BBC 100 Women 2020: ਮੋਦੀ ਰਾਜ 'ਚ ਵਿਰੋਧ ਦਾ ਚਿਹਰਾ ਬਿਲਕੀਸ ਬਾਨੋ : 'ਘਰੋਂ ਨਿਕਲੇ ਬਿਨਾਂ ਅਵਾਜ਼ ਬੁਲੰਦ ਨਹੀਂ ਹੋਣੀ'

ਬੀਬੀਸੀ ਫਿਰ ਤੋਂ 100 ਵੂਮੈੱਨ ਦੀ ਇਸ ਸਾਲ ਦੀ ਸੀਰੀਜ਼ ਲੈ ਕੇ ਆਇਆ ਹੈ, ਆਓ ਦੇਖਦੇ ਹਾਂ ਇਸ 'ਚ ਭਾਰਤ, ਪਾਕਿਸਤਾਨ ਦੀਆਂ ਕਿੰਨ੍ਹਾਂ ਔਰਤਾਂ ਨੇ ਥਾਂ ਹਾਸਲ ਕੀਤੀ ਹੈ
ਇਨ੍ਹਾਂ ਵਿਚ ਸ਼ਾਹੀਨ ਬਾਗ ਦੇ ਸੀਏੇਏ ਵਿਰੋਧੀ ਮੁਜਾਹਰੇ ਦੀ ਅਗਵਾਈ ਕਰਨ ਵਾਲੀ ਬਿਲਕੀਸ ਬਾਨੋ, ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ, ਤਮਿਲਨਾਡੂ ਦੀ ਗਾਣਾ ਗਾਇਕਾ ਈਵੈਸਨੀ, ਅਫ਼ਗਾਨਿਸਤਾਨ ਵਿਚ ਜਨਮ ਸਰਟੀਫਿਕੇਟ ਉੱਤੇ ਕੁੜੀਂ ਨਾਂ ਲਿਖਣ ਦੀ ਲੜਾਈ ਲੜਨ ਵਾਲੀ ਲਾਹੇਹ ਉਸਮਾਨੀ ਸਣੇ ਭਾਰਤ, ਪਾਕਿਤਸਤਾਨ ਅਤੇ ਅਫ਼ਗਾਨਿਸਤਾਨ ਦੀਆਂ 7 ਬੀਬੀਆਂ ਸ਼ਾਮਲ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ-
ਆਓ ਜਾਣਦੇ ਹਾਂ ਇਨ੍ਹਾਂ 7 ਬੀਬੀਆਂ ਦੇ ਸਮਾਜਿਕ ਹੱਦਾ ਬੰਨ੍ਹਿਆਂ ਨੂੰ ਤੋੜਨ ਵਾਲੀਆਂ ਹੌਸਲਾ ਵਧਾਊ ਕਹਾਣੀਆਂ।
ਬਿਲਕੀਸ ਬਾਨੋ, ਮੁਜ਼ਾਹਰਾਕਾਰੀ ਆਗੂ (ਭਾਰਤ)
82 ਸਾਲ ਦੀ ਬਿਲਕੀਸ ਉਨ੍ਹਾਂ ਔਰਤਾਂ ਦੇ ਸਮੂਹ ਦਾ ਹਿੱਸਾ ਸੀ ਜਿਨ੍ਹਾਂ ਨੇ ਵਿਵਾਦਪੂਰਨ ਨਾਗਰਿਕਤਾ ਕਾਨੂੰਨ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ।
ਉਹ ਰਾਜਧਾਨੀ ਦੇ ਮੁਸਲਿਮ ਇਲਾਕੇ ਸ਼ਾਹੀਨ ਬਾਗ਼, ਜਿੱਥੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ, ਉੱਥੇ ਲੰਬੇ ਸਮੇਂ ਤੋਂ ਚੱਲ ਰਹੇ ਵਿਰੋਧ ਦਾ ਚਿਹਰਾ ਬਣ ਗਈ। ਭਾਰਤੀ ਪੱਤਰਕਾਰ ਅਤੇ ਲੇਖਕ ਰਾਣਾ ਅਯੂਬ ਨੇ ਉਸ ਨੂੰ 'ਹਾਸ਼ੀਆਗਤਾਂ ਦੀ ਆਵਾਜ਼' ਦੱਸਿਆ।

ਉਹ ਕਹਿੰਦੇ ਹਨ, "ਔਰਤਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਸ਼ਕਤੀਸ਼ਾਲੀ ਮਹਿਸੂਸ ਕਰਨਾ ਚਾਹੀਦਾ ਹੈ, ਖ਼ਾਸਕਰ ਅਨਿਆਂ ਦੇ ਵਿਰੁੱਧ। ਜੇ ਉਹ ਆਪਣੇ ਘਰ ਨਹੀਂ ਛੱਡਦੀਆਂ, ਤਾਂ ਉਹ ਆਪਣੀ ਤਾਕਤ ਕਿਵੇਂ ਪ੍ਰਦਰਸ਼ਿਤ ਕਰਨਗੀਆਂ?"
ਮਾਹਿਰਾ ਖ਼ਾਨ, ਅਦਾਕਾਰਾ (ਪਾਕਿਸਤਾਨ)
ਮਾਹਿਰਾ ਖ਼ਾਨ ਕੋਈ ਆਮ ਬਾਲੀਵੁੱਡ ਸਟਾਰ ਨਹੀਂ ਹੈ - ਉਹ ਜਿਨਸੀ ਹਿੰਸਾ ਦੇ ਵਿਰੁੱਧ ਬੋਲਦੀ ਹੈ, ਚਮੜੀ ਨੂੰ ਗੋਰਾ ਕਰਨ ਵਾਲੀਆਂ ਕਰੀਮਾਂ ਦਾ ਪ੍ਰਚਾਰ ਕਰਨ ਤੋਂ ਇਨਕਾਰ ਕਰਦੀ ਹੈ ਅਤੇ ਨਸਲਵਾਦ ਵਿਰੁੱਧ ਲੜਾਈ ਦਾ ਸਮਰਥਨ ਕਰਦੀ ਹੈ।
ਉਹ ਬਾਲੀਵੁੱਡ ਫਿਲਮਾਂ ਅਤੇ ਟੀਵੀ 'ਤੇ ਬਿਰਤਾਂਤ ਬਦਲ ਕੇ ਆਪਣੇ ਜੱਦੀ ਦੇਸ਼ ਪਾਕਿਸਤਾਨ ਵਿੱਚ ਸਮਾਜਿਕ ਮੁੱਦਿਆਂ ਨਾਲ ਨਜਿੱਠਣਾ ਚਾਹੁੰਦੀ ਹੈ।
ਮਾਹਿਰਾ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਲਈ ਰਾਸ਼ਟਰੀ ਸਦਭਾਵਨਾ ਰਾਜਦੂਤ ਹੈ, ਜਿਸ ਨੇ ਪਾਕਿਸਤਾਨ ਵਿੱਚ ਅਫਗਾਨ ਸ਼ਰਨਾਰਥੀਆਂ ਦੀ ਦੁਰਦਸ਼ਾ ਬਾਰੇ ਜਾਗਰੂਕ ਕੀਤਾ।

ਤਸਵੀਰ ਸਰੋਤ, Mahira Khan/Twitter
2006 ਤੋਂ ਐੱਮਟੀਵੀ ਵੀਜੇ ਵਜੋਂ ਸ਼ੁਰੂਆਤ ਕਰਨ ਤੋਂ ਬਾਅਦ ਤੋਂ ਹੀ ਉਹ ਦਰਸ਼ਕਾਂ ਦੀ ਮਨਪਸੰਦ ਰਹੀ ਹੈ। ਮਾਹਿਰਾ ਆਪਣੇ 11 ਸਾਲ ਦੇ ਬੇਟੇ ਦੀ ਇੱਕ ਸਮਰਪਿਤ ਮਾਂ ਵੀ ਹੈ।
ਉਹ ਕਹਿੰਦੇ ਹਨ, "ਤਬਦੀਲੀਆਂ ਨੂੰ ਉਤਸ਼ਾਹਤ ਕਰਨ ਵਾਲੇ ਕਾਰਨਾਂ ਅਤੇ ਮੁੱਦਿਆਂ ਬਾਰੇ ਗੱਲ ਕਰੋ।"
ਈਸੈਵਾਨੀ, ਸੰਗੀਤਕਾਰ (ਭਾਰਤ)
ਇਸੈਵਾਨੀ ਦਾ ਦਾਅਵਾ ਹੈ ਕਿ ਉਹ ਭਾਰਤ ਦੀ ਇਕਲੌਤੀ ਮਸ਼ਹੂਰ 'ਗਾਣਾ' ਗਾਇਕਾ ਹੈ। ਸੰਗੀਤ ਦੀ ਇਹ ਵਿਧਾ ਤਾਮਿਲਨਾਇਡੂ ਦੀ ਰਾਜਧਾਨੀ ਚੇਨੱਈ ਦੇ ਉੱਤਰੀ ਸ਼ਹਿਰ ਦੇ ਗੁਆਂਢੀ ਇਲਾਕੇ ਦੀ ਸਥਾਨਕ ਵਿਧਾ ਹੈ।
ਇਸ ਨੂੰ ਮਰਦ ਹੀ ਗਾਉਂਦੇ ਸਨ ਪਰ ਇਸੈਵਾਨੀ ਨੇ ਮਰਦ ਪ੍ਰਧਾਨ ਇਸ ਵਿਧਾ ਵਿੱਚ ਗਾਉਂਦਿਆਂ ਕਈ ਸਾਲ ਬੀਤਾਏ ਹਨ।
ਮਸ਼ਹੂਰ ਮਰਦ ਗਾਇਕਾਂ ਨਾਲ ਸਟੇਜ ਸਾਂਝਾ ਕਰਨਾ ਅਤੇ ਆਪਣੀ ਪ੍ਰਫੋਰਮੈਂਸ ਦੇਣਾ ਆਪਣੇ ਆਪ ਵਿੱਚ ਪ੍ਰਾਪਤੀ ਹੈ।

ਈਸੈਵਾਨੀ ਨੇ ਦਹਾਕਿਆਂ ਪੁਰਾਣੀ ਇਸ ਰਵਾਇਤ ਨੂੰ ਕਾਮਯਾਬੀ ਨਾਲ ਤੋੜ੍ਹਿਆ। ਉਸ ਦੀ ਇਸ ਹਿੰਮਤ ਨੇ ਹੋਰ ਔਰਤ ਗਾਇਕਾਵਾਂ ਨੂੰ ਵੀ ਅੱਗੇ ਆਉਣ ਅਤੇ ਆਪਣੀ ਕਲਾਂ ਦੇ ਪ੍ਰਗਟਾਵੇ ਦਾ ਮੌਕਾ ਦਿੱਤਾ।
ਉਹ ਕਹਿੰਦੇ ਹਨ, "ਦੁਨੀਆਂ 2020 ਵਿੱਚ ਬਹੁਤ ਬਦਲੀ ਪਰ ਔਰਤਾਂ ਲਈ ਦੁਨੀਆਂ ਹਰ ਦਿਨ ਬਦਲ ਰਹੀ ਹੈ, ਔਰਤਾਂ ਨੇ ਚੁਣੌਤੀਆਂ ਅਤੇ ਆਪਣੀਆਂ ਦਿਸ਼ਾਵਾਂ ਨੂੰ ਬਦਲਿਆ। ਇਹ ਪ੍ਰਕ੍ਰਿਆ ਆਉਣ ਵਾਲੀਆਂ ਪੀੜ੍ਹੀਆਂ ਤੱਕ ਲਗਾਤਾਰ ਜਾਰੀ ਰਹੇਗੀ।"
ਮਾਨਸੀ ਜੋਸ਼ੀ, ਅਥਲੀਟ (ਭਾਰਤ)
ਮਾਨਸੀ, ਇੱਕ ਭਾਰਤੀ ਪੈਰਾ-ਐਥਲੀਟ ਤੇ ਮੌਜੂਦਾ ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨ ਹੈ।
ਜੂਨ 2020 ਵਿਚ, ਬੈਡਮਿੰਟਨ ਵਰਲਡ ਫ਼ੈਡਰੇਸ਼ਨ ਨੇ ਉਸ ਨੂੰ ਐਸਐਲ 3 ਸਿੰਗਲਜ਼ ਵਿਚ ਦੁਨੀਆਂ ਦਾ ਨੰਬਰ ਦੋ ਸਥਾਨ ਦਿੱਤਾ ਸੀ। ਮਾਨਸੀ ਇਕ ਇੰਜੀਨੀਅਰ ਅਤੇ ਨਵੀਆਂ ਲੀਹਾਂ ਪਾਉਣ ਵਾਲੀ ਵੀ ਹੈ।

ਤਸਵੀਰ ਸਰੋਤ, facebook/mansi
ਉਹ ਭਾਰਤ ਦੇ ਅਪਾਹਜਪੁਣੇ ਅਤੇ ਪੈਰਾ-ਖੇਡਾਂ ਨੂੰ ਦੇਖੇ ਜਾਣ ਦੇ ਨਜ਼ਰੀਏ ਨੂੰ ਬਦਲਣ ਦੀ ਇੱਛਾ ਰੱਖਦੀ ਹੈ।
ਹਾਲ ਹੀ ਵਿੱਚ ਟਾਈਮ ਮੈਗਜ਼ੀਨ ਦੁਆਰਾ ਉਸ ਨੂੰ ਨੈਕਸਟ ਜਨਰੇਸ਼ਨ ਲੀਡਰ ਵਜੋਂ ਸੂਚੀਬੱਧ ਕੀਤਾ ਗਿਆ ਸੀ, ਅਤੇ ਭਾਰਤ ਵਿੱਚ ਅਪਾਹਜ ਲੋਕਾਂ ਦੇ ਅਧਿਕਾਰਾਂ ਦੀ ਹਮਾਇਤੀ ਵਜੋਂ ਮੈਗਜ਼ੀਨ ਦੇ ਏਸ਼ੀਆ ਐਡੀਸ਼ਨ ਦੇ ਕਵਰ ਉੱਤੇ ਛਪਿਆ ਸੀ।
ਉਹ ਕਹਿੰਦੇ ਹਨ, "ਇਹ ਸਾਲ ਔਰਤਾਂ ਲਈ ਬਹੁਤ ਪੱਖਾਂ ਤੋਂ ਚੁਣੌਤੀ ਭਰਿਆ ਰਿਹਾ ਹੈ। ਮੁਸ਼ਕਲ ਸਮੇਂ ਨੂੰ ਆਪਣਾ ਚੰਗਾਪਣ ਨਾ ਲੈ ਜਾਣ ਦਿਓ: ਹਰ ਸੰਭਾਵਨਾ ਨੂੰ ਉਜਾਗਰ ਕਰਦੇ ਰਹੋ। ਆਪਣੇ ਆਪ ਨੂੰ ਹਰ ਰੋਜ਼ ਕੁਝ ਸਮਾਂ ਦਿਓ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਾਨੀਆ ਨਿਸ਼ਤਾਰ, ਗ਼ਲੋਬਲ ਸਿਹਤ ਆਗੂ (ਪਾਕਿਸਤਾਨ)
ਡਾਕਟਰ ਸਾਨੀਆ ਨਿਸ਼ਤਾਰ ਇੱਕ ਵਿਸ਼ਵਵਿਆਪੀ ਸਿਹਤ ਅਤੇ ਟਿਕਾਊ ਤਰੱਕੀ ਦੀ ਆਗਵਾਈ ਕਰਦੀ ਹੈ। ਸਾਲ 2018 ਤੋਂ, ਉਹ ਬਦਲਾਅ ਲਈ 'ਅਹਿਸਾਸ ਪਾਵਰਟੀ ਐਲੀਵੀਏਸ਼ਨ ਪ੍ਰੋਗਰਾਮ' ਦੀ ਅਗਵਾਈ ਕਰ ਰਹੀ ਹੈ, ਜਿਸ ਨੇ ਮੋਬਾਈਲ ਬੈਂਕਿੰਗ ਅਤੇ ਸੇਵਿੰਗ ਅਕਾਉਂਟ, ਅਤੇ ਹੋਰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਲੱਖਾਂ ਪਾਕਿਸਤਾਨੀਆਂ ਦੀ ਰੋਜ਼ੀ-ਰੋਟੀ ਵਿੱਚ ਸੁਧਾਰ ਲਿਆਂਦਾ ਹੈ।
ਗਰੀਬੀ ਹਟਾਓ ਅਤੇ ਸਮਾਜਿਕ ਸੁਰੱਖਿਆ ਦੇ ਮੁੱਦਿਆਂ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸਹਾਇਕ ਹੋਣ ਦੇ ਨਾਤੇ ਸਾਨੀਆ ਨੇ ਪਾਕਿਸਤਾਨ ਵਿਚ ਇਕ ਭਲਾਈ ਰਾਜ ਦੇ ਵਿਕਾਸ ਲਈ ਲੋੜੀਂਦੇ ਪਹਿਲੇ ਕਦਮ ਚੁੱਕਦਿਆਂ ਲੋਕਾਂ ਦੇ ਸਸ਼ਕਤੀਕਰਨ ਵਿੱਚ ਮਦਦ ਕੀਤੀ ਹੈ।

ਉਹ ਕਹਿੰਦੇ ਹਨ, "ਕੋਵਿਡ -19 ਦੇ ਨਾਟਕੀ ਪ੍ਰਭਾਵ ਸਾਨੂੰ ਪੀੜ੍ਹੀਆਂ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਦਿੱਤਾ ਹੈ, ਜਿਸ ਦੌਰਾਨ ਅਸੀਂ ਚੰਗੀ ਦੁਨੀਆਂ ਦਾ ਨਿਰਮਾਣ ਕਰਨ, ਗ਼ਰੀਬੀ ਹਟਾਉਣ, ਅਸਮਾਨਤਾ ਅਤੇ ਜਲਵਾਯੂ ਸੰਕਟ ਵਰਗੇ ਮਸਲਿਆਂ 'ਤੇ ਕੰਮ ਕਰ ਸਕਦੇ ਹਾਂ। ਇਸ ਵਿੱਚ ਔਰਤਾਂ ਨੂੰ ਬਰਾਬਰ, ਸ਼ਕਤੀਸ਼ਾਲੀ ਹਿੱਸੇਦਾਰ ਹੋਣਾ ਚਾਹੀਦਾ ਹੈ।"
ਲਾਲੇਹ ਉਸਮਾਨੀ, ਕਾਰਕੁਨ (ਅਫ਼ਗਾਨਿਸਤਾਨ)
ਅਫ਼ਗਾਨਿਸਤਾਨ ਵਿਚ, ਜਨਤਕ ਤੌਰ 'ਤੇ ਇੱਕ ਔਰਤ ਦਾ ਨਾਮ ਵਰਤਣ ਨੂੰ ਬੁਰਾ ਮੰਨਿਆ ਜਾਂਦਾ ਹੈ।
ਜਨਮ ਸਰਟੀਫਿਕੇਟ 'ਤੇ ਸਿਰਫ਼ ਪਿਤਾ ਦਾ ਨਾਮ ਦਰਜ ਹੋਣਾ ਚਾਹੀਦਾ ਹੈ। ਜਦੋਂ ਇੱਕ ਔਰਤ ਦਾ ਵਿਆਹ ਹੁੰਦਾ ਹੈ ਤਾਂ ਉਸ ਦੇ ਵਿਆਹ ਦੇ ਸੱਦਾ ਪੱਤਰ 'ਤੇ ਉਸ ਦਾ ਨਾਮ ਨਹੀਂ ਲਿਖਿਆ ਜਾਂਦਾ।
ਜਦੋਂ ਉਹ ਬੀਮਾਰ ਹੁੰਦੀ ਹੈ, ਤਾਂ ਉਸ ਦਾ ਨਾਮ ਡਾਕਟਰੀ ਪਰਚੀ 'ਤੇ ਵੀ ਨਹੀਂ ਆਉਂਦਾ, ਅਤੇ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦਾ ਨਾਮ ਉਸ ਦੇ ਮੌਤ ਸਰਟੀਫ਼ੀਕੇਟ ਜਾਂ ਇੱਥੋਂ ਤੱਕ ਕਿ ਉਸ ਦੇ ਮੁੱਖ ਪੱਤਰ 'ਤੇ ਵੀ ਨਹੀਂ ਹੁੰਦਾ।

ਔਰਤਾਂ ਨੂੰ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਿਆਂ ਰੱਖਣ ਤੋ ਤੰਗ ਆਕੇ, ਕਾਰਕੁਨ ਲਾਲੇਹ ਉਸਮਾਨੀ ਨੇ 'ਵੇਅਰ ਇਜ਼ ਮਾਈ ਨੇਮ' ਨਾਮ ਦੀ ਮੁਹਿੰਮ ਚਲਾਈ।
ਤਿੰਨ ਸਾਲਾਂ ਦੀ ਲੜਾਈ ਤੋਂ ਬਾਅਦ, 2020 ਵਿਚ ਅਫ਼ਗਾਨਿਸਤਾਨ ਸਰਕਾਰ ਰਾਸ਼ਟਰੀ ਆਈਡੀ ਕਾਰਡਾਂ ਅਤੇ ਬੱਚਿਆਂ ਦੇ ਜਨਮ ਸਰਟੀਫਿਕੇਟਾਂ 'ਤੇ ਔਰਤਾਂ ਦੇ ਨਾਮ ਦਰਜ ਕਰਨ ਲਈ ਸਹਿਮਤ ਹੋ ਗਈ।
ਉਹ ਕਹਿੰਦੇ ਹਨ, "ਹਰ ਕਿਸੇ ਦੀ ਕੁਝ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੁਨੀਆਂ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਦੀ ਬਣਦੀ ਕੋਸ਼ਿਸ਼ ਕਰੇ। ਬਦਲਾਅ ਮੁਸ਼ਕਲ ਹੈ, ਪਰ ਅਸੰਭਵ ਨਹੀਂ। ਤੁਸੀਂ ਇਸ ਨੂੰ ਉਨ੍ਹਾਂ ਔਰਤਾਂ ਵਿਚ ਦੇਖੋ ਜਿਹੜੀਆਂ ਅਫ਼ਗਾਨਿਸਤਾਨ ਵਰਗੇ ਰਵਾਇਤੀ ਦੇਸ ਵਿਚ ਆਪਣੀ ਪਛਾਣ ਲਈ ਲੜੀਆਂ ਹਨ।"
ਰੀਧਿਮਾ ਪਾਂਡੇ, ਜਲਵਾਯੂ ਕਾਰਕੁਨ (ਭਾਰਤ)
ਰੀਧਿਮਾ ਪਾਂਡੇ ਇਕ ਜਲਵਾਯੂ ਕਾਰਕੁਨ ਹਨ, ਜਿਨ੍ਹਾਂ ਨੇ 9 ਸਾਲ ਦੀ ਉਮਰ ਵਿਚ, ਮੌਸਮ ਵਿਚ ਤਬਦੀਲੀ ਨੂੰ ਘੱਟ ਕਰਨ ਵਿਚ ਨਾਕਾਮਯਾਬੀ ਦੇ ਖ਼ਿਲਾਫ਼ ਭਾਰਤ ਸਰਕਾਰ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।
2019 ਵਿਚ, 15 ਹੋਰ ਬਾਲ ਪਟੀਸ਼ਨਰਾਂ ਦੇ ਨਾਲ, ਰੀਧਿਮਾ ਨੇ ਸੰਯੁਕਤ ਰਾਸ਼ਟਰ ਵਿਚ ਪੰਜ ਦੇਸ਼ਾਂ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ।

ਰੀਧਿਮਾ ਇਸ ਸਮੇਂ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲੈ ਰਹੀ ਹੈ ਅਤੇ ਦੂਜੇ ਵਿਦਿਆਰਥੀਆਂ ਦੀ ਹਰ ਪੱਧਰ 'ਤੇ ਆਪਣੇ ਭਵਿੱਖ ਅਤੇ ਵਿਸ਼ਵ ਦੀ ਬਾਇਓਡੀਵਰਸਿਟੀ ਲਈ ਲੜਨ ਲਈ ਸਸ਼ਕਤੀਕਰਨ ਵਿੱਚ ਸਹਾਇਤਾ ਕਰ ਰਹੀ ਹੈ।
ਰੀਧਿਮਾ ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ।
ਉਹ ਕਹਿੰਦੇ ਹਨ, "ਹੁਣ ਸਾਡੇ ਲਈ ਮਜ਼ਬੂਤ ਹੋਣ ਅਤੇ ਏਕਤਾ ਬਣਾਈ ਰੱਖਣ ਦਾ ਸਮਾਂ ਆ ਗਿਆ ਹੈ, ਅਤੇ ਇਹ ਸਾਬਤ ਕਰਨ ਦਾ ਕਿ ਅਸੀਂ ਮੁਸ਼ਕਲ ਸਮਿਆਂ ਵਿੱਚ ਕਿੰਨੇ ਕਾਬਲ ਹੋ ਸਕਦੇ ਹਾਂ। ਜੇ ਇੱਕ ਔਰਤ ਕੁਝ ਪ੍ਰਾਪਤ ਕਰਨ ਲਈ ਦ੍ਰਿੜ ਹੈ, ਤਾਂ ਕੋਈ ਵੀ ਉਸ ਨੂੰ ਰੋਕ ਨਹੀਂ ਸਕਦਾ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












