ਕੋਰੋਨਾਵਾਇਰਸ: ਵੈਕਸੀਨ ਤਿਆਰ ਕਰਨ ਦਾ 10 ਸਾਲਾਂ ਦਾ ਕੰਮ, 10 ਮਹੀਨਿਆਂ 'ਚ ਕਿਵੇਂ ਹੋ ਗਿਆ

ਕੋਰੋਨਾਵਾਇਰਸ ਵੈਕਸੀਨ

ਤਸਵੀਰ ਸਰੋਤ, John Cairns/University of Oxford

ਤਸਵੀਰ ਕੈਪਸ਼ਨ, ਵੈਕਸੀਨ ਦੇ ਟ੍ਰਾਇਲ ਪੂਰੀ ਦੁਨੀਆਂ ਵਿੱਚ ਕੀਤੇ ਗਏ
    • ਲੇਖਕ, ਜੇਮਸ ਗੈਲੇਘਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ

ਵੈਕਸੀਨ ਤਿਆਰ ਕਰਨ ਦਾ 10 ਸਾਲਾਂ ਦਾ ਕੰਮ, 10 ਮਹੀਨਿਆਂ ਵਿੱਚ ਮੁਕਾ ਲਿਆ ਗਿਆ। ਫ਼ੇਰ ਵੀ ਇਸ ਦੀ ਰੂਪ ਰੇਖਾ, ਟੈਸਟਿੰਗ ਅਤੇ ਉਤਪਾਦਨ ਵਿੱਚ ਕੋਈ ਕਮੀਂ ਨਹੀਂ ਛੱਡੀ ਗਈ।

ਇਸ ਬਾਰੇ ਦੋ ਵਿਰੋਧੀ ਵਿਚਾਰ ਹਨ ਜਿੰਨਾਂ ਨੇ ਕਈਆਂ ਨੂੰ ਇਹ ਪੁੱਛਣ ਲਈ ਪ੍ਰੇਰਿਆ ਕਿ ਅਸੀਂ ਆਕਸਫੋਰਡ ਵੈਕਸੀਨ 'ਤੇ ਭਰੋਸਾ ਕਿਵੇਂ ਕਰ ਸਕਦੇ ਹਾਂ, ਜਿਸਦੇ ਆਪਣੇ ਪਹਿਲੇ ਨਤੀਜਿਆਂ ਵਿੱਚ ਕਿਹਾ ਗਿਆ ਹੈ ਕਿ ਇਹ ਕੋਵਿਡ-19 ਨੂੰ ਰੋਕਣ ਵਿੱਚ ਅਸਰਦਾਰ ਹੈ ਅਤੇ ਇੰਨੀ ਤੇਜ਼ੀ ਨਾਲ ਬਣਾਏ ਜਾਣ ਦੇ ਬਾਵਜੂਦ ਇਸ ਵੈਕਸੀਨ ਦਾ ਇਸਤੇਮਾਲ ਸੁਰੱਖਿਅਤ ਹੈ।

ਆਸਕਫੋਰਡ ਵੈਕਸੀਨ ਦੇ ਇਸ ਤੇਜ਼ੀ ਨਾਲ ਬਣਨ ਪਿੱਛੇ ਦੀ ਅਸਲ ਕਹਾਣੀ ਇਹ ਹੈ।

ਇਹ ਵੀ ਪੜ੍ਹੋ-

ਇਹ ਅਜਿਹਾ ਹੈ ਜੋ ਚੰਗੀ ਕਿਸਮਤ ਅਤੇ ਵਿਗਿਆਨ ਪ੍ਰਤਿਭਾ 'ਤੇ ਨਿਰਭਰ ਹੈ, ਇਸ ਦਾ ਆਧਾਰ ਘਾਤਕ ਇਬੋਲਾ ਪ੍ਰਕੋਪ ਅਤੇ ਚਿੰਪੈਂਜੀ ਨੂੰ ਹੋਣ ਵਾਲਾ ਜ਼ੁਕਾਮ ਦੋਵੇਂ ਹਨ। ਇਸ ਕਾਰਨ ਉਹ ਖੋਜਕਾਰ ਜਿਨ੍ਹਾਂ ਕੋਲ ਬੈਂਕ ਵਿੱਤ ਕੋਈ ਪੈਸਾ ਨਹੀਂ ਹੁੰਦਾ ਸੀ ਹੁਣ ਨਿੱਜੀ ਜਹਾਜ਼ ਕਿਰਾਏ 'ਤੇ ਲੈ ਰਹੇ ਹਨ।

ਕੰਮ ਇੱਕ ਸਾਲ ਪਹਿਲਾਂ ਸ਼ੁਰੂ ਹੋਇਆ

ਸਭ ਤੋਂ ਗ਼ਲਤ ਧਾਰਨਾ ਹੈ, ਵੈਸਕੀਨ 'ਤੇ ਕੰਮ ਉਦੋਂ ਸ਼ੁਰੂ ਹੋਇਆ ਜਦੋਂ ਮਹਾਂਮਾਰੀ ਦੀ ਸ਼ੁਰੂਆਤ ਹੋਈ।

ਸਾਲ 2014-2016 ਦੌਰਾਨ ਇਬੋਲਾ ਦਾ ਪ੍ਰਕੋਪ ਦੁਨੀਆਂ ਲਈ ਤਬਾਹੀ ਭਰਿਆ ਸੀ। ਇਸ ਨੂੰ ਕਾਬੂ ਕਰਨ ਦਾ ਕੰਮ ਬਹੁਤ ਹੌਲੀ ਸੀ ਅਤੇ ਨਤੀਜੇ ਵਜੋਂ 11,000 ਲੋਕਾਂ ਦੀ ਮੌਤ ਹੋਈ।

ਆਕਸਫੋਰਡ ਵੈਕਸੀਨ ਦੀ ਅਗਵਾਈ ਕਰਨ ਵਾਲੇ ਸਾਰਾ ਗਿਲਬਰਟ ਨੇ ਮੈਨੂੰ ਦੱਸਿਆ, "ਦੁਨੀਆਂ ਨੂੰ ਬਿਹਤਰ ਕਰਨਾ ਚਾਹੀਦਾ ਸੀ।"

ਵਿਰੋਧੀ ਵਿਚਾਰਾਂ ਵਾਲੀਆਂ ਬਹਿਸਾਂ ਤੋਂ ਬਾਅਦ ਇੱਕ ਯੋਜਨਾ ਬਣੀ ਕਿ ਜੇ ਭਵਿੱਖ ਵਿੱਚ ਅਜਿਹੀਆਂ ਵੱਡੀਆਂ ਦਿੱਕਤਾਂ ਆਉਂਦੀਆਂ ਹਨ ਤਾਂ ਉਨ੍ਹਾਂ ਨਾਲ ਕਿਵੇਂ ਨਜਿੱਠਿਆ ਜਾਵੇ।

ਕੋਵਿਡ-19: ਆਕਸਫੋਰਡ ਯੂਨੀਵਰਸਿਟੀ ਦੇ ਟੀਕੇ ਨੇ ਦਿਖਾਇਆ 70% ਅਸਰ

ਤਸਵੀਰ ਸਰੋਤ, OXFORD UNIVERSITY/JOHN CAIRNS

ਤਸਵੀਰ ਕੈਪਸ਼ਨ, ਵਿਰੋਧੀ ਵਿਚਾਰ ਹਨ ਜਿੰਨਾਂ ਨੇ ਕਈਆਂ ਨੂੰ ਇਹ ਪੁੱਛਣ ਲਈ ਪ੍ਰੇਰਿਆ ਕਿ ਅਸੀਂ ਆਕਸਫੋਰਡ ਵੈਕਸੀਨ 'ਤੇ ਭਰੋਸਾ ਕਿਵੇਂ ਕਰ ਸਕਦੇ ਹਾਂ

ਪਹਿਲਾਂ ਤੋਂ ਪਤਾ ਖ਼ਤਰਿਆਂ ਦੀ ਲਿਸਟ ਦੇ ਆਖ਼ੀਰ ਵਿੱਚ 'ਬਿਮਾਰੀ ਐਕਸ' (Disease X) ਸੀ, ਇੱਕ ਨਵੀਂ ਅਣਜਾਣ ਲਾਗ ਦਾ ਡਰਾਉਣਾ ਨਾਮ ਜੋ ਦੁਨੀਆਂ ਨੂੰ ਹੈਰਾਨ ਕਰ ਦੇਵੇਗਾ।

ਤਕਨੀਕ ਦਾ ਅਹਿਮ ਹਿੱਸਾ

ਉਨ੍ਹਾਂ ਦੀ ਯੋਜਨਾ ਦਾ ਕੇਂਦਰ ਕ੍ਰਾਂਤੀਕਾਰੀ ਤਰੀਕੇ ਦੀ ਵੈਕਸੀਨ ਸੀ ਜਿਸ ਦਾ ਨਾਮ 'ਪਲੱਗ ਐਂਡ ਪਲੇਅ' ਸੀ। ਅਗਿਆਤ ਖ਼ਤਰੇ ਦਾ ਸਾਹਮਣਾ ਕਰਨ ਲਈ ਇਸ ਵਿੱਚ ਦੋ ਅਹਿਮ ਗੁਣ ਸਨ, ਇਹ ਬਹੁਤ ਤੇਜ਼ ਅਤੇ ਲਚਕੀਲੀ (ਜਿਸ ਨੂੰ ਲੋੜ ਮੁਤਾਬਕ ਬਦਲਿਆ ਜਾ ਸਕੇ) ਹੈ।

ਰਵਾਇਤੀ ਵੈਕਸੀਨਾਂ ਲਈ, ਬਚਪਣ ਦੇ ਟੀਕਾਕਰਨ ਪ੍ਰੋਗਰਾਮ ਸਮੇਤ, ਅਸਲ ਇਨਫ਼ੈਕਸ਼ਨ ਦੇ ਕਮਜ਼ੋਰ ਜਾਂ ਮਰੇ ਹੋਏ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫ਼ਿਰ ਇਸ ਦੇ ਹਿੱਸਿਆਂ ਦਾ ਸਰੀਰ ਵਿੱਚ ਟੀਕਾ ਲਾਇਆ ਜਾਂਦਾ ਹੈ। ਪਰ ਇੰਨਾਂ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਹੌਲੀ ਹੈ।

ਬਜਾਇ ਇਸਦੇ ਆਕਸਫੋਰਡ ਖੋਜਕਾਰਾਂ ਨੇ ChAdOx1 ਜਾਂ ਚਿੰਪਾਂਜ਼ੀ ਐਡੇਨੋਵਾਇਰਸ ਆਕਸਫੋਰਡ ਵਨ ਤਿਆਰ ਕੀਤਾ।

ਵਿਗਿਆਨੀਆਂ ਨੇ ਚਿੰਪਾਂਜ਼ੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਆਮ ਜ਼ੁਕਾਮ ਦਾ ਵਾਇਰਸ ਲਿਆ ਅਤੇ ਇਸ ਤੋਂ ਇੱਕ ਟੀਕਾ ਤਿਆਰ ਕੀਤਾ, ਜੋ ਤਕਰੀਬਨ ਕਿਸੇ ਵੀ ਕਿਸਮ ਦੀ ਬਿਮਾਰੀ ਦੀ ਰੋਕਥਾਮ ਲਈ ਕਾਰਗ਼ਰ ਸਾਬਿਤ ਹੋ ਸਕਦਾ ਹੈ।

ਕੋਵਿਡ ਤੋਂ ਪਹਿਲਾਂ, 330 ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਜਿੰਨਾਂ ਵਿੱਚ ਜ਼ੀਕਾ ਵਾਇਰਸ ਅਤੇ ਪ੍ਰੋਸਟੇਟ ਕੈਂਸਰ ਤੋਂ ਲੈ ਕੇ ਟ੍ਰੋਪੀਕਲ ਬਿਮਾਰੀਆਂ ਚਿਕਨਗੁਨੀਆਂ ਤੱਕ ਸ਼ਾਮਿਲ ਸਨ ਨੂੰ ChAdOx1 ਅਧਾਰਿਤ ਟੀਕਾ ਲਾਇਆ ਗਿਆ ਸੀ।

ਵੀਡੀਓ ਕੈਪਸ਼ਨ, ਕੋਰੋਨਾ ਟੀਕਾ ਤੁਹਾਡੇ ਤੱਕ ਪਹੁੰਚਾਉਣ ਲਈ ‘ਮੋਦੀ ਸਰਕਾਰ ਦਾ ਪਲਾਨ’ ਜਾਣੋ

ਚਿੰਪਾਂਜ਼ੀਆਂ ਤੋਂ ਲਏ ਗਏ ਵਾਇਰਸ ਜੈਨੇਟੀਕ ਤੌਰ 'ਤੇ ਸੋਧੇ ਹੋਏ ਹੁੰਦੇ ਹਨ ਇਸ ਲਈ ਇਹ ਲੋਕਾਂ ਵਿੱਚ ਕੋਈ ਇੰਨਫ਼ੈਕਸ਼ਨ ਪੈਦਾ ਨਹੀਂ ਕਰਦੇ।

ਤੁਸੀਂ ਇਮੀਊਨ ਸਿਸਟਮ ਨੂੰ ਜਿਸ ਵੀ ਤਰੀਕੇ ਦੀ ਪ੍ਰਤੀਕਿਰਿਆ ਲਈ ਤਿਆਰ ਕਰਨਾ ਚਾਹੁੰਦੇ ਹੋ, ਉਸ ਦੇ ਜੈਨੇਟਿਕ ਬਲੂਪ੍ਰਿੰਟ ਨੂੰ ਸ਼ਾਮਿਲ ਕਰਨ ਲਈ ਤੁਸੀਂ ਇਸ ਵਿੱਚ ਉਸ ਸਮੇਂ ਦੁਬਾਰਾ ਸੋਧ ਕਰ ਸਕਦੇ ਹੋ। ਇਸ ਟੀਚੇ ਨੂੰ ਐਂਟੀਜਨ ਵਜੋਂ ਜਾਣਿਆਂ ਜਾਂਦਾ ਹੈ।

ਸੰਖੇਪ ਵਿੱਚ ChAdOx1 ਇੱਕ ਗੁੰਝਲਦਾਰ, ਮਾਈਕ੍ਰੋਸਕੋਪਿਕ ਡਾਕੀਆ ਹੈ। ਵਿਗਿਆਨੀਆਂ ਨੂੰ ਬਸ ਇਸ ਦੇ ਪੈਕੇਜ ਵਿੱਚ ਬਦਲਾਅ ਕਰਨ ਦੀ ਲੋੜ ਹੈ।

ਗਿਲਬਰਟ ਕਹਿੰਦੇ ਹਨ, "ਅਸੀਂ ਇਸ ਨੂੰ ਲਾਉਂਦੇ ਹਾਂ ਅਤੇ ਤੁਰੰਤ ਫ਼ਾਰਗ ਹੁੰਦੇ ਹਾਂ।"

ਯੂਨੀਵਰਸਿਟੀ ਆਫ਼ ਆਕਸਫੋਰਡ ਦੇ ਜੈਨੇਫ਼ਰ ਇੰਸਟੀਚਿਊਟ ਦਾ ਨਾਮ ਇੱਕ ਵਿਗਿਆਨੀ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਨੇ ਸਾਲ 1796 ਵਿੱਚ ਪਹਿਲੀ ਵੈਕਸੀਨ ਤਿਆਰ ਕੀਤੀ ਸੀ।

ਇਸ ਸਮੇਂ ਇਹ ਇੰਸਟੀਚਿਊਟ ਦੁਨੀਆਂ ਦੇ ਪ੍ਰਮੁੱਖ ਮਾਹਰਾਂ ਦਾ ਘਰ ਹੈ, ਜਿਨ੍ਹਾਂ ਨੇ ਅਣਜਾਣ ਦੁਸ਼ਮਣ ਨੂੰ ਮਾਤ ਦੇਣ ਦੀ ਰਣਨੀਤੀ ਤਿਆਰ ਕੀਤੀ ਹੈ।

ਗਿਲਬਰਟ ਕਹਿੰਦੇ ਹਨ, "ਅਸੀਂ ਯੋਜਨਾ ਬਣਾ ਰਹੇ ਸੀ ਕਿ ਅਸੀਂ ਕਿਸੇ ਦੇ ਸੰਭਾਵਿਤ ਘੱਟੋ-ਘੱਟ ਸਮੇਂ ਵਿੱਚ ਟੀਕਾ ਲਾਉਣ ਵਿੱਚ ਅਸਲੋਂ ਤੇਜ਼ੀ ਕਿਵੇਂ ਕਰ ਸਕਦੇ ਹਾਂ।"

"ਅਸੀਂ ਯੋਜਨਾ ਮੁਕੰਮਲ ਨਹੀਂ ਸੀ ਕੀਤੀ, ਪਰ ਅਸੀਂ ਕਾਫ਼ੀ ਚੰਗਾ ਕੰਮ ਕੀਤਾ।"

ਜਦੋਂ ਨਵੇਂ ਸਾਲ ਦੇ ਜਸ਼ਨਾਂ ਤੋਂ ਬਾਅਦ ਬਹੁਤੀ ਦੁਨੀਆਂ ਸੌਂ ਰਹੀ ਸੀ, ਪ੍ਰੋਫ਼ੈਸਰ ਗਿਲਬਰਟ ਨੇ ਚੀਨ ਦੇ ਵੁਹਾਨ ਵਿੱਚ ਵਾਇਰਲ ਨਮੋਨੀਆਂ ਦੀਆਂ ਧਿਆਨ ਦੇਣ ਯੋਗ ਰਿਪੋਰਟਾਂ ਵੱਲ ਦੇਖਿਆ।

ਦੋ ਹਫ਼ਤਿਆਂ ਦਰਮਿਆਨ ਹੀ ਵਿਗਿਆਨੀਆਂ ਨੇ ਇਸ ਲਈ ਜ਼ਿੰਮੇਵਾਰ ਵਾਇਰਸ ਦੀ ਪਛਾਣ ਕਰ ਲਈ ਅਤੇ ਸ਼ੱਕ ਕਰਨ ਲੱਗੇ ਕਿ ਇਹ ਇੱਕ ਤੋਂ ਦੂਸਰੇ ਵਿਅਕਤੀ ਵਿੱਚ ਫ਼ੈਲ ਸਕਦਾ ਹੈ।

ਐਲੀਸਾ ਗਰਨਾਟੋ
ਤਸਵੀਰ ਕੈਪਸ਼ਨ, ਐਲੀਸਾ ਗਰਨਾਟੋ ਵੈਕਸੀਨ ਦੇਣ ਵਾਲੇ ਵਲੰਟੀਅਰਾਂ ਵਿੱਚੋਂ ਹਨ

ਗਿਲਬਰਟ ਕਹਿੰਦੇ ਹਨ, "ਅਸੀਂ ਐਕਸ ਬਿਮਾਰੀ ਲਈ ਯੋਜਨਾ ਬਣਾ ਰਹੇ ਸੀ, ਅਸੀਂ ਐਕਸ ਬਿਮਾਰੀ ਦੀ ਉਡੀਕ ਕਰ ਰਹੇ ਸੀ ਅਤੇ ਮੈਂ ਸੋਚਿਆ ਇਹ ਉਹ ਹੋ ਸਕਦੀ ਹੈ।"

ਇਸ ਵੇਲੇ ਹਾਲੇ ਟੀਮ ਨੂੰ ਪਤਾ ਨਹੀਂ ਸੀ ਕਿ ਇਹ ਕੰਮ ਕਿੰਨਾਂ ਮਹੱਤਵਪੂਰਣ ਬਣ ਜਾਵੇਗਾ। ਇਹ ਇੱਕ ਤਜ਼ਰਬੇ ਵਜੋਂ ਸ਼ੁਰੂ ਹੋਇਆ ਕਿ ਉਹ ਕਿੰਨੀ ਤੇਜ਼ੀ ਕਰ ਸਕਦੇ ਹਨ ਅਤੇ ChAdOx1 ਤਕਨੀਕ ਦੇ ਪ੍ਰਦਰਸ਼ਨ ਵਜੋਂ।

ਗਿਲਬਰਟ ਨੇ ਕਿਹਾ, "ਮੈਂ ਸੋਚਿਆ ਸੀ ਇਹ ਮਹਿਜ਼ ਇੱਕ ਪ੍ਰੋਜੈਕਟ ਹੀ ਹੋ ਸਕਦਾ ਹੈ, ਅਸੀਂ ਵੈਕਸੀਨ ਬਣਾਵਾਂਗੇ ਅਤੇ ਵਾਇਰਸ ਬਾਹਰ ਆ ਜਾਵੇਗਾ। ਪਰ ਅਜਿਹਾ ਨਹੀਂ ਸੀ।"

ਕਿਸ ਤਰ੍ਹਾਂ ਵਾਇਰਸ ਬਾਰੇ ਪਤਾ ਲੱਗਾ

ਇਹ ਕਹਿਣਾ ਅਜੀਬ ਲੱਗਦਾ ਹੈ, ਤਕਰੀਬਨ ਗ਼ਲਤ, ਪਰ ਇਹ ਚੰਗਾ ਸੀ ਕਿ ਮਹਾਂਮਾਰੀ ਕੋਰੋਨਾਵਾਇਰਸ ਕਰਕੇ ਫ਼ੈਲੀ।

ਵਾਇਰਸਾਂ ਦੀ ਇਹ ਸ਼੍ਰੇਣੀ ਪਿਛਲੇ ਵੀਹ ਸਾਲਾਂ ਵਿੱਚ ਦੋ ਵਾਰ ਜਾਨਵਰਾਂ ਤੋਂ ਮਨੁੱਖਾਂ ਵਿੱਚ ਆਉਣ ਦੀ ਕੋਸ਼ਿਸ਼ ਕਰ ਚੁੱਕੀ ਹੈ, ਸਾਲ 2002 ਵਿੱਚ ਸਾਰਸ ਕੋਰੋਨਾਵਾਇਰਸ ਦੇ ਰੂਪ ਵਿੱਚ ਅਤੇ 2012 ਵਿੱਚ ਮਰਸ ਕੋਰੋਨਾਵਾਇਰਸ ਵਜੋਂ।

ਇਸ ਨੇ ਵਿਗਿਆਨੀਆਂ ਨੂੰ ਵਾਇਰਸ ਦੀ ਬਾਇਲੋਜੀ ਨੂੰ ਸਮਝਣ ਵਿੱਚ ਮਦਦ ਕੀਤੀ, ਇਹ ਕਿਸ ਤਰ੍ਹਾਂ ਵਿਵਹਾਰ ਕਰਦਾ ਹੈ ਇਸ ਦੀ ਕਮਜ਼ੋਰ ਨਸ-ਸਪਾਈਕ ਪ੍ਰੋਟੀਨ ਬਾਰੇ ਜਾਣਨ ਵਿੱਚ ਸਹਾਈ ਹੋਇਆ।

ਆਕਸਫੋਰਡ ਟੀਮ ਦੇ ਮੈਂਬਰ ਐਂਡਰੀਊ ਪੋਲਰਡ ਨੇ ਕਿਹਾ, "ਅਸੀਂ ਬਹੁਤ ਪਹਿਲਾਂ ਤੋਂ ਹੀ ਵੱਡੇ ਪੱਧਰ 'ਤੇ ਸ਼ੁਰੂ ਕਰ ਚੁੱਕੇ ਸੀ।"

ਕੋਰੋਨਾਵਾਇਰਸ
ਕੋਰੋਨਾਵਾਇਰਸ

ਸਪਾਈਕ ਪ੍ਰੋਟੀਨ ਉਹ ਜ਼ਰੀਆ ਹੈ ਜਿਸਦੀ ਵਰਤੋਂ ਜੀਵਾਣੂ ਸਾਡੇ ਸਰੀਰ ਦੇ ਸੈੱਲਾਂ ਵਿੱਚ ਦਾਖ਼ਲ ਹੋਣ ਲਈ ਕਰਦਾ ਹੈ।

ਜੇ ਕੋਈ ਟੀਕਾ ਇਮੀਊਨ ਸਿਸਟਮ ਨੂੰ ਇਸ ਵਾਧੇ ਤੋਂ ਬਚਾਅ ਲਈ ਤਿਆਰ ਕਰ ਦੇਵੇ ਤਾਂ ਟੀਮ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਨੇ ਮੁਸ਼ਕਲਾਂ ਦੇ ਬਾਵਜੂਦ ਜਿੱਤ ਹਾਸਿਲ ਕਰ ਲਈ ਹੈ।

ਉਨ੍ਹਾਂ ਨੇ ਮਰਸ ਲਈ ਪਹਿਲਾਂ ਹੀ ਇੱਕ ChAdOx1 ਤਿਆਰ ਕਰ ਲਈ ਹੈ, ਜਿਹੜੀ ਇਮੀਊਨ ਸਿਸਟਮ ਨੂੰ ਸਪਾਈਕ ਦਾ ਪਤਾ ਲਾਉਣ ਲਈ ਯੋਗ ਬਣਾ ਸਕਦੀ ਹੈ।

ਆਕਸਫੋਰਡ ਟੀਮ ਸ਼ੁਰੂ ਤੋਂ ਸ਼ੁਰੂਆਤ ਨਹੀਂ ਸੀ ਕਰ ਰਹੀ।

ਪੋਲਰਡ ਨੇ ਅੱਗੇ ਕਿਹਾ,"ਜੇ ਇਹ ਬਿਲਕੁਲ ਹੀ ਅਣਜਾਣ ਵਾਇਰਸ ਹੁੰਦਾ, ਤਾਂ ਅਸੀਂ ਬਿਲਕੁਲ ਵੱਖਰੀ ਸਥਿਤੀ ਵਿੱਚ ਹੁੰਦੇ।"

ਇਹ ਵੀ ਚੰਗੀ ਕਿਸਮਤ ਸੀ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ, ਇੰਨਫ਼ੈਕਸ਼ਨ ਥੋੜ੍ਹੇ ਸਮੇਂ ਲਈ ਹੁੰਦੀ ਹੈ।

ਇਸ ਦਾ ਮਤਲਬ ਹੈ ਸਰੀਰ ਵਾਇਰਸ ਨਾਲ ਲੜਨ ਦੀ ਤਾਕਤ ਰੱਖਦਾ ਹੈ ਅਤੇ ਇੱਕ ਟੀਕੇ ਦੀ ਲੋੜ ਮਹਿਜ਼ ਕੁਦਰਤੀ ਪ੍ਰਕਰਿਆ ਨੂੰ ਅੱਗੇ ਵਧਾਉਣ ਦੀ ਹੈ।

ਜੇ ਇਹ ਲੰਬੇ ਸਮੇਂ ਲਈ ਜਾਂ ਗੰਭੀਰ ਇੰਨਫ਼ੈਕਸ਼ਨ ਹੁੰਦੀ, ਜਿਸ ਨਾਲ ਸਰੀਰ ਲੜਨ ਦੇ ਅਸਮਰੱਥ ਹੁੰਦਾ ਜਿਵੇਂ ਕਿ ਐਚਆਈਵੀ ਤਾਂ ਇੱਕ ਟੀਕਾ ਸ਼ਾਇਦ ਹੀ ਕੰਮ ਕਰਦਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

11 ਜਨਵਰੀ ਨੂੰ ਚੀਨੀ ਵਿਗਿਆਨੀਆਂ ਨੇ ਕੋਰੋਨਾਵਾਇਰਸ ਦਾ ਪੂਰਾ ਜੈਨੇਟਿਕ ਕੋਡ ਪ੍ਰਕਾਸ਼ਿਤ ਕੀਤਾ ਅਤੇ ਦੁਨੀਆਂ ਨਾਲ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ।

ਟੀਮ ਕੋਲ ਹੁਣ ਉਹ ਸਾਰਾ ਕੁਝ ਸੀ, ਜੋ ਵੀ ਉਨ੍ਹਾਂ ਨੂੰ ਕੋਵਿਡ-19 ਦੀ ਵੈਕਸੀਨ ਬਣਾਉਣ ਲਈ ਚਾਹੀਦਾ ਸੀ।

ਉਨ੍ਹਾਂ ਨੇ ਸਿਰਫ਼ ਇੰਨਾਂ ਕਰਨਾ ਸੀ ਕਿ ਸਪਾਈਕ ਪ੍ਰੋਟੀਨ ਲਈ ਜੈਨੇਟਿਕ ਨਿਰਦੇਸ਼ਾਂ ਨੂੰ ChAdOx1 ਵਿੱਚ ਪਾਉਣਾ ਸੀ ਅਤੇ ਉਹ ਅੱਗੇ ਵੱਧਣ ਲਈ ਤਿਆਰ ਸਨ।

ਪੈਸੇ ਦੀ ਘਾਟ

ਵੈਕਸੀਨ ਬਣਾਉਣਾ ਬਹੁਤ ਹੀ ਮਹਿੰਗਾ ਹੈ। ਪ੍ਰੋਫ਼ੈਸਰ ਪੋਲਰਡ ਕਹਿੰਦੇ ਹਨ, "ਪਹਿਲਾ ਹਿੱਸਾ ਕਾਫ਼ੀ ਦਰਦ ਭਰਿਆ ਸੀ। ਅਜਿਹਾ ਸਮਾਂ ਸੀ ਜਦੋਂ ਸਾਡੇ ਕੋਲ ਬੈਂਕ ਵਿੱਚ ਪੈਸੇ ਨਹੀਂ ਸਨ।

ਉਨ੍ਹਾਂ ਕੋਲ ਯੂਨੀਵਰਸਿਟੀ ਵਲੋਂ ਦਿੱਤੇ ਗਏ ਕੁਝ ਫ਼ੰਡ ਸਨ, ਪਰ ਉਨ੍ਹਾਂ ਕੋਲ ਦੁਨੀਆਂ ਭਰ ਦੇ ਬਾਕੀ ਸਮੂਹਾਂ ਦੇ ਮੁਕਾਬਲੇ ਇੱਕ ਮਹੱਤਵਪੂਰਣ ਫ਼ਾਇਦਾ ਸੀ।

ਆਕਸਫੋਰਡ ਵਿੱਚ ਚਰਚਿਲ ਹਸਪਤਾਲ ਵਿਚਲੀ ਥਾਂ 'ਤੇ ਸਮੂਹ ਕੋਲ ਵੈਕਸੀਨ ਉਤਪਾਦ ਕਰਨ ਲਈ ਆਪਣਾ ਪਲਾਂਟ ਸੀ।

ਪ੍ਰੋਫ਼ੈਸਰ ਪੋਲਰਡ ਨੇ ਕਿਹਾ,"ਅਸੀਂ ਕਹਿ ਸਕਦੇ ਸੀ ਕਿ ਸਭ ਕੁਝ ਬੰਦ ਕਰੋ ਅਤੇ ਇਹ ਵੈਕਸੀਨ ਬਣਾਓ।"

ਇਹ ਅੱਗੇ ਵੱਧਣ ਲਈ ਕਾਫ਼ੀ ਸੀ, ਪਰ ਵੱਡੇ ਪੱਧਰ 'ਤੇ ਟਰਾਇਲ ਲਈ ਲੋੜੀਂਦੀਆਂ ਟੀਕੇ ਦੀਆਂ ਹਜ਼ਾਰਾਂ ਖ਼ੁਰਾਕਾਂ ਬਣਾਉਣ ਲਈ ਨਹੀਂ।

ਪ੍ਰੋਫ਼ੈਸਰ ਗਿਲਬਰਟ ਨੇ ਕਿਹਾ,"ਅਪ੍ਰੈਲ ਤੱਕ ਪੈਸੇ ਜੁਟਾਉਣ ਦਾ ਕੰਮ ਮੇਰੀ ਮੁੱਖ ਗਤੀਵਿਧੀ ਸੀ, ਬਸ ਲੋਕਾਂ ਨੂੰ ਇਸ ਲਈ ਹੁਣੇ ਪੈਸੇ ਦੇਣ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨਾ।"

ਪਰ ਜਿਵੇਂ ਹੀ ਮਹਾਂਮਾਰੀ ਨੇ ਦੁਨੀਆਂ 'ਤੇ ਆਪਣੀ ਪਕੜ ਮਜ਼ਬੂਤ ਬਣਾਈ ਅਤੇ ਇੱਕ ਤੋਂ ਬਾਅਦ ਦੂਸਰੇ ਦੇਸ ਨੇ ਲੌਕਡਾਊਨ ਲਾਉਣਾ ਸ਼ੁਰੂ ਕਰ ਦਿੱਤਾ, ਪੈਸਾ ਆਉਣ ਲੱਗ ਗਿਆ।

ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਤਪਾਦਨ ਦੇ ਹਰ ਇੱਕ ਪੱਧਰ 'ਤੇ ਉਨ੍ਹਾਂ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਸੀ ਕਿ ਵੈਕਸੀਨ ਕਿਸੇ ਵੀ ਤਰ੍ਹਾਂ ਦੇ ਵਾਇਰਸ ਜਾਂ ਬੈਕਟੀਰੀਆਂ ਤੋਂ ਦੂਸ਼ਿਤ ਨਹੀਂ ਹੋਈ ਹੈ

ਵੈਕਸੀਨ ਦੇ ਉਤਪਾਦਨ ਦਾ ਕੰਮ ਇਟਲੀ ਦੀ ਇੱਕ ਯੋਗ ਕੰਪਨੀ ਨੂੰ ਸੌਂਪ ਦਿੱਤਾ ਗਿਆ ਅਤੇ ਪੈਸੇ ਨੇ ਉਨਾਂ ਸਮੱਸਿਆਂਵਾਂ ਨੂੰ ਹੱਲ ਕਰਨ ਵਿੱਚ ਮਦਦ ਕੀਤੀ ਜਿਸ ਕਰਕੇ ਟਰਾਇਲ ਰੁਕ ਸਕਦੇ ਸਨ ਅਤੇ ਯੂਰਪ ਵਿੱਚ ਵਿਵਸਥਿਤ ਲੌਕਡਾਊਨ ਦੇ ਸੁਫ਼ਨੇ ਸਮੇਤ।

ਪ੍ਰੋਫ਼ੈਸਰ ਗਿਲਬਰਟ ਨੇ ਕਿਹਾ,"ਇੱਕ ਵੇਲੇ ਸਾਡੇ ਕੋਲ ਚਾਰਟਰ ਜਹਾਜ਼ ਸੀ, ਵੈਕਸੀਨ ਇਟਲੀ ਵਿੱਚ ਸੀ ਅਤੇ ਅਗਲੀ ਸਵੇਰ ਸਾਡੇ ਇਥੇ ਕਲੀਨੀਕਲ ਟਰਾਇਲ ਸਨ।"

ਅਸੁਭਾਵਿਕ ਪਰ ਮਹੱਤਵਪੂਰਣ ਜਾਂਚਾਂ

ਕਿਸੇ ਵੀ ਪ੍ਰੋਜੈਕਟ ਲਈ ਗੁਣਵੱਤਾਂ ਨਿਯਮਿਤ ਕਰਨਾ ਉਤੇਜਕ ਹਿੱਸਾ ਨਹੀਂ ਹੁੰਦਾ, ਪਰ ਖੋਜਕਾਰ ਬਿਨ੍ਹਾਂ ਇਹ ਯਕੀਨੀ ਬਣਾਇਆਂ ਕਿ ਵੈਕਸੀਨ ਲੋੜੀਂਦੇ ਉੱਚੇ ਮਾਪੰਦਡਾਂ ਨਾਲ ਤਿਆਰ ਕੀਤੀ ਗਈ ਹੈ, ਤੁਸੀਂ ਲੋਕਾਂ ਨੂੰ ਟੀਕਾ ਲਗਾਉਣ ਦਾ ਤਜ਼ਰਬਾ ਨਹੀਂ ਕਰ ਸਕਦੇ।

ਉਤਪਾਦਨ ਦੇ ਹਰ ਇੱਕ ਪੱਧਰ 'ਤੇ ਉਨ੍ਹਾਂ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਸੀ ਕਿ ਵੈਕਸੀਨ ਕਿਸੇ ਵੀ ਤਰ੍ਹਾਂ ਦੇ ਵਾਇਰਸ ਜਾਂ ਬੈਕਟੀਰੀਆਂ ਤੋਂ ਦੂਸ਼ਿਤ ਨਹੀਂ ਹੋਈ ਹੈ। ਬੀਤੇ ਸਮੇਂ ਵਿੱਚ ਇਹ ਇੱਕ ਲੰਬੀ ਪ੍ਰਕਿਰਿਆ ਰਹੀ ਹੈ।

"ਜੇ ਅਸੀਂ ਸਮੇਂ ਨੂੰ ਘੱਟ ਕਰਨ ਦੇ ਤਰੀਕਿਆਂ ਬਾਰੇ ਨਾ ਸੋਚਦੇ ਹੁੰਦੇ, ਤਾਂ ਸ਼ਾਇਦ ਸਾਡੇ ਕੋਲ ਮਾਰਚ ਤੱਕ ਟੀਕਾ ਤਿਆਰ ਹੁੰਦਾ ਪਰ ਜੂਨ ਤੱਕ ਟਰਾਇਲ ਸ਼ੁਰੂ ਨਹੀਂ ਸਨ ਹੋਣੇ।"

ਬਲਕਿ ਇੱਕ ਵਾਰ ਜਦੋਂ ਜਾਨਵਰਾਂ 'ਤੇ ਟਰਾਇਲ ਦੇ ਨਤੀਜਿਆਂ ਨੇ ਇਹ ਦੱਸ ਦਿੱਤਾ ਕਿ ਵੈਕਸੀਨ ਸੁਰੱਖਿਅਤ ਹੈ, ਖੋਜਕਾਰ 23 ਅਪ੍ਰੈਲ ਨੂੰ ਮਨੁੱਖਾਂ 'ਤੇ ਟਰਾਇਲ ਸ਼ੁਰੂ ਕਰਨ ਦੇ ਕਾਬਿਲ ਸਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਇੱਕ ਤੋਂ ਬਾਅਦ ਇੱਕ ਟਰਾਇਲ

ਉਸ ਤੋਂ ਬਾਅਦ ਤੋਂ ਆਕਸਫੋਰਡ ਵੈਕਸੀਨ ਹਰ ਉਸ ਟਰਾਇਲ ਦੀ ਹਰ ਉਸ ਸਟੇਜ ਤੋਂ ਨਿਕਲੀ ਜਿਸ ਤੋਂ ਆਮ ਵੈਕਸੀਨਾਂ ਨਿਕਲਦੀਆਂ ਹਨ।

ਕਲੀਨੀਕਲ ਟਰਾਇਲਾਂ ਦਾ ਇੱਕ ਪੈਟਰਨ ਹੈ:

  • ਪਹਿਲਾ ਫ਼ੇਜ਼ - ਇਹ ਦੇਖਣ ਲਈ ਕਿ ਵੈਕਸੀਨ ਸੁਰੱਖਿਅਤ ਹੈ ਇਸਨੂੰ ਥੋੜ੍ਹੇ ਲੋਕਾਂ 'ਤੇ ਟੈਸਟ ਕੀਤਾ ਗਿਆ।
  • ਦੂਸਰਾ ਫ਼ੇਜ਼ - ਹੋਰ ਲੋਕਾਂ 'ਤੇ ਸੁਰੱਖਿਆ ਟੈਸਟ ਅਤੇ ਇਹ ਦੇਖਣ ਲਈ ਕਿ ਕੀ ਟੀਕੇ ਤੋਂ ਲੋੜੀਂਦੇ ਪ੍ਰਤੀਕਰਮਾਂ ਦੇ ਸੰਕੇਤ ਮਿਲਦੇ ਹਨ।
  • ਤੀਸਰਾ ਫ਼ੇਜ਼ - ਵੱਡੇ ਪੱਧਰ 'ਤੇ ਟਰਾਇਲ, ਜਿਸ ਵਿੱਚ ਹਜ਼ਾਰਾਂ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਇਹ ਸਾਬਿਤ ਕਰਨ ਲਈ ਕਿ ਵੈਕਸੀਨ ਅਸਲ ਵਿੱਚ ਲੋਕਾਂ ਨੂੰ ਬਚਾਉਣ ਲਈ ਹੈ।

ਆਕਸਫੋਰਡ ਵੈਕਸੀਨ ਇੰਨਾਂ ਸਭ ਸਟੇਜ਼ਾਂ ਤੋਂ ਨਿਕਲੀ, ਜਿਸ ਵਿੱਚ ਤੀਸਰੇ ਫ਼ੇਜ਼ ਵਿੱਚ 30 ਹਜ਼ਾਰ ਵਲੰਟੀਅਰਾਂ ਦਾ ਹਿੱਸੇਦਾਰ ਹੋਣਾ ਵੀ ਸ਼ਾਮਿਲ ਹੈ, ਅਤੇ ਟੀਮ ਕੋਲ ਦੂਸਰੇ ਵੈਕਸੀਨ ਟਰਾਇਲਾਂ ਜਿੰਨਾ ਡਾਟਾ ਸੀ।

ਜੋ ਨਹੀਂ ਹੋਇਆ ਉਹ ਸੀ, ਹਰ ਇੱਕ ਫ਼ੇਜ਼ ਦਰਮਿਆਨ ਸਾਲਾਂ ਦਾ ਵਕਫ਼ਾ ਨਹੀਂ ਸੀ।

ਡਾਕਟਰ ਮਾਰਕ ਟੋਸ਼ਨਰ, ਜੋ ਕੈਂਬਰਿਜ ਵਿੱਚ ਕਈ ਥਾਂਵਾਂ 'ਤੇ ਹੋਣ ਵਾਲੇ ਟਰਾਇਲਾਂ ਦਾ ਹਿੱਸਾ ਸਨ ਕਹਿੰਦੇ ਹਨ, ਇਹ ਵਿਚਾਰ ਕਿ ਕਿਸੇ ਵੈਕਸੀਨ ਦੇ ਟਰਾਇਲ ਲਈ 10 ਸਾਲ ਲੱਗਦੇ ਹਨ ਗੁੰਮਰਾਹ ਕਰਨ ਵਾਲਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਬਹੁਤੀ ਵਾਰ, ਇਹ ਕੁਝ ਵੀ ਨਹੀਂ ਹੁੰਦਾ।"

ਕੋਰੋਨਾਵਾਇਰਸ

ਤਸਵੀਰ ਸਰੋਤ, Allan Carvalho/NurPhoto via Getty Images

ਤਸਵੀਰ ਕੈਪਸ਼ਨ, ਯੂਕੇ ਵਿੱਚ ਟੀਕਾ ਹਾਸਲ ਕਰਨ ਵਿੱਚ ਕੇਅਰ ਹੋਮਸ ਦੇ ਨਿਵਾਸੀ ਅਤੇ ਸਟਾਫ਼ ਮੋਹਰੀ ਰਹਿਣਗੇ

ਉਨ੍ਹਾਂ ਨੇ ਇਸ ਨੂੰ ਕਿਸੇ ਗ੍ਰਾਂਟ ਲਈ ਅਰਜ਼ੀ ਲਿਖਣ ਦੀ ਪ੍ਰਕਿਰਿਆ ਵਾਂਗ ਦਰਸਾਇਆ, ਜਿਸਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੋਵੇ।

ਉਸ ਨੂੰ ਦੁਬਾਰਾ ਲਿਖਣਾ, ਟਰਾਇਲਾਂ ਲਈ ਦੁਬਾਰਾ ਮੰਨਜ਼ੂਰੀ ਲੈਣਾ, ਉਦਪਾਦਕਾਂ ਨਾਲ ਗੱਲਬਾਤ ਕਰਕੇ ਮੁੱਲ ਭਾਅ ਤਹਿ ਕਰਨਾ ਅਤੇ ਲੋੜੀਂਦੇ ਲੋਕਾਂ ਦੀ ਹਿੱਸਾ ਲੈਣ ਲਈ ਚੋਣ ਕਰਨਾ।

ਇੱਕ ਪੜਾਅ ਤੋਂ ਦੂਸਰੇ ਤੱਕ ਜਾਣ ਨੂੰ ਇੱਕ ਸਾਲ ਦਾ ਸਮਾਂ ਲੱਗ ਸਕਦਾ ਹੈ।

ਡਾਕਟਰ ਟੋਸ਼ਨਰ ਕਹਿੰਦੇ ਹਨ,"ਪ੍ਰਕਿਰਿਆ ਲੰਬੀ ਹੈ, ਇਸ ਲਈ ਨਹੀਂ ਕਿ ਇਸ ਦੀ ਲੋੜ ਹੈ ਅਤੇ ਨਾਂ ਹੀ ਇਸ ਲਈ ਕਿ ਇਹ ਸੁਰੱਖਿਅਤ ਤਰੀਕਾ ਹੈ, ਪਰ ਅਸਲ ਦੁਨੀਆਂ ਕਰਕੇ।"

ਸੁਰੱਖਿਆ ਦੀ ਬਲੀ ਨਹੀਂ ਦਿੱਤੀ ਗਈ। ਬਲਕਿ ਟਰਾਇਲਾਂ ਨੂੰ ਹੋਣ ਦੇਣ ਲਈ ਵਿਗਿਆਨਕ ਦਬਾਅ, ਹਿੱਸਾ ਲੈਣ ਲਈ ਇਛੁੱਕ ਲੋਕਾਂ ਦੇ ਸਮੂਹ ਅਤੇ ਬਿਨ੍ਹਾਂ ਸ਼ੱਕ ਪੈਸਿਆਂ ਨੇ, ਦੇਰੀ ਹੋਣ ਦੇ ਬਹੁਤ ਸਾਰੇ ਕਾਰਨਾਂ ਨੂੰ ਪਾਸੇ ਕਰ ਦਿੱਤਾ।

ਇਸ ਦਾ ਅਰਥ ਇਹ ਨਹੀਂ ਕਿ ਭਵਿੱਖ ਵਿੱਚ ਸਮੱਸਿਆ ਨਹੀਂ ਆਵੇਗੀ, ਮੈਡੀਕਲ ਖੋਜਾਂ ਅਜਿਹੀਆਂ ਗਾਰੰਟੀਆਂ ਨਹੀਂ ਦੇ ਸਕਦੀਆਂ।

ਆਮ ਤੌਰ 'ਤੇ ਵੈਕਸੀਨ ਦੇ ਸਾਈਡ ਇਫ਼ੈਕਟ ਉਸੇ ਸਮੇਂ ਜਦੋਂ ਟੀਕਾਕਰਨ ਕੀਤਾ ਜਾਂਦਾ ਹੈ ਜਾਂ ਫ਼ਿਰ ਕੁਝ ਮਹੀਨੇ ਬਾਅਦ ਨਜ਼ਰ ਆਉਂਦੇ ਹਨ।

ਇਹ ਸੰਭਵ ਹੈ ਕਿ ਜਦੋਂ ਲੱਖਾਂ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਵੇ ਤਾਂ ਅਸਧਾਰਨ ਸਮੱਸਿਆਂਵਾਂ ਸਾਹਮਣੇ ਆਉਣ, ਪਰ ਇਹ ਹੁਣ ਤੱਕ ਵਿਕਸਿਤ ਕੀਤੇ ਗਏ ਸਾਰੇ ਟੀਕਿਆਂ ਦੇ ਮਾਮਲੇ ਵਿੱਚ ਸੱਚ ਹੈ।

ਅਗਲਾ ਚਰਣ ਵੀ ਤੇਜ਼ ਹੋਵੇਗਾ

ਵੈਕਸੀਨ ਦਾ ਉਤਪਾਦਨ ਕਰਨ ਅਤੇ ਇਸ ਨੂੰ ਰੈਗੂਲੈਟਰੀ ਮੰਨਜ਼ੂਰੀ ਦੇਣ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

ਆਕਸਫੋਰਡ ਵੈਕਸੀਨ, ਇੰਨੀ ਜਲਦੀ ਕਿਵੇਂ ਤਿਆਰ ਹੋਈ?

ਤਸਵੀਰ ਸਰੋਤ, John Cairns/University of Oxford

ਯੂਕੇ ਕੋਲ ਪਹਿਲਾਂ ਹੀ ਲਗਾਏ ਜਾਣ ਲਈ ਤਿਆਰ ਟੀਕੇ ਦੀਆਂ ਚਾਲੀ ਲੱਖ ਖ਼ੁਰਾਕਾਂ ਹਨ।

ਆਕਸਫੋਰਡ ਨੇ ਫਾਰਮਾ ਕੰਪਨੀ ਐਸਟਰਾ ਜੈਨੇਕਾ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਵੈਕਸੀਨ ਦਾ ਉਦਪਾਦਨ ਨਤੀਜੇ ਆਉਣ ਤੋਂ ਬਹੁਤ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਉਸ ਸਮੇਂ ਇਹ ਇੱਕ ਜੁਆ ਸੀ, ਪਰ ਇਸਨੇ ਵੱਡਾ ਸਮਾਂ ਬਚਾਇਆ।

ਰੈਗੂਲੇਟਰ ਜਿਹੜੇ ਆਮ ਤੌਰ 'ਤੇ ਟਰਾਇਲ ਖ਼ਤਮ ਹੋਣ ਦੀ ਉਡੀਕ ਕਰਦੇ ਹਨ, ਨੂੰ ਵੀ ਜਲਦੀ ਸ਼ਾਮਿਲ ਕੀਤਾ ਗਿਆ।

ਦਵਾਈਆਂ ਅਤੇ ਸਿਹਤ ਸੰਭਾਲ ਸੰਬੰਧੀ ਯੂਕੇ ਦੀ ਰੈਕੂਲੇਟਰੀ ਏਜੰਸੀ ਆਕਸਫੋਰਡ ਵੈਕਸੀਨ ਦੀ ਸੁਰੱਖਿਆ, ਉਦਪਾਦਨ ਦੀ ਗੁਣਵੱਤਾ ਅਤੇ ਪ੍ਰਭਾਵ ਸੰਬੰਧੀ ਲਗਾਤਾਰ ਮੁਲਾਂਕਣ ਕਰ ਰਹੀ ਹੈ।

ਇਸਦਾ ਮਤਲਬ ਹੈ ਇਹ ਫੈਸਲਾ ਜਲਦੀ ਆਏਗਾ ਕਿ ਕੀ ਵੈਕਸੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਆਕਸਫੋਰਡ ਵੈਕਸੀਨ ਵੀ ਫਾਈਜ਼ਰ ਅਤੇ ਮੌਡਰਨਾ ਦੀ ਤਰ੍ਹਾਂ ਰਿਕਾਰਡ ਸਮੇਂ ਵਿੱਚ ਆਈ ਹੈ, ਜਿਸਦੀ ਦੁਨੀਆਂ ਨੂੰ ਬਹੁਤ ਲੋੜ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)