ਅਹਿਮਦ ਪਟੇਲ ਦੀ ਸਲਾਹ ਉੱਤੇ ਮਨਮੋਹਨ ਸਿੰਘ ਨੇ ਮੋਦੀ ਬਾਰੇ ਕੀ ਲਿਆ ਸੀ ਅਹਿਮ ਫ਼ੈਸਲਾ

Ahmed

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਹਿਮਦ ਪਟੇਲ ਦੇ ਦੋਸਤ, ਵਿਰੋਧੀ ਅਤੇ ਸਹਿਕਰਮੀ ਉਨ੍ਹਾਂ ਨੂੰ ਅਹਿਮਦ ਭਾਈ ਕਹਿ ਕੇ ਬੁਲਾਉਂਦੇ ਰਹੇ
    • ਲੇਖਕ, ਰਸ਼ੀਦ ਕਿਦਵਈ
    • ਰੋਲ, ਸੀਨੀਅਰ ਪੱਤਰਕਾਰ ਬੀਬੀਸੀ ਲਈ

ਅਹਿਮਦ ਪਟੇਲ ਕਾਂਗਰਸ ਵਿੱਚ ਹਮੇਸ਼ਾਂ ਇੱਕਜੁਟਤਾ ਬਣਾਉਣ ਵਾਲੇ ਸ਼ਖ਼ਸ ਮੰਨੇ ਗਏ ਹਨ। ਉਹ ਪਹਿਲੀ ਵਾਰ ਚਰਚਾ ਵਿੱਚ ਉਸ ਵੇਲੇ ਆਏ ਜਦੋਂ ਸਾਲ 1985 ਵਿੱਚ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਆਸਕਰ ਫਰਨਾਂਡੀਜ਼ ਅਤੇ ਅਰੁਣ ਸਿੰਘ ਦੇ ਨਾਲ ਆਪਣਾ ਸੰਸਦੀ ਸਕੱਤਰ ਬਣਾਇਆ।

ਉਸ ਵੇਲੇ ਇਨ੍ਹਾਂ ਤਿੰਨਾਂ ਨੂੰ ਗ਼ੈਰ-ਰਸਮੀ ਵਿਚਾਰ ਵਟਾਂਦਰਿਆਂ ਦੌਰਾਨ 'ਅਮਰ-ਅਕਬਰ-ਐਨਥਨੀਂ' ਦਾ ਗੈਂਗ ਕਿਹਾ ਜਾਂਦਾ ਸੀ।

ਅਹਿਮਦ ਪਟੇਲ ਦੇ ਦੋਸਤ, ਵਿਰੋਧੀ ਅਤੇ ਸਹਿਕਰਮੀ ਉਨ੍ਹਾਂ ਨੂੰ ਅਹਿਮਦ ਭਾਈ ਕਹਿ ਕੇ ਬੁਲਾਉਂਦੇ ਰਹੇ, ਪਰ ਉਨ੍ਹਾਂ ਨੇ ਹਮੇਸ਼ਾਂ ਸੱਤਾ ਅਤੇ ਪ੍ਰਚਾਰ ਨੂੰ ਆਪਣੇ ਆਪ ਤੋਂ ਦੂਰ ਰੱਖਣਾ ਹੀ ਪਸੰਦ ਕੀਤਾ।

ਇਹ ਵੀ ਪੜ੍ਹੋ

ਸੋਨੀਆਂ ਗਾਂਧੀ, ਮਨਮੋਹਨ ਸਿੰਘ ਅਤੇ ਸੰਭਾਵਿਤ ਤੌਰ 'ਤੇ ਪ੍ਰਣਬ ਮੁਖਰਜੀ ਤੋਂ ਬਾਅਦ ਯੂਪੀਏ ਦੇ 2004 ਤੋਂ 2014 ਦੇ ਸ਼ਾਸਨਕਾਲ ਵਿੱਚ ਅਹਿਮਦ ਪਟੇਲ ਸਭ ਤੋਂ ਤਾਕਤਵਰ ਨੇਤਾ ਸਨ।

ਇਸ ਦੇ ਬਾਵਜੂਦ ਉਹ ਉਸ ਦੌਰ ਵਿੱਚ ਕੇਂਦਰ ਸਰਕਾਰ ਵਿੱਚ ਮੰਤਰੀ ਵਜੋਂ ਸ਼ਾਮਿਲ ਨਾ ਹੋਏ।

2014 ਤੋਂ ਬਾਅਦ ਜਦੋਂ ਕਾਂਗਰਸ ਤਾਸ਼ ਦੇ ਮਹਿਲ ਵਰਗੀ ਲੱਗਣ ਲੱਗੀ, ਉਸ ਵੇਲੇ ਵੀ ਅਹਿਮਦ ਪਟੇਲ ਮਜ਼ਬੂਤੀ ਨਾਲ ਖੜੇ ਰਹੇ ਅਤੇ ਉਨ੍ਹਾਂ ਨੇ ਮਹਾਂਰਾਸ਼ਟਰ ਵਿੱਚ ਮਹਾਂ ਵਿਕਾਸ ਅਗਾੜੀ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਵਿਰੋਧੀ ਸ਼ਿਵ ਸੈਨਾ ਨੂੰ ਵੀ ਨਾਲ ਮਿਲਾਉਣ ਵਿੱਚ ਕਾਮਯਾਬ ਰਹੇ।

ਇਸ ਤੋਂ ਬਾਅਦ ਜਦੋਂ ਸਚਿਨ ਪਾਇਲਟ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਬਗ਼ਾਵਤ ਕਰ ਦਿੱਤੀ, ਉਸ ਸਮੇਂ ਵੀ ਅਹਿਮਦ ਸਰਗਰਮ ਹੋ ਗਏ।

ਸਾਰੇ ਸਿਆਸੀ ਮਾਹਰ ਇਹ ਕਹਿ ਰਹੇ ਸਨ ਕਿ ਪਾਇਲਟ ਜੋਤੀਰਾਦਿਤਿਆ ਸਿੰਧੀਆ ਵਾਂਗ ਭਾਜਪਾ ਵਿੱਚ ਚਲੇ ਜਾਣਗੇ। ਉਸ ਸਮੇਂ ਅਹਿਮਦ ਪਟੇਲ ਪਰਦੇ ਦੇ ਪਿੱਛੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਵਿਚੋਲਿਆਂ ਰਾਹੀਂ ਇਹ ਯਕੀਨੀ ਬਣਾਇਆ ਕਿ ਸਚਿਨ ਪਾਇਲਟ ਪਾਰਟੀ ਵਿੱਚ ਹੀ ਰਹਿਣ।

Ahmed

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਹਿਮਦ ਪਟੇਲ ਨੇ ਹਮੇਸ਼ਾਂ ਸੱਤਾ ਅਤੇ ਪ੍ਰਚਾਰ ਨੂੰ ਆਪਣੇ ਆਪ ਤੋਂ ਦੂਰ ਰੱਖਣਾ ਹੀ ਪਸੰਦ ਕੀਤਾ

ਪਰਦੇ ਪਿੱਛੇ ਸਰਗਰਮੀ

ਅਹਿਮਦ ਪਟੇਲ ਨਾਲ ਜੁੜੀਆਂ ਅਜਿਹੀਆਂ ਕਹਾਣੀਆਂ ਹਨ ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਲ 2014 ਵਿੱਚ ਗਾਂਧੀ ਪਰਿਵਾਰ ਦੇ ਮੁਕਾਬਲੇ ਪਾਰਟੀ ਦੇ ਵਰਕਰਾਂ ਵਿੱਚ ਇੱਕਜੁੱਟਤਾ ਬਣਾਈ ਰੱਖਣ ਵਿੱਚ ਅਹਿਮਦ ਪਟੇਲ ਦਾ ਪ੍ਰਭਾਵ ਵਧੇਰੇ ਨਜ਼ਰ ਆਇਆ।

ਪਰ ਹਰ ਵਿਅਕਤੀ ਦੀਆਂ ਆਪਣੀਆਂ ਖ਼ਾਮੀਆਂ ਜਾਂ ਕਹੋ ਸੀਮਾਵਾਂ ਹੁੰਦੀਆਂ ਹਨ। ਅਹਿਮਦ ਪਟੇਲ ਹਮੇਸ਼ਾਂ ਸੁਚੇਤ ਰਹੇ ਅਤੇ ਕਿਸੇ ਵੀ ਮੁੱਦੇ 'ਤੇ ਫ਼ੈਸਲਾਕੁਨ ਰੁਖ਼ ਅਖ਼ਤਿਆਰ ਕਰਨ ਤੋਂ ਬਚਦੇ ਰਹੇ।

ਜਦੋਂ ਸਾਲ 2004 ਵਿੱਚ ਯੂਪੀਏ ਸਰਕਾਰ ਬਣੀ ਉਸ ਸਮੇਂ ਕਪਿਲ ਸਿੱਬਲ ਅਤੇ ਪੀ ਚਿਤੰਬਰਮ ਵਰਗੇ ਕਾਂਗਰਸੀ ਨੇਤਾਵਾਂ ਦਾ ਸਮੂਹ ਗੁਜਰਾਤ ਦੇ ਤੱਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 2002 ਵਿੱਚ ਹੋਏ ਗੁਜਰਾਤ ਦੰਗਿਆਂ ਵਿੱਚ ਕਥਿਤ ਭੂਮਿਕਾ ਲਈ ਸਖ਼ਤ ਕਾਨੂੰਨੀ ਕਾਰਵਾਈ ਚਾਹੁੰਦਾ ਸੀ।

ਪਰ ਅਹਿਮਦ ਪਟੇਲ ਇਸ ਮਸਲੇ 'ਤੇ ਦੁਚਿੱਤੀ ਵਿੱਚ ਸਨ, ਉਨ੍ਹਾਂ ਦੀ ਇਸ ਦੁਚਿੱਤੀ ਅਤੇ ਝਿਜਕ ਨੂੰ ਸੋਨੀਆਂ ਗਾਂਧੀ ਅਤੇ ਡਾਕਟਰ ਮਨਮੋਹਨ ਸਿੰਘ ਨੇ ਤਾੜ ਲਿਆ ਸੀ ਅਤੇ ਇਹ ਦੋਵੇਂ ਅਹਿਮਦ ਪਟੇਲ ਦੀ ਸਿਆਸੀ ਸਮਝ 'ਤੇ ਭਰੋਸਾ ਕਰਦੇ ਸਨ।

ਇਹ ਹੀ ਕਾਰਨ ਹੈ ਕਿ ਅਹਿਮਦ ਪਟੇਲ ਦੀ ਸਲਾਹ 'ਤੇ ਦੋਵਾਂ ਨੇ ਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਧੀਮੀ ਅਤੇ ਸਹਿਜ ਪ੍ਰਤੀਕਿਰਿਆ ਦਾ ਸਹਾਰਾ ਲਿਆ।

ਉਥੇ ਹੀ, ਬਾਹਰੀ ਦੁਨੀਆਂ ਲਈ ਅਹਿਮਦ ਪਟੇਲ ਹਮੇਸ਼ਾਂ ਇੱਕ ਬੁਝਾਰਤ ਬਣੇ ਰਹੇ। ਪਰ ਜਿਹੜੇ ਲੋਕ ਕਾਂਗਰਸੀ ਸਭਿਆਚਾਰ ਨੂੰ ਸਮਝਦੇ ਹਨ ਉਨ੍ਹਾਂ ਦੀ ਨਿਗ੍ਹਾ ਵਿੱਚ ਉਹ ਹਮੇਸ਼ਾਂ ਇੱਕ ਪੂੰਜੀ ਰਹੇ।

ਉਹ ਹਮੇਸਾਂ ਚੋਕੰਨੇ ਦਿਖਦੇ, ਪਰ ਸਨ ਮਿਲਣਸਾਰ ਅਤੇ ਵਿਵਹਾਰਿਕ। ਉਨ੍ਹਾਂ ਦਾ ਅਕਸ ਵੀ ਮੁਕਾਬਲਤਨ ਬੇਦਾਗ਼ ਸੀ।

Ahmed

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਹਿਮਦ ਪਟੇਲ ਹਮੇਸ਼ਾਂ ਸੁਚੇਤ ਰਹੇ ਅਤੇ ਕਿਸੇ ਵੀ ਮੁੱਦੇ 'ਤੇ ਫ਼ੈਸਲਾਕੁਨ ਰੁਖ਼ ਅਖ਼ਤਿਆਰ ਕਰਨ ਤੋਂ ਬਚਦੇ ਰਹੇ

ਪਾਰਟੀ ਦੇ ਖ਼ਜਾਨਚੀ ਦੀ ਭੂਮਿਕਾ ਵਿੱਚ

ਸੰਭਾਵਨਾ ਵਜੋਂ ਰਾਹੁਲ ਗਾਂਧੀ, ਅਹਿਮਦ ਪਟੇਲ ਨੂੰ ਅਜਿਹੇ ਵਿਅਕਤੀ ਵਜੋਂ ਦੇਖਦੇ ਹਨ ਜਿਹੜੇ ਘੱਟੋ ਘੱਟ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਰਣਨੀਤੀ ਨੂੰ ਠੀਕ-ਠੀਕ ਭਾਂਪਣ ਦੇ ਯੋਗ ਹਨ।

ਹੁਣ ਇਹ ਕੋਈ ਲੁਕੀ ਹੋਈ ਗੱਲ ਨਹੀਂ ਰਹੀ ਕਿ ਅਗਸਤ 2017 ਵਿੱਚ ਅਹਿਮਦ ਪਟੇਲ ਕਾਂਗਰਸ ਵਲੋਂ ਪੰਜਵੀਂ ਵਾਰ ਰਾਜ ਸਭਾ ਭੇਜੇ ਜਾਣ 'ਤੇ (ਇਹ ਆਪਣੇ ਆਪ ਵਿੱਚ ਅਨੋਖੀ ਗੱਲ ਸੀ, ਕਿਉਂਕਿ ਕਾਂਗਰਸ ਨੇ ਇਸ ਤੋਂ ਪਹਿਲਾਂ ਕਿਸੇ ਵੀ ਆਗੂ ਨੂੰ ਪੰਜ ਵਾਰ ਰਾਜ ਸਭਾ ਨਹੀਂ ਭੇਜਿਆ ਸੀ) ਬਹੁਤੇ ਉਤਸ਼ਾਹਿਤ ਨਹੀਂ ਸਨ।

ਪਰ ਕਿਹਾ ਜਾਂਦਾ ਹੈ ਕਿ ਤੱਤਕਾਲੀਨ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਨੇ ਉਨ੍ਹਾਂ ਨੂੰ ਇਸ ਲਈ ਮਨਾਇਆ ਅਤੇ ਕਿਹਾ ਕਿ ਇਕੱਲੇ ਉਹ ਹੀ ਹਨ ਜੋ ਅਮਿਤ ਸ਼ਾਹ ਅਤੇ ਪੂਰੀ ਬੀਜੇਪੀ ਦੀ ਬਰਾਬਰੀ ਕਰ ਸਕਣ ਯੋਗ ਹਨ।

ਪਾਰਟੀ ਦੇ ਖ਼ਜਾਨਚੀ ਵਜੋਂ ਉਨ੍ਹਾਂ ਦੀ ਜ਼ਿੰਮੇਵਾਰੀ ਨਾ ਸਿਰਫ਼ ਫੰਡ ਇਕੱਤਰ ਕਰਨ ਦੀ ਸੀ ਬਲਕਿ ਵੱਖ ਵੱਖ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਆਮ ਚੋਣਾਂ ਦੌਰਾਨ ਜਦੋਂ ਰਾਹੁਲ ਗਾਂਧੀ ਦੀ ਕਿਸਮਤ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਸੀ, ਅਜਿਹੇ ਸਮੇਂ ਵਿੱਚ ਪਾਰਟੀ ਵਰਕਰਾਂ ਨੂੰ ਇੱਕਜੁੱਟ ਰੱਖਣ ਅਤੇ ਉਨ੍ਹਾਂ ਨੂੰ ਸਹਾਇਤਾ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਸੀ।

ਇਹ ਵੀ ਪੜ੍ਹੋ

ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਭਾਰਤ ਦੇ ਸਾਰੇ ਸੂਬਿਆਂ ਵਿੱਚ ਜਿਲ੍ਹਾ ਪੱਧਰੀ ਕਾਂਗਰਸੀ ਵਰਕਰਾਂ ਅਤੇ ਲੋਕ ਨੁਮਾਇੰਦਿਆਂ ਵਿੱਚੋਂ ਬਹੁਤਿਆਂ ਨੂੰ ਅਹਿਮਦ ਪਟੇਲ ਨਿੱਜੀ ਤੌਰ 'ਤੇ ਜਾਣਦੇ ਸਨ।

ਉਹ ਸਮਝਦਾਰੀ ਅਤੇ ਗੁਪਤ ਰੂਪ ਵਿੱਚ ਸਾਧਨਾਂ (ਇੱਕ ਘੰਟੇ ਅੰਦਰ ਪੈਸਾ, ਭੀੜ, ਪ੍ਰਾਈਵੇਟ ਜੈਟ ਅਤੇ ਦੂਸਰੇ ਸਾਰੇ ਲੌਜਿਸਟਿਕਸ ਦਾ ਪ੍ਰਬੰਧ ਕਰਨਾ ਸ਼ਾਮਿਲ ਹੈ) ਦੀ ਵਿਵਸਥਾ ਕਰਨ ਵਿੱਚ ਮਾਹਰ ਸਨ।

Ahmed

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਸਾਰੇ ਸੂਬਿਆਂ ਵਿੱਚ ਜ਼ਿਲ੍ਹਾ ਪੱਧਰੀ ਕਾਂਗਰਸੀ ਵਰਕਰਾਂ ਅਤੇ ਲੋਕ ਨੁਮਾਇੰਦਿਆਂ ਵਿੱਚੋਂ ਬਹੁਤਿਆਂ ਨੂੰ ਅਹਿਮਦ ਪਟੇਲ ਨਿੱਜੀ ਤੌਰ 'ਤੇ ਜਾਣਦੇ ਸਨ

ਕਾਰੋਬਾਰੀ ਘਰਾਣਿਆਂ ਤੱਕ ਅਹਿਮਦ ਦੀ ਪਹੁੰਚ

ਇੰਨਾਂ ਹੀ ਨਹੀਂ, ਅਹਿਮਦ ਪਟੇਲ, ਰਾਹੁਲ ਗਾਂਧੀ ਅਤੇ ਭਾਈਵਾਲੀ ਦੀ ਸੰਭਾਵਨਾ ਰੱਖਣ ਵਾਲੇ ਨੇਤਾਵਾਂ ਮਮਤਾ ਬੈਨਰਜ਼ੀ, ਮਾਇਆਵਤੀ ਅਤੇ ਚੰਦਰਬਾਬੂ ਨਾਇਡੂ ਵਿੱਚ ਇੱਕ ਅਹਿਮ ਕੜੀ ਦੀ ਭੂਮਿਕਾ ਨਿਭਾਉਂਦੇ ਸਨ।

ਇਸ ਤੋਂ ਇਲਾਵਾ ਗ਼ੈਰ ਐਨਡੀਏ ਅਤੇ ਗ਼ੈਰ ਯੂਪੀਏ ਖੇਤਰੀ ਦਲਾਂ ਵਿੱਚ ਉਨ੍ਹਾਂ ਦੀ ਪੈਠ ਸੀ। ਨੌਕਰਸ਼ਾਹੀ, ਮੀਡੀਆ ਅਤੇ ਕਾਰੋਬਰੀ ਘਰਾਣਿਆਂ ਵਿੱਚ ਅਹਿਮਦ ਪਟੇਲ ਦੀ ਪਹੁੰਚ ਬਾਰੇ ਕਾਂਗਰਸੀ ਦਾਇਰੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਿੱਸੇ ਸੁਣਨ ਨੂੰ ਮਿਲਦੇ ਹਨ।

ਇਸ ਦਾਇਰੇ ਵਿੱਚ ਕਿਹਾ ਜਾਂਦਾ ਹੈ ਕਿ ਲੋਅ ਪ੍ਰੋਫ਼ਾਈਲ ਰਹਿਣ ਵਾਲੇ ਕਾਂਗਰਸ ਦੇ ਇਸ ਸੀਨੀਅਰ ਆਗੂ ਦੇ ਅਹਿਸਾਨਾਂ ਥੱਲੇ ਲੋਕ ਸਮਾਜ ਦੇ ਸਾਰੇ ਹਿੱਸਿਆਂ ਵਿੱਚ ਹਨ, ਬਹੁਤ ਲੋਕ ਉਨ੍ਹਾਂ ਦੇ ਅਹਿਸਾਨਾਂ ਦਾ ਬਦਲਾ ਚੁਕਾਉਣ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ।

ਪਰ ਅਹਿਮਦ ਪਟੇਲ ਨੇ ਉਨ੍ਹਾਂ ਵਿੱਚੋਂ ਬਹੁਤਿਆਂ ਤੋਂ ਸ਼ਾਇਦ ਹੀ ਕੋਈ ਕੰਮ ਲਿਆ ਹੋਵੇ। ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਅਹਿਮਦ ਪਟੇਲ ਦਾ 23, ਮਦਰ ਟੈਰੀਸਾ ਮਾਰਗ ਦਾ ਘਰ, 10 ਜਨਪਥ (ਸੋਨੀਆਂ ਗਾਂਧੀ ਦਾ ਘਰ), 13 ਤੁਗ਼ਲਕ ਕ੍ਰੇਸੇਂਟ (ਰਾਹੁਲ ਦਾ ਘਰ) ਅਤੇ 15, ਗੁਰਦੁਆਰਾ ਰਕਾਬਗੰਜ ਮਾਰਗ (ਕਾਂਗਰਸ ਦਾ ਵਰਕਰੂਮ) ਦੇ ਬਾਅਦ ਪਾਵਰ ਸੈਂਟਰ ਵਰਗਾ ਹੀ ਹੈ।

ਉਨ੍ਹਾਂ ਦੇ ਘਰ ਅੰਦਰ ਕਈ ਰਾਹਾਂ ਤੋਂ ਜਾਇਆ ਜਾ ਸਕਦਾ ਹੈ ਅਤੇ ਬਾਹਰ ਆਇਆ ਜਾ ਸਕਦਾ ਹੈ।

ਘਰ ਵਿੱਚ ਕਈ ਕਮਰੇ ਅਤੇ ਚੈਂਬਰ ਹਨ ਅਤੇ ਬਹੁਤ ਲੋਕਾਂ ਦੇ ਬੈਠਣ ਦਾ ਪ੍ਰਬੰਧ ਵੀ ਹੈ। ਇਥੇ ਨਗਰ ਪਾਲਿਕਾ ਚੋਣਾਂ ਤੋਂ ਲੈ ਕੇ ਸੰਸਦੀ ਚੋਣਾਂ ਤੱਕ ਦੇ ਉਮੀਦਵਾਰ, ਸੂਬਿਆਂ ਦੇ ਪਾਰਟੀ ਅਧਿਕਾਰੀ ਅਤੇ ਕਾਂਗਰਸੀ ਮੁੱਖ ਮੰਤਰੀਆਂ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਹੈ।

Ahmed

ਤਸਵੀਰ ਸਰੋਤ, Getty Images

ਸਿਆਸੀ ਸੂਝਬੂਝ

ਹਾਲਾਂਕਿ ਅਹਿਮਦ ਪਟੇਲ ਦੀ ਸਿਆਸੀ ਯਾਤਰਾ ਜਿੰਨੀ ਆਕਰਸ਼ਕ ਅੱਜ ਨਜ਼ਰ ਆਉਂਦੀ ਹੈ, ਉਨੀਂ ਸੌਖੀ ਵੀ ਨਹੀਂ ਰਹੀ।

ਸਾਲ 1985 ਵਿੱਚ ਨੌਜਵਾਨ ਅਤੇ ਉਤਸ਼ਾਹੀ ਰਾਜੀਵ ਗਾਂਧੀ ਨੌਕਰਸ਼ਾਹੀ ਦੇ ਬੰਧਨਾਂ ਨੂੰ ਤੋੜਨਾਂ ਚਾਹੁੰਦੇ ਸਨ, ਪਰ ਅਹਿਮਦ ਪਟੇਲ, ਅਰੁਣ ਸਿੰਘ ਅਤੇ ਆਸਕਰ ਫਰਨਾਂਡੀਜ਼ ਨੂੰ ਲੈ ਕੇ ਕੀਤਾ ਗਿਆ ਇਹ ਪ੍ਰਯੋਗ ਨਾਕਾਮ ਹੋ ਗਿਆ ਸੀ।

ਕਿਉਂਕਿ ਇੰਨਾਂ ਤਿੰਨਾਂ ਕੋਲ ਸਿਖਿਅਤ ਆਈਐਸ ਲੌਬੀ ਤੋਂ ਬਚਾਅ ਕਰਨ ਲਈ ਨਾ ਕੋਈ ਪ੍ਰਬੰਧਕੀ ਤਜ਼ਰਬਾ ਸੀ ਅਤੇ ਨਾ ਹੀ ਕੋਈ ਸਿਆਸੀ ਸੂਝਬੂਝ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਅਹਿਮਦ ਪਟੇਲ ਰਾਜੀਵ ਗਾਂਧੀ ਦੀ 1991 ਵਿੱਚ ਹੋਈ ਮੌਤ ਤੋਂ ਬਾਅਦ ਵੀ ਅਹਿਮ ਭੂਮੀਕਾ ਨਿਭਾਉਂਦੇ ਰਹੇ। ਰਾਜੀਵ ਗਾਂਧੀ ਤੋਂ ਬਾਅਦ ਪੀਵੀ ਨਰਸਿਮ੍ਹਾਂ ਨੇ ਆਪਣੇ ਅਤੇ 10 ਜਨਪਥ ਦਰਮਿਆਨ ਪੁਲ ਵਜੋਂ ਅਹਿਮਦ ਪਟੇਲ ਦਾ ਇਸਤੇਮਾਲ ਕੀਤਾ।

ਇਸ ਪ੍ਰਕਿਰਿਆ ਦੌਰਾਨ ਅਹਿਮਦ ਪਟੇਲ ਨੇ ਸੋਨੀਆਂ ਗਾਂਧੀ ਦਾ ਭਰੋਸਾ ਹਾਸਿਲ ਕੀਤਾ। ਜਦੋਂ ਸੀਤਾਰਾਮ ਕੇਸਰੀ ਨਰਸਿਮ੍ਹਾਂ ਰਾਓ ਦੀ ਜਗ੍ਹਾ ਕਾਂਗਰਸ ਪ੍ਰਧਾਨ ਬਣੇ ਤਾਂ ਅਹਿਮਦ ਪਟੇਲ ਖ਼ਜਾਨਚੀ ਬਣੇ।

ਉਸ ਸਮੇਂ ਸ਼ਰਦ ਪਵਾਰ ਨੇ ਕਾਂਗਰਸ ਪ੍ਰਧਾਨ ਅਹੁਦੇ ਦੀ ਦੌੜ ਵਿੱਚ ਸੀਤਾਰਾਮ ਕੇਸਰੀ ਨੂੰ ਚੁਣੌਤੀ ਦਿੱਤੀ ਸੀ। ਉਹ ਕੇਸਰੀ ਕੋਲ ਮੌਜੂਦ ਘੇਰੇ ਦੀ ਅਲੋਚਣਾਂ ਕਰਦੇ ਹੋਏ ਕਿਹਾ ਕਰਦੇ ਸਨ, ਤੀਨ ਮੀਆਂ, ਏਕ ਮੀਰਾ (ਤੀਨ ਮੀਆਂ ਯਾਨੀ ਅਹਿਮਦ ਪਟੇਲ, ਗ਼ੁਲਾਮ ਨਬੀ ਆਜ਼ਾਦ, ਤਾਰਿਕ ਅਨਵਰ ਅਤੇ ਇੱਕ ਮੀਰਾ ਯਾਨੀ ਮੀਰਾ ਕੁਮਾਰ)।

ਮਾਰਚ, 1998 ਵਿੱਚ ਸੋਨੀਆਂ ਗਾਂਧੀ ਕਾਂਗਰਸ ਪ੍ਰਧਾਨ ਬਣ ਗਏ। ਉਸ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ ਵਿੰਸੇਂਟ ਜਾਰਜ ਨਾਲ ਪਟੇਲ ਦੀ ਬਣੀ ਨਹੀਂ। ਜਲਦਬਾਜੀ ਵਿੱਚ ਉਸ ਵੇਲੇ ਪਟੇਲ ਨੇ ਅਸਤੀਫ਼ਾ ਦੇ ਦਿੱਤਾ ਸੀ।

Ahmed

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਹਿਮਦ ਪਟੇਲ ਨੂੰ ਮੋਤੀਲਾਲ ਵੋਰਾ ਅਤੇ ਮਾਧਵਰਾਵ ਸਿੰਧੀਆ ਦਾ ਸਹਿਯੋਗ ਮਿਲਿਆ

ਰਾਹੁਲ ਦੀ ਪਹਿਲੀ ਪਸੰਦ ਨਹੀਂ ਸਨ

ਬਿਨ੍ਹਾਂ ਕਿਸੇ ਜ਼ਿੰਮੇਵਾਰੀ ਦੇ ਅਹਿਮਦ ਇੱਕ ਤਰ੍ਹਾਂ ਨਾਲ ਕੋਪਭਵਨ ਵਿੱਚ ਰਹੇ। ਪਰ ਸੋਨੀਆਂ ਗਾਂਧੀ ਨੇ ਹੀ ਉਨ੍ਹਾਂ ਨੂੰ ਉਥੋਂ ਬਾਹਰ ਕੱਢਿਆ, ਇਹ ਇੱਕ ਤਰੀਕੇ ਨਾਲ ਵਿੰਸੇਂਟ ਜਾਰਜ ਦਾ ਦਬਦਬਾ ਘੱਟ ਹੋਣ ਦਾ ਸੰਕੇਤ ਸੀ।

ਇਸ ਦੌਰਾਨ ਅਹਿਮਦ ਪਟੇਲ ਨੂੰ ਮੋਤੀਲਾਲ ਵੋਰਾ ਅਤੇ ਮਾਧਵਰਾਵ ਸਿੰਧੀਆ ਦਾ ਸਹਿਯੋਗ ਮਿਲਿਆ ਅਤੇ ਇਨ੍ਹਾਂ ਦੋਵਾਂ ਨੇ 10 ਜਨਪਥ ਵਿੱਚ ਉਨ੍ਹਾਂ ਦੀ ਵਾਪਸੀ ਵਿੱਚ ਮਦਦ ਕੀਤੀ। ਅਹਿਮਦ ਪਟੇਲ ਇਸ ਲਈ ਹਮੇਸ਼ਾਂ ਮੋਤੀਲਾਲ ਵੋਰਾ ਦੇ ਦੇਣਦਾਰ ਰਹੇ।

ਇਹ ਵੀ ਦਿਲਚਸਪ ਹੈ ਕਿ ਜਦੋਂ ਦਸੰਬਰ, 2017 ਵਿੱਚ ਸੋਨੀਆਂ ਗਾਂਧੀ ਨੇ ਪਾਰਟੀ ਦੀ ਲਗ਼ਾਮ ਰਾਹੁਲ ਗਾਂਧੀ ਨੂੰ ਥੰਮਾਉਣੀ ਸ਼ੂਰੂ ਕੀਤੀ, ਉਸ ਸਮੇਂ ਅਹਿਮਦ ਰਾਹੁਲ ਦੀ ਪਹਿਲੀ ਪਸੰਦ ਨਹੀਂ ਸਨ।

ਰਾਹੁਲ ਗਾਂਧੀ ਇੱਕ ਵਾਰ ਲੰਬੀ ਛੁੱਟੀ 'ਤੇ ਚਲੇ ਗਏ ਤਾਂ ਕਾਂਗਰਸ ਵਿੱਚ ਇਸ ਗੱਲ ਦੀ ਖ਼ੂਬ ਚਰਚਾ ਹੋਈ ਕਿ ਨੌਜਵਾਨ ਰਾਹੁਲ ਚਾਹੁੰਦੇ ਹਨ ਕਿ ਸੋਨੀਆਂ ਗਾਂਧੀ ਪੁਰਾਣੇ ਲੋਕਾਂ ਨੂੰ ਬਾਹਰ ਕੱਢੇ।

ਇਸ ਵਿੱਚ ਥੋੜ੍ਹੀ ਸੱਚਾਈ ਵੀ ਨਜ਼ਰ ਆਉਂਦੀ ਹੈ ਕਿਉਂਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਵਿੱਚ ਅਹਿਮ ਚਿਹਰਾ ਰਹੇ ਜਨਾਰਦਨ ਦਵੀਵੇਦੀ ਨੂੰ ਜਗ੍ਹਾ ਨਹੀਂ ਮਿਲੀ ਸੀ।

ਪਰ ਕਿਸੇ ਵੀ ਤਰ੍ਹਾਂ ਨਾਲ ਅਹਿਮਦ ਪਟੇਲ ਅਤੇ ਮੋਤੀਲਾਲ ਵੋਰਾ ਵਾਪਸੀ ਵਿੱਚ ਕਾਮਯਾਬ ਰਹੇ।

ਅਹਿਮਦ ਪਟੇਲ ਅਤੇ ਮੋਤੀਲਾਲ ਵੋਰਾ ਨੂੰ ਬਣਾਈ ਰੱਖਣ ਦਾ ਕੋਈ ਤਾਂ ਕਾਰਨ ਹੋਵੇਗਾ। ਪਰ ਪਿਛਲੇ ਤਿੰਨ ਦਹਾਕਿਆਂ ਵੱਲ ਨਜ਼ਰ ਮਾਰੀਏ ਤਾਂ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਭਾਰ ਦੋ ਮੀਆਂ - ਅਹਿਮਦ ਪਟੇਲ ਅਤੇ ਗ਼ੁਲਾਮ ਨਬੀ ਆਜ਼ਾਦ ਅਤੇ ਅਹਿਮ ਅਹੁਦਿਆਂ 'ਤੇ ਬੈਠੇ ਕੁਝ ਪੁਰਾਣੇ ਆਗੂਆਂ ਦੇ ਮੌਢਿਆਂ 'ਤੇ ਰਿਹਾ ਹੈ।

Ahmed

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਵਾਇਤੀ ਤੌਰ 'ਤੇ ਕਾਂਗਰਸ ਮੁੱਖ ਦਫ਼ਤਰ ਵਿੱਚ ਖ਼ਜ਼ਾਨਚੀ ਦਾ ਅਹੁਦਾ ਸਭ ਤੋਂ ਵੱਧ ਹਰਮਨ ਪਿਆਰਾ ਅਤੇ ਵੱਕਾਰੀ ਮੰਨਿਆ ਜਾਂਦਾ ਹੈ

ਪਾਰਟੀ ਹਾਈਕਮਾਨ ਦਾ ਭਰੋਸਾ

ਪਾਰਟੀ ਅੰਦਰ ਪੀੜ੍ਹੀ ਦਰ ਪੀੜ੍ਹੀ ਬਦਲਾਅ ਦੀ ਗੱਲ ਅਹਿਮਦ ਦੇ ਮਾਮਲੇ ਵਿੱਚ ਪ੍ਰਵਾਨ ਨਾ ਚੜ੍ਹੀ।

ਕਈ ਕਾਂਗਰਸੀ ਨੇਤਾ ਮੰਨਦੇ ਸਨ ਕਿ ਅਹਿਮਦ ਅਤੇ ਵੋਰਾ ਨੂੰ ਅਹੁਦੇ ਤੋਂ ਹਟਾਇਆ ਜਾਵੇਗਾ ਅਤੇ ਉਨ੍ਹਾਂ ਦੀ ਜਗ੍ਹਾਂ ਕਨਿਸ਼ਕ ਸਿੰਘ, ਮਿਲਿੰਦ ਦੇਵੜਾ ਜਾਂ ਫ਼ਿਰ ਨਵੀਂ ਪੀੜ੍ਹੀ ਦਾ ਕੋਈ ਆਗੂ ਲੈ ਲਵੇਗਾ ਜੋ ਪਾਰਟੀ ਦੇ ਵਿੱਤ ਦਾ ਪ੍ਰਬੰਧ ਸੰਭਾਲੇਗਾ, ਪਰ ਅਜਿਹਾ ਕੁਝ ਨਹੀਂ ਹੋਇਆ।

ਅਗਸਤ, 2018 ਵਿੱਚ ਅਹਿਮਦ ਪਟੇਲ ਕਾਂਗਰਸ ਦੇ ਖ਼ਜਾਨਚੀ ਦੇ ਆਹੁਦੇ 'ਤੇ ਵਾਪਸ ਆਏ। ਇਹ ਇੱਕ ਤਰੀਕੇ ਨਾਲ ਅਹਿਮਦ ਪਟੇਲ ਦੀ ਅਹਿਮੀਅਤ ਸਾਬਿਤ ਕਰਨ ਵਾਲੀ ਗੱਲ ਸੀ।

ਪਾਰਟੀ ਦੀ ਇੱਕਜੁੱਟਤਾ ਦੇ ਮਾਮਲੇ ਵਿੱਚ ਉਨ੍ਹਾਂ ਦੇ ਪ੍ਰਭਾਵ ਨੂੰ ਦੇਖਦੇ ਹੋਈ ਹੀ ਸ਼ਾਇਦ ਰਾਹੁਲ ਗਾਂਧੀ ਨੇ ਪਾਰਟੀ ਵਿੱਚ ਸੁਧਾਰ ਲਿਆਉਣ ਜਾਂ ਪ੍ਰਯੋਗ ਕਰਨ ਬਦਲੇ ਵਫ਼ਾਦਾਰੀ ਦਾ ਸਨਮਾਨ ਕਰਨ ਦਾ ਮਨ ਬਣਾਇਆ ਹੋਵੇਗਾ ਅਤੇ ਸਥਿਤੀ ਨੂੰ ਉਸੇ ਤਰ੍ਹਾਂ ਬਣਾਈ ਰੱਖਿਆ।

ਰਿਵਾਇਤੀ ਤੌਰ 'ਤੇ ਕਾਂਗਰਸ ਮੁੱਖ ਦਫ਼ਤਰ ਵਿੱਚ ਖ਼ਜਾਨਚੀ ਦਾ ਅਹੁਦਾ ਸਭ ਤੋਂ ਵੱਧ ਹਰਮਨ ਪਿਆਰਾ ਅਤੇ ਵੱਕਾਰੀ ਮੰਨਿਆ ਜਾਂਦਾ ਹੈ।

ਉਮਾਂ ਸ਼ੰਕਰ ਦੀਕਸ਼ਿਤ, ਅਤੁਲਿਆ ਘੋਸ਼, ਪ੍ਰਣਬ ਮੁਖਰਜੀ, ਪੀਸੀ ਸੇਠੀ, ਸੀਤਾਰਾਮ ਕੇਸਰੀ ਅਤੇ ਮੋਤੀਲਾਲ ਵੋਰਾ ਵਰਗਿਆਂ ਨੂੰ ਪਾਰਟੀ ਹਾਈ ਕਮਾਨ ਦਾ ਭਰੋਸਾ ਇਸ ਲਈ ਵੀ ਹਾਸਿਲ ਸੀ ਕਿਉਂਕਿ ਉਨ੍ਹਾਂ ਨੂੰ ਗ਼ੁਪਤ ਜਾਣਕਾਰੀ ਹੁੰਦੀ ਸੀ ਕਿ ਪਾਰਟੀ ਫ਼ੰਡ ਵਿੱਚ ਪੈਸਾ ਕਿਥੋਂ ਆ ਰਿਹਾ ਹੈ ਜਾਂ ਕਿਥੇ ਜਾ ਰਿਹਾ ਹੈ।

ਅਜਿਹੇ ਵਿੱਚ ਸਮਝਣਾ ਔਖਾ ਨਹੀਂ ਕਿ ਮੌਜੂਦਾ ਦੌਰ ਵਿੱਚ ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਤੋਂ ਬਾਅਦ ਕਾਂਗਰਸ ਵਿੱਚ ਸਭ ਤੋਂ ਵੱਧ ਸਨਮਾਨਿਤ ਸ਼ਖ਼ਸ ਪਾਰਟੀ ਖ਼ਜਾਨਚੀ ਵਜੋਂ ਅਹਿਮਦ ਪਟੇਲ ਹੀ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)