ਕੀ ਹੈ 'ਪੀਰੀਅਡ ਹੱਟ' ਜੋ ਇਸ ਇਲਾਕੇ ਦੀਆਂ ਔਰਤਾਂ ਲਈ ਬਣਾਈ ਗਈ ਹੈ

ਮਾਹਵਾਰੀ

ਤਸਵੀਰ ਸਰੋਤ, Prashant Mandawar

ਤਸਵੀਰ ਕੈਪਸ਼ਨ, ਮਾਹਵਾਰੀ ਦੌਰਾਨ ਔਰਤਾਂ ਇਸ ਤਰ੍ਹਾਂ ਦੀਆਂ 'ਪੀਰੀਅਡ ਹੱਟ' ਵਿੱਚ ਰਹਿੰਦੀਆਂ ਹਨ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਮਹਾਰਾਸ਼ਟਰ ਵਿੱਚ ਆਦਿਵਾਸੀ ਔਰਤਾਂ ਤੇ ਬੱਚੀਆਂ ਲਈ ਬਣਾਈਆਂ 'ਪੀਰੀਅਡ ਹੱਟ' ਵਿੱਚ ਬਦਲਾਅ ਕੀਤੇ ਜਾ ਰਹੇ ਹਨ। ਇਹ ਉਹ ਜਗ੍ਹਾ ਹੈ ਜਿੱਥੇ ਉਨ੍ਹਾਂ ਨੂੰ ਮਾਹਵਾਰੀ ਦੌਰਾਨ ਛੱਡ ਦਿੱਤਾ ਜਾਂਦਾ ਹੈ।

ਮੁੰਬਈ ਦੀ ਇੱਕ ਸੰਸਥਾ, ਖੇਰਵਾੜੀ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪੁਰਾਣੀਆਂ ਅਤੇ ਖ਼ਰਾਬ ਝੌਂਪੜੀਆਂ ਜਿਨ੍ਹਾਂ ਨੂੰ 'ਕੁਰਮਾ ਘਰ' ਆਖਿਆ ਜਾਂਦਾ ਹੈ, ਵਿੱਚ ਬਦਲਾਅ ਕਰਕੇ ਉਨ੍ਹਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ।

ਇਨ੍ਹਾਂ ਨਵੀਆਂ ਝੌਂਪੜੀਆਂ ਵਿੱਚ ਬੈੱਡ, ਪਾਣੀ, ਸੋਲਰ ਪੈਨਲ ਅਤੇ ਟਾਇਲਟ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਅਭਿਆਨ ਨੇ ਮਾਹਵਾਰੀ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ:

ਆਲੋਚਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਝੌਂਪੜੀਆਂ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ ਕਿਉਂਕਿ ਮਾਹਵਾਰੀ ਇੱਕ ਕੁਦਰਤੀ ਕਿਰਿਆ ਹੈ।

ਪਰ ਇਸ ਮੁਹਿੰਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਰੁਕਦਾ ਨਹੀਂ ਉਦੋਂ ਤੱਕ ਔਰਤਾਂ ਨੂੰ ਇੱਕ ਸੁਰੱਖਿਅਤ ਜਗ੍ਹਾ ਤਾਂ ਮਿਲਣੀ ਚਾਹੀਦੀ ਹੈ ਜਿਸ ਦੀ ਉਹ ਕੋਸ਼ਿਸ਼ ਕਰ ਰਹੇ ਹਨ।

ਮਾਹਵਾਰੀ ਨੂੰ ਲੈ ਕੇ ਭਾਰਤ ਵਿੱਚ ਕਈ ਧਾਰਨਾਵਾਂ ਹਨ। ਕਈ ਵਾਰ ਇਸ ਦੌਰਾਨ ਔਰਤ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਅਤੇ ਵੱਖਰੀ ਜਗ੍ਹਾ 'ਤੇ ਰੱਖਿਆ ਜਾਂਦਾ ਹੈ।

ਧਾਰਮਿਕ ਅਤੇ ਸਮਾਜਿਕ ਸਥਾਨਾਂ 'ਤੇ ਜਾਣ ਤੋਂ ਮਨਾਹੀ ਹੁੰਦੀ ਹੈ, ਜਿਸ ਵਿੱਚ ਮੰਦਿਰ ਅਤੇ ਕਈ ਵਾਰ ਰਸੋਈ ਵੀ ਸ਼ਾਮਿਲ ਹੁੰਦੀ ਹੈ।

ਗੜਚਿਰੌਲੀ ਜੋ ਕਿ ਭਾਰਤ ਦੇ ਸਭ ਤੋਂ ਗ਼ਰੀਬ ਅਤੇ ਘੱਟ ਵਿਕਸਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਇਸ ਇਲਾਕੇ ਦੀਆਂ ਗੌਂਡ ਅਤੇ ਮਾਡੀਆ ਜਨਜਾਤੀ ਦੀਆਂ ਮਹਿਲਾਵਾਂ ਨੂੰ ਇਸ ਦੌਰਾਨ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ।

ਇਸ ਜਨਜਾਤੀ ਦੀਆਂ ਪਰੰਪਰਾਵਾਂ ਅਨੁਸਾਰ ਉਨ੍ਹਾਂ ਨੂੰ ਮਾਹਵਾਰੀ ਦੌਰਾਨ ਹਰ ਮਹੀਨੇ ਪੰਜ ਦਿਨ ਪਿੰਡ ਦੇ ਬਾਹਰ ਬਣੀਆਂ ਝੌਂਪੜੀਆਂ ਵਿੱਚ ਰਹਿਣਾ ਪੈਂਦਾ ਹੈ। ਇਸ ਸਮੇਂ ਨਾ ਤਾਂ ਉਹ ਕੁਝ ਪਕਾ ਸਕਦੀਆਂ ਹਨ ਅਤੇ ਨਾ ਹੀ ਪਿੰਡ ਦੇ ਖੂਹ ਵਿੱਚੋਂ ਪਾਣੀ ਭਰ ਸਕਦੀਆਂ ਹਨ।

ਖਾਣੇ ਅਤੇ ਪਾਣੀ ਲਈ ਪਿੰਡ ਦੀਆਂ ਦੂਜੀਆਂ ਮਹਿਲਾ ਰਿਸ਼ਤੇਦਾਰਾਂ ਉਪਰ ਨਿਰਭਰ ਹੋਣਾ ਪੈਂਦਾ ਹੈ। ਜੇਕਰ ਕੋਈ ਆਦਮੀ ਉਨ੍ਹਾਂ ਨੂੰ ਇਸ ਦੌਰਾਨ ਛੂਹ ਲੈਂਦਾ ਹੈ ਤਾਂ ਉਸ ਨੂੰ ਵੀ ਤੁਰੰਤ ਨਹਾਉਣਾ ਪੈਂਦਾ ਹੈ ਕਿਉਂਕਿ ਉਹ ਵੀ 'ਅਪਵਿੱਤਰ' ਹੋ ਜਾਂਦਾ ਹੈ।

ਤੁਕੁਮ ਪਿੰਡ, ਜਿੱਥੇ ਸਭ ਤੋਂ ਪਹਿਲਾਂ ਇਹ ਆਧੁਨਿਕ 'ਪੀਰੀਅਡ ਹੱਟ' ਬਣੇ ਸਨ, ਉਸ ਪਿੰਡ ਦੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਪਿੰਡ ਦੀਆਂ 90 ਔਰਤਾਂ ਦੀ ਜ਼ਿੰਦਗੀ ਸੌਖੀ ਹੋ ਗਈ ਹੈ।

ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਪਹਿਲਾਂ ਜਿਉਂ-ਜਿਉਂ ਉਨ੍ਹਾਂ ਦੀ ਮਾਹਵਾਰੀ ਦੀ ਤਰੀਕ ਨੇੜੇ ਆਉਂਦੀ ਸੀ ਤਾਂ ਉਨ੍ਹਾਂ ਨੂੰ ਗਾਰੇ ਅਤੇ ਬਾਂਸ ਨਾਲ ਬਣੀ ਇਸ ਝੌਂਪੜੀ ਬਾਰੇ ਸੋਚ ਕੇ ਡਰ ਲੱਗਦਾ ਸੀ।

ਇਨ੍ਹਾਂ ਝੌਂਪੜੀਆਂ ਵਿੱਚ ਨਾ ਕੋਈ ਦਰਵਾਜ਼ਾ ਸੀ ਨਾ ਹੀ ਖਿੜਕੀ। ਕੱਪੜੇ ਧੋਣ ਜਾਂ ਨਹਾਉਣ ਲਈ ਪਾਣੀ ਲੈਣ ਵੀ ਉਨ੍ਹਾਂ ਨੂੰ ਇੱਕ ਕਿਲੋਮੀਟਰ ਤੁਰਨਾ ਪੈਂਦਾ ਸੀ।

ਮਾਹਵਾਰੀ

ਤਸਵੀਰ ਸਰੋਤ, Prashant Mandawar

ਤਸਵੀਰ ਕੈਪਸ਼ਨ, ਤੁਕੁਮ ਪਿੰਡ ਦੀਆਂ ਔਰਤਾਂ ਮੁਤਾਬਕ ਪੀਰੀਅਡ ਹੱਟ ਦੇ ਕਰਕੇ ਜ਼ਿੰਦਗੀ ਸੌਖੀ ਹੋਈ ਹੈ

35 ਸਾਲਾ ਸੁਰੇਖਾ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਇਹ ਬੇਹੱਦ ਗਰਮ ਅਤੇ ਮੱਛਰਾਂ ਨਾਲ ਭਰੀ ਹੁੰਦੀ ਸੀ ਜਦਕਿ ਸਰਦੀਆਂ ਵਿੱਚ ਇਹ ਬੇਹੱਦ ਠੰਡੀ ਹੁੰਦੀ ਸੀ।

ਬਰਸਾਤਾਂ ਦੇ ਦਿਨਾਂ ਵਿੱਚ ਇਸ ਵਿੱਚ ਪਾਣੀ ਭਰ ਜਾਂਦਾ ਸੀ ਅਤੇ ਕਈ ਵਾਰ ਅਵਾਰਾ ਕੁੱਤੇ ਅਤੇ ਸੂਰ ਅੰਦਰ ਆ ਜਾਂਦੇ ਸਨ।

21 ਸਾਲਾ ਸ਼ੀਤਲ ਦਾ ਕਹਿਣਾ ਹੈ ਕਿ ਜਦੋਂ ਉਹ ਇਸ ਵਿੱਚ ਇਕੱਲੀ ਹੁੰਦੀ ਸੀ ਤਾਂ ਡਰ ਦੇ ਕਾਰਨ ਰਾਤ ਨੂੰ ਸੌਂ ਨਹੀਂ ਸਕਦੀ ਸੀ। ਅੰਦਰ ਅਤੇ ਬਾਹਰ ਹਨੇਰਾ ਹੁੰਦਾ ਸੀ ਪਰ ਮਜਬੂਰਨ ਉਹ ਘਰ ਨਹੀਂ ਜਾ ਸਕਦੀ ਸੀ।

ਉਸ ਦੀ ਗੁਆਂਢੀ 45 ਸਾਲਾ ਦੁਰਪਤਾ ਦੱਸਦੀ ਹੈ ਕਿ 10 ਸਾਲ ਪਹਿਲਾਂ ਸੱਪ ਦੇ ਕੱਟਣ ਨਾਲ ਇੱਥੇ 21 ਸਾਲਾ ਔਰਤ ਦੀ ਮੌਤ ਹੋ ਗਈ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਹ ਦੱਸਦੀ ਹੈ "ਅੱਧੀ ਰਾਤ ਨੂੰ ਅਸੀਂ ਉਸ ਦੇ ਚੀਕਣ ਦੀ ਆਵਾਜ਼ ਨਾਲ ਉੱਠੇ। ਉਹ ਦੌੜ ਕੇ ਝੌਂਪੜੀ ਤੋਂ ਬਾਹਰ ਨਿਕਲੀ। ਉਸ ਦੀਆਂ ਰਿਸ਼ਤੇਦਾਰ ਔਰਤਾਂ ਨੇ ਕੁਝ ਜੜ੍ਹੀ ਬੂਟੀਆਂ ਦੇ ਕੇ ਉਸ ਦੀ ਮਦਦ ਕੀਤੀ"

"ਉਸ ਦੇ ਪਰਿਵਾਰ ਦੇ ਆਦਮੀ ਉਸ ਨੂੰ ਦੂਰ ਤੋਂ ਦੇਖਦੇ ਰਹੇ। ਉਸ ਦੀ ਮਦਦ ਨਹੀਂ ਕਰ ਸਕਦੇ ਸਨ ਕਿਉਂਕਿ ਮਹਾਵਾਰੀ ਵਾਲੀ ਔਰਤ ਨੂੰ ਹੱਥ ਲਾ ਕੇ ਉਹ 'ਅਪਵਿੱਤਰ' ਹੋ ਜਾਂਦੇ। ਹੌਲੀ-ਹੌਲੀ ਉਸ ਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ ਅਤੇ ਕੁਝ ਘੰਟਿਆਂ ਬਾਅਦ ਉਸ ਦੀ ਦਰਦਨਾਕ ਮੌਤ ਹੋ ਗਈ"

ਵੀਡੀਓ ਕਾਲ ਦੌਰਾਨ ਔਰਤਾਂ ਨੇ ਨਵੀਂ ਬਣੀ ਝੌਂਪੜੀ ਦਿਖਾਈ ਜਿਸ ਵਿੱਚ ਰੰਗ ਬਿਰੰਗੀਆਂ ਪਲਾਸਟਿਕ ਦੀਆਂ ਪੇਂਟ ਕੀਤੀਆਂ ਬੋਤਲਾਂ ਰੱਖੀਆਂ ਹੋਈਆਂ ਸਨ।

ਇਸ ਝੌਂਪੜੀ ਵਿੱਚ ਅੱਠ ਬੈੱਡ ਹਨ ਅਤੇ ਔਰਤਾਂ ਅਨੁਸਾਰ ਸਭ ਤੋਂ ਚੰਗੀ ਗੱਲ ਹੈ ਕਿ ਇਸ ਵਿੱਚ ਟਾਇਲਟ ਹਨ ਜਿਸ ਦਾ ਦਰਵਾਜ਼ਾ ਉਹ ਅੰਦਰੋਂ ਬੰਦ ਕਰ ਸਕਦੀਆਂ ਹਨ।

ਇਸ ਸੰਸਥਾ ਦੀ ਨਿਕੋਲਾ ਮੌਂਟੈਰੀਓ ਅਨੁਸਾਰ ਇਨ੍ਹਾਂ ਝੌਂਪੜੀਆਂ ਨੂੰ ਬਣਾਉਣ ਲਈ ਸਾਢੇ ਛੇ ਲੱਖ ਰੁਪਏ ਲੱਗੇ ਹਨ। ਇਸ ਨੂੰ ਬਣਾਉਣ ਵਿੱਚ ਢਾਈ ਮਹੀਨੇ ਦਾ ਸਮਾਂ ਲੱਗਿਆ ਹੈ।

ਇਸ ਸੰਸਥਾ ਨੇ ਹੁਣ ਤੱਕ ਚਾਰ 'ਪੀਰੀਅਡ ਹੱਟ' ਬਣਾ ਲਏ ਹਨ ਅਤੇ ਜੂਨ ਤੱਕ ਆਸੇ ਪਾਸੇ ਦੇ ਪਿੰਡਾਂ ਵਿੱਚ ਛੇ ਹੋਰ ਪੀਰੀਅਡ ਹੱਟ ਬਣਾ ਦਿੱਤੇ ਜਾਣਗੇ।

ਸਥਾਨਕ ਸੰਸਥਾ ਸਪਰਸ਼ ਦੇ ਮੁਖੀ ਦਿਲੀਪ ਬਰਸਾਗੜੇ ਮੁਤਾਬਕ ਉਹ 15 ਸਾਲ ਤੋਂ ਇਸ ਇਲਾਕੇ ਵਿੱਚ ਕੰਮ ਕਰ ਰਹੇ ਹਨ ਅਤੇ 223 ਪੀਰੀਅਡ ਹੱਟ ਵਿੱਚ ਗਏ ਹਨ। ਇਨ੍ਹਾਂ ਵਿੱਚੋ 98% ਰਹਿਣ ਲਾਇਕ ਨਹੀਂ ਹਨ।

ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੇ ਕਿਹਾ ਕਿ 21 ਔਰਤਾਂ ਦੀ ਮੌਤ ਇਨ੍ਹਾਂ ਝੌਂਪੜੀਆਂ ਵਿੱਚ ਹੋਈ ਹੈ।

ਉਹ ਦੱਸਦੇ ਹਨ "ਇੱਕ ਔਰਤ ਸੱਪ ਦੇ ਕੱਟਣ ਨਾਲ ਮਾਰੀ ਗਈ ਜਦਕਿ ਦੂਜੀ ਨੂੰ ਜੰਗਲੀ ਭਾਲੂ ਲੈ ਗਿਆ। ਇੱਕ ਮਹਿਲਾ ਦੀ ਤੇਜ਼ ਬੁਖਾਰ ਕਾਰਨ ਮੌਤ ਹੋ ਗਈ"

ਸ਼ੀਤਲ

ਤਸਵੀਰ ਸਰੋਤ, Prashant Mandawar

ਤਸਵੀਰ ਕੈਪਸ਼ਨ, ਸ਼ੀਤਲ ਦਾ ਕਹਿਣਾ ਹੈ ਕਿ ਜਦੋਂ ਉਹ ਇਸ ਵਿੱਚ ਇਕੱਲੀ ਹੁੰਦੀ ਸੀ ਤਾਂ ਡਰ ਦੇ ਕਾਰਨ ਰਾਤ ਨੂੰ ਸੌਂ ਨਹੀਂ ਸਕਦੀ ਸੀ

ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਭਾਰਤ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂਬਾ ਸਰਕਾਰ ਨੂੰ ਇਸ ਪਰੰਪਰਾ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਸਨ।

ਕਮਿਸ਼ਨ ਅਨੁਸਾਰ ਇਹ ਔਰਤਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਸਾਫ ਸਫਾਈ ਦੇ ਵੀ ਖ਼ਿਲਾਫ਼ ਹੈ। ਕਈ ਸਾਲ ਬੀਤ ਜਾਣ ਦੇ ਬਾਅਦ ਵੀ ਇਹ ਪਰੰਪਰਾ ਬਾਦਸਤੂਰ ਜਾਰੀ ਹੈ।

ਤੁਕੁਮ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਸਾਰੀਆਂ ਔਰਤਾਂ ਝੌਂਪੜੀ ਵਿੱਚ ਨਹੀਂ ਜਾਣਾ ਚਾਹੁੰਦੀਆਂ। ਸਹੂਲਤਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ ਪਰ ਸਦੀਆਂ ਪੁਰਾਣੀ ਇਸ ਪਰੰਪਰਾ ਨੂੰ ਬਦਲਣ ਲਈ ਉਹ ਆਪਣੇ ਆਪ ਨੂੰ ਤਾਕਤਹੀਣ ਸਮਝਦੀਆਂ ਹਨ।

ਸੁਰੇਖਾ ਅਨੁਸਾਰ ਉਸ ਨੂੰ ਡਰ ਹੈ ਕਿ ਜੇ ਉਹ ਇਸ ਪਰੰਪਰਾ ਦੇ ਖ਼ਿਲਾਫ਼ ਜਾਵੇਗੀ ਤਾਂ ਦੇਵੀ ਦੇਵਤਾ ਉਸ ਨਾਲ ਗੁੱਸੇ ਹੋ ਜਾਣਗੇ ਜਿਸ ਕਾਰਨ ਉਸ ਦੇ ਪਰਿਵਾਰ ਵਿੱਚ ਬੀਮਾਰੀ ਅਤੇ ਮੌਤ ਹੋ ਜਾਵੇਗੀ।

ਸੁਰੇਖਾ ਕਹਿੰਦੀ ਹੈ "ਮੇਰੀ ਦਾਦੀ ਅਤੇ ਮੇਰੀ ਮਾਂ ਵੀ ਕੁਰਮਾ ਘਰ ਗਈਆਂ ਹਨ। ਮੈਂ ਵੀ ਉੱਥੇ ਹਰ ਮਹੀਨੇ ਜਾਂਦੀ ਹਾਂ। ਇੱਕ ਦਿਨ ਮੈਂ ਆਪਣੀ ਬੇਟੀ ਨੂੰ ਵੀ ਉੱਥੇ ਭੇਜਾਂਗੀ।"

ਪਿੰਡ ਦੇ ਇੱਕ ਬਜ਼ੁਰਗ ਚੇਂਦੂ ਬੀਬੀਸੀ ਨੂੰ ਦੱਸਦੇ ਹਨ ਕਿ ਉਹ ਇਸ ਪਰੰਪਰਾ ਨੂੰ ਨਹੀਂ ਬਦਲ ਸਕਦੇ ਕਿਉਂਕਿ ਇਹ ਉਨ੍ਹਾਂ ਦੇ ਦੇਵੀ ਦੇਵਤਿਆਂ ਦਾ ਹੁਕਮ ਹੈ।

ਉਨ੍ਹਾਂ ਮੁਤਾਬਕ ਜਿਸ ਨੇ ਇਸ ਪਰੰਪਰਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਸਜ਼ਾ ਮਿਲੀ ਹੈ। ਅਜਿਹਾ ਕਰਨ ਵਾਲੀ ਨੂੰ ਜਾਂ ਤਾਂ ਪੂਰੇ ਪਿੰਡ ਨੂੰ ਮਾਸਾਹਾਰੀ ਅਤੇ ਸ਼ਰਾਬ ਦਾ ਭੋਜ ਕਰਵਾਉਣਾ ਪਿਆ ਜਾਂ ਫਿਰ ਉਸ ਨੂੰ ਜੁਰਮਾਨਾ ਭਰਨਾ ਪਿਆ।

ਧਰਮ ਅਤੇ ਪਰੰਪਰਾ ਦਾ ਹਵਾਲਾ ਦੇ ਕੇ ਇਸ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਹੁੰਦੀ ਹੈ ਪਰ ਸਮੇਂ ਦੇ ਨਾਲ ਪੜ੍ਹੀਆਂ ਲਿਖੀਆਂ ਸ਼ਹਿਰੀ ਔਰਤਾਂ ਨੇ ਇਸ ਦੇ ਖਿਲਾਫ ਆਵਾਜ਼ ਚੁੱਕੀ ਹੈ।

ਮਾਹਵਾਰੀ

ਤਸਵੀਰ ਸਰੋਤ, Dilip Barsagade

ਨਿਕੋਲਾ ਅਨੁਸਾਰ ,"ਇਹ ਬਹੁਤ ਹੀ ਪਛੜਿਆ ਇਲਾਕਾ ਹੈ ਅਤੇ ਇੱਥੇ ਬਦਲਾਅ ਬਹੁਤ ਹੌਲੀ ਹੈ। ਮੇਰਾ ਤਜਰਬਾ ਕਹਿੰਦਾ ਹੈ ਕਿ ਅਸੀਂ ਹੜਬੜੀ ਨਾਲ ਇਸ ਦੇ ਖ਼ਿਲਾਫ਼ ਨਹੀਂ ਲੜ ਸਕਦੇ।"

“ਫਿਲਹਾਲ ਨਵੀਆਂ ਝੌਂਪੜੀਆਂ ਰਾਹੀਂ ਅਸੀਂ ਮਹਿਲਾਵਾਂ ਨੂੰ ਸੁਰੱਖਿਅਤ ਜਗ੍ਹਾ ਮੁਹੱਈਆ ਕਰਵਾ ਰਹੇ ਹਾਂ ਅਤੇ ਭਵਿੱਖ ਲਈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਪਰੰਪਰਾ ਨੂੰ ਖਤਮ ਕਰ ਦਈਏ।”

ਪਰ ਬਰਸਾਗੜੇ ਅਨੁਸਾਰ ਇਹ ਕਹਿਣ ਨਾਲੋਂ ਕਰਨਾ ਬਹੁਤ ਔਖਾ ਹੈ।

ਉਹ ਕਹਿੰਦੇ ਹਨ, "ਸਾਨੂੰ ਪਤਾ ਹੈ ਕਿ ਆਧੁਨਿਕ ਝੌਂਪੜੀਆਂ ਇਸ ਦਾ ਜਵਾਬ ਨਹੀਂ ਹਨ। ਇਸ ਸਮੇਂ ਦੌਰਾਨ ਔਰਤਾਂ ਨੂੰ ਭਾਵਨਾਤਮਕ ਅਤੇ ਸਰੀਰਕ ਤੌਰ 'ਤੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ।''

''ਇਹ ਸਭ ਉਨ੍ਹਾਂ ਦੇ ਘਰ ਵਿੱਚ ਹੀ ਸੰਭਵ ਹੋ ਸਕਦਾ ਹੈ। ਸਾਡੇ ਕੋਲ ਕੋਈ ਜਾਦੂਈ ਛੜੀ ਨਹੀਂ ਹੈ ਜਿਸ ਨਾਲ ਅਸੀਂ ਹਾਲਾਤਾਂ ਨੂੰ ਬਦਲ ਸਕੀਏ।"

ਮਾਹਵਾਰੀ

ਤਸਵੀਰ ਸਰੋਤ, Prashant Mandawar

ਤਸਵੀਰ ਕੈਪਸ਼ਨ, ਪਿੰਡ ਦੀਆਂ ਔਰਤਾਂ ਨੇ ਪੀਰੀਅਡ ਹੱਟ ਦੀ ਉਸਾਰੀ ਵਿੱਚ ਮਦਦ ਕੀਤੀ

ਸਭ ਤੋਂ ਵੱਡੀ ਮੁਸ਼ਕਿਲ ਹੈ ਕਿ ਔਰਤਾਂ ਨੂੰ ਇਸ ਗੱਲ ਦੀ ਵੀ ਸਮਝ ਨਹੀਂ ਹੈ ਕਿ ਇਹ ਸਭ ਉਨ੍ਹਾਂ ਦੇ ਅਧਿਕਾਰਾਂ ਦਾ ਹਨਨ ਹੈ।

ਬਰਸਾਗੜੇ ਅੱਗੇ ਆਖਦੇ ਹਨ, "ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਦ੍ਰਿਸ਼ਟੀਕੋਣ ਵਿੱਚ ਬਦਲਾਅ ਹੋ ਰਿਹਾ ਹੈ ਅਤੇ ਕਈ ਪੜ੍ਹੀਆਂ ਲਿਖੀਆਂ ਮਹਿਲਾਵਾਂ ਇਸ ਪਰੰਪਰਾ ਖ਼ਿਲਾਫ਼ ਸਵਾਲ ਚੁੱਕ ਰਹੀਆਂ ਹਨ। ਇਸ ਵਿੱਚ ਸਮਾਂ ਲੱਗੇਗਾ ਪਰ ਭਵਿੱਖ ਵਿੱਚ ਕਿਸੇ ਦਿਨ ਬਦਲਾਅ ਹੋਵੇਗਾ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)