ਸ਼ੁਭੇਂਦੂ ਅਧਿਕਾਰੀ: ਪੱਛਮੀ ਬੰਗਾਲ ਚੋਣ ਵਿੱਚ ਮਮਤਾ ਬੈਨਰਜੀ ਨੂੰ ਹਰਾਉਣ ਵਾਲੇ ਕੌਣ ਹਨ ਨੰਦੀਗ੍ਰਾਮ ਦੇ 'ਦਾਦਾ'

ਸ਼ੁਭੇਂਦੂ ਅਧਿਕਾਰੀ

ਤਸਵੀਰ ਸਰੋਤ, Sanjay Das

ਤਸਵੀਰ ਕੈਪਸ਼ਨ, ਸ਼ੁਭੇਂਦੂ ਅਧਿਕਾਰੀ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੀ ਨੰਦੀਗ੍ਰਾਮ ਸੀਟ 'ਤੇ ਮਮਤਾ ਦੇ ਵਿਰੋਧੀ ਹਨ
    • ਲੇਖਕ, ਪ੍ਰਭਾਕਰ ਮਣੀ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ

''ਮਮਤਾ ਬੈਨਰਜੀ ਨੇ ਜੰਗਲਮਹਿਲ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਦਿੱਲੀ ਤੋਂ ਇੱਥੇ ਆਉਣ ਵਾਲੇ ਲੋਕ ਬਾਹਰੀ ਹਨ। ਬੰਗਾਲ ਵਿੱਚ ਅਗਲੇ ਪੰਜਾਹ ਸਾਲਾਂ ਤੱਕ ਕੋਈ ਤ੍ਰਿਣਮੂਲ ਕਾਂਗਰਸ ਨੂੰ ਨਹੀਂ ਹਰਾ ਸਕਦਾ। ਹੁਣ ਇੱਕ ਵਾਰ ਫਿਰ ਕੇਂਦਰ ਵਿੱਚ ਗੈਰ ਭਾਜਪਾ ਸਰਕਾਰ ਦੀ ਅਗਵਾਈ ਕਰਨ ਦਾ ਮੌਕਾ ਇੱਕ ਬੰਗਾਲੀ ਔਰਤ (ਮਮਤਾ ਬੈਨਰਜੀ) ਦੇ ਸਾਹਮਣੇ ਹੈ।''

''ਮਮਤਾ ਬੈਨਰਜੀ ਨੇ ਨੰਦੀਗ੍ਰਾਮ ਅਤੇ ਜੰਗਲਮਹਿਲ ਇਲਾਕੇ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ ਹੈ। ਮੈਂ ਨੰਦੀਗ੍ਰਾਮ ਵਿੱਚ ਜੇਕਰ ਉਨ੍ਹਾਂ ਨੂੰ ਘੱਟ ਤੋਂ ਘੱਟ ਪੰਜਾਹ ਹਜ਼ਾਰ ਵੋਟਾਂ ਦੇ ਅੰਤਰ ਨਾਲ ਨਹੀਂ ਹਰਾਇਆ ਤਾਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ।''

ਜੇਕਰ ਕਿਹਾ ਜਾਵੇ ਕਿ ਉੱਪਰ ਲਿਖੇ ਇਹ ਦੋ ਬਿਆਨ ਇੱਕ ਹੀ ਵਿਅਕਤੀ ਦੇ ਹਨ ਤਾਂ ਤੁਹਾਨੂੰ ਹੈਰਾਨੀ ਹੋ ਸਕਦੀ ਹੈ, ਪਰ ਇਹ ਪੱਛਮੀ ਬੰਗਾਲ ਦੀ ਰਾਜਨੀਤੀ ਦੀ ਮੌਜੂਦਾ ਹਕੀਕਤ ਹੈ।

ਇਹ ਵੀ ਪੜ੍ਹੋ

ਇਨ੍ਹਾਂ ਦੋਵਾਂ ਬਿਆਨਾਂ ਵਿਚਕਾਰ ਅੰਤਰ ਸਿਰਫ਼ ਕੁਝ ਮਹੀਨਿਆਂ ਦਾ ਹੀ ਹੈ।

ਪਹਿਲਾ ਬਿਆਨ ਟੀਐੱਮਸੀ ਸਰਕਾਰ ਵਿੱਚ ਤਤਕਾਲੀ ਮੰਤਰੀ ਅਤੇ ਮਮਤਾ ਬੈਨਰਜੀ ਦੇ ਨਜ਼ਦੀਕੀ ਸ਼ੁਭੇਂਦੂ ਅਧਿਕਾਰੀ ਨੇ ਜੰਗਲਮਹਿਲ ਵਿੱਚ ਇੱਕ ਖੇਡ ਮੁਕਾਬਲੇ ਦੇ ਪੁਰਸਕਾਰ ਵੰਡ ਸਮਾਗਮ ਵਿੱਚ ਦਿੱਤਾ ਸੀ।

ਪਰ ਬਾਅਦ ਵਿੱਚ ਤੇਜ਼ੀ ਨਾਲ ਬਦਲੇ ਹਾਲਾਤ ਵਿੱਚ ਲੰਘੇ ਦਸੰਬਰ ਵਿੱਚ ਉਨ੍ਹਾਂ ਨੇ ਭਾਜਪਾ ਦਾ ਹੱਥ ਫੜ ਲਿਆ ਅਤੇ ਉਸ ਦੇ ਬਾਅਦ ਇਸੀ ਸਾਲ ਜਨਵਰੀ ਵਿੱਚ ਉਨ੍ਹਾਂ ਦੂਜਾ ਬਿਆਨ ਦਿੱਤਾ।

ਕਦੇ ਟੀਐੱਮਸੀ ਪ੍ਰਮੁੱਖ ਮਮਤਾ ਬੈਨਰਜੀ ਦੇ ਸਭ ਤੋਂ ਨਜ਼ਦੀਕੀ ਰਹੇ ਸ਼ੁਭੇਂਦੂ ਹੁਣ ਉਨ੍ਹਾਂ ਦੇ ਸਭ ਤੋਂ ਕੱਟੜ ਵਿਰੋਧੀ ਬਣਨ ਤੱਕ ਦਾ 360 ਡਿਗਰੀ ਦਾ ਅਸਰ, ਰਾਜਨੀਤੀ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ।

ਪੁਰਾਣੀ ਕਹਾਵਤ ਹੈ ਕਿ ਰਾਜਨੀਤੀ ਵਿੱਚ ਨਾ ਤਾਂ ਦੋਸਤੀ ਸਥਾਈ ਹੁੰਦੀ ਹੈ ਅਤੇ ਨਾ ਹੀ ਦੁਸ਼ਮਣੀ, ਸ਼ੁਭੇਂਦੂ ਦੀਆਂ ਉੱਪਰ ਲਿਖੀਆਂ ਦੋਵੇਂ ਟਿੱਪਣੀਆਂ ਇਸੀ ਕਹਾਵਤ ਨੂੰ ਸੱਚ ਕਰਦੀਆਂ ਦਿਖਦੀਆਂ ਹਨ।

ਫਿਲਹਾਲ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੀ ਨੰਦੀਗ੍ਰਾਮ ਸੀਟ 'ਤੇ ਉਹ ਮਮਤਾ ਦੇ ਵਿਰੋਧੀ ਹਨ।

ਸ਼ੁਭੇਂਦੂ ਅਧਿਕਾਰੀ

ਤਸਵੀਰ ਸਰੋਤ, Sanjay das

ਤਸਵੀਰ ਕੈਪਸ਼ਨ, ਟੀਐੱਮਸੀ ਪ੍ਰਮੁੱਖ ਮਮਤਾ ਬੈਨਰਜੀ ਦੇ ਸਭ ਤੋਂ ਨਜ਼ਦੀਕੀ ਰਹੇ ਸ਼ੁਭੇਂਦੂ ਹੁਣ ਉਨ੍ਹਾਂ ਦੇ ਸਭ ਤੋਂ ਕੱਟੜ ਵਿਰੋਧੀ ਬਣ ਚੁੱਕੇ ਹਨ

ਮਮਤਾ ਬੈਨਰਜੀ ਨੂੰ ਆਪਣੇ ਗੜ੍ਹ ਵਿੱਚ ਚੁਣੌਤੀ

ਪਹਿਲਾਂ ਵਿਧਾਇਕ, ਫਿਰ ਦੋ ਵਾਰ ਸੰਸਦ ਮੈਂਬਰ ਅਤੇ ਫਿਰ ਨੰਦੀਗ੍ਰਾਮ ਸੀਟ ਤੋਂ ਪਿਛਲੀ ਵਿਧਾਨ ਸਭਾ ਚੋਣ ਜਿੱਤ ਕੇ ਮਮਤਾ ਬੈਨਰਜੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਆਵਾਜਾਈ ਮੰਤਰੀ ਬਣੇ ਸ਼ੁਭੇਂਦੂ ਅਧਿਕਾਰੀ ਦਾ ਨਾਂ ਹੁਣ ਤੱਕ ਪੱਛਮੀ ਬੰਗਾਲ ਤੋਂ ਬਾਹਰ ਸ਼ਾਇਦ ਹੀ ਕੋਈ ਜਾਣਦਾ ਹੋਵੇ।

ਪਰ ਤੇਜ਼ੀ ਨਾਲ ਬਦਲਦੇ ਘਟਨਾਗ੍ਰਮ ਵਿੱਚ ਲੰਘੇ ਦਸੰਬਰ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਅਤੇ ਹੁਣ ਉਸ ਦੇ ਬਾਅਦ ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਗੜ੍ਹ ਨੰਦੀਗ੍ਰਾਮ ਵਿੱਚ ਮੁੱਖ ਮੰਤਰੀ ਅਤੇ ਟੀਐੱਮਸੀ ਪ੍ਰਮੁੱਖ ਮਮਤਾ ਬੈਨਰਜੀ ਨੂੰ ਚੁਣੌਤੀ ਦੇਣ ਵਾਲੇ ਸ਼ੁਭੇਂਦੂ ਦਾ ਨਾਂ ਹੁਣ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਫੈਲ ਚੁੱਕਿਆ ਹੈ।

ਰਾਜਨੀਤਕ ਨਿਰੀਖਕਾਂ ਅਤੇ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਸ਼ੁਭੇਂਦੂ ਫਿਲਹਾਲ ਪੱਛਮੀ ਬੰਗਾਲ ਵਿੱਚ ਭਾਜਪਾ ਦਾ ਸਭ ਤੋਂ ਮਜ਼ਬੂਤ ਚਿਹਰਾ ਬਣ ਕੇ ਉੱਭਰਿਆ ਹੈ।

ਪਰ ਸ਼ੁਭੇਂਦੂ ਅਚਾਨਕ ਇੰਨੀਆਂ ਸੁਰਖੀਆਂ ਕਿਉਂ ਹਾਸਲ ਕਰ ਰਹੇ ਹਨ?

ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਸ਼ੁਭੇਂਦੂ ਦੇ ਉਦੈ ਦੀ ਕਹਾਣੀ ਅਤੇ ਮੌਜੂਦਾ ਚੋਣ ਵਿੱਚ ਉਨ੍ਹਾਂ ਦੀ ਅਹਿਮੀਅਤ ਨੂੰ ਸਮਝਣ ਲਈ ਲਗਭਗ 15 ਸਾਲ ਪਿੱਛੇ ਪਰਤਣਾ ਹੋਵੇਗਾ। ਸ਼ੁਭੇਂਦੂ ਨੇ ਸਾਲ 2006 ਦੀ ਵਿਧਾਨ ਸਭਾ ਵਿੱਚ ਪਹਿਲੀ ਵਾਰ ਕਾਂਥੀ ਦੱਖਣੀ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੀ ਸੀ।

ਕੋਰੋਨਾ

ਤਸਵੀਰ ਸਰੋਤ, Getty Images

ਉਸ ਦੇ ਬਾਅਦ ਸਾਲ 2009 ਵਿੱਚ ਉਨ੍ਹਾਂ ਨੇ ਤਮਲੁਕ ਸੀਟ ਤੋਂ ਲੋਕ ਸਭਾ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। 2014 ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਨੇ ਆਪਣੀ ਸੀਟ 'ਤੇ ਕਬਜ਼ਾ ਕਾਇਮ ਰੱਖਿਆ।

ਉਸ ਦੇ ਬਾਅਦ 2016 ਦੀ ਵਿਧਾਨ ਸਭਾ ਚੋਣ ਵਿੱਚ ਉਨ੍ਹਾਂ ਨੇ ਨੰਦੀਗ੍ਰਾਮ ਸੀਟ ਤੋਂ ਚੋਣ ਜਿੱਤੀ ਅਤੇ ਮਮਤਾ ਮੰਤਰੀ ਮੰਡਲ ਵਿੱਚ ਆਵਾਜਾਈ ਮੰਤਰੀ ਬਣਾਏ ਗਏ। ਹੌਲੀ ਹੌਲੀ ਉਨ੍ਹਾਂ ਨੂੰ ਸਰਕਾਰ ਵਿੱਚ ਨੰਬਰ ਦੋ ਮੰਨਿਆ ਜਾਣ ਲੱਗਿਆ ਸੀ।

ਹਾਲਾਂਕਿ ਉਨ੍ਹਾਂ ਦੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਤੋਂ ਉਸ ਸਮੇਂ ਹੋਈ ਸੀ ਜਦੋਂ ਉਹ ਕਾਂਥੀ ਸਥਿਤ ਪੀਕੇ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਸਨ। ਸਾਲ 1989 ਵਿੱਚ ਉਹ ਕਾਂਗਰਸ ਦੇ ਵਿਦਿਆਰਥੀ ਸੰਗਠਨ ਵਿਦਿਆਰਥੀ ਪ੍ਰੀਸ਼ਦ ਦੇ ਪ੍ਰਤੀਨਿਧੀ ਚੁਣੇ ਗਏ ਸਨ।

ਸ਼ੁਭੇਂਦੂ 36 ਸਾਲ ਦੀ ਉਮਰ ਵਿੱਚ ਪਹਿਲੀ ਵਾਰ 2006 ਵਿੱਚ ਕਾਂਥੀ ਦੱਖਣੀ ਸੀਟ ਤੋਂ ਵਿਧਾਇਕ ਚੁਣੇ ਗਏ। ਇਸ ਦੇ ਬਾਅਦ ਉਸੀ ਸਾਲ ਉਨ੍ਹਾਂ ਨੂੰ ਕਾਂਥੀ ਨਗਰ ਪਾਲਿਕਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਤਮਲੁਕ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਦੇ ਬਾਅਦ 2016 ਵਿੱਚ ਮਮਤਾ ਨੇ ਉਨ੍ਹਾਂ ਨੂੰ ਨੰਦੀਗ੍ਰਾਮ ਸੀਟ ਤੋਂ ਮੈਦਾਨ ਵਿੱਚ ਉਤਾਰਿਆ, ਜਿੱਥੋਂ ਉਹ ਆਸਾਨੀ ਨਾਲ ਜਿੱਤ ਗਏ।

ਸ਼ੁਭੇਂਦੂ ਦਾ ਰਾਜਨੀਤਕ ਕਰੀਅਰ ਬੇਸ਼ੱਕ 1990 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਹੋਵੇ, ਪਰ ਇੱਕ ਕੱਦਾਵਰ ਨੇਤਾ ਦੇ ਤੌਰ 'ਤੇ ਉਨ੍ਹਾਂ ਦੀ ਪਛਾਣ ਸਾਲ 2007 ਵਿੱਚ ਨੰਦੀਗ੍ਰਾਮ ਦੇ ਅਧਿਗ੍ਰਹਿਣ ਵਿਰੋਧੀ ਅੰਦੋਲਨ ਦੌਰਾਨ ਹੀ ਬਣੀ, ਲੋਅ ਪ੍ਰੋਫਾਇਲ ਸੰਸਦ ਮੈਂਬਰ ਰਹੇ ਸ਼ੁਭੇਂਦੂ ਆਪਣੀ ਸੰਗਠਨ ਕੁਸ਼ਲਤਾ ਕਾਰਨ ਅੱਗੇ ਚੱਲ ਕੇ ਬਹੁਤ ਘੱਟ ਸਮੇਂ ਵਿੱਚ ਟੀਐੱਮਸੀ ਵਿੱਚ ਸੱਤਾ ਦਾ ਵਿਕਲਪਿਕ ਕੇਂਦਰ ਬਣ ਗਏ।

ਇਹ ਵੀ ਪੜ੍ਹੋ

ਸ਼ੁਭੇਂਦੂ ਅਧਿਕਾਰੀ

ਤਸਵੀਰ ਸਰੋਤ, Sanjay das

ਤਸਵੀਰ ਕੈਪਸ਼ਨ, ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਸ਼ੁਭੇਂਦੂ ਦੇ ਉਦੈ ਦੀ ਕਹਾਣੀ ਅਤੇ ਮੌਜੂਦਾ ਚੋਣ ਵਿੱਚ ਉਨ੍ਹਾਂ ਦੀ ਅਹਿਮੀਅਤ ਨੂੰ ਸਮਝਣ ਲਈ ਲਗਭਗ 15 ਸਾਲ ਪਿੱਛੇ ਪਰਤਣਾ ਹੋਵੇਗਾ

'ਪਾਰਟੀ ਵਿੱਚ ਬਣਦਾ ਸਨਮਾਨ ਨਹੀਂ ਮਿਲਿਆ'

ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਕੋਲਾਘਾਟ ਵਿੱਚ ਰੂਪਨਾਰਾਇਣ ਨਦੀ ਪਾਰ ਕਰਦੇ ਹੀ ਅਹਿਸਾਸ ਹੋ ਜਾਂਦਾ ਹੈ ਕਿ ਇੱਥੇ ਅਧਿਕਾਰੀ ਪਰਿਵਾਰ ਦਾ ਰਾਜ ਹੈ।

ਪੂਰਾ ਇਲਾਕਾ ਸ਼ੁਭੇਂਦੂ ਦੇ ਪੋਸਟਰਾਂ ਨਾਲ ਭਰਿਆ ਨਜ਼ਰ ਆਉਂਦਾ ਹੈ, ਗਲੀ ਦੇ ਨੁੱਕੜਾਂ, ਚੌਰਾਹਿਆਂ ਅਤੇ ਚਾਹ ਦੀਆਂ ਦੁਕਾਨਾਂ 'ਤੇ ਇਸ ਪਰਿਵਾਰ ਦਾ ਜ਼ਿਕਰ ਸੁਣਨ ਨੂੰ ਮਿਲ ਸਕਦਾ ਹੈ।

ਬੀਤੇ ਦੋ ਦਹਾਕਿਆਂ ਵਿੱਚ ਇਸ ਪਰਿਵਾਰ ਨੇ ਇਲਾਕੇ ਵਿੱਚ ਅਜਿਹੀ ਰਾਜਨੀਤਕ ਪਕੜ ਬਣਾਈ ਹੈ ਜਿਸ ਦੀ ਰਾਜ ਵਿੱਚ ਦੂਜੀ ਕੋਈ ਮਿਸਾਲ ਨਹੀਂ ਮਿਲਦੀ।

ਪੂਰਬੀ ਮੇਦਿਨੀਪੁਰ ਵਿੱਚ ਅਧਿਕਾਰੀ ਪਰਿਵਾਰ ਦੇ ਨਜ਼ਦੀਕੀ ਰਹੇ ਟੀਐੱਮਸੀ ਦੇ ਇੱਕ ਨੇਤਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਹਿੰਦੇ ਹਨ, ''ਸ਼ੁਭੇਂਦੂ ਨੇ ਇਲਾਕੇ ਵਿੱਚ ਟੀਐੱਮਸੀ ਦੀ ਸਥਿਤੀ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਪਰ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ।''

ਹਾਲ ਹੀ ਦੇ ਦਿਨਾਂ ਵਿੱਚ ਮਮਤਾ ਬੈਨਰਜੀ ਸ਼ੁਭੇਂਦੂ ਨੂੰ ਲਗਾਤਾਰ ਨਾਂ ਲਏ ਬਿਨਾਂ ਗੱਦਾਰ ਅਤੇ ਮੀਰ ਜਾਫ਼ਰ ਵਰਗੇ ਵਿਸ਼ੇਸ਼ਣਾਂ ਨਾਲ ਨਿਵਾਜਦੀ ਰਹੀ ਹੈ। ਇਸ ਨਾਲ ਖ਼ਾਸ ਕਰਕੇ ਇਸ ਇਲਾਕੇ ਵਿੱਚ ਪਾਰਟੀ ਲਈ ਜੀਅ-ਜਾਨ ਲਗਾਉਣ ਵਾਲੇ ਅਧਿਕਾਰੀ ਪਰਿਵਾਰ ਦੇ ਮੁਖੀ ਸ਼ਿਸ਼ਿਰ ਅਧਿਕਾਰੀ ਕਾਫ਼ੀ ਦੁਖੀ ਹਨ।

ਉਹ ਕਹਿੰਦੇ ਹਨ, ''ਅਸੀਂ ਪਾਰਟੀ ਲਈ ਕੀ ਨਹੀਂ ਕੀਤਾ, ਪਰ ਬਦਲੇ ਵਿੱਚ ਸਾਨੂੰ ਹੁਣ ਬਾਪ-ਦਾਦਾ ਦੇ ਨਾਂ ਦੀਆਂ ਗਾਲ੍ਹਾਂ ਸੁਣਨੀਆਂ ਪੈ ਰਹੀਆਂ ਹਨ। ਇਹ ਤਾਂ ਵਕਤ ਹੀ ਦੱਸੇਗਾ ਕਿ ਗੱਦਾਰ ਅਤੇ ਮੀਰ ਜਾਫ਼ਰ ਕੌਣ ਹਨ।''

ਵੀਡੀਓ ਕੈਪਸ਼ਨ, ਕਿਹੜੇ ਸਿਆਸੀ ਸੰਘਰਸ਼ਾਂ ’ਚੋਂ ਗੁਜ਼ਰਿਆ ਮਮਤਾ ਬੈਨਰਜੀ ਦਾ ਸਫ਼ਰ

ਸ਼ੁਭੇਂਦੂ ਦੇ ਪਿਤਾ ਅਤੇ ਅਧਿਕਾਰੀ ਪਰਿਵਾਰ ਦੇ ਮੁਖੀ ਸ਼ਿਸ਼ਿਰ ਅਧਿਕਾਰੀ ਸਾਲ 1982 ਵਿੱਚ ਕਾਂਥੀ ਦੱਖਣ ਵਿਧਾਨ ਸਭਾ ਸੀਟ ਤੋਂ ਕਾਂਗਰਸ ਵਿਧਾਇਕ ਬਣੇ ਸਨ।

ਉਹ ਬਾਅਦ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਫਿਲਹਾਲ ਉਹ ਤੀਜੀ ਵਾਰ ਟੀਐੱਮਸੀ ਦੇ ਟਿਕਟ 'ਤੇ ਕਾਂਥੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਉਹ ਪਹਿਲਾਂ ਤਿੰਨ ਵਾਰ ਵਿਧਾਨ ਸਭਾ ਚੋਣ ਵੀ ਜਿੱਤ ਚੁੱਕੇ ਹਨ। ਮਨਮੋਹਨ ਸਿੰਘ ਦੀ ਸਰਕਾਰ ਵਿੱਚ ਸ਼ਿਸ਼ਿਰ ਮੰਤਰੀ ਵੀ ਰਹੇ ਹਨ।

ਸ਼ੁਭੇਂਦੂ ਦੇ ਛੋਟੇ ਭਰਾ ਦਿਬਯੇਂਦੂ ਅਧਿਕਾਰੀ ਨੇ ਸਾਲ 2009, 2011 ਅਤੇ 2016 ਵਿੱਚ ਵਿਧਾਨ ਸਭਾ ਚੋਣ ਜਿੱਤੀ ਸੀ। ਬਾਅਦ ਵਿੱਚ ਸ਼ੁਭੇਂਦੂ ਦੀ ਖਾਲੀ ਕੀਤੀ ਗਈ ਸੀਟ 'ਤੇ ਉਪ ਚੋਣ ਜਿੱਤ ਕੇ ਉਹ ਸੰਸਦ ਵਿੱਚ ਵੀ ਪਹੁੰਚੇ ਸਨ।

ਟੀਐੱਮਸੀ ਨੂੰ ਮਜ਼ਬੂਤ ਕਰਨ ਵਿੱਚ ਨਿਭਾਈ ਅਹਿਮ ਭੂਮਿਕਾ

ਸ਼ੁਭੇਂਦੂ ਅਧਿਕਾਰੀ

ਤਸਵੀਰ ਸਰੋਤ, Twitter/suvendhu

ਤਸਵੀਰ ਕੈਪਸ਼ਨ, ਸ਼ੁਭੇਂਦੂ ਨੇ ਸਾਲ 2006 ਦੀ ਵਿਧਾਨ ਸਭਾ ਵਿੱਚ ਪਹਿਲੀ ਵਾਰ ਕਾਂਥੀ ਦੱਖਣੀ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੀ ਸੀ

ਰਾਜਨੀਤਕ ਨਿਰੀਖਕ ਪ੍ਰੋਫੈਸਰ ਸਮੀਰਨ ਪਾਲ ਕਹਿੰਦੇ ਹਨ, ''ਤ੍ਰਿਣਮੂਲ ਕਾਂਗਰਸ ਨੂੰ ਸੱਤਾ ਤੱਕ ਪਹੁੰਚਾਉਣ ਵਿੱਚ ਜਿਸ ਨੰਦੀਗ੍ਰਾਮ ਅੰਦੋਲਨ ਨੇ ਅਹਿਮ ਭੂਮਿਕਾ ਨਿਭਾਈ ਸੀ, ਉਸ ਦੇ ਮੁੱਖ ਵਾਸਤੂਕਾਰ ਸ਼ੁਭੇਂਦੂ ਹੀ ਸਨ। ਸਾਲ 2007 ਵਿੱਚ ਕਾਂਥੀ ਦੱਖਣੀ ਸੀਟ ਤੋਂ ਵਿਧਾਇਕ ਹੋਣ ਦੇ ਨਾਤੇ ਤਤਕਾਲੀ ਖੱਬਾ ਮੋਰਚਾ ਸਰਕਾਰ ਦੇ ਖਿਲਾਫ਼ ਭੂਮੀ ਉਛੇਦ ਪ੍ਰਤੀਰੋਧ ਕਮੇਟੀ ਦੇ ਬੈਨਰ ਹੇਠ ਸਥਾਨਕ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਸਭ ਤੋਂ ਅਹਿਮ ਰਹੀ ਸੀ।''

''ਉਦੋਂ ਨੰਦੀਗ੍ਰਾਮ ਵਿੱਚ ਪ੍ਰਸਤਾਵਿਤ ਕੈਮੀਕਲ ਹੱਬ ਲਈ ਜ਼ਮੀਨ ਅਧਿਗ੍ਰਹਿਣ ਦੇ ਖਿਲਾਫ਼ ਅੰਦੋਲਨ ਦੀ ਹਲਚਲ ਸ਼ੁਰੂ ਹੋ ਗਈ ਸੀ। ਉਸ ਦੌਰ ਵਿੱਚ ਇਲਾਕੇ ਵਿੱਚ ਹਲਦੀਆ ਦੇ ਸੀਪੀਐੱਮ ਨੇਤਾ ਲਛਮਣ ਸੇਠ ਦੀ ਤੂਤੀ ਬੋਲਦੀ ਸੀ, ਪਰ ਇਹ ਸ਼ੁਭੇਂਦੂ ਹੀ ਸਨ ਜਿਸ ਕਾਰਨ ਇਲਾਕੇ ਦੇ ਸਭ ਤੋਂ ਤਾਕਤਵਾਰ ਨੇਤਾ ਰਹੇ ਲਛਮਣ ਸੇਠ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।''

ਪਾਲ ਦੱਸਦੇ ਹਨ ਕਿ ਜੰਗਲਮਹਿਲ ਦੇ ਨਾਂ ਨਾਲ ਬਦਨਾਮ ਰਹੇ ਪੱਛਮੀ ਮੇਦਿਨੀਪੁਰ, ਪੁਰਲਿਆ ਅਤੇ ਬਾਂਕੁੰਡਾ ਜ਼ਿਲ੍ਹਿਆਂ ਵਿੱਚ ਤ੍ਰਿਣਮੂਲ ਕਾਂਗਰਸ ਦਾ ਮਜ਼ਬੂਤ ਆਧਾਰ ਬਣਾਉਣ ਵਿੱਚ ਵੀ ਸ਼ੁਭੇਂਦੂ ਦਾ ਹੀ ਹੱਥ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਟੀਐੱਮਸੀ ਦੇ ਇੱਕ ਸੀਨੀਅਰ ਨੇਤਾ ਨਾਂ ਨਹੀਂ ਛਾਪਣ ਦੀ ਸ਼ਰਤ 'ਤੇ ਦੱਸਦੇ ਹਨ, ''2011 ਵਿੱਚ ਵਿਧਾਨ ਸਭਾ ਵਿੱਚ ਲੈਫਟ ਦੇ 34 ਸਾਲ ਦੇ ਸ਼ਾਸਨ ਦਾ ਖਾਤਮਾ ਕਰ ਕੇ ਸੱਤਾ ਵਿੱਚ ਪਹੁੰਚਣ ਵਾਲੀ ਮਮਤਾ ਬੈਨਰਜੀ ਨੇ ਟੀਐੱਮਸੀ ਪ੍ਰਤੀ ਨਿਸ਼ਠਾ ਲਈ ਅਧਿਕਾਰੀ ਪਰਿਵਾਰ ਨੂੰ ਸਨਮਾਨਤ ਕੀਤਾ ਸੀ। ਉਨ੍ਹਾਂ ਨੂੰ ਜੰਗਲਮਹਿਲ ਦੇ ਇਲਾਵਾ ਮਾਲਦਾ ਅਤੇ ਮੁਰਸ਼ਿਦਾਬਾਦ ਵਿੱਚ ਟੀਐੱਮਸੀ ਦਾ ਸੁਪਰਵਾਇਜ਼ਰ ਬਣਾ ਦਿੱਤਾ ਗਿਆ।''

''ਇਸ ਦੇ ਨਾਲ ਹੀ ਸ਼ੁਭੇਂਦੂ ਨੇ ਹਲਦੀਆ ਬੰਦਰਗਾਹ ਇਲਾਕੇ ਅਤੇ ਖਾਸ ਕਰਕੇ ਉੱਥੋਂ ਦੀਆਂ ਟਰੇਡ ਯੂਨੀਅਨਾਂ ਨੇ ਆਪਣੀ ਮਜ਼ਬੂਤ ਪਕੜ ਬਣਾ ਲਈ ਸੀ। ਇਸ ਨਾਲ ਰਾਜਨੀਤੀ ਅਤੇ ਟੀਐੱਮਸੀ ਵਿੱਚ ਸ਼ੁਭੇਂਦੂ ਇੱਕ ਬੇਹੱਦ ਮਜ਼ਬੂਤ ਨੇਤਾ ਦੇ ਤੌਰ 'ਤੇ ਉੱਭਰੇ।''

ਹਾਲ ਹੀ ਵਿੱਚ ਟੀਐੱਮਸੀ ਤੋਂ ਨਾਤਾ ਤੋੜ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਇੱਕ ਸਾਬਕਾ ਮੰਤਰੀ ਨਾਂ ਨਹੀਂ ਛਾਪਣ ਦੀ ਸ਼ਰਤ 'ਤੇ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਦੱਸਦੇ ਹਨ।

ਉਹ ਕਹਿੰਦੇ ਹਨ ਕਿ ਟੀਐੱਮਸੀ ਵਿੱਚ ਨੰਬਰ ਦੋ ਰਹਿੰਦੇ ਮੁਕੁਲ ਰਾਏ ਨੇ ਪੂਰਬੀ ਅਤੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਵਿੱਚ ਪਾਰਟੀ ਸੰਗਠਨ ਵਿੱਚ ਆਪਣੇ ਸਮਰਥਕਾਂ ਨੂੰ ਸ਼ਾਮਲ ਕਰਕੇ ਸ਼ੁਭੇਂਦੂ ਦੇ ਖੰਭ ਕਤਰਨ ਦਾ ਯਤਨ ਕੀਤਾ ਸੀ।

ਪਰ 2017 ਵਿੱਚ ਮੁਕੁਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਅਦ ਪਾਰਟੀ ਵਿੱਚ ਨੰਬਰ ਦੋ ਨੇਤਾ ਦੇ ਤੌਰ 'ਤੇ ਉੱਭਰੇ ਅਭਿਸ਼ੇਕ ਬੈਨਰਜੀ ਨਾਲ ਸ਼ੁਭੇਂਦੂ ਦਾ ਹਉਮੈ ਅਤੇ ਉਨ੍ਹਾਂ ਦੀਆਂ ਖਹਾਇਸ਼ਾਂ ਟਕਰਾਉਣ ਲੱਗੀਆਂ। ਦਰਅਸਲ, ਪਾਰਟੀ ਦੇ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ੁਭੇਂਦੂ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਟੀਐੱਮਸੀ ਵਿੱਚ ਮਮਤਾ ਬੈਨਰਜੀ ਦੇ ਬਾਅਦ ਨੰਬਰ ਦੋ ਨੇਤਾ ਮੰਨਿਆ ਜਾਵੇ।

ਸ਼ੁਭੇਂਦੂ ਅਧਿਕਾਰੀ

ਤਸਵੀਰ ਸਰੋਤ, Twitter/suvendhu

ਤਸਵੀਰ ਕੈਪਸ਼ਨ, ਪ੍ਰੋਫ਼ੈਸਰ ਪਾਲ ਦਾ ਕਹਿਣਾ ਹੈ ਕਿ ਅਧਿਕਾਰੀ ਪਰਿਵਾਰ ਦੇ ਰਸੂਖ਼ ਵਾਲੇ ਜ਼ਿਲ੍ਹਿਆਂ ਵਿੱਚ ਵੋਟਰਾਂ ਦੇ ਇੱਕ ਤਬਕੇ ਦਾ ਸਮਰਥਨ 'ਦੀਦੀ' ਦੇ ਬਦਲੇ 'ਦਾਦਾ' ਯਾਨੀ ਸ਼ੁਭੇਂਦੂ ਦੇ ਪੱਖ ਵਿੱਚ ਜਾ ਸਕਦਾ ਹੈ

ਪਰ ਲੰਘੀਆਂ ਲੋਕ ਸਭਾ ਚੋਣਾਂ ਦੇ ਬਾਅਦ ਅਭਿਸ਼ੇਕ ਬੈਨਰਜੀ ਜਦੋਂ ਪ੍ਰਸ਼ਾਂਤ ਕਿਸ਼ੋਰ ਦੀ ਸਹਾਇਤਾ ਨਾਲ ਪਾਰਟੀ ਨੂੰ ਚਲਾਉਣ ਲੱਗੇ ਤਾਂ ਸ਼ੁਭੇਂਦੂ ਨੂੰ ਮਹਿਸੂਸ ਹੋਣ ਲੱਗਿਆ ਕਿ ਹੁਣ ਇਸ ਵਿੱਚ ਰਹਿ ਕੇ ਉਨ੍ਹਾਂ ਦੀਆਂ ਰਾਜਨੀਤਕ ਖਹਾਇਸ਼ਾਂ ਪੂਰੀਆਂ ਨਹੀਂ ਹੋਣਗੀਆਂ।

ਸ਼ੁਭੇਂਦੂ ਨੇ ਮੰਤਰੀ ਮੰਡਲ ਅਤੇ ਪਾਰਟੀ ਤੋਂ ਅਸਤੀਫਾ ਦੇਣ ਦੇ ਚਾਰ ਮਹੀਨੇ ਪਹਿਲਾਂ ਤੋਂ ਹੀ ਖੁਦ ਨੂੰ ਪਾਰਟੀ ਤੋਂ ਅਲੱਗ -ਥਲੱਗ ਕਰ ਲਿਆ ਸੀ। ਉਹ ਨਾ ਤਾਂ ਪਾਰਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਸਨ ਅਤੇ ਨਾ ਹੀ ਸਰਕਾਰ ਦੀਆਂ।

ਪਰ ਦੂਜੇ ਪਾਸੇ, ਉਨ੍ਹਾਂ ਨੇ ਇਲਾਕੇ ਵਿੱਚ ਵੱਡੇ ਪੱਧਰ 'ਤੇ ਜਨ ਸੰਪਰਕ ਮੁਹਿੰਮ ਚਲਾ ਰੱਖੀ ਸੀ। ਸ਼ੁਭੇਂਦੂ ਅਤੇ ਅਧਿਕਾਰੀ ਪਰਿਵਾਰ ਦੀ ਅਹਿਮੀਅਤ ਸਮਝਦੇ ਹੋਏ ਮਮਤਾ, ਉਨ੍ਹਾਂ ਦੇ ਮੰਤਰੀਆਂ ਅਤੇ ਖੁਦ 'ਪੀਕੇ' ਨੇ ਉਨ੍ਹਾਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਸ਼ੁਭੇਂਦੂ ਸ਼ਾਇਦ ਪਹਿਲਾਂ ਹੀ ਟੀਐੱਮਸੀ ਨਾਲ ਨਾਤਾ ਤੋੜਨ ਦਾ ਮਨ ਬਣਾ ਚੁੱਕੇ ਸਨ। ਇਸ ਲਈ ਉਨ੍ਹਾਂ ਨੇ ਨਵੰਬਰ ਦੇ ਅੰਤ ਵਿੱਚ ਜਦੋਂ ਆਪਣਾ ਅਸਤੀਫਾ ਭੇਜਿਆ ਤਾਂ ਰਾਜਨੀਤਕ ਹਲਕੇ ਵਿੱਚ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਈ।

ਟੀਐੱਮਸੀ ਦੇ ਬੁਲਾਰੇ ਸੌਗਤ ਰਾਏ ਕਹਿੰਦੇ ਹਨ, ''ਸ਼ੁਭੇਂਦੂ ਦੀਆਂ ਰਾਜਨੀਤਕ ਖਹਾਇਸ਼ਾਂ ਕਾਫ਼ੀ ਵਧ ਗਈਆਂ ਸਨ। ਇਸ ਲਈ ਉਨ੍ਹਾਂ ਨੇ ਦੀਦੀ ਦੀਆਂ ਗੱਲਾਂ 'ਤੇ ਵੀ ਕੋਈ ਧਿਆਨ ਨਹੀਂ ਦਿੱਤਾ। ਪਾਰਟੀ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਤਿਆਰ ਸੀ, ਪਰ ਉਹ ਆਪਣੀ ਜ਼ਿੱਦ 'ਤੇ ਅੜੇ ਰਹੇ।''

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਟੀਐੱਮਸੀ ਦੇ ਇੱਕ ਹੋਰ ਸੀਨੀਅਰ ਨੇਤਾ ਦਾ ਦੋਸ਼ ਹੈ ਕਿ ਸ਼ੁਭੇਂਦੂ ਵਿਧਾਨ ਸਭਾ ਚੋਣਾਂ ਵਿੱਚ ਆਪਣੇ 50 ਤੋਂ ਜ਼ਿਆਦਾ ਉਮੀਦਵਾਰਾਂ ਨੂੰ ਟਿਕਟ ਦੇਣ ਲਈ ਦਬਾਅ ਬਣਾ ਰਹੇ ਸਨ, ਪਰ ਇਹ ਸੰਭਵ ਨਹੀਂ ਸੀ।

ਪਰ ਸ਼ੁਭੇਂਦੂ ਦੇ ਪਿਤਾ ਸ਼ਿਸ਼ਿਰ ਅਧਿਕਾਰੀ ਇਸ ਨੂੰ ਗਲਤ ਦੱਸਦੇ ਹਨ। ਉਹ ਕਹਿੰਦੇ ਹਨ, ''ਜਿੱਥੇ ਆਤਮ ਸਨਮਾਨ ਨਾ ਹੋਵੇ, ਉੱਥੇ ਰਹਿਣਾ ਠੀਕ ਨਹੀਂ ਹੈ। ਪਾਰਟੀ ਅਤੇ ਸਰਕਾਰ ਵਿੱਚ ਲਗਾਤਾਰ ਸ਼ੁਭੇਂਦੂ ਦੀ ਅਣਦੇਖੀ ਹੋ ਰਹੀ ਸੀ। ਉਨ੍ਹਾਂ ਦੇ ਮੰਤਰਾਲੇ ਨਾਲ ਸਬੰਧਿਤ ਫੈਸਲੇ ਵੀ ਦੂਜੇ ਲੋਕ ਲੈ ਰਹੇ ਸਨ। ਹੁਣ ਟੀਐੱਮਸੀ ਦੇ ਨੇਤਾ ਆਪਣੀ ਗਲਤੀ ਛੁਪਾਉਣ ਲਈ ਬਲੈਕਮੇਲ ਵਰਗੇ ਬਿਨਾਂ ਆਧਾਰ ਵਾਲੇ ਦੋਸ਼ ਲਾ ਰਹੇ ਹਨ।''

ਪ੍ਰੋਫ਼ੈਸਰ ਪਾਲ ਦਾ ਕਹਿਣਾ ਹੈ ਕਿ ਅਧਿਕਾਰੀ ਪਰਿਵਾਰ ਦੇ ਰਸੂਖ਼ ਵਾਲੇ ਜ਼ਿਲ੍ਹਿਆਂ ਵਿੱਚ ਵੋਟਰਾਂ ਦੇ ਇੱਕ ਤਬਕੇ ਦਾ ਸਮਰਥਨ 'ਦੀਦੀ' ਦੇ ਬਦਲੇ 'ਦਾਦਾ' ਯਾਨੀ ਸ਼ੁਭੇਂਦੂ ਦੇ ਪੱਖ ਵਿੱਚ ਜਾ ਸਕਦਾ ਹੈ।

ਪ੍ਰੋਫ਼ੈਸਰ ਪਾਲ ਕਹਿੰਦੇ ਹਨ, ''ਚੋਣ ਨਤੀਜੇ ਚਾਹੇ ਜੋ ਹੋਣ, ਸ਼ੁਭੇਂਦੂ ਨੇ ਨੰਦੀਗ੍ਰਾਮ ਨੂੰ ਠੀਕ 14 ਸਾਲ ਬਾਅਦ ਇੱਕ ਵਾਰ ਫਿਰ ਸੁਰਖੀਆਂ ਵਿੱਚ ਤਾਂ ਲਿਆ ਹੀ ਦਿੱਤਾ ਹੈ। ਇਹ ਰਾਜ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਣ ਗਈ ਹੈ। ਇਸ ਦੇ ਨਤੀਜੇ ਦਾ ਬੰਗਾਲ ਦੀ ਭਵਿੱਖ ਦੀ ਰਾਜਨੀਤੀ 'ਤੇ ਦੂਰਗਾਮੀ ਅਸਰ ਹੋਣਾ ਤੈਅ ਹੈ।''

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)