ਸੈਂਟ੍ਰਲ ਵਿਸਟਾ: ਕੀ ਪੀਐਮ ਮੋਦੀ ਨੂੰ ਨਵੇਂ ਘਰ ਦੀ ਜ਼ਰੂਰਤ ਹੈ

ਤਸਵੀਰ ਸਰੋਤ, Getty Images
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਦਾ ਰਾਜਪਥ ਕਈ ਗੱਲਾਂ ਕਰਕੇ ਖਾਸ ਹੈ। ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਜਾਣ ਵਾਲੀ ਇਸ ਸੜਕ ਦੇ ਦੋਵਾਂ ਪਾਸਿਆਂ ਵੱਲ ਬਗ਼ੀਚੇ ਹਨ, ਜਿੱਥੇ ਹਜ਼ਾਰਾਂ ਹੀ ਲੋਕ ਠੰਡ ਦੇ ਮੌਸਮ 'ਚ ਧੁੱਪ ਸੇਕਣ ਜਾਂ ਫਿਰ ਗਰਮੀਆਂ ਦੀ ਸ਼ਾਮ ਨੂੰ ਆਈਸਕਰੀਮ ਖਾਣ ਲਈ ਆਉਂਦੇ ਹਨ।
ਪਰ ਹੁਣ ਤਿੰਨ ਕਿਲੋਮੀਟਰ ਲੰਬੀ ਇਸ ਸੜਕ ਦੇ ਚਾਰੇ ਪਾਸੇ ਮਿੱਟੀ ਹੀ ਮਿੱਟੀ ਵਿਖਾਈ ਦੇ ਰਹੀ ਹੈ। ਹਰ ਪਾਸੇ ਮਿੱਟੀ ਦੇ ਢੇਰ, ਟੋਏ ਅਤੇ ਇਸ ਪਾਸੇ ਨਾ ਆਉਣ ਲਈ ਲੱਗੇ ਸਾਈਨ ਬੋਰਡ ਆਮ ਹੀ ਵਿਖ ਰਹੇ ਹਨ।
ਇਸ ਦੇ ਨਾਲ ਹੀ ਸੀਵਰੇਜ ਦੀਆਂ ਪਾਈਪਾਂ ਅਤੇ ਫੁੱਟਪਾਥ ਦੀ ਮੁਰੰਮਤ ਕਰਦੇ ਪੀਲੀ ਵਰਦੀ ਵਾਲੇ ਮਜ਼ਦੂਰ ਵਿਖਾਈ ਦੇਣਗੇ।
ਇਹ ਵੀ ਪੜ੍ਹੋ-
ਇਹ ਸਭ ਸਰਕਾਰ ਦੇ ਸੈਂਟ੍ਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਹੋ ਰਿਹਾ ਹੈ। ਇਸ ਪ੍ਰੋਜੈਕਟ ਦੇ ਤਹਿਤ ਨਵਾਂ ਸੰਸਦ ਭਵਨ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਲਈ ਨਵੀਂ ਰਿਹਾਇਸ਼ ਅਤੇ ਹੋਰ ਕਈ ਨਵੇਂ ਦਫ਼ਤਰਾਂ ਦੀ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ।
ਇਸ ਪੂਰੇ ਪ੍ਰੋਜੈਕਟ ਦੀ ਲਾਗਤ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਇਹ ਪ੍ਰੋਜੈਕਟ ਸ਼ੁਰੂ ਤੋਂ ਹੀ ਵਿਵਾਦਾਂ 'ਚ ਘਿਰਿਆ ਰਿਹਾ ਹੈ।

ਤਸਵੀਰ ਸਰੋਤ, Getty Images
ਸਤੰਬਰ 2019 'ਚ ਇਸ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਹੀ ਆਲੋਚਕਾਂ ਦਾ ਕਹਿਣਾ ਹੈ ਕਿ ਇੰਨ੍ਹੀ ਵੱਡੀ ਰਾਸ਼ੀ ਦੀ ਵਰਤੋਂ ਲੋਕਾਂ ਦੀ ਭਲਾਈ ਨਾਲ ਜੁੜੇ ਹੋਰ ਕੰਮਾਂ ਲਈ ਕੀਤੀ ਜਾ ਸਕਦੀ ਸੀ।
ਜਿਵੇਂ ਕਿ ਦਿੱਲੀ, ਜੋ ਕਿ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ, ਲਈ ਸਾਫ਼ ਹਫਾ ਮੁਹੱਈਆ ਕਰਵਾਉਣ ਦਾ ਇੰਤਜ਼ਾਮ ਕਰਨਾ।
ਹਾਲਾਂਕਿ ਸਰਕਾਰ ਇੰਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਸੈਂਟਰਲ ਵਿਸਟਾ ਪ੍ਰੋਜੈਕਟ ਅਰਥਚਾਰੇ ਨੂੰ ਬਹੁਤ ਲਾਭ ਪਹੁੰਚਾਏਗਾ।
ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਅਨੁਸਾਰ ਇਸ ਪ੍ਰੋਜੈਕਟ ਨਾਲ 'ਸਿੱਧੇ ਅਤੇ ਅਸਿੱਧੇ ਤੌਰ 'ਤੇ ਲੋਕਾਂ ਨੂੰ ਵੱਡੇ ਪੱਧਰ' 'ਤੇ ਰੁਜ਼ਗਾਰ ਹਾਸਲ ਹੋਵੇਗਾ ਅਤੇ ਇਹ ਭਾਰਤ ਦੇ ਲੋਕਾਂ ਲਈ 'ਮਾਣ' ਵਾਲੀ ਗੱਲ ਹੋਵੇਗੀ।
ਇੱਕ ਪਾਸੇ ਭਾਰਤ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਨਜਿੱਠ ਰਿਹਾ ਹੈ ਅਤੇ ਦੂਜੇ ਪਾਸੇ ਇਸ ਪ੍ਰੋਜੈਕਟ 'ਤੇ ਕੰਮ ਲਗਾਤਾਰ ਜਾਰੀ ਹੈ। ਜਿਸ ਕਰਕੇ ਲੋਕਾਂ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਆਲੋਚਕਾਂ ਨੇ ਤਾਂ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ 'ਬਲਦੇ ਹੋਏ ਰੋਮ 'ਚ ਬਾਂਸੁਰੀ ਵਜਾਉਂਦੇ ਨੀਰੋ' ਨਾਲ ਕੀਤੀ ਹੈ।
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਤਾਂ ਇਸ ਨੂੰ 'ਅਪਰਾਧਿਕ ਬਰਬਾਦੀ' ਦੱਸਦਿਆਂ ਪੀਐਮ ਮੋਦੀ ਨੂੰ ਪਹਿਲਾਂ ਮਹਾਮਾਰੀ ਨਾਲ ਨਜਿੱਠਣ ਦੀ ਅਪੀਲ ਕੀਤੀ ਹੈ।
ਇੱਕ ਖੁੱਲ੍ਹੇ ਪੱਤਰ 'ਚ ਕਈ ਬੁੱਧੀਜੀਵੀਆਂ ਨੇ ਪ੍ਰੋਜੈਕਟ 'ਤੇ ਖਰਚ ਕੀਤੀ ਜਾ ਰਹੀ ਵੱਡੀ ਰਕਮ ਦੀ ਆਲੋਚਨਾ ਕਰਦਿਆਂ ਲਿਖਿਆ ਹੈ, "ਇਸ ਦੀ ਵਰਤੋਂ ਕਈ ਜਾਨਾਂ ਬਚਾਉਣ ਲਈ ਕੀਤੀ ਜਾ ਸਕਦੀ ਸੀ।"

ਤਸਵੀਰ ਸਰੋਤ, Getty Images
ਇਸ ਪ੍ਰੋਜੈਕਟ ਤਹਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਲਈ ਬਣਨ ਵਾਲੇ ਨਵੇਂ ਮਕਾਨ ਦੀ ਵੀ ਆਲੋਚਨਾ ਹੋ ਰਹੀ ਹੈ। ਇਸ ਨਵੀਂ ਪੀਐਮ ਰਿਹਾਇਸ਼ ਨੂੰ ਮੁਕੰਮਲ ਕਰਨ ਦਾ ਟੀਚਾ ਦਸੰਬਰ 2022 ਤੱਕ ਦਾ ਹੈ।
ਇਤਿਹਾਸਕਾਰ ਨਾਰਾਇਣੀ ਗੁਪਤਾ ਨੇ ਬੀਬੀਸੀ ਨੂੰ ਦੱਸਿਆ, "ਇਹ ਪੂਰੀ ਤਰ੍ਹਾਂ ਨਾਲ ਸਥਿਤੀ ਤੋਂ ਭੱਜਣਾ ਹੈ, ਉਹ ਵੀ ਉਸ ਸਮੇਂ ਜਦੋਂ ਮਹਾਮਾਰੀ ਦੇ ਕਾਰਨ ਕਈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹੋਣ, ਸ਼ਮਸ਼ਾਨ ਅਤੇ ਕਬਰਸਤਾਨ 'ਚ ਜਗ੍ਹਾ ਹੀ ਨਾ ਹੋਵੇ। ਅਜਿਹੇ 'ਚ ਕਹਿ ਸਕਦੇ ਹਾਂ ਕਿ ਸਰਕਾਰ ਹਵਾ 'ਚ ਮਹਿਲ ਬਣਾ ਰਹੀ ਹੈ।"
ਮੌਜੂਦਾ ਸਮੇਂ ਕਿੱਥੇ ਰਹਿ ਰਹੇ ਹਨ ਪ੍ਰਧਾਨ ਮੰਤਰੀ ?
ਪੀਐਮ ਮੋਦੀ ਅਜੇ ਵੀ ਇੱਕ ਆਲੀਸ਼ਾਨ ਕੰਪਲੈਕਸ 'ਚ ਰਹਿੰਦੇ ਹਨ, ਜੋ ਕਿ ਲੋਕ ਕਲਿਆਣ ਮਾਰਗ 'ਤੇ 12 ਏਕੜ 'ਚ ਫੈਲਿਆ ਹੋਇਆ ਹੈ। ਪੰਜ ਬੰਗਲਿਆਂ ਵਾਲੀ ਇਹ ਇਮਾਰਤ ਰਾਸ਼ਟਰਪਤੀ ਭਵਨ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਇਸ ਇਮਾਰਤ 'ਚ ਪੀਐਮ ਦੀ ਆਪਣੀ ਰਿਹਾਇਸ਼ ਤੋਂ ਇਲਾਵਾ, ਮਹਿਮਾਨਾਂ ਦੇ ਰਹਿਣ ਲਈ ਵੀ ਇੱਕ ਜਗ੍ਹਾ ਹੈ, ਦਫ਼ਤਰ ਹਨ, ਮੀਟਿੰਗ ਲਈ ਕਮਰਾ ਹੈ, ਇੱਕ ਥਿਏਟਰ ਹੈ ਅਤੇ ਨਾਲ ਹੀ ਇੱਕ ਹੈਲੀਪੈਡ ਵੀ ਮੌਜੂਦ ਹੈ। ਕੁਝ ਸਾਲ ਪਹਿਲਾਂ ਇਸ ਘਰ ਤੋਂ ਸਫ਼ਦਰਜੰਗ ਹਵਾਈ ਅੱਡੇ ਤੱਕ ਇੱਕ ਸੁਰੰਗ ਦਾ ਨਿਰਮਾਣ ਵੀ ਕੀਤਾ ਗਿਆ ਸੀ।
ਦਿੱਲੀ ਦੇ ਇੱਕ ਆਰਕੀਟੈਕਟ ਗੌਤਮ ਭਾਟੀਆਂ ਦਾ ਕਹਿਣਾ ਹੈ, "ਭਾਰਤ 'ਚ ਪ੍ਰਧਾਨ ਮੰਤਰੀ ਦੇ ਨਾਂਅ 'ਤੇ ਇੱਕ ਪੂਰੀ ਸੜਕ ਹੈ। ਉੱਥੇ ਹੀ ਬ੍ਰਿਟੇਨ 'ਚ 10 ਡਾਊਨਿੰਗ ਸਟ੍ਰੀਟ, ਜੋ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼ ਹੈ, ਸਿਰਫ ਇੱਕ ਦਰਵਾਜ਼ੇ 'ਤੇ ਲਿਖਿਆ ਨੰਬਰ ਹੀ ਹੈ।"
ਇਸ ਜਾਇਦਾਦ ਦੀ ਚੋਣ ਸਾਲ 1984 'ਚ ਰਾਜੀਵ ਗਾਂਧੀ ਨੇ ਕੀਤੀ ਸੀ। ਇਹ ਇੱਕ ਅਸਥਾਈ ਰਿਹਾਇਸ਼ ਹੋਣੀ ਸੀ ਪਰ ਉਸ ਤੋਂ ਬਾਅਦ ਸਾਰੇ ਪ੍ਰਧਾਨ ਮੰਤਰੀ ਇਸੇ ਘਰ 'ਚ ਰਹਿਣ ਲੱਗ ਪਏ ਸਨ।

ਤਸਵੀਰ ਸਰੋਤ, Getty Images
ਰਾਜਨੀਤਿਕ ਵਿਸ਼ਲੇਸ਼ਕ ਮੋਹਨ ਗੁਰੂਸਵਾਮੀ ਦੇ ਅਨੁਸਾਰ, "ਰਾਜੀਵ ਗਾਂਧੀ ਤਿੰਨ ਬੰਗਲਿਆਂ ਦੀ ਵਰਤੋਂ ਕਰਿਆ ਕਰਦੇ ਸਨ। ਚੌਥਾ ਅਤੇ ਪੰਜਵਾ ਬੰਗਲਾ ਬਾਅਦ 'ਚ ਵਧੇਰੇ ਸਟਾਫ ਅਤੇ ਸੁਰੱਖਿਆ ਅਮਲੇ ਲਈ ਬਣਾਇਆ ਗਿਆ ਸੀ।"
ਗੌਤਮ ਭਾਟੀਆ ਅਨੁਸਾਰ, "ਇਹ ਤੁਲਨਾਤਮਕ ਤੌਰ 'ਤੇ ਨਵਾਂ ਨਿਰਮਾਣ ਹੈ।" ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਇਸ ਨੂੰ ਬਹਿਤਰ ਬਣਾਉਣ ਲਈ ਬਹੁਤ ਸਾਰੇ ਪੈਸੇ ਖ਼ਰਚ ਕੀਤੇ ਜਾਂਦੇ ਰਹੇ ਹਨ।
ਪਿਛਲੇ ਕੁਝ ਸਮੇਂ 'ਚ ਲੋਕਾਂ ਨੂੰ ਪੀਐਮ ਮੋਦੀ ਦੇ ਘਰ ਦੀ ਝਲਕ ਹਾਸਲ ਹੋਈ ਹੈ। ਉਨ੍ਹਾਂ ਨੇ ਇੱਕ ਵੀਡੀਓ ਸ਼ਾਂਝਾ ਕੀਤਾ ਹੈ, ਜਿਸ 'ਚ ਉਹ ਇੱਕ ਮੋਰ ਨੂੰ ਦਾਨਾ ਖਵਾ ਰਹੇ ਹਨ ਅਤੇ ਨਾਲ ਹੀ ਯੋਗਾ ਕਰਦਿਆਂ ਅਤੇ ਆਪਣੀ ਮਾਂ ਨੂੰ ਵ੍ਹੀਲਚੇਅਰ 'ਤੇ ਘੁੰਮਾਉਂਦਿਆਂ ਨਜ਼ਰ ਆ ਰਹੇ ਹਨ।
ਨਵੇਂ ਘਰ ਬਾਰੇ ਅਸੀਂ ਕੀ ਜਾਣਦੇ ਹਾਂ?
ਇਹ ਨਵਾਂ ਘਰ ਦਿੱਲੀ ਦੇ ਪਾਵਰ ਗਲੀਆਰੇ 'ਚ ਹੋਵੇਗਾ, ਜਿਸ ਦੇ ਇੱਕ ਸਿਰੇ 'ਤੇ ਰਾਸ਼ਟਰਪਤੀ ਭਵਨ ਅਤੇ ਦੂਜੇ ਪਾਸੇ ਸੁਪਰੀਮ ਕੋਰਟ ਹੋਵੇਗਾ। ਪੀਐਮ ਰਿਹਾਇਸ਼ ਦੇ ਨਾਲ ਹੀ ਸੰਸਦ ਭਵਨ ਹੋਵੇਗਾ।
ਸਰਕਾਰੀ ਦਸਤਾਵੇਜ਼ਾਂ ਅਨੁਸਾਰ 15 ਏਕੜ 'ਚ ਫੈਲੇ ਇਸ ਕੰਪਲੈਕਸ 'ਚ ਚਾਰ ਮੰਜ਼ਿਲਾ ਇਮਾਰਤਾਂ ਹੋਣਗੀਆਂ। ਇਹ ਕੰਪਲੈਕਸ ਰਾਸ਼ਟਰਪਤੀ ਭਵਨ ਅਤੇ ਸਾਊਥ ਬਲਾਕ ਦੇ ਵਿਚਕਾਰ ਹੋਵੇਗਾ, ਜਿੱਥੇ ਪੀਐਮ ਅਤੇ ਰੱਖਿਆ ਮੰਤਰਾਲੇ ਦੇ ਦਫ਼ਤਰ ਹਨ।
ਇਹ ਵੀ ਪੜ੍ਹੋ-
1940 'ਚ ਬ੍ਰਿਟਿਸ਼ ਹਕੂਮਤ ਵੱਲੋਂ ਬਣਾਈਆਂ ਗਈਆਂ ਬੈਰਕਾਂ, ਜਿੰਨ੍ਹਾਂ ਦੀ ਇਸ ਸਮੇਂ ਅਸਥਾਈ ਦਫ਼ਤਰਾਂ ਵੱਜੋਂ ਵਰਤੋਂ ਹੋ ਰਹੀ ਹੈ, ਨੂੰ ਤੋੜ ਦਿੱਤਾ ਜਾਵੇਗਾ।
ਪੀਐਮ ਦੇ ਘਰ ਬਾਰੇ ਇਸ ਤੋਂ ਵੱਧ ਜਾਣਕਾਰੀ ਉਪਲਬਧ ਨਹੀਂ ਹੈ। ਬੀਬੀਸੀ ਵੱਲੋਂ ਕੀਤੀ ਮੇਲ ਦੇ ਜਵਾਬ 'ਚ ਪ੍ਰੋਜੈਕਟ ਦੇ ਆਰਕੀਟੈਕਟ ਬਿਮਲ ਪਟੇਲ ਦੇ ਦਫ਼ਤਰ ਨੇ ਕਿਹਾ, "ਸੁਰੱਖਿਆ ਕਾਰਨਾਂ ਕਰਕੇ ਜ਼ਿਆਦਾ ਜਾਣਕਾਰੀਆਂ ਜਾਂ ਬਲੂਪ੍ਰਿੰਟ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ।"
ਇੱਕ ਆਰਕੀਟੈਕਟ ਅਨੁਜ ਸ਼੍ਰੀਵਾਸਤਵ ਦਾ ਕਹਿਣਾ ਹੈ, "ਇਸ ਬਾਰੇ ਜਨਤਾ ਵਿਚਾਲੇ ਕੋਈ ਗੱਲ ਨਹੀਂ ਕੀਤੀ ਗਈ ਹੈ। ਇਸ ਨਾਲ ਜੁੜੀਆਂ ਜਾਣਕਾਰੀਆਂ ਆਉਂਦੀਆਂ ਰਹਿੰਦੀਆਂ ਹਨ, ਪਰ ਕੁਝ ਵੀ ਅਜੇ ਸਪੱਸ਼ਟ ਨਹੀਂ ਹੈ।"
ਮਾਧਵ ਰਮਨ ਦਾ ਕਹਿਣਾ ਹੈ, "ਇੰਨੀ ਵੱਡੀ ਇਮਾਰਤ ਦਾ ਸਾਊਥ ਬਲਾਕ ਦੇ ਨਜ਼ਦੀਕ ਹੋਣਾ, ਜੋ ਕਿ ਇੱਕ ਸੁਰੱਖਿਅਤ ਇਮਾਰਤ ਹੈ ਅਤੇ ਪ੍ਰਸਿੱਧ ਬ੍ਰਿਟਿਸ਼ ਆਰਕੀਟੈਕਟ ਐਡਵਰਡ ਲੂਟੀਅੰਸ ਅਤੇ ਹਰਬਰਟ ਬੇਕਰ ਵੱਲੋਂ ਬਣਾਈ ਗਈ ਸੀ, ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।"
"ਭਾਰਤ ਦੇ ਪੁਰਾਤੱਤਵ ਵਿਭਾਗ ਦੇ ਨਿਯਮਾਂ ਅਨੁਸਾਰ ਕਿਸੇ ਵੀ ਵਿਰਾਸਤੀ ਇਮਾਰਤ ਤੋਂ ਕਿਸੇ ਦੂਜੀ ਇਮਾਰਤ ਦੀ ਦੂਰੀ 300 ਮੀਟਰ ਹੋਣੀ ਚਾਹੀਦੀ ਹੈ। ਪਰ ਪੀਐਮ ਦੀ ਰਿਹਾਇਸ਼ ਮਹਿਜ਼ 30 ਮੀਟਰ ਦੀ ਦੂਰੀ 'ਤੇ ਹੈ। ਉਸ ਜ਼ਮੀਨ 'ਤੇ ਕਈ ਦਰੱਖਤ ਲੱਗੇ ਹੋਏ ਹਨ, ਉਨ੍ਹਾਂ ਦਾ ਕੀ ਹੋਵੇਗਾ?"
ਕਿਉਂ ਚਾਹੀਦਾ ਹੈ ਪ੍ਰਧਾਨ ਮੰਤਰੀ ਨੂੰ ਨਵਾਂ ਘਰ?
ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀਐਮ ਦੀ ਰਿਹਾਇਸ਼ 'ਸਹੀ ਜਗ੍ਹਾ' 'ਤੇ ਨਹੀਂ ਹੈ, ਜਿਸ ਕਰਕੇ ਉਸ ਦੀ ਸੁਰੱਖਿਆ ਮੁਸ਼ਕਲ ਕਾਰਜ ਹੈ। ਇਸ ਦੇ ਨਾਲ ਹੀ ਬਹਿਤਰ ਢਾਂਚੇ ਦੀ ਵੀ ਜ਼ਰੂਰਤ ਹੈ, ਜਿਸ ਦੀ ਦੇਖਭਾਲ ਸੌਖੀ ਅਤੇ ਕਿਫ਼ਾਇਤੀ ਹੋਵੇ।"

ਤਸਵੀਰ ਸਰੋਤ, Getty Images
ਉਨ੍ਹਾਂ ਮੁਤਾਬਕ "ਘਰ ਅਤੇ ਦਫ਼ਤਰ ਦੀ ਦੂਰੀ ਘੱਟ ਹੋ ਜਾਵੇਗੀ ਅਤੇ ਜਦੋਂ ਪੀਐਮ ਦਫ਼ਤਰ ਲਈ ਨਿਕਲਣ ਤਾਂ ਸੜਕ ਬੰਦ ਕਰਨ ਦੀ ਨੌਬਤ ਨਹੀਂ ਆਵੇਗੀ, ਕਿਉਂਕਿ ਅਜੇ ਤੱਕ ਇਸ ਦੇ ਕਾਰਨ ਸ਼ਹਿਰ ਦੀ ਆਵਾਜਾਈ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।"
ਪਰ ਮੋਹਨ ਗੁਰੂਸਵਾਮੀ ਦਾ ਵਿਚਾਰ ਕੁਝ ਵੱਖਰਾ ਹੈ। ਉਨ੍ਹਾਂ ਦਾ ਕਹਿਣਾ ਹੈ, "ਹਰ ਫ਼ੈਸਲਾ ਪੀਐਮ ਦੀ ਰਿਹਾਇਸ਼ 'ਚ ਹੀ ਹੁੰਦਾ ਹੈ। ਉਨ੍ਹਾਂ ਕੋਲ 100 ਤੋਂ ਵੀ ਵੱਧ ਸਟਾਫ਼ ਹੈ, ਜੋ ਕਿ ਹਰ ਦਿਨ 300 ਤੋਂ ਵੀ ਵੱਧ ਫਾਈਲਾਂ ਵੇਖਦੇ ਹਨ। ਉਨ੍ਹਾਂ ਨੇ ਸੱਤਾ ਦਾ ਕੇਂਦਰ ਆਪਣੇ ਹੱਥਾਂ 'ਚ ਰੱਖਿਆ ਹੈ।"
"ਉਹ ਪ੍ਰੇਜ਼ੀਡੇਂਸ਼ੀਅਲ ਸਰਕਾਰ ਚਲਾਉਣਾ ਚਾਹੁੰਦੇ ਹਨ, ਇਸ ਲਈ ਹੀ ਉਨ੍ਹਾਂ ਨੂੰ ਵੱਡੀ ਇਮਾਰਤ ਚਾਹੀਦੀ ਹੈ, ਜਿਵੇਂ ਕਿ ਵ੍ਹਾਈਟ ਹਾਊਸ ਜਾਂ ਕ੍ਰੇਮਲਿਨ।"
"ਭਾਰਤੀ ਪ੍ਰਧਾਨ ਮੰਤਰੀ ਹਮੇਸ਼ਾਂ ਤੋਂ ਹੀ ਪਿਛਲੀਆਂ ਇਮਾਰਤਾਂ 'ਚ ਰਹਿੰਦੇ ਆਏ ਹਨ ਪਰ ਹੁਣ ਇਸ ਘਰ ਦੀ ਮਦਦ ਨਾਲ ਮੋਦੀ ਖੁਦ ਨੂੰ ਦਿੱਲੀ ਦੇ ਪਾਵਰ ਕੌਰੀਡੋਰ (ਗਲੀਆਰੇ) ਦੇ ਕੇਂਦਰ 'ਚ ਲਿਆਉਣਾ ਚਾਹੁੰਦੇ ਹਨ। ਪਰ ਸੱਤਾ ਦਾ ਬਦਲਾਵ ਵਿਖਣਾ ਵੀ ਚਾਹੀਦਾ ਹੈ।
ਉਹ ਸਿਰਫ ਇੱਕ ਨਵਾਂ ਘਰ ਹੀ ਨਹੀਂ ਬਣਾ ਰਹੇ ਹਨ, ਸਗੋਂ ਸਰਕਾਰੀ ਸੰਸਥਾਵਾਂ/ਅਦਾਰਿਆਂ 'ਚ ਵੀ ਬਦਲਾਵ ਕਰ ਰਹੇ ਹਨ। ਢਾਂਚੇ 'ਚ ਕੀਤੇ ਬਦਲਾਵ ਦੇ ਨਾਲ ਸੱਤਾ ਦੀ ਤਾਕਤ ਦਾ ਰੂਪ ਵੀ ਬਦਲ ਜਾਂਦਾ ਹੈ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੀ ਬਣੇਗਾ ਰਾਜਪਥ ਦਾ?
ਰਾਜਪਥ ਦਿੱਲੀ ਦਾ ਉਹ ਇਲਾਕਾ ਹੈ, ਜੋ ਕਿ ਵਿਰੋਧ ਪ੍ਰਦਰਸ਼ਨ ਅਤੇ ਕੈਂਡਲ ਮਾਰਚ ਲਈ ਜਾਣਿਆ ਜਾਂਦਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਹ ਮਾਰਗ ਆਮ ਜਨਤਾ ਲਈ ਖੁੱਲ੍ਹਿਆ ਰਹੇਗਾ ਪਰ ਆਲੋਚਕਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਭਵਨ ਦੇ ਨਜ਼ਦੀਕ ਹੋਣ ਦੇ ਕਾਰਨ, ਇੱਥੇ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠ ਨੂੰ ਰੋਕਿਆ ਜਾ ਸਕਦਾ ਹੈ।
ਇਤਿਹਾਸਕਾਰ ਨਾਰਾਇਣੀ ਗੁਪਤਾ ਦਾ ਕਹਿਣਾ ਹੈ, "ਬਹੁ-ਮੰਜ਼ਿਲਾ ਦਫ਼ਤਰਾਂ ਦੀ ਇਮਾਰਤਾਂ ਸੰਸਕ੍ਰਿਤਕ ਕੇਂਦਰਾਂ ਦੀ ਜਗ੍ਹਾ ਲੈ ਲੈਣਗੀਆਂ, ਜਿਵੇਂ ਕਿ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫ਼ਾਰ ਆਰਟ, ਨੈਸ਼ਨਲ ਮਿਊਜ਼ੀਅਮ ਫ਼ਾਰ ਮਾਡਰਨ ਆਰਟ, ਨੈਸ਼ਨਲ ਆਰਕਾਈਵਜ਼ ਇੰਡੀਆ ਗੇਟ ਨੂੰ ਢੱਕ ਲੈਣਗੇ।
ਇਹ ਲੋਕ ਬਹੁਤ ਹੀ ਦੁਰਲੱਭ ਹੱਥ ਲਿਖਤਾਂ ਅਤੇ ਹੋਰ ਨਾਜ਼ੁਕ ਚੀਜ਼ਾਂ ਨੂੰ ਹਟਾ ਕੇ ਅਸਥਾਈ ਥਾਵਾਂ 'ਤੇ ਰੱਖ ਰਹੇ ਹਨ। ਸਾਨੂੰ ਕਿਵੇਂ ਪਤਾ ਚੱਲੇਗਾ ਕਿ ਇਸ ਦੌਰਾਨ ਇੰਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ?

ਤਸਵੀਰ ਸਰੋਤ, Getty Images
ਥਿੰਕ ਟੈਂਕ ਸੈਂਟਰ ਫ਼ਾਰ ਪਾਲਿਸੀ ਰਿਸਰਚ ਦੀ ਕਾਂਚੀ ਕੋਹਲੀ ਦਾ ਕਹਿਣਾ ਹੈ, "ਦਿੱਲੀ ਨੂੰ ਇੱਕ ਖਾਸ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਸਰਕਾਰੀ ਜਾਂ ਕੋਈ ਅਰਧ ਸਰਕਾਰੀ ਅਥਾਰਟੀ ਇਸ 'ਚ ਕੋਈ ਵੀ ਤਬਦੀਲੀ ਨਹੀਂ ਕਰ ਸਕਦੀ ਹੈ। ਇਹ ਜ਼ਮੀਨ ਹਥਿਆਉਣ ਵਾਂਗਰ ਹੈ।"
ਕੀ ਕਹਿਣਾ ਹੈ ਸਰਕਾਰ ਦਾ?
ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਪ੍ਰੋਜੈਕਟ ਦਾ ਸਮਰਥਨ ਕਰਦਿਆਂ ਅਜਿਹੀਆਂ ਆਲੋਚਨਾਵਾਂ ਨੂੰ ਖਾਰਜ ਕੀਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਮਹਾਮਾਰੀ ਦੇ ਦੌਰ 'ਚ ਵੀ ਸਰਕਾਰ ਕਰੋੜਾਂ ਰੁਪਏ ਦੀ ਲਾਗਤ ਵਾਲੇ ਸੈਂਟਰਲ ਵਿਸਟਾ ਪ੍ਰੋਜੈਕਟ 'ਤੇ ਕੰਮ ਜਾਰੀ ਰੱਖ ਰਹੀ ਹੈ।
ਹਰਦੀਪ ਸਿੰਘ ਪੁਰੀ ਨੇ ਇਸ ਸਬੰਧ 'ਚ ਕਈ ਟਵੀਟ ਵੀ ਕੀਤੇ ਹਨ। ਇੱਕ ਟਵੀਟ 'ਚ ਉਨ੍ਹਾਂ ਲਿਖਿਆ ਹੈ, "ਸਰਕਾਰ ਨੇ ਟੀਕਾਕਰਨ 'ਤੇ ਇਸ ਤੋਂ ਦੁਗਣਾ ਬਜਟ ਦਿੱਤਾ ਹੈ। ਲੋਕਾਂ ਨੂੰ ਸੈਂਟਰਲ ਵਿਸਟਾ ਪ੍ਰੋਜੈਕਟ 'ਤੇ ਚੱਲ ਰਹੇ ਕੰਮ ਦੀਆਂ ਜਾਅਲੀ ਤਸਵੀਰਾਂ ਅਤੇ ਅਫ਼ਵਾਹਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ।"

ਤਸਵੀਰ ਸਰੋਤ, Getty Images
ਸੈਂਟਰਲ ਵਿਸਟਾ ਨੂੰ ਵਿਸ਼ਵ ਪੱਧਰੀ ਜਨਤਕ ਸਥਾਨ ਬਣਾਇਆ ਜਾ ਰਿਹਾ ਹੈ। ਆਉਣ ਵਾਲੇ ਸਮੇਂ 'ਚ ਇਹ ਅਜਿਹੀ ਚੀਜ਼ ਹੋਵੇਗੀ, ਜਿਸ 'ਤੇ ਹਰ ਭਾਰਤੀ ਨੂੰ ਮਾਣ ਮਹਿਸੁਸ ਹੋਵੇਗਾ।
ਇਕ ਸੀਨੀਅਰ ਆਈਏਐਸ ਅਧਿਕਾਰੀ ਨੇ ਨਾਂਅ ਗੁਪਤ ਰਖੇ ਜਾਣ ਦੀ ਸ਼ਰਤ 'ਤੇ ਕਿਹਾ, "ਹਰਦੀਪ ਪੁਰੀ ਉਸ ਚੀਜ਼ ਦਾ ਬਚਾਅ ਕਰਨ ਦੀ ਪੁਰ ਜ਼ੋਰ ਕੋਸ਼ਿਸ਼ ਕਰ ਰਹੇ ਹਨ, ਜਿਸ ਦਾ ਬਚਾਅ ਕਰਨਾ ਮੁਸ਼ਕਲ ਹੈ।"
"ਮੈਨੂੰ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਹੈ ਕਿ ਜੋ ਵੀ ਬਣੇਗਾ ਉਸ 'ਤੇ ਹਰ ਭਾਰਤੀ ਮਾਣ ਕਰੇਗਾ, ਪਰ ਮੇਰਾ ਮੰਨਣਾ ਹੈ ਕਿ ਇਹ ਸਮਾਂ ਇਸ ਪ੍ਰੋਜੈਕਟ 'ਤੇ ਕੰਮ ਜਾਰੀ ਰੱਖਣ ਦਾ ਨਹੀਂ ਹੈ। ਜਿਸ ਸਮੇਂ ਸਾਡੇ ਚਾਰੇ ਪਾਸੇ ਲੋਕ ਮਰ ਰਹੇ ਹੋਣ, ਅਜਿਹੀ ਸਥਿਤੀ 'ਚ ਇਮਾਰਤ ਖੜ੍ਹੀ ਕਰਨ ਦੀ ਕੀ ਜਲਦਬਾਜੀ ਹੈ?"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












