ਕੋਰੋਨਾਵਾਇਰਸ : ਕੁੰਭ ਵਿੱਚ ਸ਼ਾਮਲ ਹੋਏ ਸੰਤ-ਮਹੰਤਾਂ ਨੂੰ ਨਾ ਪਛਤਾਵਾ ਤੇ ਨਾ ਹੀ ਮੰਨਦੇ ਹਨ ਕੁੰਭ ਬਣਿਆ ਲਾਗ਼ ਦਾ ਸੁਪਰ ਸਪ੍ਰੈਡਰ

ਤਸਵੀਰ ਸਰੋਤ, Anadolu Agency
- ਲੇਖਕ, ਸਮੀਰਾਤਮਜ ਮਿਸ਼ਰ
- ਰੋਲ, ਲਖਨਊ ਤੋਂ, ਬੀਬੀਸੀ ਲਈ
ਕੁੰਭ ਤੋਂ ਮੁੜਨ ਵਾਲੇ ਕਈ ਸੰਤਾਂ-ਮਹੰਤਾਂ ਦੀ ਕੋਰੋਨਾ ਲਾਗ਼ ਲੱਗਣ ਕਾਰਨ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਉੱਤਰਾਖੰਡ ਵਿੱਚ ਮਹਾਂਮਾਰੀ ਦਾ ਫ਼ੈਲਾਅ ਤੇਜ਼ ਹੋਇਆ ਹੈ।
ਪਿਛਲੇ ਮਹੀਨੇ ਹਰਿਦੁਆਰ ਕੁੰਭ ਵਿੱਚ ਸ਼ਾਹੀ ਇਸਨਾਨ ਦੌਰਾਨ ਇਕੱਤਰ ਹੋਈ ਭੀੜ ਤੇ ਹਰ ਤਰ੍ਹਾਂ ਦੀ ਰੋਕਥਾਮ ਦੇ ਬਾਵਜੂਦ ਫ਼ੈਲੇ ਕੋਰੋਨਾ ਲਾਗ਼ ਨੇ ਅਖਾੜਿਆਂ ਦੇ ਕਈ ਸਾਧੂ ਸੰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਸਥਿਤੀ ਇੰਨੀ ਗੰਭੀਰ ਹੋ ਗਈ ਕਿ ਕੁਝ ਅਖ਼ਾੜਿਆਂ ਵਲੋਂ ਅੰਤਮ ਸ਼ਾਹੀ ਇਸਨਾਨ ਤੋਂ ਦੋ ਹਫ਼ਤੇ ਪਹਿਲਾਂ ਹੀ ਕੁੰਭ ਦੇ ਸਮਾਪਤ ਹੋਣ ਦਾ ਐਲਾਨ ਕਰ ਦਿੱਤਾ ਗਿਆ, ਇਸ ਤਰ੍ਹਾਂ ਕੁੰਭ ਤੋਂ ਅਖਾੜਿਆਂ ਅਤੇ ਸਾਧੂ ਸੰਤਾਂ ਦੀ ਵਾਪਸੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ:
ਪਰ ਲਾਗ਼ ਦੀ ਲਪੇਟ ਵਿੱਚ ਆਏ ਸਾਧੂ ਸੰਤਾਂ ਵਿੱਚ ਇਸ ਦਾ ਅਸਰ ਬਾਅਦ ਵਿੱਚ ਵੀ ਦੇਖਿਆ ਗਿਆ ਅਤੇ ਕਈ ਸਾਧੂ ਸੰਤਾਂ ਦੀ ਹੁਣ ਤੱਕ ਕੋਰੋਨਾ ਲਾਗ਼ ਲੱਗਣ ਨਾਲ ਮੌਤ ਹੋ ਚੁੱਕੀ ਹੈ।
ਇਸ ਸਭ ਦੇ ਬਾਵਜੂਦ, ਸਾਧੂ ਸੰਤਾਂ ਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਕਿ ਕੁੰਭ ਮੇਲਾ ਲਾਗ਼ ਦੀ ਵਜ੍ਹਾ ਬਣਿਆ ਜਾਂ ਫ਼ਿਰ ਕੁੰਭ ਨਾ ਹੁੰਦਾ ਤਾਂ ਲਾਗ਼ ਦੀ ਰਫ਼ਤਾਰ ਇੰਨੀ ਤੇਜ਼ ਨਾ ਹੁੰਦੀ।
ਕੁੰਭ ਤੋਂ ਪਰਤੇ ਸਾਧੂਆਂ ਵਿੱਚ ਕੋਰੋਨਾ ਦੇ ਕਈ ਮਾਮਲੇ
ਦੋ ਦਿਨ ਪਹਿਲਾਂ ਹਰਿਦੁਆਰ ਕੁੰਭ ਤੋਂ ਪਰਤੇ ਜੂਨਾ ਅਖਾੜੇ ਦੇ ਸਾਧੂ ਸਵਾਮੀ ਪ੍ਰਗਿਆਨੰਦ ਗਿਰੀ ਦੀ ਮੌਤ ਹੋ ਗਈ।
ਸਵਾਮੀ ਪ੍ਰਗਿਆਨੰਦ ਗਿਰੀ ਹਰਿਦੁਆਰ ਤੋਂ ਵਾਪਸ ਆਉਣ ਤੋਂ ਬਾਅਦ ਵ੍ਰਿੰਦਾਵਨ ਵਿੱਚ ਸਨ ਪਰ ਕੋਰੋਨਾ ਲਾਗ਼ ਤੋਂ ਬਾਅਦ ਪ੍ਰਗਿਆਰਾਜ ਦੇ ਸਵਰੂਪਰਾਣੀ ਨਹਿਰੂ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਸ ਤੋਂ ਪਹਿਲਾਂ, ਵੱਖ ਵੱਖ ਅਖਾੜਿਆਂ ਦੇ ਕਰੀਬ ਇੱਕ ਦਰਜਨ ਸਾਧੂਆਂ ਦੀ ਵੀ ਕੋਰੋਨਾ ਲਾਗ਼ ਦੇ ਕਾਰਨ ਮੌਤ ਹੋ ਚੁੱਕੀ ਹੈ ਤੇ ਇਹ ਸਾਰੇ ਸਾਧੂ ਹਰਿਦੁਆਰ ਕੁੰਭ ਮੇਲੇ ਵਿੱਚ ਸ਼ਾਮਲ ਹੋਏ ਸਨ।
ਕੁੰਭ ਮੇਲੇ ਵਿੱਚ ਮੁੱਖ ਇਸ਼ਨਾਨ ਦੌਰਾਨ ਹੀ 13 ਅਪ੍ਰੈਲ ਨੂੰ ਨਿਰਵਾਣੀ ਅਖਾੜਾ ਦੇ ਮਹਾਮੰਡਲੇਸ਼ਵਰ ਕਪਿਲ ਦੇਵ ਦੀ ਕੋਰੋਨਾ ਲਾਗ਼ ਕਾਰਨ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਵੱਖ ਵੱਖ ਅਖਾੜਿਆਂ ਵਿੱਚ ਕੀਤੀ ਗਈ ਕੋਰੋਨਾ ਜਾਂਚ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਾਧੂ ਸੰਤਾਂ ਵਿੱਚ ਕੋਰੋਨਾ ਲਾਗ਼ ਦੇ ਮਾਮਲੇ ਸਾਹਮਣੇ ਆਏ ਸਨ।
ਕੁਝ ਲੋਕਾਂ ਦਾ ਅਖਾੜਿਆਂ ਵਿੱਚ ਹੀ ਇਕਾਂਤਵਾਸ ਵਿੱਚ ਰੱਖ ਕੇ ਇਲਾਜ ਕੀਤਾ ਗਿਆ ਪਰ ਕੁਝ ਲੋਕਾਂ ਦੀ ਮੌਤ ਵੀ ਹੋ ਗਈ।
ਕੁੰਭ ਮੇਲੇ ਦੌਰਾਨ ਹੀ ਨਿਰੰਜਨੀ ਅਖਾੜੇ ਦੇ ਮਹੰਤ ਅਤੇ ਆਲ਼ ਇੰਡੀਆ ਅਖਾੜਾ ਪਰੀਸ਼ਦ ਦੇ ਪ੍ਰਧਾਨ ਨਰਿੰਦਰ ਗੀਰੀ ਵੀ ਕੋਰੋਨਾ ਤੋਂ ਪ੍ਰਭਾਵਿਤ ਹੋ ਗਏ ਹਨ ਅਤੇ ਹਾਲਤ ਗੰਭੀਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਤਸਵੀਰ ਸਰੋਤ, Getty Images
ਮਹੰਤ ਨਰਿੰਦਰ ਗਿਰੀ ਹੁਣ ਤੰਦਰੁਸਤ ਹਨ ਪਰ ਉਸ ਸਮੇਂ ਲਾਗ਼ ਲੱਗਣ ਕਾਰਨ ਉਹ ਸ਼ਾਹੀ ਇਸ਼ਨਾਨ ਵਿੱਚ ਸ਼ਾਮਲ ਨਹੀਂ ਸਨ ਹੋ ਸਕੇ।
ਕੁੰਭ ਤੇ ਚੋਣਾਂ ਬਨਾਮ ਸਿਆਸਤ
ਬੀਬੀਸੀ ਨਾਲ ਗੱਲਬਾਤ ਵਿੱਚ ਸਵਾਮੀ ਨਰਿੰਦਰ ਗਿਰੀ ਨੇ ਕਿਹਾ, "ਕੋਰੋਨਾ ਦੀ ਬੀਮਾਰੀ ਫ਼ੈਲੀ ਹੈ ਤਾਂ ਉਹ ਸਭ ਨੂੰ ਹੋ ਰਹੀ ਹੈ। ਇਸ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਕਿ ਕੁੰਭ ਹੋ ਰਿਹਾ ਹੈ ਜਾਂ ਫ਼ਿਰ ਚੋਣਾਂ ਹੋ ਰਹੀਆਂ ਹਨ। ਜਿਥੇ ਇਹ ਦੋਵੇਂ ਚੀਜ਼ਾਂ ਨਹੀਂ ਹੋ ਰਹੀਆਂ ਸਨ ਕੀ ਉਥੇ ਇਹ ਬੀਮਾਰੀ ਨਹੀਂ ਫ਼ੈਲੀ।"


ਉਹ ਕਹਿੰਦੇ ਹਨ, "ਹੁਣ ਜਦੋਂ ਸਾਰਿਆਂ ਨੂੰ ਹੋ ਰਹੀ ਹੈ ਤਾਂ ਸਾਧੂ-ਸੰਤ ਵੀ ਉਸ ਦੀ ਚਪੇਟ ਵਿੱਚ ਆ ਗਏ। ਪਰ ਸਰਕਾਰ ਨੇ ਪ੍ਰਬੰਧ ਚੰਗੇ ਕੀਤੇ ਸਨ ਇਸ ਲਈ ਸਭ ਨੂੰ ਇਲਾਜ ਮਿਲ ਗਿਆ। ਹੁਣ ਅਖਾੜਿਆਂ ਵਿੱਚ ਸਾਡੇ ਲੋਕਾਂ ਕੋਲ ਤਾਂ ਡਾਕਟਰ ਹੁੰਦੇ ਨਹੀਂ।"
ਸਾਧੂਆਂ ਦੇ ਸਭ ਤੋਂ ਵੱਡੇ ਜੂਨਾ ਅਖ਼ਾੜੇ ਵਿੱਚ ਵੀ ਕਈ ਸਾਧੂਆਂ ਨੂੰ ਕੋਰੋਨਾ ਲਾਗ਼ ਲੱਗੀ ਅਤੇ ਤਿੰਨ ਸਾਧੂਆਂ ਦੀ ਮੌਤ ਹੋਈ ਸੀ। ਅਖਾੜੇ ਦੇ ਮਹੰਤ ਹਰਿ ਗਿਰੀ ਜੀ ਮਹਿਰਾਜ ਕਹਿੰਦੇ ਹਨ ਕਿ ਆਫ਼ਤ ਹੈ ਸਾਰਿਆਂ ਨੂੰ ਪ੍ਰਭਾਵਿਤ ਕਰੇਗੀ ਪਰ ਕੁਝ ਲੋਕ ਇਸ ਦਾ ਸਿਆਸੀ ਫ਼ਾਇਦਾ ਚੁੱਕ ਰਹੇ ਹਨ।
ਉਹ ਕਹਿੰਦੇ ਹਨ, "ਅਸੀਂ ਇਸ ਬਾਰੇ ਕੁਝ ਜ਼ਿਆਦਾ ਹੀ ਬੋਲਾਂਗੇ ਤਾਂ ਮਜ਼ਾਕ ਬਣੇਗਾ ਪਰ ਲੋਕ ਆਪਣੇ ਆਪਣੇ ਤਰੀਕੇ ਨਾਲ ਇਸ ਭਖਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਨ ਤਾਂ ਕਿ ਸਰਕਾਰ ਦੀ ਖ਼ੂਬ ਨਿੰਦਾ ਹੋਵੇ।"
ਮਹੰਤ ਹਰਿ ਗਿਰੀ ਜੀ ਕਹਿੰਦੇ ਹਨ, "ਕੋਰੋਨਾ ਦੇ ਕਾਰਨ ਹੀ ਅਮਰੀਕਾ ਵਿੱਚ ਰਾਸ਼ਟਰਪਤੀ ਚਲਾ ਗਿਆ। ਇਥੇ ਵੀ ਅਸਰ ਹੋਵੇਗਾ, ਦੇਖਦੇ ਰਹੋ। ਆਫ਼ਤ ਤਾਂ ਵੈਸੈ ਵੀ ਆਉਣੀ ਸੀ ਪਰ ਕੁੰਭ, ਚੋਣਾਂ ਇਹ ਸਭ ਕਹਿਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੋ ਰਹੀ ਹੈ। ਇੰਨਾਂ ਸਾਰੀਆਂ ਗੱਲਾਂ ਦਾ ਸਿਆਸੀ ਅਸਰ ਪਵੇਗਾ। ਸਿਰਫ਼ 2022 ਦੀਆਂ ਚੋਣਾਂ ਵਿੱਚ ਹੀ ਨਹੀਂ ਬਲਕਿ, ਉਸ ਤੋਂ ਬਾਅਦ ਵੀ ਪਵੇਗਾ।"
ਮਹੰਤ ਹਰਿ ਗਿਰੀ ਕਹਿੰਦੇ ਹਨ, "ਅਖਾੜਿਆਂ ਦੇ ਸਾਧੂ-ਸੰਤ ਆਮ ਲੋਕਾਂ ਤੋਂ ਦੂਰ, ਇਕੱਲੇ ਰਹਿੰਦੇ ਹਨ ਪਰ ਹਵਾ ਵਿੱਚ ਉੜ ਰਿਹਾ ਵਾਇਰਸ ਕਿਸੇ ਦੇ ਰੋਕਿਆਂ ਰੁਕ ਨਹੀਂ ਸਕਦਾ। ਇਸੇ ਕਾਰਨ ਅਖਾੜਿਆਂ ਦੇ ਕੁਝ ਸਾਧੂ-ਸੰਤ ਵੀ ਇਸ ਦੀ ਚਪੇਟ ਵਿੱਚ ਆ ਗਏ। ਪਰ ਉਨ੍ਹਾਂ ਦੀ ਰੁਟੀਨ, ਜਿਉਣ ਦਾ ਢੰਗ ਅਤੇ ਰਹਿਣ ਸਹਿਣ ਕਾਰਨ ਉਨ੍ਹਾਂ ਨੂੰ ਇਸ ਦਾ ਜ਼ਿਆਦਾ ਨੁਕਸਾਨ ਨਹੀਂ ਹੋ ਸਕਿਆ।"

ਤਸਵੀਰ ਸਰੋਤ, EPA/IDREES MOHAMMED
ਅਖ਼ਾੜਿਆਂ 'ਤੇ ਨਹੀਂ ਹੋਇਆ ਕੋਰੋਨਾ ਦਾ ਅਸਰ
ਉਥੇ ਹੀ ਕੁਝ ਅਖਾੜਿਆਂ ਦੇ ਮਹੰਤਾ ਦਾ ਕਹਿਣਾ ਹੈ ਕਿ ਕੁੰਭ ਕਾਰਨ ਕਿਸੇ ਵੀ ਕਿਸਮ ਦੀ ਲਾਗ਼ ਨਹੀਂ ਲੱਗੀ ਨਾ ਹੀ ਸਾਧੂ ਸੰਤਾਂ 'ਤੇ ਇਸ ਦਾ ਕੋਈ ਖ਼ਾਸ ਅਸਰ ਹੋਇਆ ਹੈ।
ਦਿੰਗਭਰ ਅਖਾੜੇ ਦੇ ਮਹੰਤ ਕਿਸ਼ਨਦਾਸ ਕਹਿੰਦੇ ਹਨ ਕਿ ਉਹ ਹਾਲੇ ਵੀ ਹਰਿਦੁਆਰ ਵਿੱਚ ਹਨ ਅਤੇ ਉਨ੍ਹਾਂ ਦੇ ਅਖਾੜੇ ਵਿੱਚ ਵੀ ਸਾਧੂਆਂ ਨੂੰ ਲਾਗ਼ ਨਹੀਂ ਲੱਗੀ।
ਉਨ੍ਹਾਂ ਮੁਤਬਾਕ, "ਕੁੰਭ ਵਿੱਚ ਕੋਈ ਬੀਮਾਰੀ ਨਹੀਂ ਸੀ। ਕੋਰੋਨਾ ਦਾ ਕੋਈ ਪ੍ਰਕੋਪ ਨਹੀਂ ਸੀ। ਬਾਹਰ ਤੋਂ ਆਏ ਕੁਝ ਲੋਕਾਂ ਨੂੰ ਹੋਇਆ ਹੋਵੇਗਾ। ਉਸੇ ਦੇ ਪ੍ਰਭਾਵ ਵਿੱਚ ਕੁਝ ਇੱਕ-ਦੋ ਸੰਤਾਂ ਨੂੰ ਵੀ ਹੋ ਗਿਆ ਹੋਵੇਗਾ। ਸਾਡੇ ਅਖਾੜੇ ਵਿੱਚ ਕੋਈ ਬੀਮਾਰ ਨਹੀਂ ਹੋਇਆ, ਕੋਈ ਲਾਗ਼ ਨਹੀਂ ਹੈ। ਹਾਲੇ ਵੀ ਸਾਰੇ ਸਾਧੂ ਇਥੇ ਹੀ ਹਨ।"
ਨਿਰਮੋਹੀ ਅਖਾੜੇ ਦੇ ਮੁਖੀ ਰਾਜੇਂਦਰ ਦਾਸ ਵੀ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੇ ਅਖਾੜੇ ਵਿੱਚ ਕਿਸੇ ਸਾਧੂ ਨੂੰ ਕੋਰੋਨਾ ਲਾਗ਼ ਲੱਗੀ ਸੀ। ਬੇਹੱਦ ਬੇਫ਼ਿਕਰੀ ਨਾਲ ਕਹਿੰਦੇ ਹਨ, "ਸਾਰੇ ਠੀਕ ਠਾਕ ਹੈ। ਅਖਾੜੇ ਦੇ ਸਾਰੇ ਸਾਧੂ ਸਾਙੇ ਨਾਲ ਹਾਲੇ ਵੀ ਹਰਿਦੁਆਰ ਵਿੱਚ ਹੀ ਹਨ। ਮੇਰੇ ਕੋਲ ਹਨ। ਮੇਰੇ ਅਖਾੜੇ ਵਿੱਚ ਕਿਸੇ ਨੂੰ ਕੁਝ ਨਹੀਂ ਹੋਇਆ ਸੀ।"
ਸੱਚਾਈ ਕੁਝ ਵੱਖਰੀ
ਹਾਲਾਂਕਿ ਅਧਿਕਾਰਿਤ ਅੰਕੜਿਆਂ ਮੁਤਾਬਕ,ਹਰਿਦੁਆਰ ਵਿੱਚ ਕੋਰੋਨਾ ਲਾਗ਼ ਦੇ ਕੁੱਲ ਮਾਮਲੇ ਦਰਜ ਕੀਤੇ ਗਏ ਸਨ ਜਿਨ੍ਹਾਂ ਵਿੱਚ ਕਈ ਧਾਰਮਿਕ ਆਗੂਆਂ ਅਤੇ ਸਾਧੂ ਸੰਤ ਵੀ ਸ਼ਾਮਲ ਸਨ।

ਤਸਵੀਰ ਸਰੋਤ, REUTERS/Anushree Fadnavis
ਕਈ ਲੋਕ ਅਜਿਹੇ ਵੀ ਸਨ ਜੋ ਇਤੋਂ ਵਾਪਸ ਪਰਤਣ ਤੋਂ ਬਾਅਦ ਕੋਰੋਨਾ ਪੌਜ਼ੀਟਿਵ ਪਾਏ ਗਏ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਨੇਪਾਲ ਦੇ ਸਾਬਾਕ ਰਾਜਾ ਅਤੇ ਰਾਣੀ ਗਿਆਨੇਂਦਰ ਸ਼ਾਹ ਅਤੇ ਕੋਮਲ ਸ਼ਾਹ ਵੀ ਸ਼ਾਮਲ ਸਨ।
ਕੁੰਭ ਤੋਂ ਵਾਪਸ ਆਉਣ ਤੋਂ ਬਾਅਦ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸ਼ਰਵਣ ਰਾਠੌਰ ਦੀ ਵੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।
ਹਰਿਦੁਆਰ ਵਿੱਚ ਕੁੰਭ ਮੇਲੇ ਦੌਰਾਨ ਡਿਊਟੀ ਵਿੱਚ ਲੱਗੇ ਸੂਬਾ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਅਖਾੜਿਆਂ ਵਿੱਚ ਤਾਂ ਛੱਡੋ, ਸ਼ਰਧਾਲੂਆਂ ਦੀ ਵੀ ਜਾਂਚ ਠੀਕ ਤਰੀਕੇ ਨਾਲ ਨਹੀਂ ਹੋਈ ਅਤੇ ਜਦੋਂ ਲੋਕ ਇਥੋਂ ਵਾਪਸ ਘਰਾਂ ਨੂੰ ਮੁੜਨਗੇ ਤਾਂ ਲਾਗ਼ ਲੈ ਕੇ ਜਾਣਗੇ।
ਅਧਿਕਾਰੀ ਮੁਤਾਬਕ, "ਅਖਾੜਿਆਂ ਨੇ ਤਾਂ ਇਥੇ ਆਪਣੇ ਸਾਧੂਆਂ ਦੀ ਕੋਵਿਡ ਜਾਂਚ ਕਰਵਾਉਣ ਦਾ ਪ੍ਰਵਾਨਗੀ ਬਹੁਤ ਮੁਸ਼ਕਲ ਨਾਲ ਦਿੱਤੀ। ਸਾਧੂ ਲੋਕ ਜਾਂਚ ਕਰਵਾਉਣ ਨੂੰ ਤਿਆਰ ਹੀ ਨਹੀਂ ਹੋ ਰਹੇ ਸਨ। ਇਹ ਤਾਂ ਜਦੋਂ ਮਹਾਂਮੰਡਲੇਸ਼ਵਰ ਦੀ ਮੌਤ ਹੋ ਗਈ ਅਤੇ ਅਖਾੜਾ ਮੁਖੀ ਨੂੰ ਵੀ ਲਾਗ਼ ਲੱਗ ਗਈ ਤਾਂ ਕਿਤੇ ਜਾ ਕੇ ਥੋੜ੍ਹੀ-ਬਹੁਤ ਜਾਂਚ ਹੋ ਸਕੀ।"
ਮੇਲੇ ਦੌਰਾਨ ਸਪੱਸ਼ਟ ਨਿਰਦੇਸ਼ ਸਨ ਕਿ ਬਾਹਰ ਤੋਂ ਆਉਣ ਵਾਲੇ ਸ਼ਰਧਾਲੂ ਦੋ ਦਿਨ ਪਹਿਲਾਂ ਦੀ ਕੋਵਿਡ ਨੈਗੇਟਿਵ ਰਿਪੋਰਟ ਨਾਲ ਲੈ ਕੇ ਆਉਣ ਪਰ ਇੰਨੀ ਸਖ਼ਤੀ ਦੇ ਬਾਵਜੂਦ ਕੁੰਭ ਵਿੱਚ ਲਾਗ਼ ਦੇ ਮਾਮਲਿਆਂ ਦੀ ਗਿਣਤੀ ਵੱਧ ਗਈ ਅਤੇ ਉਸ ਤੋਂ ਬਾਅਦ ਉੱਤਰਾਖੰਡ ਵਿੱਚ ਵੀ ਲਾਗ਼ ਦੇ ਮਾਮਲਿਆਂ ਦੀ ਰਫ਼ਤਾਰ ਤੇਜ਼ੀ ਨਾਲ ਵੱਧਣ ਲੱਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












