ਕੋਰੋਨਾ ਕਹਿਰ : ਭਾਰਤ ਵਿੱਚ ਦੂਜਾ ਵੇਰੀਐਂਟ ਇੰਨਾਂ ਖ਼ਤਰਨਾਕ ਕਿਉਂ ਹੈ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਦੀ ਪੜਤਾਲ ਦੁਨੀਆਂ ਭਰ ਦੇ ਵਿਗਿਆਨੀ ਕਰ ਰਹੇ ਹਨ - ਪਰ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗਿਆ ਹੈ ਕਿ ਇਹ ਕਿੱਥੋਂ ਤੱਕ ਫ਼ੈਲ ਚੁੱਕਿਆ ਹੈ ਜਾਂ ਇਹ ਭਾਰਤ ਵਿੱਚ ਘਾਤਕ ਹੋ ਚੁੱਕੀ ਕੋਰੋਨਾ ਦੀ ਦੂਜੀ ਲਹਿਰ ਨੂੰ ਵਧੇਰੇ ਖ਼ਤਰਨਾਕ ਬਣਾ ਰਿਹਾ ਹੈ।
ਇਹ ਭਾਰਤੀ ਵੇਰੀਐਂਟ ਕੀ ਹੈ?
ਮਿਊਟੇਟ ਵਾਇਰਸ ਹਰ ਵੇਲੇ ਵੱਖ-ਵੱਖ ਵਰਜ਼ਨ ਜਾਂ ਵੇਰੀਐਂਟ ਪੈਦਾ ਕਰ ਰਹੇ ਹਨ।
ਇਨ੍ਹਾਂ ਵਿੱਚੋਂ ਬਹੁਤੇ ਮਿਊਟੇਸ਼ਨ ਅਹਿਮ ਨਹੀਂ ਹਨ ਅਤੇ ਕੁਝ ਤਾਂ ਵਾਇਰਸ ਨੂੰ ਘੱਟ ਖ਼ਤਰਨਾਕ ਬਣਾਉਂਦੇ ਹਨ। ਪਰ ਹੋਰ ਮਿਊਟੇਸ਼ਨ ਇਸ ਨੂੰ ਰੋਕਣ ਲਈ ਵਧੇਰੇ ਛੂਤਕਾਰੀ ਅਤੇ ਮੁਸ਼ਕਲ ਬਣਾ ਸਕਦੇ ਹਨ।
ਇਹ ਵੀ ਪੜ੍ਹੋ:
ਅਧਿਕਾਰਿਤ ਤੌਰ 'ਤੇ ਇਸ ਵੇਰੀਐਂਟ ਨੂੰ ਬੀ.1617 ਕਿਹਾ ਜਾਂਦਾ ਹੈ ਅਤੇ ਇਸ ਬਾਰੇ ਭਾਰਤ 'ਚ ਪਹਿਲੀ ਵਾਰ ਅਕਤੂਬਰ 2020 ਵਿੱਚ ਪਤਾ ਲੱਗਿਆ ਸੀ।
ਇਹ ਕਿੱਥੋਂ ਤੱਕ ਫ਼ੈਲਿਆ ਹੈ?
ਭਾਰਤ ਵਿੱਚ ਸੈਂਪਲ ਟੈਸਟਿੰਗ ਉਸ ਹਿਸਾਬ ਨਾਲ ਨਹੀਂ ਹੈ ਕਿ ਇਸ ਵੇਰੀਐਂਟ ਦੇ ਭਾਰਤ ਵਿੱਚ ਫ਼ੈਲਾਅ ਬਾਰੇ ਦੱਸਿਆ ਜਾ ਸਕੇ।
ਇਸ ਵੇਰੀਐਂਟ ਦਾ 361 ਵਿੱਚੋਂ 200 ਕੋਵਿਡ ਸੈਂਪਲਾਂ ਵਿੱਚ ਪਤਾ ਲੱਗਿਆ ਜੋ ਮਹਾਰਾਸ਼ਟਰ ਸੂਬੇ ਵਿੱਚ ਜਨਵਰੀ ਤੋਂ ਮਾਰਚ ਦੇ ਦਰਮਿਆਨ ਲਏ ਗਏ ਸਨ।
GISAID ਗਲੋਬਲ ਡਾਟਾਬੇਸ ਮੁਤਾਬਕ ਹੁਣ ਤੱਕ ਇਹ ਵੇਰੀਐਂਟ ਘੱਟੋ-ਘੱਟ 21 ਮੁਲਕਾਂ ਵਿੱਚ ਪਾਇਆ ਗਿਆ ਹੈ।
ਇੰਟਰਨੈਸ਼ਨਲ ਟ੍ਰੈਵਲ ਨੂੰ ਇਸ ਵੇਰੀਐਂਟ ਦੇ ਯੂਕੇ ਵਿੱਚ ਪਹੁੰਚਣ ਦਾ ਕਾਰਨ ਮੰਨਿਆ ਜਾ ਰਿਹਾ ਹੈ, ਜਿੱਥੇ 22 ਫਰਵਰੀ ਤੋਂ ਲੈ ਕੇ ਹੁਣ ਤੱਕ 103 ਕੇਸ ਪਾਏ ਗਏ ਹਨ।
ਇਸ ਤੋਂ ਬਾਅਦ ਹੀ ਯੂਕੇ ਨੇ ਭਾਰਤ ਨੂੰ ਉਨ੍ਹਾਂ ਦੇਸਾਂ ਦੀ ਸੂਚੀ ਵਿੱਚ ਪਾਇਆ ਜਿਨ੍ਹਾਂ 'ਤੇ ਯੂਕੇ ਦੀ ਯਾਤਰਾ ਸਬੰਧੀ ਪਾਬੰਦੀਆਂ ਲਗਾਈਆਂ ਗਈਆਂ ਹਨ।

ਤਸਵੀਰ ਸਰੋਤ, Getty Images
ਇੰਗਲੈਂਡ ਦੇ ਪਬਲਿਕ ਹੈਲਥ ਨੇ ਭਾਰਤ ਦੇ ਇਸ ਵੇਰੀਐਂਟ ਨੂੰ ਉਸ ਸੂਚੀ ਵਿੱਚ ਸ਼ਾਮਲ ਕੀਤਾ ਹੈ ਜੋ ''ਵੇਰੀਐਂਟ ਪੜਤਾਲ ਹੇਠ'' ਹਨ। ਪਰ ਨਾਲ ਹੀ ਪਬਲਿਕ ਹੈਲਥ ਇੰਗਲੈਂਡ ਨੇ ਹਾਲੇ ਤੱਕ ਇਸ ਵੇਰੀਐਂਟ ਨੂੰ ''ਚਿੰਤਾ ਵਾਲਾ ਵੇਰੀਐਂਟ'' ਨਹੀਂ ਮੰਨਿਆ ਹੈ।
ਕੀ ਇਹ ਜ਼ਿਆਦਾ ਲਾਗ ਵਾਲਾ ਜਾਂ ਖ਼ਤਰਨਾਕ ਹੈ?
ਵਿਗਿਆਨੀਆਂ ਨੂੰ ਇਸ ਬਾਰੇ ਅਜੇ ਜਾਣਕਾਰੀ ਨਹੀਂ ਹੈ ਕਿ ਇਹ ਵੇਰੀਐਂਟ ਜ਼ਿਆਦਾ ਲਾਗ ਵਾਲਾ ਜਾਂ ਖ਼ਤਰਨਾਕ ਹੈ ਜਾਂ ਨਹੀਂ।
ਲੁਸਿਆਨਾ ਸਟੇਟ ਯੂਨੀਵਰਸਿਟੀ ਦੇ ਵਾਇਰੋਲੋਜਿਸਟ ਜੇਰਮੀ ਕਾਮਿਲ ਨੇ ਦੱਸਿਆ ਕਿ ਇਸ ਦਾ ਇੱਕ ਮਿਊਟੇਸ਼ਨ ਉਨ੍ਹਾਂ ਵੇਰੀਐਂਟ ਦੇ ਵਾਂਗ ਹੈ ਜੋ ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵਿੱਚ ਦੇਖੇ ਗਏ ਹਨ।
ਉਨ੍ਹਾਂ ਮੁਤਾਬਕ ਇਹ ਸਰੀਰ ਦੇ ਅੰਦਰ ਪ੍ਰਤੀਰੋਧੀ ਸਮਰੱਥਾ ਐਂਟੀ ਬੌਡੀਜ਼ ਨੂੰ ਖ਼ਤਮ ਕਰਨ ਵਿੱਚ ਵਾਇਰਸ ਦੀ ਮਦਦ ਕਰਦਾ ਹੈ।
ਪਰ ਜ਼ਿਆਦਾ ਚਿੰਤਾ ਵਾਲੀ ਗੱਲ ਇਸ ਵੇਲੇ ਇਹ ਹੈ ਕਿ ਯੂਕੇ ਵਿੱਚ ਮਿਲਿਆ ਵੇਰੀਐਂਟ, ਬ੍ਰਿਟੇਨ ਵਿੱਚ ਜ਼ਿਆਦਾ ਭਾਰੂ ਹੈ ਅਤੇ 50 ਤੋਂ ਜ਼ਿਆਦਾ ਮੁਲਕਾਂ ਵਿੱਚ ਫ਼ੈਲ ਚੁੱਕਿਆ ਹੈ।
ਡਾ. ਕਾਮਿਲ ਕਹਿੰਦੇ ਹਨ, ''ਮੈਨੂੰ ਸ਼ੱਕ ਹੈ ਕਿ ਯੂਕੇ ਵੇਰੀਐਂਟ ਨਾਲੋ ਭਾਰਤੀ ਵੇਰੀਐਂਟ ਜ਼ਿਆਦਾ ਲਾਗ ਵਾਲਾ ਹੈ ਅਤੇ ਸਾਨੂੰ ਦਹਿਸ਼ਤ ਵਿੱਚ ਨਹੀਂ ਆਉਣਾ ਚਾਹੀਦਾ।''
ਨਵੇਂ ਵੇਰੀਐਂਟ ਬਾਰੇ ਬਹੁਤ ਘੱਟ ਕਿਉਂ ਪਤਾ ਹੈ?
ਵਿਗਿਆਨੀਆਂ ਮੁਤਾਬਕ ਭਾਰਤੀ ਵੇਰੀਐਂਟ ਨੂੰ ਲੈ ਕੇ ਹੁਣ ਤੱਕ ਲੋੜੀਂਦੇ ਅੰਕੜੇ ਇਕੱਠੇ ਨਹੀਂ ਹੋਏ ਹਨ। ਇਸ ਤੋਂ ਇਲਾਵਾ ਬਹੁਤ ਘੱਟ ਸਾਂਝੇ ਕੀਤੇ ਗਏ ਹਨ।
ਯੂਕੇ ਦੇ 384,000 ਵੇਰੀਐਂਟ ਦੇ ਮੁਕਾਬਲੇ ਭਾਰਤ ਵਿੱਚ 298 ਅਤੇ ਪੂਰੀ ਦੁਨੀਆਂ ਵਿੱਚ 656 ਵੇਰੀਐਂਟ ਹਨ।
ਡਾ. ਕਾਮਿਲ ਮੁਤਾਬਕ ਭਾਰਤ ਵਿੱਚ ਦੂਜੇ ਵੇਰੀਐਂਟ ਦੇ ਸ਼ੁਰੂਆਤੀ ਮਾਮਲੇ ਦੁਨੀਆਂ ਭਰ ਵਿੱਚ ਮਿਲੇ 400 ਤੋਂ ਵੀ ਘੱਟ ਮਾਮਲਿਆਂ ਵਿੱਚੋਂ ਸਨ।
ਕੀ ਇਸ ਵੇਰੀਐਂਟ ਨੇ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੂੰ ਹਵਾ ਦਿੱਤੀ?
ਭਾਰਤ ਵਿੱਚ 15 ਅਪ੍ਰੈਲ 2021 ਤੋਂ ਲਗਾਤਾਰ ਰੋਜ਼ਨਾ ਕੋਵਿਡ ਦੇ ਕੇਸ 2 ਲੱਖ ਤੋਂ ਉੱਤੇ ਰਿਪੋਰਟ ਕੀਤੇ ਜਾ ਰਹੇ ਹਨ, ਪਿਛਲੇ ਸਾਲ ਇਹ ਗਿਣਤੀ 93 ਹਜ਼ਾਰ ਹੀ ਸੀ।

ਤਸਵੀਰ ਸਰੋਤ, Reuters
ਵੱਧਦੇ ਕੇਸਾਂ ਵਿਚਾਲੇ ਮੌਤਾਂ ਦੀ ਗਿਣਤੀ ਵੀ ਵਧੀ ਹੈ।
ਯੂਨੀਵਰਸਿਟੀ ਆਫ਼ ਕੈਂਬਰਿਜ ਵਿਖੇ ਕਲੀਨੀਕਿਲ ਮਾਇਕ੍ਰੋਬਾਇਲੌਜੀ ਦੇ ਪ੍ਰੋਫ਼ੈਸਰ ਰਵੀ ਕਹਿੰਦੇ ਹਨ, "ਭਾਰਤ ਦੀ ਵੱਡੀ ਆਬਾਦੀ ਅਤੇ ਆਬਾਦੀ ਦੀ ਘਣਤਾ ਵਾਇਰਸ ਨੂੰ ਬਦਲਾਅ ਲਈ ਸਥਿਤੀ ਮੁਹੱਈਆ ਕਰਵਾਉਂਦੀ ਹੈ।''
ਹਾਲਾਂਕਿ, ਭਾਰਤ ਵਿੱਚ ਕੇਸਾਂ ਦੀ ਵੱਧਦੀ ਗਿਣਤੀ ਦਾ ਵੱਡਾ ਕਾਰਨ ਵੱਡੇ ਇਕੱਠ ਹਨ ਅਤੇ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ, ਜਿਵੇਂ ਮਾਸਕ ਨਾ ਪਾਉਣਾ ਜਾਂ ਸਮਾਜਿਕ ਦੂਰੀ ਨਾ ਰੱਖਣਾ।
ਵੈਲਕਮ ਸੈਂਗਰ ਇੰਸਟੀਚਿਊਟ ਦੇ ਡਾ. ਜੈਫ਼ਰੀ ਬੈਰਟ ਕਹਿੰਦੇ ਹਨ ਕਿ ਇਹ ਮੁਮਕਿਨ ਹੈ ਕਿ ਵੇਰੀਐਂਟ ਹੋਵੇ ਪਰ ਅਜੇ ਵੀ ਸਬੂਤਾਂ ਦੀ ਘਾਟ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਵੇਰੀਐਂਟ ਪਿਛਲੇ ਸਾਲ ਤੋਂ ਹੀ ਸਾਡੇ ਆਲੇ-ਦੁਆਲੇ ਹੋ ਸਕਦਾ ਹੈ: ''ਜੇ ਇਸ ਨਾਲ ਭਾਰਤ ਵਿੱਚ ਹੁਣ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਤਾਂ ਇਸ ਨੂੰ ਇੱਥੋਂ ਤੱਕ ਆਉਣ ਵਿੱਚ ਕਈ ਮਹੀਨੇ ਲੱਗੇ ਹੋਣਗੇ, ਜੋ ਇਹ ਸੁਝਾਉਂਦਾ ਹੈ ਕਿ ਇਹ ਕੈਂਟ ਬੀ117 ਵੇਰੀਐਂਟ ਮੁਕਾਬਲੇ ਘੱਟ ਟ੍ਰਾਂਸਮਿਟ ਹੋਣ ਵਾਲਾ ਹੋਵੇ।''
ਕੀ ਵੈਕਸੀਨ ਅਜੇ ਵੀ ਕੰਮ ਕਰਨਗੀਆਂ?
ਵਿਗਿਆਨੀਆਂ ਦਾ ਵਿਸ਼ਵਾਸ ਹੈ ਕਿ ਮੌਜੂਦਾ ਵੈਕਸੀਨਾਂ ਇਸ ਵੇਰੀਐਂਟ ਨੂੰ ਕੰਟਰੋਲ ਕਰ ਵਿੱਚ ਸਹਾਈ ਹੋਣਗੀਆਂ ਜਦੋਂ ਗੰਭੀਰ ਬਿਮਾਰੀਆਂ ਨੂੰ ਰੋਕਣ ਦੀ ਗੱਲ ਆਉਂਦੀ ਹੈ।

ਤਸਵੀਰ ਸਰੋਤ, Reuters
ਪ੍ਰੋ. ਗੁਪਤਾ ਅਤੇ ਉਨ੍ਹਾਂ ਦੇ ਸਾਥੀ ਖੋਜਾਰਥੀਆਂ ਵੱਲੋਂ ਨੇਚਰ ਵਿੱਚ ਪ੍ਰਕਾਸ਼ਿਤ ਇੱਕ ਪੇਪਰ ਮੁਤਾਬਕ ਕੁਝ ਵੇਰੀਐਂਟ ਟੀਕਿਆਂ ਤੋਂ ਬੱਚ ਜਾਣਗੇ। ਨਤੀਜੇ ਵਜੋਂ ਟੀਕੇ ਦੇ ਡਿਜ਼ਾਈਨ ਵਿੱਚ ਬਦਲਾਅ ਕਰਨ ਨਾਲ ਉਨ੍ਹਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੋਵੇਗੀ।
ਹਾਲਾਂਕਿ ਮੌਜੂਦਾ ਵੈਕਸੀਨ ਨਾਲ ਬਿਮਾਰੀ ਦੇ ਫ਼ੈਲਾਅ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
ਡਾ. ਕਾਮਿਲ ਕਹਿੰਦੇ ਹਨ, "ਜ਼ਿਆਦਾਤਰ ਲੋਕਾਂ ਲਈ ਵੈਕਸੀਨ, ਬਿਮਾਰੀ ਅਤੇ ਹਸਪਤਾਲ ਵਿੱਚ ਮੌਤ ਦੇ ਖ਼ਤਰੇ ਤੋਂ ਬਚਾਅ ਹੈ। ਇਸ ਲਈ ਜਿਹੜੀ ਵੀ ਵੈਕਸੀਨ ਉਪਲਭਧ ਹੈ, ਉਹ ਲੈਣੀ ਚਾਹੀਦੀ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕਿਸੇ ਆਦਰਸ਼ ਕਾਰਗਰ ਵੈਕਸੀਨ ਦੀ ਉਡੀਕ ਕਰਨੀ ਚਾਹੀਦੀ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












