬੀਜੇਪੀ ਨਾਲ ਇਸ ਵੇਲੇ ਗਠਜੋੜ ਕਰ ਨਹੀਂ ਸਕਦੇ ਕਿਉਂਕਿ ਅਜਿਹਾ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪੇਂਡੂ ਵੋਟਰ ਟੁੱਟੇਗਾ। ਕਾਂਗਰਸ ਨਾਲ ਵੀ ਗਠਜੋੜ ਨਹੀਂ ਕਰ ਸਕਦੇ ਕਿਉਂਕਿ ਦੋਵੇਂ ਬਿਲਕੁਲ ਵੱਖਰੀਆਂ ਧਿਰਾਂ ਹਨ।"

"ਆਮ ਆਦਮੀ ਪਾਰਟੀ ਆਜ਼ਾਦ ਤੌਰ 'ਤੇ ਪੰਜਾਬ ਵਿੱਚ ਸਿਆਸੀ ਜ਼ਮੀਨ ਲੱਭ ਰਹੀ ਹੈ, ਇਸ ਲਈ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਨਾਲ ਗਠਜੋੜ ਨੂੰ ਮੁਨਾਸਿਬ ਨਹੀਂ ਸਮਝੇਗੀ ਅਤੇ ਅਕਾਲੀ ਦਲ ਦੀ ਵੀ 'ਆਪ' ਨਾਲ ਨਹੀਂ ਪੁੱਗਣੀ, ਰੌਲਾ ਮੁੱਖ ਮੰਤਰੀ ਦੀ ਕੁਰਸੀ ਬਾਰੇ ਵੀ ਪੈ ਸਕਦਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਕੋਲ ਬਸਪਾ ਨਾਲ ਗਠਜੋੜ ਦਾ ਹੀ ਬਦਲ ਬਚਦਾ ਸੀ।''

ਮੁਹੰਮਦ ਖਾਲਿਦ, ਜਗਤਾਰ ਸਿੰਘ
ਤਸਵੀਰ ਕੈਪਸ਼ਨ, ਸਿਆਸੀ ਮਾਹਿਰ ਪ੍ਰੋਫ਼ੈਸਰ ਮੁਹੰਮਦ ਖਾਲਿਦ ਅਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ

''ਪਿਛਲੇ ਕਈ ਸਾਲਾਂ ਤੋਂ ਬਸਪਾ ਦਾ ਦਲਿਤ ਵੋਟਰਾਂ ਵਿੱਚ ਖਾਸ ਆਧਾਰ ਨਹੀਂ ਰਿਹਾ, ਬੇਸ਼ੱਕ ਬਸਪਾ ਇਸ ਵੇਲੇ ਪੰਜਾਬ ਵਿੱਚ ਡੈੱਡ ਫੋਰਸ ਹੈ, ਪਰ ਅਕਾਲੀ ਦਲ ਨੂੰ ਲਗਦਾ ਹੈ ਕਿ ਸ਼ਾਇਦ ਇਸ ਨਾਲ ਉਨ੍ਹਾਂ ਦੇ ਵੋਟ ਪ੍ਰਤੀਸ਼ਤ ਵਿੱਚ ਇੱਕ-ਦੋ ਫੀਸਦ ਵਾਧਾ ਹੋ ਜਾਵੇ ਜਾਂ ਉਨ੍ਹਾਂ ਦੀ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਹੋ ਸਕੇ।''

ਦਲਿਤ ਵੋਟ ਬੈਂਕ ਦਾ ਮੌਜੂਦਾ ਸਮੇਂ ਪੰਜਾਬ ਦੀ ਸਿਆਸਤ ਵਿੱਚ ਕੀ ਰੋਲ?

ਇਸ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ , "ਪੰਜਾਬ ਵਿੱਚ ਦਲਿਤ ਜਨਗਣਨਾ ਦੇਸ਼ ਵਿੱਚ ਸਭ ਤੋਂ ਵੱਧ ਹੈ, ਪਰ ਇਹ ਕਦੇ ਵੀ ਇੱਕ ਪਾਸੜ ਵੋਟ ਬੈਂਕ ਨਹੀਂ ਬਣਿਆ। ਪੰਜਾਬ ਤੋਂ ਉੱਠੀ ਬਸਪਾ ਯੂਪੀ ਵਿੱਚ ਤਾਂ ਕਾਮਯਾਬ ਹੋ ਗਈ, ਪਰ ਪੰਜਾਬ ਵਿੱਚ ਨਹੀਂ ਹੋ ਸਕੀ। ਇਹ ਵੋਟ ਬੈਂਕ ਵੰਡਿਆ ਹੋਇਆ ਹੈ। ਕਿਹੜਾ ਸੈਕਸ਼ਨ ਕਿਸ ਪਾਰਟੀ ਵੱਲ ਝੁਕਦਾ ਹੈ, ਸਿਆਸੀ ਸਮੀਕਰਨ ਉਸ ਚੀਜ਼ 'ਤੇ ਨਿਰਭਰ ਕਰਨਗੇ।''

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਪੰਜਾਬ 'ਚ ਅਕਾਲੀ-ਬਸਪਾ ਦਾ ਗਠਜੋੜ, ਸੀਟਾਂ ਦਾ ਕੀ ਹਿਸਾਬ?

ਪ੍ਰੋਫ਼ੈਸਰ ਖਾਲਿਦ ਨੇ ਕਿਹਾ ਕਿ ਦਲਿਤ ਵੋਟ ਬੈਂਕ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਵੰਡਿਆ ਹੋਇਆ ਹੈ। ਇਸ ਵਾਰ ਵੀ ਦਲਿਤ ਵੋਟ ਬੈਂਕ ਕਿਸੇ ਇੱਕ ਪਾਰਟੀ ਵੱਲ ਉੱਲਰੇ, ਇਹ ਸੰਭਾਵਨਾ ਨਜ਼ਰ ਨਹੀਂ ਆਉਂਦੀ। ਕਿਉਂਕਿ ਹਰ ਪਾਰਟੀ ਵਿੱਚ ਦਲਿਤ ਲੀਡਰਸ਼ਿਪ ਹੈ ਅਤੇ ਉਹ ਆਪਣੇ ਪੱਧਰ 'ਤੇ ਦਲਿਤ ਵੋਟ ਬੈਂਕ ਆਪਣੇ ਵੱਲ ਖਿੱਚਦੇ ਹਨ।

ਸ਼੍ਰੋਮਣੀ ਅਕਾਲੀ ਦਲ ਨੂੰ ਲਗਦਾ ਹੈ ਕਿ ਬਸਪਾ ਨਾਲ ਗਠਜੋੜ ਕਰਨ ਨਾਲ ਦਲਿਤ ਵੋਟਰਾਂ ਦਾ ਕੁਝ ਹਿੱਸਾ ਉਹਨਾਂ ਵੱਲ ਆ ਸਕਦਾ ਹੈ ਇਸ ਲਈ ਉਹਨਾਂ ਨੇ ਗਠਜੋੜ ਬਾਰੇ ਸੋਚਿਆ।

1996 ਵੇਲੇ ਦੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੇ ਲੋਕ ਸਭਾ ਦੀਆਂ 13 ਵਿੱਚੋਂ 11 ਸੀਟਾਂ ਜਿੱਤੀਆਂ, ਕੀ ਇਸ ਦੀ ਤੁਲਨਾ ਸੂਬੇ ਦੇ ਅਜੋਕੇ ਸਿਆਸੀ ਹਾਲਾਤ ਨਾਲ ਕੀਤੀ ਜਾ ਸਕਦੀ ਹੈ?

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬਕ, "ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ 1996 ਦੀ ਲੋਕ ਸਭਾ ਚੋਣ ਗਠਜੋੜ ਵਿੱਚ ਲੜ ਚੁੱਕੇ ਹਨ ਅਤੇ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਹੈ। ਉਸ ਵੇਲੇ ਹਾਲਾਤ ਬਹੁਤ ਵੱਖ ਸੀ।"

"ਪੰਜਾਬ ਮਿਲੀਟੈਂਸੀ ਦੇ ਦੌਰ ਵਿੱਚੋਂ ਬਾਹਰ ਆ ਰਿਹਾ ਸੀ, ਕਾਂਗਰਸ ਖਿਲਾਫ਼ ਪੰਜਾਬ ਵਿੱਚ ਹਵਾ ਸੀ। ਇਸੇ ਲਈ 1997 ਦੀਆਂ ਚੋਣਾਂ ਵਿੱਚ ਕਾਂਗਰਸ ਸਿਰਫ 14 ਸੀਟਾਂ 'ਤੇ ਰਹਿ ਗਈ ਸੀ। ਹੁਣ ਹਾਲਾਤ ਵੱਖ ਹਨ ਅਤੇ ਚੋਣ ਮਸਲੇ ਵੀ ਵੱਖ ਹਨ।''

''ਅਗਲੀਆਂ ਚੋਣਾਂ ਵਿੱਚ ਕਿਹੜੇ ਮਸਲੇ ਭਾਰੂ ਰਹਿੰਦੇ ਹਨ, ਇਸ ਗੱਲ 'ਤੇ ਬਹੁਤ ਕੁਝ ਨਿਰਭਰ ਕਰਦਾ ਹੈ। ਕਾਂਗਰਸ ਇਸ ਵੇਲੇ ਵੀ ਆਪਸੀ ਫਾੜ ਅਤੇ ਸੱਤਾ ਵਿਰੋਧੀ ਫੈਕਟਰ ਕਾਰਨ ਕਮਜੋਰ ਪਾਸੇ ਹੈ, ਕਾਂਗਰਸ ਡੈਮੇਜ ਕੰਟਰੋਲ ਕਿਵੇਂ ਤੇ ਕਿੰਨਾ ਕੁ ਕਰਦੀ ਹੈ, ਇਹ ਵੀ ਹਾਲੇ ਸਪਸ਼ਟ ਹੋਣਾ ਬਾਕੀ ਹੈ। ਬੀਜੇਪੀ ਵੀ ਮਜ਼ਬੂਤ ਹਾਲਾਤ ਵਿੱਚ ਨਹੀਂ, ਪਰ ਆਪਣੀ ਵੋਟ ਕਿਸ ਪਾਰਟੀ ਦੇ ਹੱਕ ਵਿੱਚ ਭੁਗਤਾਏਗੀ ਇਹ ਦੇਖਣਾ ਹੋਵੇਗਾ।''

ਭੀਮ ਰਾਓ ਅੰਬੇਡਕਰ

ਤਸਵੀਰ ਸਰੋਤ, Getty Images

''ਆਮ ਆਦਮੀ ਪਾਰਟੀ ਦੇ ਕੰਮਕਾਜ ਤੋਂ ਲੱਗ ਰਿਹਾ ਹੈ ਕਿ ਆਪਣੇ ਬਿਖਰੇ ਘਰ ਨੂੰ ਸਮੇਟ ਨਹੀਂ ਸਕੇ। ਕਿਸਾਨੀ ਦੇ ਮਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਕਮਜ਼ੋਰ ਹੈ, ਜਿਸ ਤਰ੍ਹਾਂ ਬਾਦਲ ਪਰਿਵਾਰ ਨੇ ਪਹਿਲਾਂ ਖੁੱਲ੍ਹ ਕੇ ਨਵੇਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ, ਉਸ ਦਾ ਹਿਸਾਬ ਤਾਂ ਲੋਕ ਮੰਗਣਗੇ ਹੀ।"

ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਰਲੇ-ਮਿਲੇ ਹਾਲਾਤ ਬਣ ਰਹੇ ਹਨ, ਕਿਉਂਕਿ ਸੱਤਾ ਵਿਰੋਧੀ ਫੈਕਟਰ, ਨੌਨ-ਗਵਰਨੈਂਸ ਜਿਹੇ ਮਸਲੇ ਜ਼ਿਆਦਾ ਉੱਭਰਨਗੇ ਜਾਂ ਬੇਅਦਬੀ ਅਤੇ ਕਿਸਾਨੀ ਦੇ ਮਸਲੇ ਜ਼ਿਆਦਾ ਉੱਭਰਨਗੇ, ਇਨ੍ਹਾਂ ਗੱਲਾਂ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ।

ਪ੍ਰੋਫ਼ੈਸਰ ਮੁਹੰਮਦ ਖਾਲਿਦ ਮੁਤਾਬਕ, "ਦੋਵਾਂ ਵੇਲਿਆਂ ਦੀ ਕੋਈ ਤੁਲਨਾ ਨਹੀਂ ਹੈ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਸੀ, ਬੀਐਸਪੀ ਵੀ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਮੰਨ ਕੇ ਚੱਲ ਰਹੀ ਸੀ। ਪਰ ਪਿਛਲੇ 15-20 ਸਾਲਾਂ ਵਿੱਚ ਬੀਐਸਪੀ ਪੰਜਾਬ ਵਿੱਚੋਂ ਸਿਆਸੀ ਜ਼ਮੀਨ ਗੁਆ ਚੁੱਕੀ ਹੈ।"

"ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਜਿਹੀ ਫੋਰਸ ਜੋ ਉਸ ਵੇਲੇ ਨਹੀਂ ਸੀ, ਹੁਣ ਪੰਜਾਬ ਵਿੱਚ ਖੁਦ ਨੂੰ ਬਰਕਰਾਰ ਕਰ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਕੋਸ਼ਿਸ਼ ਜ਼ਰੂਰ ਕਰ ਰਹੇ ਨੇ, ਪਰ ਉਸ ਵੇਲੇ ਜਿਹਾ ਆਧਾਰ ਨਹੀਂ ਬਣ ਸਕਦਾ।"

ਮੌਜੂਦਾ ਵੇਲੇ ਸ਼੍ਰੋਮਣੀ ਅਕਾਲੀ ਦਲ ਇਸ ਗਠਜੋੜ ਤੋਂ ਬਿਨ੍ਹਾਂ ਸੂਬੇ ਵਿੱਚ ਚੰਗੇ ਪ੍ਰਦਰਸ਼ਨ ਦਾ ਦਮ ਰਖਦਾ ਸੀ?

ਜਗਤਾਰ ਸਿੰਘ ਕਹਿੰਦੇ ਹਨ, "ਪੰਜਾਬ ਵਿੱਚ ਇਹ ਚਰਚਾ ਚਲਦੀ ਰਹੀ ਹੈ ਕਿ ਅਕਾਲੀ ਦਲ ਆਪਣੇ ਬਲਬੂਤੇ ਸੂਬੇ ਵਿੱਚ ਚੋਣ ਜਿੱਤ ਸਕਦਾ ਹੈ। 1985 ਵਿੱਚ ਵੀ ਅਕਾਲੀ ਦਲ ਨੇ ਬਿਨ੍ਹਾਂ ਗਠਜੋੜ ਤੋਂ ਸਰਕਾਰ ਬਣਾਈ ਸੀ, ਹਾਲਾਂਕਿ ਉਸ ਵੇਲੇ ਦੇ ਸਿਆਸੀ ਸਮੀਕਰਨ ਵੀ ਕੁਝ ਹੋਰ ਤਰ੍ਹਾਂ ਦੇ ਸੀ। ਅੱਜ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪਾਰਟੀ ਆਪਣੇ ਪੱਧਰ 'ਤੇ ਚੋਣ ਲੜ ਸਕਦੀ ਹੈ ਜਾਂ ਨਹੀਂ।''

''ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਸੀ, ਪਰ 1996 ਤੋਂ ਜਦੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਨਾਅਰਾ ਦਿੱਤਾ ਗਿਆ ਤਾਂ ਵੋਟ ਬੈਂਕ ਵੀ ਸ਼ਿਫਟ ਹੋਇਆ ਅਤੇ ਉਹ ਪੰਥਕ ਸਿਆਸਤ ਤੋਂ ਦੂਰ ਹਟਣ ਦੀ ਸਿਆਸਤ ਸੀ। ਹਿੰਦੂ ਵੋਟ ਬੈਂਕ ਨੂੰ ਵੀ ਜੋੜਨ ਦੀ ਕੋਸ਼ਿਸ਼ ਹੋਈ। ਇਸ ਤੋਂ ਬਾਅਦ ਲਗਾਤਾਰ ਪੰਥਕ ਸਿਆਸਤ ਤੋਂ ਦੂਰ ਹਟਦੇ ਗਈ ਅਤੇ ਪਾਰਟੀ ਨੂੰ ਨੁਕਸਾਨ ਹੋਇਆ।''

ਅਕਾਲੀ ਦਲ, ਬਸਪਾ

ਤਸਵੀਰ ਸਰੋਤ, SAD

''ਜਦੋਂ ਆਪਣਾ ਪੱਕਾ ਵੋਟ ਬੈਂਕ ਟੁੱਟਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਗਠਜੋੜਾਂ ਵੱਲ ਦੇਖਣਾ ਪਿਆ। ਅੱਜ ਵੀ ਅਕਾਲੀ ਦਲ ਨਵੀਂ ਸ਼ੁਰੂਆਤ ਕਰੇ ਅਤੇ ਹਰ ਸਿੱਖ ਸੈਕਟ ਨੂੰ ਜੋੜਿਆ ਜਾਵੇ ਤਾਂ ਹੋ ਸਕਦੈ ਗਠਜੋੜ ਦੀ ਲੋੜ ਨਾ ਪਵੇ। ਪਾਰਟੀ ਦੀ ਅਪਰੋਚ ਵਿੱਚ ਜਿਸ ਦਰੁਸਤੀ ਦੀ ਲੋੜ ਹੈ, ਉਹ ਮੌਜੂਦਾ ਲੀਡਰਸ਼ਿਪ ਦੇ ਵੱਸ ਦੀ ਗੱਲ ਨਹੀਂ ਲਗਦੀ।"

"ਮੌਕਾਪ੍ਰਸਤੀ ਵਿੱਚੋਂ ਨਿੱਕਲਦੇ ਹਨ ਅਜਿਹੇ ਗਠਜੋੜ"

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ, "ਹੁਣ ਵਾਰ-ਵਾਰ ਉੱਪ ਮੁੱਖ ਮੰਤਰੀ ਦਲਿਤ ਜਾਂ ਹਿੰਦੂ ਹੋਣ ਦੀ ਗੱਲ ਤੁਰਦੀ ਹੈ। ਵੈਸੇ ਤਾਂ ਡਿਪਟੀ ਸੀਐਮ ਸਿਰਫ਼ ਤਖਤੀ ਹੁੰਦੀ ਹੈ। ਪਰ ਪਿਛਲੀ ਸਰਕਾਰ ਵੇਲੇ ਜਦੋਂ ਸੁਖਬੀਰ ਬਾਦਲ ਖੁਦ ਡਿਪਟੀ ਸੀਐਮ ਸੀ ਤਾਂ ਉਦੋਂ ਇਨ੍ਹਾਂ ਦੀ ਪਾਰਟੀ ਦਲਿਤ ਡਿਪਟੀ ਸੀਐਮ ਲਿਆਉਂਦੀ ਜੇ ਇਨ੍ਹਾਂ ਨੂੰ ਕੋਈ ਵਾਸਤਾ ਸੀ ਤਾਂ।"

"ਇਹ ਗਠਜੋੜ ਸਿਆਸੀ ਮੌਕਾਪ੍ਰਸਤੀ ਹੁੰਦੇ ਹਨ, ਅਜਿਹੇ ਵਿੱਚ ਲੀਡਰਾਂ ਨੂੰ ਕਿਸੇ ਵਰਗ ਨਾਲ ਵਾਸਤਾ ਨਹੀਂ ਹੁੰਦਾ। ਪੰਜਾਬ ਦੀ ਸੱਤਾ ਵਿੱਚ ਸਾਰੀਆਂ ਪਾਰਟੀਆਂ ਦਾ ਸੁਭਾਅ ਇੱਕੋ ਜਿਹਾ ਹੀ ਰਿਹਾ ਹੈ।

ਲੰਮੇ ਦੌਰ ਦੀ ਪੰਜਾਬ ਦੀ ਸਿਆਸਤ 'ਤੇ ਗਠਜੋੜ ਦਾ ਕੀ ਅਸਰ?

ਪੱਤਰਕਾਰ ਜਗਤਾਰ ਸਿੰਘ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਦੇ ਐਲਾਨ ਵੇਲੇ ਨਾ ਤਾਂ ਬੀਜੇਪੀ ਦਾ ਕੋਈ ਜ਼ਿਕਰ ਹੋਇਆ ਅਤੇ ਸੁਖਬੀਰ ਬਾਦਲ ਨੇ ਪੱਤਰਕਾਰਾਂ ਦੇ ਸਵਾਲ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਇਹ ਅਹਿਮ ਹੈ, ਕਿਉਂਕਿ ਹੋ ਸਕਦਾ ਹੈ ਇਹ ਗਠਜੋੜ ਸਿਰਫ਼ ਅਗਲੀਆਂ ਚੋਣਾਂ ਲਈ ਹੀ ਹੋਵੇ।''

''ਬੀਜੇਪੀ ਨਾਲ ਗਠਜੋੜ ਹੋਰ ਤਰ੍ਹਾਂ ਦਾ ਸੀ। ਹੁਣ ਸੁਖਬੀਰ ਬਾਦਲ ਨੇ ਭਾਈਚਾਰਕ ਸਾਂਝ ਵਾਲਾ ਉਹੀ ਏਜੰਡਾ ਦੁਹਰਾਇਆ ਹੈ ਜੋ ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਨਾਲ ਗਠਜੋੜ ਵੇਲੇ ਕਿਹਾ ਕਰਦੇ ਸੀ। ਉਸ ਤੋਂ ਇਹ ਲਗਦਾ ਹੈ ਕਿ ਹਿੰਦੂ ਵੋਟ ਦਾ ਡੈਮੇਜ ਕੰਟਰੋਲ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੇ ਖਿਆਲ ਵਿੱਚ ਇਹ ਗਠਜੋੜ ਸਿਰਫ਼ ਇਨ੍ਹਾਂ ਚੋਣਾਂ ਤੱਕ ਹੀ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)