ਕਿਸਾਨਾਂ ਦਾ ਦਿੱਲੀ ਕੂਚ: ਰੋਕਾਂ ਤੋੜਕੇ ਅੱਗੇ ਵਧ ਰਹੇ ਨੇ ਹਰਿਆਣਾ ਦੇ ਕਿਸਾਨ, ਪੰਜਾਬ ਵਾਲੇ ਬਾਰਡਰ 'ਤੇ ਪਹੁੰਚਣ ਲੱਗੇ
ਕਿਸਾਨਾਂ ਦਾ ਦਿੱਲੀ ਵੱਲ ਕੂਚ: ਹੁਣ ਤੱਕ ਜੋ ਕੁਝ ਪਤਾ ਲੱਗਿਆ
- ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਵੱਡੀ ਗਿਣਤੀ ਚ ਖਨੌਰੀ , ਸ਼ੰਭੂ ਬਾਰਡਰ ਉੱਤੇ ਪਹੁੰਚ ਗਏ ਹਨ।
- ਹਰਿਆਣਾ ਵਿਚ ਕਿਸਾਨਾਂ ਦੀ ਫੜ੍ਹੋ-ਫੜੀ ਮੁਹਿੰਮ ਚਲਾਈ ਗਈ ਹੈ ਅਤੇ ਪੰਜਾਬ ਦਾ ਬਾਰਡਰ ਸੀਲ਼ ਕੀਤਾ ਗਿਆ ਹੈ।
- ਅੰਬਾਲਾ ਅਤੇ ਕੁਰੂਕਸ਼ੇਤਰ ਵਿਚ ਕਿਸਾਨ ਪੁਲਿਸ ਰੋਕਾਂ ਤੇ ਪਾਣੀ ਦੀਆਂ ਬੌਛਾੜਾਂ ਨੂੰ ਲੰਘ ਕੇ ਅੱਗੇ ਵਧ ਗਏ ਹਨ
- ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਪੰਜਾਬ ਵਿਚ ਜਾਣ ਵਾਲੀਆਂ ਬੱਸਾਂ ਬੰਦ ਕੀਤੀਆਂ ਹਨ।
- ਪੰਜਾਬ ਆਗੂਆਂ ਨੂੰ ਹਰਿਆਣਾ ਪੁਲਿਸ ਵਲੋਂ ਚੁੱਕੇ ਜਾਣ ਉੱਤੇ ਪੰਜਾਬ- ਹਰਿਆਣਾ ਹਾਈਕੋਰਟ ਨੇ ਡੀਜੀਪੀ ਦੀ ਜਵਾਬਤਲਬੀ ਕੀਤੀ ਹੈ।
- ਕਿਸਾਨ ਆਗੂ ਵਾਰ ਵਾਰ ਸ਼ਾਂਤੀ ਦੀਆਂ ਅਪੀਲਾਂ ਕਰ ਰਹੇ ਹਨ ਅਤੇ ਰੋਕੋ ਜਾਣ ਉੱਤੇ ਥਾਂਹੇ ਧਰਨਾ ਦੇਣ ਲਈ ਆਖ ਰਹੇ ਹਨ।
ਪੰਜਾਬ ਅਤੇ ਹਰਿਆਣਾ ਤੋਂ ਕਿਸਾਨ 26 ਅਤੇ 27 ਨਵੰਬਰ ਨੂੰ ਹੋਣ ਵਾਲੇ ਦਿੱਲੀ ਧਰਨੇ ਲਈ ਆਪੋ- ਆਪਣੇ ਇਲਾਕਿਆਂ ਤੋਂ ਕੂਚ ਕਰ ਰਹੇ ਹਨ।
ਬੀਬੀਸੀ ਦੇ ਪੰਜਾਬ ਅਤੇ ਹਰਿਆਣਾ ਵਿਚ ਸਹਿਯੋਗੀਆਂ ਨੇ ਦੱਸਿਆ ਹੈ ਕਿ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ , ਟਰੱਕਾਂ ਅਤੇ ਬੱਸਾਂ ਨੂੰ ਝੰਡਿਆਂ ਤੇ ਨਾਅਰਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਸਰਦੀ ਦੇ ਮੌਸਮ ਲਈ ਲੋੜੀਂਦੇ ਕੱਪੜੇ, ਰਾਸ਼ਣ ਅਤੇ ਹੋਰ ਸਮਾਨ ਦਾ ਪ੍ਰਬੰਧ ਕੀਤਾ ਗਿਆ ਹੈ।
ਉੱਧਰ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸੂਬੇ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਹਰਿਆਣਾ ਪੁਲਿਸ ਦਾ ਵੱਡਾ ਜਮਾਵੜਾ ਪੰਜਾਬ ਹਰਿਆਣਾ ਦੀਆਂ ਸਰਹੱਦਾ ਉੱਤੇ ਸਖ਼ਤੀ ਕਰਨ ਦੇ ਪੂਰੇ ਸਾਜ਼ੋ ਸਮਾਨ ਨਾਲ ਡਟਿਆ ਹੋਇਆ ਹੈ।
ਇਹ ਵੀ ਪੜ੍ਹੋ :
ਅੰਬਾਲਾ ਤੋਂ ਬਾਅਦ ਕੁਰੂਕਸ਼ੇਤਰ ਦੇ ਤੋੜੇ ਨਾਕੇ
ਅੰਬਾਲਾ ਤੋਂ ਬਾਅਦ ਕੁਰੂਕਸ਼ੇਤਰ ਦੇ ਬੈਰੀਕੇਡਸ ਤੋੜ ਕੇ ਕਿਸਾਨ ਅੱਗੇ ਵਧ ਗਏ ਹਨ।
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਪੁਲਿਸ ਰੋਕਾਂ ਨੂੰ ਤੋੜਦੇ ਹੋਏ ਹਰਿਆਣਾ ਦੇ ਕਿਸਾਨ ਕੁਰੂਕਸ਼ੇਤਰ ਵੀ ਪਾਰ ਕਰ ਗਏ ਹਨ।
ਕੁਰੂਕਸ਼ੇਤਰ ਵਿੱਚ ਵੀ ਤੀਹਰੀਆਂ ਰੋਕਾਂ ਲਾਈਆਂ ਗਈਆਂ ਸਨ, ਪਰ ਕਿਸਾਨਾਂ ਨੇ ਪਾਣੀ ਦੀਆਂ ਬੌਛਾੜਾਂ ਵਿੱਚ ਵੱਡੇ-ਵੱਡੇ ਪੱਥਰਾਂ ਨੂੰ ਹਟਾਇਆ ਅਤੇ ਟਰੈਕਟਰ ਟਰਾਲੀਆਂ ਨਾਲ ਅੱਗੇ ਵਧ ਗਏ ਹਨ।
ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਲਗਾਤਾਰ ਅੱਗੇ ਵਧ ਰਹੇ ਹਨ।
ਇਸ ਤੋਂ ਪਹਿਲਾਂ ਹਰਿਆਣਾ ਵਿਚ ਬੀਬੀਸੀ ਸਹਿਯੋਗੀਆਂ ਵਲੋਂ ਭੇਜੇ ਵੀਡੀਓ ਵਿਚ ਕਿਸਾਨ ਅੰਬਾਲਾ ਵਿਚ ਪੁਲਿਸ ਬੈਰੀਕੇਡਸ ਤੋੜ ਕੇ ਅੱਗੇ ਵਧਦੇ ਦਿਖ ਰਹੇ ਸਨ । ਪੁਲਿਸ ਵਲੋਂ ਟਰੈਕਰ ਟਰਾਲੀਆਂ ਉੱਤੇ ਪਾਣੀਆਂ ਦੀਆਂ ਬੌਛਾੜਾਂ ਕੀਤੀਆਂ ਜਾ ਰਹੀਆਂ ਸਨ ਪਰ ਟਰੈਕਟਰ ਅੱਗੇ ਵਧਦੇ ਰਹੇ ।
ਅੰਬਾਲਾ ਦੇ ਮੋੜਾ ਮੰਡੀ ਤੋਂ ਅੱਗੇ ਲਗਾਏ ਇਸ ਨਾਕੇ ਨੂੰ ਲੰਘਣ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਨੇ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਸੀ ਕਿ ਉਹ ਮੋੜਾ ਮੰਡੀ ਤੋਂ 15 ਕਿਲੋਮੀਟਰ ਅੱਗੇ ਆ ਗਏ ਹਨ।
ਉਹ ਪੂਰੀ ਤਰ੍ਹਾਂ ਸਾਂਤਮਈ ਰਹਿ ਕੇ ਅੱਗੇ ਵਧ ਰਹੇ ਹਾਂ ਅਤੇ ਸਾਂਤਮਈ ਰਹਿ ਕੇ ਹੀ ਅੱਗੇ ਵਧਦੇ ਰਹਾਂਗੇ।
ਅੰਬਾਲਾ ਦੇ ਐੱਸਪੀ ਨੇ ਅੰਬਾਲਾ ਦਿੱਲੀ ਹਾਈ ਵੇਅ ਉੱਤੇ 10 ਕਿਲੋਮੀਟਰ ਲੰਬੇ ਜਾਮ ਉੱਤੇ ਕਿਹਾ ਕਿ ਕਿਸਾਨਾਂ ਬੈਰੀਕੇਡਸ ਤੋੜ ਕੇ ਅੱਗੇ ਨਿਕਲ ਗਏ ਹਨ । ਉਨ੍ਹਾਂ ਕਿ ਪੰਜਾਬ ਵਲੋਂ ਹਰਿਆਣਾ ਪੁਲਿਸ ਨੂੰ ਸਹਿਯੋਗ ਨਹੀਂ ਮਿਲਿਆ ਹੈ।

'ਜਿੱਥੇ ਰੋਕਿਆ ਜਾਵੇਗਾ, ਉੱਥੇ ਬੈਠ ਕੇ ਪ੍ਰਦਰਸ਼ਨ ਕਰਨਗੇ ਕਿਸਾਨ'
ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਮੁਤਾਬਕ 26 ਅਤੇ 27 ਨਵੰਬਰ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਮੁਤਾਬਕ ਜਾਰੀ ਰਹੇਗਾ।
ਕਿਸਾਨ ਸੰਗਠਨਾਂ ਮੁਤਾਬਕ, ਜਿੱਥੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਵੇਗਾ, ਕਿਸਾਨ ਉੱਥੇ ਹੀ ਬੈਠ ਕੇ ਵਿਰੋਧ-ਪ੍ਰਦਰਸ਼ਨ ਕਰਨਗੇ।
ਯੋਗੇਂਦਰ ਯਾਦਵ ਦੀ ਪਾਰਟੀ 'ਸਵਰਾਜ ਇੰਡੀਆ' ਦੇ ਕਿਸਾਨ ਸੰਗਠਨ 'ਜੈ ਕਿਸਾਨ ਅੰਦੋਲਨ' ਦੇ ਹਰਿਆਣਾ ਇਕਾਈ ਦੇ ਮੈਂਬਰ ਰਾਜੀਵ ਗੋਦਾਰਾ ਨੇ ਬੀਬੀਸੀ ਨੂੰ ਦੱਸਿਆ ਕਿ ਹਰਿਆਣਾ ਪੁਲਿਸ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।
ਉਨ੍ਹਾਂ ਮੁਤਾਬਕ ਲਗਭਗ ਡੇਢ ਤੋਂ 2 ਲੱਖ ਕਿਸਾਨ ਤਾਂ ਇਕੱਲੇ ਪੰਜਾਬ ਤੋਂ ਹੀ ਦਿੱਲੀ ਪਹੁੰਚ ਰਹੇ ਹਨ, ਇਸ ਤੋਂ ਇਲਾਵਾ ਹਰਿਆਣਾ, ਯੂਪੀ ਅਤੇ ਹੋਰਨਾਂ ਥਾਵਾਂ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਕੂਚ ਕਰਨਗੇ।
ਭਾਰਤੀ ਕਿਸਾਨ ਯੂਨੀਅਲ (ਲੱਖੋਵਾਲ) ਮੁਤਾਬਕ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਲਗਭਗ 15-200 ਟਰਾਲੀਆਂ ਵਿੱਚ ਕਿਸਾਨ ਦਿੱਲੀ ਨੂੰ ਕੂਚ ਕਰਨਗੇ।
ਖਨੌਰੀ ਬਾਰਡਰ ਉੱਤੇ ਹਾਲਾਤ
ਬਰਨਾਲਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨਪ੍ਰੀਤ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖਨੌਰੀ ਬਾਰਡਰ ਉੱਤੇ ਇਕੱਠ ਕੀਤਾ ਜਾ ਰਿਹਾ ਹੈ। ਕਿਸਾਨ ਯੂਨੀਅਨ ਦੀਆਂ ਲੰਗਰ ,ਬਾਲਣ ਅਤੇ ਰਸਦ ਦੀਆਂ ਟਰਾਲੀਆਂ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ।

ਤਸਵੀਰ ਸਰੋਤ, BKU Ugrahan
ਬਰਨਾਲਾ ਸੰਗਰੂਰ, ਮਾਨਸਾ ਤੇ ਮਾਲਵੇ ਦੇ ਹੋਰ ਜਿਲ੍ਹਿਆਂ ਦੇ ਕਿਸਾਨ 25 ਨਵੰਬਰ ਸ਼ਾਮ ਤੋਂ ਹੀ ਪਹੁੰਚਣੇ ਸ਼ੁਰੂ ਹੋ ਜਾਣਗੇ। ਪਿੰਡਾਂ ਵਿਚੋਂ ਕਾਫਲਿਆਂ ਦੇ ਰੂਪ ਵਿੱਚ ਲੋਕ ਖਨੌਰੀ ਬਾਰਡਰ ਲਈ ਚੱਲ ਪਏ ਹਨ।
ਮੌਕੇ ਉੱਤੇ ਮੌਜੂਦ ਬੀਕੇਯੂ ਉਗਰਾਹਾਂ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ ਗਿਆ ਤਾਂ ਉਹ ਇੱਥੇ ਹੀ ਮੋਰਚਾ ਲਾ ਕੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਣਗੇ।

ਤਸਵੀਰ ਸਰੋਤ, BBC/ sat singh
ਸ਼੍ਰੋਮਣੀ ਕਮੇਟੀ ਵਲੋਂ ਹਰ ਸੰਭਵ ਮਦਦ ਦਾ ਐਲਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਿੱਥੇ ਕਿਸਾਨ ਧਰਨਾ ਦੇਣਗੇ, ਉੱਥੇ ਦੇ ਨੇੜਲੇ ਗੁਰਦੁਆਰਾ ਸਾਹਿਬ ਤੋਂ ਲੰਗਰ ਅਤੇ ਰਹਿਣ ਲ਼ਈ ਪ੍ਰਬੰਧ ਕਰੇਗੀ।
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਵਿਚ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ ਲ਼ਈ ਕਮੇਟੀ ਵਲੋਂ ਟੀਮਾਂ ਭੇਜੀਆਂ ਜਾਣਗੀਆਂ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਜਿਸ ਤਰ੍ਹਾਂ ਦੇ ਵੀ ਸਹਿਯੋਗ ਲਈ ਕਹਿਣਗੀਆਂ ਉਹ ਮੁਹੱਈਆਂ ਕਰਵਾਇਆ ਜਾਵੇਗਾ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਮਸਲਾ ਜਲਦ ਤੋਂ ਜਲਦ ਹੱਲ ਕਰਨ।
ਖ਼ੇਤੀ ਕਾਨੂੰਨ 'ਚ ਸ਼ਾਮਲ ਕੰਟਰੈਕਟ ਫ਼ਾਰਮਿੰਗ ਕੀ ਹੈ? -ਵੀਡੀਓ
ਕਿਸਾਨਾਂ ਖ਼ਿਲਾਫ਼ ਸਖ਼ਤ ਰੁਖ ਛੱਡੇ ਕੇਂਦਰ -ਰੰਧਾਵਾ
ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨਾਲ ਗੱਲਬਾਤ ਦੌਰਾਨ ਕਿਹਾ, ''ਕੇਂਦਰ ਕਿਸਾਨ ਦਿਲੀ ਜਾਣ ਵਾਲੇ ਕਿਸਾਨਾਂ ਦਾ ਰਸਤਾ ਰੋਕ ਕੇ ਗਾਂਧੀ ਵਾਦ ਨੀਤੀ ਛੱਡ ਕਰ ਤੁਗਲਕੀ ਨੀਤੀ ਆਪਣਾ ਰਹੀ ਹੈ।''
ਉਨ੍ਹਾਂ ਕਿਹਾ, ਜਦੋਂ ਇਸ ਭਾਜਪਾ ਦੇ ਲਾਲ ਕ੍ਰਿਸ਼ਨ ਆਡਵਾਨੀ ਨੇ ਜਦੋਂ ਰੱਥ ਯਾਤਰਾ ਕੱਢੀ ਸੀ ਉਦੋਂ ਕੇਂਦਰ ਦੀ ਕਾਂਗਰਸ ਦੀ ਸਰਕਾਰ ਨੇ ਗਾਂਧੀਵਾਦੀ ਨੀਤੀ ਅਪਣਾਉਂਦੇ ਹੋਏ ਕੋਈ ਰੁਕਾਵਟ ਨਹੀਂ ਪਾਈ ਸੀ।
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਨੂੰ ਕੜਾ ਰੁਖ਼ ਛੱਡ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਕਰਣਾ ਚਾਹੀਦਾ ਹੈ
ਹਰਿਆਣਾ ਸਰਕਾਰ ਦੇ ਬੰਦੋਬਸਤ
ਹਰਿਆਣਾ ਪੁਲਿਸ ਵੱਲੋਂ ਖਨੌਰੀ, ਸ਼ੰਭੂ, ਅੰਬਾਲਾ ਅਤੇ ਪੰਚਕੂਲਾ ਤੋਂ ਦਿੱਲੀ ਜਾਣ ਵਾਲੇ ਰਸਤਿਆਂਉੱਤੇ ਪੱਥਰ ਅਤੇ ਬੈਰੀਕੇਡ ਲਗਾ ਕੇ ਰੋਡ ਜਾਮ ਕੀਤਾ ਹੋਇਆ ਹੈ। ਜ਼ਿਲ੍ਹਿਆਂ ਵਿੱਚ ਧਾਰਾ 144 ਲੱਗੇ ਹੋਣ ਦੀ ਅਨਾਉਂਸਮੈਂਟ ਵਾਰ ਵਾਰ ਕੀਤੀ ਜਾ ਰਹੀ ਹੈ।
ਆਮ ਲੋਕਾਂ ਅਤੇ ਮੀਡੀਆ ਨੂੰ ਵੀ ਬੈਰੀਕੇਡਸ ਤੋਂ.ਦੂਰ ਹੋਣ ਦੀ ਅਪੀਲ ਲਾਉਡ ਸਪੀਕਰ ਰਾਹੀਂ ਕੀਤੀ ਜਾ ਰਹੀ ਹੈ।
ਹਰਿਆਣਾ ਪੁਲਿਸ ਦੇ ਡੀ ਆਈਜੀ ਓ ਪੀ ਨਰਵਾਲ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋ ਕੇ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ
ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਇੱਕ ਪਹਿਲਾਂ ਹੀ ਦਿੱਲੀ ਵੱਲ ਚੱਲ ਚੁੱਕ ਹਨ, ਇਸ ਲਈ ਪੰਜਾਬ ਨਾਲ ਲੱਗਦੀ ਹਰਿਆਣਾ ਦੀ ਸਰਹੱਦ ਸੀਲ਼ ਕਰ ਦਿੱਤੀ ਗਈ ਹੈ।
ਕਿਸਾਨ ਦਿੱਲੀ ਜਾ ਰਹੇ ਹਨ ਤਾਂ ਹਰਿਆਣਾ ਨੂੰ ਕਿਸ ਗੱਲ ਦਾ ਡਰ, ਮੀਡੀਆ ਦੇ ਇਸ ਸਵਾਲ ਉੱਤੇ ਹਰਿਆਣਾ ਪੁਲਿਸ ਦੇ ਡੀਆਈਜੀ ਓ ਪੀ ਨਰਵਾਲ ਨੇ ਕਿਹਾ ਕਿਸਾਨ ਹਰਿਆਣਾ ਵਿਚ ਭੰਨਤੋੜ ਕਰ ਸਕਦੇ ਹਨ।
ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕਿਸਾਨ ਦੋ ਮਹੀਨੇ ਤੋਂ ਸਾਂਤਮਈ ਮੁਜ਼ਾਹਰੇ ਕਰ ਰਹੇ ਹਨ ਤਾਂ ਹਰਿਆਣਾ ਪੁਲਿਸ ਕਿਉਂ ਡਰ ਰਹੀ ਹੈ ਤਾਂ ਉਨ੍ਹਾਂ ਕਿਹਾ, ਇਹ ਕਿਸਾਨ ਦਿੱਲੀ ਹੈ ਜਾ ਰਹੇ ਹਨ ਇਸ ਤਰ੍ਹਾਂ ਕਾਰਵਾਂ ਬਣਾ ਕੇ ਹਰਿਆਣਾ ਵਿਚੋਂ ਲੰਘਣ ਦੀ ਇਜਾਜ਼ਤ ਪ੍ਰਸਾਸ਼ਨ ਨਹੀਂ ਦੇ ਸਕਦਾ।
ਹਰਿਆਣਾ ਪੰਜਾਬ ਖਨੌਰੀ ਸਰਹੱਦ ਉੱਤੇ ਮੀਡੀਆ ਨਾਲ ਗੱਲਾਬਤ ਦੌਰਾਨ ਦੱਸਿਆ ਗਿਆ ਕਿ ਇੱਥੇ 2 ਹਜ਼ਾਰ ਜਵਾਨ ਤੈਨਾਤ ਕੀਤੇ ਗਏ ਹਨ ਅਤੇ ਇੱਥੋਂ ਲੰਘਣ ਵਾਲੇ 8 ਮੇਨ ਰਾਹਾਂ ਉੱਤੇ ਨਾਕੇਬੰਦੀ ਕੀਤੀ ਗਈ ਹੈ।

ਤਸਵੀਰ ਸਰੋਤ, BBC/ sat singh
ਬੀਬੀਸੀ ਸਹਿਯੋਗੀ ਸਤ ਸਿੰਘ ਤੇ ਪ੍ਰਭੂ ਦਿਆਲ ਨੇ ਦੱਸਿਆ ਹੈ ਕਿ ਇਨ੍ਹਾਂ ਕਿਸਾਨਾਂ ਦੀ ਹਿਮਾਇਤ ਲਈ ਸਰਹੱਦਾਂ 'ਤੇ ਰਾਸ਼ਣ-ਪਾਣੀ ਲੈ ਕੇ ਲਾਗਲੇ ਪਿੰਡਾਂ ਦੇ ਕਿਸਾਨ ਪਰਿਵਾਰ ਪੁੱਜ ਰਹੇ ਹਨ ਅਤੇ ਆਪਣਾ ਪੂਰਾ ਸਮਰਥਨ ਦੇ ਰਹੇ ਹਨ।
ਪਿੰਡ ਗੁਰੂ ਨਾਨਕਪੁਰਾ ਤੋਂ ਆਏ ਸਾਬ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਪੂਰਾ ਸਮਰਥਨ ਕਰਦੇ ਹਨ ਅਤੇ ਕੇਂਦਰ ਸਰਕਾਰ ਨੂੰ ਇਸ ਕਾਲੇ ਕਾਨੂੰਨ ਨੂੰ ਵਾਪਸ ਲੈਣ ਲਈ ਕਹਿ ਰਹੇ ਹਨ।
ਉਨ੍ਹਾਂ ਕਿਹਾ, "ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ। ਅੱਜ ਅਸੀਂ ਕਿਸਾਨਾਂ ਲਈ ਚਾਹ-ਨਾਸ਼ਤਾ ਲੈ ਕੇ ਪੁੱਜੇ ਹਾਂ। ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਸਾਡਾ ਪੂਰਾ ਪਿੰਡ ਤਿਆਰ ਹੈ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ, ਅਸੀਂ ਆਪਣੇ ਕਿਸਾਨਾਂ ਨੂੰ ਮੁਹਈਆ ਕਰਾਵਾਂਗੇ।"

ਤਸਵੀਰ ਸਰੋਤ, BBC/sat singh
ਦੱਸ ਦੇਇਏ ਕਿ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਵੱਲ ਕਿਸਾਨਾਂ ਦੇ 26-27 ਨਵੰਬਰ ਨੂੰ ਹੋਣ ਵਾਲੇ ਮਾਰਚ ਨੂੰ ਰੋਕਣ ਲਈ ਮਨੋਹਰ ਲਾਲ ਖੱਟਰ ਸਰਕਾਰ ਨੇ ਦੋਹਰੀ ਨੀਤੀ ਅਪਣਾਈ ਹੈ।
ਇੱਕ ਪਾਸੇ ਹਰਿਆਣਾ ਵਿੱਚ ਕਿਸਾਨ ਆਗੂਆਂ ਖ਼ਿਲਾਫ਼ ਫੜ੍ਹੋਫੜੀ ਮੁਹਿੰਮ ਚਲਾਈ ਗਈ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਤੋਂ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਦੀਆਂ ਸਰਹੱਦਾਂ ਨੂੰ ਸੀਲ਼ ਕੀਤਾ ਗਿਆ ਹੈ।
ਪਰ ਪੰਜਾਬ ਦੇ ਕਿਸਾਨਾਂ ਦੇ ਹੱਕ ’ਚ ਹਰਿਆਣਾ ਦੇ ਕਿਸਾਨ ਵੀ ਨਿਤਰ ਰਹੇ ਹਨ।

ਤਸਵੀਰ ਸਰੋਤ, BBC/prabhu dyaal
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















