ਕੋਰੋਨਾਵਾਇਰਸ ਪੰਜਾਬ: ਸਰਕਾਰੀ ਹਸਪਤਾਲ ਚ ਜਾਣਾ ਨਹੀਂ ਚਾਹੁੰਦੇ, ਨਿੱਜੀ ਵਾਲਿਆਂ ਕੋਲ ਆਕਸੀਜਨ ਦੀ ਕਮੀ ਹੈ

- ਲੇਖਕ, ਸੁਰਿੰਦਰ ਮਾਨ (ਬਠਿੰਡਾ) ਤੇ ਰਵਿੰਦਰ ਸਿੰਘ ਰੌਬਿਨ (ਅੰਮ੍ਰਿਤਸਰ)
- ਰੋਲ, ਬੀਬੀਸੀ ਪੰਜਾਬੀ
ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਨੇ ਪੂਰੇ ਭਾਰਤ ਵਿੱਚ ਸਿਹਤ ਸੇਵਾਵਾਂ ਨੂੰ ਜਿਵੇਂ ਅਧਰੰਗ ਦੀ ਹਾਲਤ ਵਿੱਚ ਲਿਆ ਦਿੱਤਾ ਹੈ।
ਦਿੱਲੀ ਅਤੇ ਹੋਰ ਸੂਬਿਆਂ ਵਿੱਚ ਕੋਰੋਨਾਵਾਇਰਸ ਕਾਰਨ ਆਕਸੀਜਨ ਅਤੇ ਹੋਰ ਸਹੂਲਤਾਂ ਦੀ ਭਾਲ ਕਰਦੇ ਮਰੀਜ਼ਾਂ ਲਈ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਪੰਜਾਬ ਵਿੱਚ ਵੀ ਆਕਸੀਜਨ ਦੀ ਕਮੀ ਕਾਰਨ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਦਾਖਲ ਨਾ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ।
ਇਹ ਵੀ ਪੜ੍ਹੋ:
ਇਸ ਰਿਪੋਰਟ ਰਾਹੀਂ ਅਸੀਂ ਪੰਜਾਬ ਦੇ ਦੋ ਵੱਡੇ ਸ਼ਹਿਰਾਂ ਬਠਿੰਡਾ ਅਤੇ ਅੰਮ੍ਰਿਤਸਰ ਦੇ ਆਕਸੀਜਨ ਅਤੇ ਸਿਹਤ ਸਹੂਲਤਾਂ ਸਬੰਧੀ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ ਹੈ।
''ਮੈਨੂੰ ਮੇਰੇ ਡਾਕਟਰ ਨੇ ਤਾਂ ਆਕਸੀਜਨ ਦੀ ਸਲਾਹ ਨਹੀਂ ਦਿੱਤੀ ਪਰ ਡਰ ਤਾਂ ਲਗਦਾ ਹੀ ਹੈ''
ਬਠਿੰਡਾ ਵਿਖੇ ਕੋਰੋਨਾ ਦੇ ਵਧੇ ਪ੍ਰਭਾਵ ਮਗਰੋਂ ਆਕਸੀਜਨ ਦੀ ਕਾਲਾਬਾਜ਼ਾਰੀ ਰੋਕਣ ਲਈ ਸਰਕਾਰ 'ਪੱਬਾਂ ਭਾਰ' ਨਜ਼ਰ ਆ ਰਹੀ ਹੈ। ਸਰਕਾਰ ਨੂੰ ਖਦਸ਼ਾ ਹੈ ਕਿ ਜ਼ਖੀਰੇਬਾਜ਼ੀ ਕੋਰੋਨਾ ਪੀੜਤਾਂ ਦੀ ਮੌਤ ਦਾ ਸਬੱਬ ਬਣ ਸਕਦੀ ਹੈ।
ਜਾਣਕਾਰੀ ਮੁਤਾਬਕ ਇੱਥੇ ਕਈ ਲੋਕਾਂ ਨੇ ਸੰਭਾਵੀ 'ਖ਼ਤਰੇ' ਕਾਰਨ ਘਰਾਂ 'ਚ ਹੀ ਆਕਸੀਜਨ ਸਿਲੰਡਰ ਰੱਖ ਲਏ ਹਨ।
ਦਰਅਸਲ ਇਸੇ ਖ਼ਦਸ਼ੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਆਕਸੀਜਨ ਸਿਲੰਡਰਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਪ੍ਰਕਿਰਿਆ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀ ਹੈ।
ਵੱਡੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਵਧੇ ਪ੍ਰਭਾਵ ਤੋਂ ਬਾਅਦ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਗੰਭੀਰ ਮਰੀਜ਼ਾਂ ਲਈ ਆਕਸੀਜਨ ਪੂਰੀ ਕਰਨ ਵਿੱਚ ਦਿੱਕਤ ਪੇਸ਼ ਆਉਣ ਲੱਗੀ ਹੈ।

ਅਜਿਹੇ ਵਿੱਚ ਆਮ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੇ ਬਿਨਾ ਕਿਸੇ ਡਾਕਟਰੀ ਸਲਾਹ ਦੇ ਹੀ ਆਪਣੇ ਘਰਾਂ ਵਿੱਚ ਮੈਡੀਕਲ ਆਕਸੀਜਨ ਦੇ ਸਿਲੰਡਰ ਰੱਖ ਲਏ ਹਨ, ਜਿਸ ਕਾਰਨ ਵੀ ਆਕਸੀਜਨ ਦੀ 'ਕਮੀ' ਪ੍ਰਸਾਸ਼ਨ ਨੂੰ ਰੜਕੀ ਹੈ।
ਬਠਿੰਡਾ, ਮੋਗਾ, ਫਰੀਦਕੋਟ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਕੁਝ ਨਿੱਜੀ ਹਸਪਤਾਲਾਂ ਅਤੇ ਉਦਯੋਗਿਕ ਘਰਾਣਿਆਂ ਵੱਲੋਂ ਸਟਾਕ ਕੀਤੇ ਗਏ ਆਕਸੀਜਨ ਸਿਲੰਡਰ ਜ਼ਿਲ੍ਹਾ ਪ੍ਰਸਾਸ਼ਨ ਨੇ ਇਕੱਠੇ ਕਰ ਲਏ ਹਨ।
ਜ਼ਿਲ੍ਹਾ ਮੈਜਿਸਟਰੇਟ ਹੁਕਮ ਜਾਰੀ ਕਰ ਰਹੇ ਹਨ ਕਿ ਕੋਈ ਵੀ ਪ੍ਰਾਈਵੇਟ ਵਿਅਕਤੀ ਜਾਂ ਅਦਾਰਾ ਆਕਸੀਜਨ ਸਿਲੰਡਰ ਨਹੀਂ ਰੱਖ ਸਕਦਾ। ਜੇਕਰ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਧਿਰ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੋਗਾ ਦੇ ਜ਼ਿਲ੍ਹਾ ਮੈਜਿਸਟਰੇਟ ਹਰੀਸ਼ ਨਈਅਰ ਦਾ ਕਹਿਣਾ ਹੈ ਕਿ ਆਕਸੀਜਨ ਸਿਲੰਡਰਾਂ ਨੂੰ ਰੀਫਿਲ ਕਰਨ ਵਾਲਿਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰਸਾਸ਼ਨ ਦੀ ਜਾਣਕਾਰੀ ਤੋਂ ਬਗੈਰ ਆਕਸੀਜ਼ਨ ਸਿਲੰਡਰ ਕਿਸੇ ਵੀ ਹਾਲਤ ਵਿੱਚ ਨਾ ਭਰਨ।
ਵੱਖ-ਵੱਖ ਪਿੰਡਾਂ ਵਿੱਚੋਂ ਇਹ ਤੱਥ ਵੀ ਉੱਭਰ ਕੇ ਸਾਹਮਣੇ ਆਏ ਹਨ ਕਿ ਕਈ ਲੋਕਾਂ ਨੇ ਸਾਹ ਜਾਂ ਕੋਈ ਪੁਰਾਣੀ ਬਿਮਾਰੀ
ਅਤੇ ਆਕਸੀਜਨ ਦੀ ਕਮੀ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਤੋਂ ਡਰ ਕੇ ਆਪਣੇ ਤੌਰ 'ਤੇ ਆਕਸੀਜਨ ਸਿਲੰਡਰ ਖਰੀਦ ਕੇ ਆਪਣੇ ਘਰਾਂ ਵਿਚ ਰੱਖ ਲਏ ਹਨ।
ਪਿੰਡ ਗੁਰੂਸਰ ਦੇ ਇੱਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਹਨ।
ਉਨ੍ਹਾਂ ਕਿਹਾ ''ਮੈਨੂੰ ਚਿੰਤਾ ਹੈ ਕਿ ਜੇ ਕਿਧਰੇ ਮੇਰੀ ਹਾਲਤ ਵਿਗੜ ਗਈ ਤਾਂ ਮੈਨੂੰ ਆਕਸੀਜਨ ਕਿੱਥੋਂ ਮਿਲੇਗੀ। ਮੈਨੂੰ ਮੇਰੇ ਡਾਕਟਰ ਨੇ ਤਾਂ ਆਕਸੀਜਨ ਦੀ ਸਲਾਹ ਨਹੀਂ ਦਿੱਤੀ ਪਰ ਡਰ ਤਾਂ ਲਗਦਾ ਹੀ ਹੈ।''
''ਮੈਨੂੰ ਡਰ ਹੈ ਕਿ ਜੇ ਆਕਸੀਜਨ ਦੀ ਲੋੜ ਪੈ ਗਈ ਤੇ ਮੈਂ ਕਿੱਥੋਂ ਲਿਆਵਾਂਗਾ''
ਲੰਘੇ ਦਿਨਾਂ 'ਚ ਅੰਮ੍ਰਿਤਸਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਕੁਝ ਲੋਕਾਂ ਦੀ ਕਥਿਤ ਤੌਰ 'ਤੇ ਆਕਸੀਜਨ ਨਾ ਮਿਲਣ ਕਰਕੇ ਹੋਈ ਮੌਤ ਤੋਂ ਬਾਅਦ ਪ੍ਰਸ਼ਾਸਨ ਦੇ ਦਾਅਵੇ ਹਨ ਕਿ ਅੰਮ੍ਰਿਤਸਰ ਵਿੱਚ ਲੋੜ ਮੁਤਾਬਕ ਆਕਸੀਜਨ ਦੀ ਕਮੀ ਨਹੀਂ ਹੈ।
ਜ਼ਿਲ੍ਹੇ ਦੇ ਸਿਵਲ ਸਰਜਨ ਚਰਨਜੀਤ ਸਿੰਘ ਦਾ ਦਾਅਵਾ ਹੈ ਕਿ ਇਸ ਵੇਲੇ ਅੰਮ੍ਰਿਤਸਰ ਸ਼ਹਿਰ 'ਚ ਆਕਸੀਜਨ ਦੀ ਸਪਲਾਈ ਡਿਮਾਂਡ ਦੇ ਮੁਤਾਬਕ ਪੂਰੀ-ਪੂਰੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਮੁਤਾਬਤ ਆਕਸੀਜਨ ਦੀ ਦੁਰਵਰਤੋਂ ਰੋਕਣ ਵਾਸਤੇ ਇਕ ਔਡਿਟ ਕਮੇਟੀ ਬਣਾਈ ਗਈ ਹੈ, ਜੋ ਅੰਮ੍ਰਿਤਸਰ ਦੇ 30 ਹਸਪਤਾਲਾਂ 'ਚੋਂ 15 ਦੀ ਚੈਕਿੰਗ ਹੋ ਚੁੱਕੀ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਇਸ ਵੇਲੇ ਅੰਮ੍ਰਿਤਸਰ ਵਿੱਚ ਕੋਵਿਡ ਮਰੀਜ਼ਾਂ ਲਈ ਲੋੜ ਮੁਤਾਬਕ ਬੈੱਡ ਹਨ, ਪਰ ਜੇ ਆਉਣ ਵਾਲੇ ਦਿਨਾਂ 'ਚ ਮਰੀਜ਼ ਵਧਦੇ ਹਨ ਤਾਂ ਅਸੀਂ ਗੁਰੂ ਨਾਨਕ ਹਸਪਤਾਲ ਦੇ ਓਪੀਡੀ ਨੂੰ ਕੋਵਿਡ ਵਾਰਡ ਬਣਾ ਦਿਆਂਗੇ।
75 ਸਾਲ ਦੇ ਦਲਜੀਤ ਕੌਰ ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੀਟਿਵ ਆਏ ਸਨ ਤੇ ਹੁਣ ਉਨ੍ਹਾਂ ਨੂੰ ਘਰ ਭੇਜਿਆ ਜਾ ਰਿਹਾ ਹੈ, ਜਿਸ ਕਰਕੇ ਉਹ ਦਹਿਸ਼ਤ ਵਿੱਚ ਹਨ।
ਦਲਜੀਤ ਕੌਰ ਮੁਤਾਬਕ ਸਰਕਾਰੀ ਹਸਪਤਾਲ ਉਹ ਦਾਖ਼ਲ ਨਹੀਂ ਹੋਣਾ ਚਾਹੁੰਦੇ ਸੀ ਤੇ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਘਰ ਭੇਜ ਦਿੱਤਾ ਕਿ ਉਨ੍ਹਾਂ ਕੋਲੋਂ ਲਿਮਟਿਡ ਆਕਸੀਜਨ ਆਉਂਦੀ ਹੈ।
ਦਲਜੀਤ ਕੌਰ ਦੇ ਬੇਟੇ ਗੁਰਬਾਜ ਸਿੰਘ ਨੇ ਦੱਸਿਆ ਕਿ ਭਾਵੇਂ ਸਰਕਾਰ ਨੇ ਕੋਵਿਡ ਮਰੀਜ਼ਾਂ ਵਾਸਤੇ ਮਦਦ ਦੇਣ ਲਈ ਪੰਜ ਟੈਲੀਫੋਨ ਨੰਬਰ ਮੁਹੱਈਆ ਕਰਵਾਏ ਹਨ ਪਰ ਉਹ ਸਰਕਾਰੀ ਹਸਪਤਾਲ ਦਾਖਲ ਹੋਣ ਦੀ ਗੱਲ ਕਰਦੇ ਹਨ।

ਗੁਰਬਾਜ ਕਹਿੰਦੇ ਹਨ ਕਿ ਸਰਕਾਰੀ ਹਸਪਤਾਲਾਂ 'ਚ ਸੁਵਿਧਾਵਾਂ ਨਾ ਹੋਣ ਕਰਕੇ ਉਹ ਆਪਣੀ ਮਾਤਾ ਨੂੰ ਘਰ ਲੈ ਗਏ ਹਨ।
ਗੁਰਬਾਜ ਨੇ ਕਿਹਾ, ''ਮੈਨੂੰ ਡਰ ਹੈ ਕਿ ਜੇ ਆਕਸੀਜਨ ਦੀ ਲੋੜ ਪੈ ਗਈ ਤੇ ਮੈਂ ਕਿੱਥੋਂ ਲਿਆਵਾਂਗਾ।''
ਪ੍ਰਾਈਵੇਟ ਹਸਪਤਾਲ ਵੀ ਦੁਚਿੱਤੀ ਵਿੱਚ ਹਨ ਤੇ ਕਹਿੰਦੇ ਹਨ ਕਿ ਮਰੀਜ਼ ਉਨ੍ਹਾਂ 'ਤੇ ਵਿਸਵਾਸ਼ ਰੱਖਦਾ ਹੈ ਅਤੇ ਇੱਥੋਂ ਜਾਣਾ ਨਹੀਂ ਚਾਹੁੰਦਾ।
ਇੱਕ ਪ੍ਰਾਈਵੇਟ ਹਸਪਤਾਲ ਦੇ ਮਾਲਕ ਡਾ. ਪੀ ਐਸ ਗਰੋਵਰ ਕਹਿੰਦੇ ਹਨ ਕਿ ਇਸ ਵੇਲੇ ਆਕਸੀਜਨ ਦੀ ਕਮੀ ਨਿੱਜੀ ਹਸਪਤਾਲਾਂ ਵਾਸਤੇ ਇੱਕ ਡਰਾਉਣਾ ਸੁਪਨਾ ਹੈ ਤੇ ਅਸੀਂ ਖ਼ਬਰਾਂ ਵਿੱਚ ਵੀ ਦੇਖ ਰਹੇ ਹਾਂ ਪਤਾ ਲੱਗਦਾ ਹੈ ਕਿ ਆਕਸੀਜਨ ਦੀ ਸਪਲਾਈ ਘਟ ਹੋ ਰਹੀ ਹੈ।
ਉਨ੍ਹਾਂ ਮੁਤਾਬਕ ਜੇ ਸਿਲੰਡਰ ਨਾ ਮਿਲਿਆ ਤਾਂ ਜਿਹੜੇ ਮਰੀਜ਼ ਵੈਂਟੀਲੇਟਰ 'ਤੇ ਹਨ ਉਹ ਮਰ ਸਕਦੇ ਹਨ।
ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਕੁਝ ਕੁ ਹਸਪਤਾਲਾਂ ਕੋਲ ਆਪਣੇ ਆਕਸੀਜਨ ਪਲਾਂਟ ਹਨ, ਇਸ ਦੇ ਬਾਵਜੂਦ ਵੀ ਉਨ੍ਹਾਂ ਹਸਪਤਾਲਾਂ ਨੂੰ ਸਰਕਾਰੀ ਸੁਵਿਧਾ 'ਤੇ ਨਿਰਭਰ ਰਹਿਣਾ ਪੈ ਰਿਹਾ ਹੈ।
ਇੰਡੀਅਨ ਮੈਡੀਕਲ ਅਸੋਸੀਏਸ਼ਨ ਦੀ ਪ੍ਰਧਾਨ ਡਾ. ਅਮਰਦੀਪ ਕੌਰ ਦੱਸਦੇ ਹਨ ਕਿ ਲੰਘੇ ਦੋ ਹਫ਼ਤਿਆਂ ਤੋਂ ਪ੍ਰਾਈਵੇਟ ਹਸਪਤਾਲਾਂ ਕੋਲ ਕੋਵਿਡ ਮਰੀਜ਼ਾਂ ਨੂੰ ਦੇਣ ਵਾਸਤੇ ਆਕਸੀਜਨ ਦੀ ਘਾਟ ਹੋ ਰਹੀ ਸੀ ਤੇ ਇਸ ਨੂੰ ਲੈ ਕੇ ਅਸੀਂ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਸੀ।
ਉਨਾਂ ਦੱਸਿਆ ਕਿ ਫਿਲਹਾਲ ਮੈਡੀਕਲ ਆਕਸੀਜਨ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ ਤੇ ਰਾਜ ਦੇ ਬਾਕੀ ਹਿੱਸਿਆਂ 'ਚੋਂ ਰੈਫਰ ਹੋ ਕੇ ਆਉਣ ਵਾਲੇ ਗੰਭੀਰ ਰੂਪ 'ਚ ਬਿਮਾਰ ਮਰੀਜ਼ਾਂ ਲਈ ਵੈਂਟੀਲੇਟਰ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












