ਕੋਰੋਨਾਵਾਇਰਸ: ਕੌਣ ਹਨ ਇਕਬਾਲ ਸਿੰਘ ਚਹਿਲ ਜੋ ਮੁੰਬਈ ਵਿੱਚ ਕੋਰੋਨਾ ਸੰਕਟ ਨੂੰ ਸਾਂਭਣ ਬਾਰੇ ਚਰਚਾ ਵਿੱਚ ਹਨ

ਇਕਬਾਲ ਸਿੰਘ ਚਹਿਲ

ਤਸਵੀਰ ਸਰੋਤ, fb/chahal

    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚ ਔਕਸੀਜਨ ਦੀ ਘਾਟ ਬਾਰੇ ਸੁਣਵਾਈ ਦੌਰਾਨ 5 ਮਈ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬ੍ਰਹਿਨਮੁੰਬਈ ਮਿਊਨਿਸੀਪਲ ਕਾਰਪੋਰੇਸ਼ਨ ਤੋਂ ਔਕਸੀਜਨ ਸਪਲਾਈ ਬਾਰੇ ਸਿੱਖਣ ਦੀ ਹਦਾਇਤ ਦਿੱਤੀ ਸੀ।

ਸੁਣਵਾਈ ਦੌਰਾਨ ਜੱਜ ਚੰਦਰਚੂਡ ਨੇ ਕਿਹਾ ਸੀ, “ਬ੍ਰਹਿਨਮੁੰਬਈ ਮਿਊਨਿਸੀਪਲ ਕਾਰਪੋਰੇਸ਼ਨ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ। ਤੁਹਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਜਿਹਾ ਕੀ ਕੀਤਾ ਹੈ।”

ਇਸੇ ਬੌਂਬੇ ਮਿਊਨਿਸੀਪਲ ਕਾਰਪੋਰੇਸ਼ਨ ਦੇ ਮੁਖੀ ਹਨ ਇਕਬਾਲ ਸਿੰਘ ਚਾਹਲ ਜਿਨ੍ਹਾਂ ਨੇ 5 ਮਈ ਦੀ ਰਾਤ ਨੂੰ ਹੀ ਦਿੱਲੀ ਸਰਕਾਰ ਦੇ ਅਫ਼ਸਰਾਂ ਨਾਲ ਆਪਣੇ ਕੰਮ ਦੇ ਤਰੀਕੇ ਤੇ ਮਾਡਲ ਬਾਰੇ ਚਰਚਾ ਕੀਤੀ ਸੀ।

ਇਹ ਵੀ ਪੜ੍ਹੋ

ਇਕਬਾਲ ਸਿੰਘ ਚਾਹਲ ਨੇ ਪਿਛਲੇ ਸਾਲ ਮਈ ਵਿੱਚ ਉਸ ਵੇਲੇ ਮੁੰਬਈ ਦਾ ਚਾਰਜ ਲਿਆ ਸੀ ਜਦੋਂ ਉੱਥੋਂ ਦੇ ਹਾਲਾਤ ਕੋਵਿਡ-19 ਕਾਰਨ ਬੇਹੱਦ ਖਰਾਬ ਸਨ। ਦੂਜੀ ਲਹਿਰ ਵੇਲੇ ਵੀ ਇਕਬਾਲ ਸਿੰਘ ਚਹਿਲ ਦੇ ਕੀਤੇ ਕੰਮਾਂ ਦੀ ਵੀ ਕਾਫੀ ਤਾਰੀਫ ਕੀਤੀ ਗਈ।

ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੁੰਬਈ ਕੋਰੋਨਾਵਾਇਰਸ ਦੀ ਤੀਜੀ ਲਹਿਰ ਲਈ ਵੀ ਪੂਰੇ ਤਰੀਕੇ ਨਾਲ ਤਿਆਰ ਹੈ।

ਕੌਣ ਹਨ ਇਕਬਾਲ ਸਿੰਘ ਚਹਿਲ?

ਇਕਬਾਲ ਸਿੰਘ ਚਹਿਲ 1989 ਬੈਚ ਦੇ ਆਈਏਐੱਸ ਅਧਿਕਾਰੀ ਹਨ ਜੋ ਇਸ ਵੇਲੇ ਬੀਐਮਸੀ ਯਾਨੀ ਬ੍ਰਹਿਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਹਨ।

ਇਸ ਤੋਂ ਪਹਿਲਾਂ ਉਹ ਕਈ ਅਹਿਮ ਅਹੁਦਿਆਂ ਉੱਤੇ ਰਹੇ ਹਨ ਜਿਸ ਵਿੱਚ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਓਐਸਡੀ ਅਤੇ ਮੰਤਰਾਲੇ ਵਿਚ ਜੁਆਇੰਟ ਸਕੱਤਰ ਰਹਿਣਾ ਸ਼ਾਮਿਲ ਹੈ।

'ਦਿ ਪ੍ਰਿੰਟ' ਦੀ ਰਿਪੋਰਟ ਮੁਤਾਬਕ ਚਹਿਲ ਨੂੰ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਕਾਂਗਰਸ ਦੇ ਕਾਫ਼ੀ ਨਜ਼ਦੀਕ ਸਮਝਿਆ ਜਾਂਦਾ ਸੀ ਅਤੇ 2014 ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਤੋਂ ਹਟਾ ਕੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿਚ ਭੇਜਿਆ ਗਿਆ ਸੀ।

ਇਸੇ ਰਿਪੋਰਟ ਅਨੁਸਾਰ ਇਸ ਮੰਤਰਾਲੇ ਵਿੱਚ ਚਹਿਲ ਨੂੰ ਕੁਝ ਕਾਰਨਾਂ ਕਰਕੇ ਛੁੱਟੀ ’ਤੇ ਭੇਜ ਦਿੱਤਾ ਗਿਆ ਸੀ। ਇਸ ਤੋਂ ਬਿਨਾਂ ਉਨ੍ਹਾਂ ਨੇ ਧਾਰਾਵੀ ਰੀ ਡਿਵੈਲਪਮੈਂਟ ਪ੍ਰੋਜੈਕਟ ਵਿੱਚ ਬਤੌਰ ਸੀਈਓ ਸੇਵਾਵਾਂ ਦਿੱਤੀਆਂ ਹਨ।

ਇਕਬਾਲ ਸਿੰਘ ਚਹਿਲ

ਤਸਵੀਰ ਸਰੋਤ, fb/chahal

ਮਹਾਰਾਸ਼ਟਰ ਸਰਕਾਰ ਵਿੱਚ ਵੀ ਉਹ ਮੈਡੀਕਲ ਐਜੂਕੇਸ਼ਨ ਅਤੇ ਫਾਰਮਾਸੂਟੀਕਲ ਡਿਪਾਰਟਮੈਂਟ ਦੇ ਸਕੱਤਰ ਰਹੇ ਹਨ। ਮਹਾਰਾਸ਼ਟਰ ਸਰਕਾਰ ਵਿੱਚ ਹੀ ਉਹ ਐਕਸਾਈਜ਼ ਕਮਿਸ਼ਨਰ ਅਤੇ ਪ੍ਰਿੰਸੀਪਲ ਸਕੱਤਰ ਵੀ ਰਹੇ ਹਨ।

ਆਈਏਐੱਸ ਦੀ ਪ੍ਰੀਖਿਆ ਪਾਸ ਕਰਨ ਮੌਕੇ ਉਨ੍ਹਾਂ ਦੀ ਉਮਰ 22 ਸਾਲ ਤੋਂ ਵੀ ਘੱਟ ਸੀ ਅਤੇ ਉਹ ਦੇਸ਼ ਦੇ ਸਭ ਤੋਂ ਛੋਟੀ ਉਮਰ ਵਿੱਚ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਅਧਿਕਾਰੀਆਂ ਵਿੱਚੋਂ ਇਕ ਹਨ। ਚਹਿਲ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਜੀਤ ਸਿੰਘ ਚੱਠਾ ਦੇ ਦਾਮਾਦ ਵੀ ਹਨ।

ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਰਹਿਣ ਵਾਲੇ ਇਕਬਾਲ ਚਹਿਲ ਨੇ ਆਪਣੀ ਸਕੂਲੀ ਪੜ੍ਹਾਈ ਜੋਧਪੁਰ ਤੋਂ ਪੂਰੀ ਕੀਤੀ ਹੈ ਅਤੇ ਪਟਿਆਲਾ ਦੇ ਥਾਪਰ ਕਾਲਜ ਤੋਂ ਇਲੈਕਟ੍ਰਾਨਿਕਸ ਵਿੱਚ ਇੰਜਨੀਅਰਿੰਗ ਕੀਤੀ ਹੈ। ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਲੋਕ ਪ੍ਰਸ਼ਾਸਨ ਵਿੱਚ ਵੀ ਪੜ੍ਹਾਈ ਕੀਤੀ ਹੈ।

ਕਿਉਂ ਹਨ ਇਕਬਾਲ ਸਿੰਘ ਚਹਿਲ ਚਰਚਾ ਵਿੱਚ?

ਇਕਬਾਲ ਸਿੰਘ ਚਹਿਲ

ਤਸਵੀਰ ਸਰੋਤ, fb/chahal

ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਸੂਬੇ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ ਉਥੇ ਹੀ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਮੁੰਬਈ ਨੇ ਆਕਸੀਜਨ ਦੀ ਕਮੀ ਦੀ ਸਮੱਸਿਆ ਉੱਪਰ ਕੁਝ ਹੱਦ ਤਕ ਕਾਬੂ ਪਾ ਲਿਆ ਹੈ।

ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਚਹਿਲ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ ਜਿਸ ਨੂੰ ਲੈ ਕੇ ਉਹ ਚਰਚਾ ਵਿਚ ਹਨ।

ਮੁੰਬਈ ਦੀ ਆਕਸੀਜਨ ਸਮੱਸਿਆ ਨੂੰ ਹੱਲ ਕਰਨ ਵਿੱਚ ਬ੍ਰਹਿਨਮੁੰਬਈ ਮਿਊਨੀਸਿਪਲ ਕਾਰਪੋਰੇਸ਼ਨ ਦੇ ਕੰਮ ਦੀ ਸੁਪਰੀਮ ਕੋਰਟ ਨੇ ਵੀ ਤਾਰੀਫ਼ ਕੀਤੀ ਹੈ। ਦਿੱਲੀ ਅਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਡਲ ਦੇ ਕੁਝ ਗੁਰ ਲੈਣ ਨੂੰ ਕਿਹਾ ਹੈ।

'ਦਿ ਇੰਡੀਅਨ ਐਕਸਪ੍ਰੈਸ' ਵਿਚ ਛਪੀ ਇਕ ਗੱਲਬਾਤ ਵਿੱਚ ਚਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਜੰਬੋ ਹਸਪਤਾਲ ਬਣਾਏ ਅਤੇ ਟੀਕਾਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ

ਇਕਬਾਲ ਸਿੰਘ ਚਹਿਲ

ਤਸਵੀਰ ਸਰੋਤ, fb/chahal

16-17 ਅਪ੍ਰੈਲ ਦੀ ਰਾਤ ਨੂੰ ਹੋਈ ਐਮਰਜੈਂਸੀ ਨੇ ਬਦਲੇ ਹਾਲਾਤ

'ਦਿ ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਅਨੁਸਾਰ ਚਹਿਲ ਨੇ ਦੱਸਿਆ ਕਿ 16-17 ਅਪ੍ਰੈਲ ਦੀ ਰਾਤ ਨੂੰ ਉਨ੍ਹਾਂ ਨੂੰ ਪਤਾ ਲੱਗਿਆ ਕਿ ਛੇ ਹਸਪਤਾਲਾਂ ਵਿਚ ਆਕਸੀਜਨ ਖ਼ਤਮ ਹੋਣ ਕਿਨਾਰੇ ਹੈ ਜਿਸ ਵਿਚ 168 ਮਰੀਜ਼ ਦਾਖਲ ਹਨ।

ਉਨ੍ਹਾਂ ਦੱਸਿਆ ਕਿ ਰਾਤ ਇਕ ਵਜੇ ਤੋਂ ਸਵੇਰੇ ਪੰਜ ਵਜੇ ਦੇ ਦਰਮਿਆਨ 150 ਐਂਬੂਲੈਂਸ ਲਗਾ ਕੇ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਸਾਡੇ ਜੰਬੋ ਕੋਵਿਡ ਸੈਂਟਰ ਵਿਖੇ ਲਿਆਂਦਾ ਗਿਆ। ਇਸ ਸੈਂਟਰ ਵਿਚ 3600 ਬੈੱਡ ਖਾਲੀ ਸਨ ਜਿਸ ਵਿਚੋਂ 850 ਬੈੱਡ ਆਕਸੀਜਨ ਨਾਲ ਜੁੜੇ ਸਨ।

ਚਹਿਲ ਨੇ ਦੱਸਿਆ ਕਿ ਉਹ ਸਾਰੀ ਰਾਤ ਸੌਂ ਨਹੀਂ ਸਕੇ ਅਤੇ ਸਵੇਰੇ ਸੱਤ ਵਜੇ ਉਨ੍ਹਾਂ ਨੇ ਭਾਰਤ ਸਰਕਾਰ ਦੇ ਚੋਟੀ ਦੇ ਅਧਿਕਾਰੀਆਂ ਨੂੰ ਸੁਨੇਹੇ ਭੇਜ ਕੇ ਹਾਲਾਤ ਬਾਰੇ ਦੱਸਿਆ।

ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਰਾਸ਼ਟਰ ਦੇ ਪ੍ਰਮੁੱਖ ਨੇਤਾ ਜਿਸ ਵਿੱਚ ਮੁੱਖ ਮੰਤਰੀ ਸ਼ਾਮਲ ਸਨ ਉਨ੍ਹਾਂ ਨੂੰ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹਾਲਾਤ ਹਾਲੇ ਸੁਧਰੇ ਨਹੀਂ ਹਨ ਤੇ ਇਹ ਦੁਬਾਰਾ ਹੋ ਸਕਦਾ ਹੈ।

ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਵੀ ਚਹਿਲ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਉਨ੍ਹਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਭਾਰਤ ਸਰਕਾਰ ਨੇ ਮਹਾਰਾਸ਼ਟਰ ਨੂੰ 125 ਮੀਟ੍ਰਿਕ ਟਨ ਆਕਸੀਜਨ ਜਾਮਨਗਰ ਤੋਂ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਜਿਸ ਤੋਂ ਬਾਅਦ ਆਕਸੀਜਨ ਦੀ ਸਮੱਸਿਆ ਨਹੀਂ ਆਈ।

ਇਕਬਾਲ ਸਿੰਘ ਚਹਿਲ

ਤਸਵੀਰ ਸਰੋਤ, fb/chahal

ਕਿਸ ਤਰ੍ਹਾਂ ਹੱਲ ਕੀਤੀ ਆਕਸੀਜਨ ਦੀ ਸਮੱਸਿਆ

ਚਹਿਲ ਅਨੁਸਾਰ ਆਕਸੀਜਨ ਦੀ ਕਮੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਭ ਤੋਂ ਪਹਿਲਾਂ ਇਸ ਦੇ ਸਟਾਕ ਅਤੇ ਸਪਲਾਈ ਦੀ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੈ।

ਜਦੋਂ ਕੋਵਿਡ ਦੇ ਕੇਸ ਵਧਣ ਲੱਗਦੇ ਹਨ ਤਾਂ ਪ੍ਰਸ਼ਾਸਨ ਵੱਲੋਂ ਹਸਪਤਾਲਾਂ ਉਪਰ ਬੈੱਡਾਂ ਦੀ ਸਮਰੱਥਾ ਵਧਾਉਣ ਲਈ ਦਬਾਅ ਪਾਇਆ ਜਾਂਦਾ ਹੈ। ਚਹਿਲ ਅਨੁਸਾਰ ਇਹ ਗਲਤ ਹੈ ਅਤੇ ਉਨ੍ਹਾਂ ਨੇ ਇਸ ਸਮੱਸਿਆ ਲਈ ਹਸਪਤਾਲਾਂ ਉੱਪਰ ਪ੍ਰੈਸ਼ਰ ਨਾ ਪਾਉਂਦੇ ਹੋਏ ਕੋਵਿਡ ਕੇਅਰ ਦੇ ਜੰਬੋ ਸੈਂਟਰ ਬਣਾਏ ਜਿਨ੍ਹਾਂ ਵਿੱਚ ਆਕਸੀਜਨ ਦੀ ਸਮਰੱਥਾ ਨੂੰ ਵਧਾਇਆ ਗਿਆ।

ਚਹਿਲ ਅਨੁਸਾਰ ਉਨ੍ਹਾਂ ਕੋਲ ਸੱਤ ਜੰਬੋ ਸੈਂਟਰ ਹਨ ਜਿਸ ਵਿੱਚ ਕੁੱਲ 9000 ਬੈੱਡ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਚਾਰ ਹੋਰ ਜੰਬੋ ਸੈਂਟਰ ਬਣਾਏ ਜਾਣਗੇ ਜਿਨ੍ਹਾਂ ਵਿਚ 6500 ਬੈੱਡ ਹੋਣਗੇ। ਇਨ੍ਹਾਂ ਵਿਚੋਂ 70 ਫ਼ੀਸਦ ਬੈੱਡ ਆਕਸੀਜਨ ਸਪਲਾਈ ਨਾਲ ਜੁੜੇ ਰਹਿਣਗੇ।

ਉਨ੍ਹਾਂ ਦੱਸਿਆ ਕਿ ਆਕਸੀਜਨ ਲੀਕੇਜ ਵੀ ਇੱਕ ਵੱਡੀ ਸਮੱਸਿਆ ਹੈ ਇਸ ਕਰਕੇ ਹਮੇਸ਼ਾ ਐਮਰਜੈਂਸੀ ਸਟੌਕ ਰੱਖਣਾ ਚਾਹੀਦਾ ਹੈ ਅਤੇ ਇਸਦੇ ਨਾਲ ਹੀ ਹਸਪਤਾਲਾਂ ਨੂੰ ਇਕ ਪ੍ਰੋਟੋਕੋਲ ਵੀ ਭੇਜਿਆ ਗਿਆ ਹੈ ਜਿਸ ਦਾ ਉਹ ਪਾਲਣ ਕਰਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਕਬਾਲ ਸਿੰਘ ਚਹਿਲ

ਤਸਵੀਰ ਸਰੋਤ, fb/chahal

ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਨੂੰ ਲੈ ਕੇ ਚਹਿਲ ਦੀਆਂ ਕੀ ਹਨ ਤਿਆਰੀਆਂ?

ਇਸੇ ਗੱਲਬਾਤ ਦੌਰਾਨ ਚਹਿਲ ਨੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਹਾਂਮਾਰੀ ਦੀ ਤੀਸਰੀ ਲਹਿਰ ਜੂਨ ਜੁਲਾਈ ਜਾਂ ਉਸ ਤੋਂ ਬਾਅਦ ਆ ਸਕਦੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ 15 ਦਿਨ ਪਹਿਲਾਂ ਅਸੀਂ ਚਾਰ ਨਵੇਂ ਜੰਬੋ ਹਸਪਤਾਲ ਮੁੰਬਈ ਵਿਚ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਕੋਸ਼ਿਸ਼ ਹੈ ਕਿ ਜੂਨ ਤੱਕ ਚਾਰ ਹਜ਼ਾਰ ਆਈਸੀਯੂ ਬੈੱਡ ਤਿਆਰ ਹੋ ਜਾਣ।

ਕੋਰੋਨਾਵਾਇਰਸ ਦੇ ਖ਼ਿਲਾਫ਼ ਟੀਕਾਕਰਨ ਉੱਤੇ ਵੀ ਚਹਿਲ ਜ਼ੋਰ ਦੇ ਰਹੇ ਹਨ ਅਤੇ ਦੱਸਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪ੍ਰਤੀ ਦਿਨ ਦੋ ਲੱਖ ਟੀਕੇ ਲਗਾਏ ਜਾਣ।

ਚਹਿਲ ਅਨੁਸਾਰ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਹਰ ਮਹੀਨੇ 60 ਲੱਖ ਟੀਕੇ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)