ਕੋਰੋਨਾਵਾਇਰਸ: ਕੌਣ-ਕੌਣ ਲੱਭ ਰਿਹਾ ਹੈ ਇਲਾਜ ਅਤੇ ਗੱਲ ਕਿੱਥੇ ਪਹੁੰਚੀ ਹੈ?

ਤਸਵੀਰ ਸਰੋਤ, Getty Images
- ਲੇਖਕ, ਜੇਮਜ਼ ਗੈਲਾਘਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
ਕੋਵਿਡ-19 ਦੇ ਵੈਕਸੀਨ ਦੇ ਨਾਲ ਨਾਲ, ਕੁਝ ਡੱਰਗਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਕੋਰੋਨਾਵਾਇਰਸ ਦੇ ਇਲਾਜ ਲਈ ਇਸਤੇਮਾਲ ਕੀਤੇ ਜਾ ਸਕਣ।
ਯੂਕੇ ਦੀ ਸਰਕਾਰ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਘਰ 'ਚ ਹੀ ਐਂਟੀਵਾਇਰਲ ਇਲਾਜ ਕਰਨ ਲਈ ਨਵੀਂ ਟਾਸਕਫੋਰਸ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਇਸ ਸਾਲ ਉਨ੍ਹਾਂ ਦਾ ਟੀਚਾ ਘੱਟੋ-ਘੱਟ ਦਵਾਈ ਦੇ ਰੂਪ 'ਚ ਦੋ ਅਜਿਹੇ ਇਲਾਜਾਂ ਦੀ ਕਾਢ ਕੱਢਣਾ ਹੈ ਜੋ ਕੋਰੋਨਾਵਾਇਰਸ ਦੇ ਸ਼ੁਰੂਆਤੀ ਲੱਛਣਾਂ ਦੌਰਾਨ ਹੀ ਮਰੀਜ਼ਾਂ ਦੀ ਘਰ ਰਹਿੰਦਿਆਂ ਹੀ ਮਦਦ ਕਰ ਸਕਣ।
ਇਹ ਵੀ ਪੜ੍ਹੋ:
ਕੋਰੋਨਾ ਵੈਕਸੀਨ ਤੋਂ ਇਲਾਵਾ ਕਈ ਅਜਿਹੀਆਂ ਦਵਾਈਆਂ ਹਨ ਜਿੰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂਕਿ ਕੋਰੋਨਾ ਮਰੀਜ਼ਾਂ ਦੀ ਮਦਦ ਹੋ ਸਕੇ।
ਜ਼ਿਆਦਾਤਰ ਦਵਾਈਆਂ ਉਹ ਹਨ ਜੋ ਪਹਿਲਾਂ ਹੀ ਮੌਜੂਦ ਹਨ ਅਤੇ ਉਨ੍ਹਾਂ ਦਾ ਕੋਰੋਨਾਵਾਇਰਸ ਦੇ ਇਲਾਜ ਲਈ ਟ੍ਰਾਇਲ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀ ਕੀਤਾ ਜਾ ਰਿਹਾ ਹੈ?
- ਯੂਕੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕਲੀਨਿਕਲ ਟ੍ਰਾਇਲ ਚੱਲ ਰਿਹਾ ਹੈ। ਉਸ ਦਾ ਨਾਂਅ ‘ਰਿਕਵਰੀ ਟ੍ਰਾਇਲ’ ਹੈ ਜਿਸ ਵਿੱਚ ਦੁਨੀਆ ਭਰ ’ਚੋਂ 12,000 ਤੋਂ ਵੱਧ ਮਰੀਜ਼ ਹਿੱਸਾ ਲੈ ਰਹੇ ਹਨ। ਇਹ ਉਨ੍ਹਾਂ ਬਹੁਤ ਹੀ ਘੱਟ ਟ੍ਰਾਇਲਾਂ ਵਿੱਚੋਂ ਹੈ ਜਿਸ ਵਿੱਚ ਇਸ ਬਾਰੇ ਸਪੱਸ਼ਟਤਾ ਹੈ ਕਿ ਕਿਹੜੀ ਦਵਾਈ ਕੰਮ ਕਰੇਗੀ ਤੇ ਕਿਹੜੀ ਨਹੀਂ।
- ਵਿਸ਼ਵ ਸਿਹਤ ਸੰਗਠਨ ਨੇ ਸੌਲਿਡੈਰਿਟੀ ਟ੍ਰਾਇਲ ਦੀ ਸ਼ੁਰੂਆਤ ਕੀਤੀ ਹੈ ਇਹ ਪਤਾ ਲਗਾਉਣ ਲਈ ਕਿ ਸਭ ਤੋਂ ਬਿਹਤਰ ਇਲਾਜ ਕਿਹੜਾ ਹੈ।
- ਕਈ ਫਾਰਮਾਸੁਟੀਕਲ ਕੰਪਨੀਆਂ ਮੌਜੂਦਾ ਡਰੱਗਸ ਨੂੰ ਲੈ ਕੇ ਟ੍ਰਾਇਲ ਕਰ ਰਹੀਆਂ ਹਨ।
ਕਿਸ ਤਰ੍ਹਾਂ ਦੀਆਂ ਦਵਾਈਆਂ ਅਸਰਦਾਰ ਹੋ ਸਕਦੀਆਂ ਹਨ?
ਇਸ ਦੇ ਲਈ ਤਿੰਨ ਤਰ੍ਹਾਂ ਦੇ ਪ੍ਰੀਖਣ ਕੀਤੇ ਜਾ ਰਹੇ ਹਨ:
- ਐਂਟੀਵਾਇਰਲ ਡਰੱਗਸ ਜੋ ਕੋਰੋਨਾਵਾਇਰਸ ਨੂੰ ਸਰੀਰ ਵਿੱਚ ਵੱਧਣ ਤੋਂ ਰੋਕਦੇ ਹਨ
- ਉਸ ਤਰ੍ਹਾਂ ਦੇ ਡਰੱਗਸ ਜੋ ਇਮਿਊਨ ਸਿਸਟਮ ਨੂੰ ਸ਼ਾਂਤ ਕਰਦੇ ਹਨ - ਮਰੀਜ਼ ਉਸ ਸਮੇਂ ਗੰਭਾਰ ਰੂਪ ਨਾਲ ਬਿਮਾਰ ਹੋ ਜਾਂਦਾ ਹੈ ਜਦੋਂ ਉਸ ਦਾ ਇਮਿਊਨ ਸਿਸਟਮ ਠੀਕ ਕੰਮ ਨਾ ਕਰੇ ਜਿਸ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ
- ਐਂਟੀਬਾਡੀਜ਼ ਜੋ ਵਾਇਰਸ 'ਤੇ ਹਮਲਾ ਕਰ ਸਕਣ, ਭਾਵੇਂ ਠੀਕ ਹੋਏ ਮਰੀਜ਼ ਦੇ ਖੂਨ ਵਿੱਚੋਂ ਹੋਣ ਜਾਂ ਲੈਬ ਵਿੱਚ ਬਣੀਆਂ ਹੋਈਆਂ


ਕਿਨ੍ਹਾਂ ਦਵਾਈਆਂ ਤੋਂ ਸਭ ਤੋਂ ਵੱਧ ਉਮੀਦ ਹੈ?
ਟ੍ਰਾਇਲ ਦੌਰਾਨ ਸਾਹਮਣੇ ਆਇਆ ਹੈ ਕਿ ਸਟੈਰੌਆਇਡ ਸਭ ਤੋਂ ਜ਼ਿਆਦਾ ਲਾਹੇਵੰਦ ਸਾਬਤ ਹੋਏ ਹਨ ਅਤੇ ਕੋਰੋਨਾਵਾਇਰਸ ਦੇ ਇਲਾਜ ਦੀ ਜੰਗ ਵਿੱਚ ਇਨ੍ਹਾਂ ਦੀ ਵਰਤੋਂ ਹੀ ਸਭ ਤੋਂ ਜ਼ਿਆਦਾ ਕੰਮ ਆਵੇਗੀ।
ਡੈਕਸਾਮੀਥੇਸੋਨ ਨਾਮ ਦੀ ਇੱਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ 'ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।
ਇਸ ਨਾਲ ਵੈਂਟੀਲੇਟਰ 'ਤੇ ਪਏ ਮਰੀਜ਼ਾਂ ਦੀ ਮੌਤ ਦਾ ਖਤਰਾ ਇੱਕ ਤਿਹਾਈ ਰਹਿ ਜਾਂਦਾ ਹੈ।
ਡੈਕਸਾਮੀਥੇਸੋਨ ਇੱਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ।
ਇਹ ਦਵਾਈ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾ ਕੇ ਕੰਮ ਕਰਦੀ ਹੈ।
ਜਦੋਂ ਸਰੀਰ ਇਸ ਵਾਇਰਸ ਖ਼ਿਲਾਫ਼ ਲੜਨ ਦੀ ਕੋਸ਼ਿਸ਼ ਕਰਦਾ ਹੈ, ਕੋਰੋਨਾਵਾਇਰਸ ਲਾਗ ਸੋਜਿਸ਼ ਨੂੰ ਵਧਾ ਦਿੰਦੀ ਹੈ।
ਕਈ ਵਾਰ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਹੱਦੋਂ ਵੱਧ ਕੰਮ ਕਰਦੀ ਹੈ ਤੇ ਇਸ ਦੀ ਪ੍ਰਤੀਕਿਰਿਆ ਘਾਤਕ ਸਾਬਿਤ ਹੋ ਸਕਦੀ ਹੈ।
ਡੈਕਸਾਮੀਥੇਸੋਨ ਇਸ ਅਸਰ ਨੂੰ ਸ਼ਾਂਤ ਕਰਦੀ ਹੈ।
ਇਹ ਹਸਪਤਾਲ ਵਿੱਚ ਦਾਖ਼ਲ ਵੈਂਟੀਲੇਸ਼ਨ 'ਤੇ ਜਾਂ ਆਕਸੀਜਨ 'ਤੇ ਪਏ ਮਰੀਜ਼ਾਂ ਲਈ ਕਾਰਗਰ ਹੈ।
ਡੈਕਸਾਮੀਥੇਸੋਨ ਬਹੁਤ ਸਸਤੀ ਹੈ। ਇਸ ਦਾ ਮਤਲਬ ਹੈ ਇਹ ਪੂਰੀ ਦੁਨੀਆਂ ਵਿੱਚ ਇਸਤੇਮਾਲ ਕੀਤੀ ਜਾ ਸਕਦੀ ਹੈ।
ਪਰ ਇਹ ਹਲਕੇ ਲੱਛਣਾ 'ਤੇ ਕੰਮ ਨਹੀਂ ਕਰਦੀ।
ਟੋਸੀਲੀਜ਼ੁਮਾਬ ਤੇ ਸੈਰੀਲੁਮਾਬ
ਖੋਜਕਾਰਾਂ ਨੂੰ ਟੋਸੀਲੀਜ਼ੁਮਾਬ ਤੇ ਸੈਰੀਲੁਮਾਬ ਦਵਾਈਆਂ ਤੋਂ ਉਤਸ਼ਾਹਿਤ ਕਰਨ ਵਾਲੇ ਨਤੀਜੇ ਮਿਲੇ ਹਨ।
ਛੇ ਦੇਸ਼ਾਂ ਵਿੱਚ ਇਨ੍ਹਾਂ ਡਰੱਗਸ 'ਤੇ ਟ੍ਰਾਇਲ ਕੀਤੇ ਗਏ ਜਿਸ ਵਿੱਚ ਯੂਕੇ ਵੀ ਸ਼ਾਮਿਲ ਸੀ। ਇਹ ਟ੍ਰਾਇਲ 800 ਮਰੀਜ਼ਾਂ 'ਤੇ ਕੀਤਾ ਗਿਆ ਜੋ ਇਨਟੈਨਸਿਵ ਕੇਅਰ ਵਿੱਚ ਦਾਖਲ ਸਨ। ਇਨ੍ਹਾਂ ਮਰੀਜ਼ਾਂ ਵਿੱਚ ਮੌਤ ਦੀ ਦਰ 36 ਫੀਸਦ ਤੋਂ ਘੱਟ ਕੇ 27 ਫੀਸਦ ਰਹਿ ਗਈ।
'ਰਿਕਵਰੀ' ਨਾਮ ਦੇ ਟ੍ਰਾਇਲ ਵਿੱਚ ਵੀ ਸਾਹਮਣੇ ਆਇਆ ਕਿ ਟੋਸੀਲੀਜ਼ੁਮਾਬ, ਡੈਕਸਾਮੀਥੇਸੋਨ ਦੇ ਪ੍ਰਭਾਵ ਨੂੰ ਵਧਾਉਂਦਾ ਹੈ।
ਟੋਸੀਲੀਜ਼ੁਮਾਬ ਤੇ ਸੈਰੀਲੁਮਾਬ ਸੋਜ਼ਿਸ਼ ਨੂੰ ਘਟਾਉਂਦੇ ਹਨ ਜੋ ਕੋਵਿਡ ਦੇ ਮਰੀਜ਼ਾਂ ਵਿੱਚ ਜ਼ਿਆਦਾ ਹੁੰਦੀ ਹੈ ਤੇ ਫੇਫੜਿਆਂ ਤੇ ਹੋਰ ਅੰਗਾਂ 'ਤੇ ਅਸਰ ਪਾ ਸਕਦੀ ਹੈ।
ਡਾਕਟਰ ਇਹ ਦਵਾਈਆਂ ਉਨ੍ਹਾਂ ਮਰੀਜ਼ਾਂ ਨੂੰ ਦੇ ਸਕਦੇ ਹਨ ਜਿਨ੍ਹਾਂ ਦੀ ਹਾਲਤ ਡੈਕਸਾਮੀਥੇਸੋਨ ਲੈਣ ਦੇ ਬਾਵਜੂਦ ਵਿਗੜ ਰਹੀ ਹੈ ਤੇ ਉਨ੍ਹਾਂ ਨੂੰ ਇਨਟੈਨਸਿਵ ਕੇਅਰ ਦੀ ਲੋੜ ਹੈ।
ਇਨ੍ਹਾਂ ਖੋਜ ਦੇ ਨਤੀਜਿਆਂ ਦਾ ਅਜੇ ਪੀਅਰ ਰਿਵੀਊ ਨਹੀਂ ਹੋਇਆ ਹੈ ਤੇ ਨਾ ਹੀ ਇਹ ਕਿਸੇ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ।
ਇਨਟਰਫਿਰੋਨ ਬੀਟਾ
ਇਨਟਰਫਿਰੋਨ ਬੀਟਾ ਇੱਕ ਪ੍ਰੋਟੀਨ ਹੈ ਜੋ ਸਰੀਰ ਵਿੱਚ ਬਣਦਾ ਹੈ ਜਦੋਂ ਕੋਈ ਵਾਇਰਲ ਇਨਫੈਕਸ਼ਨ ਹੁੰਜੀ ਹੈ। ਇਸ ਦੇ ਇਰਦ ਗਿਰਦ ਯੂਕੇ ਵਿੱਚ ਟ੍ਰਾਇਲ ਕੀਤਾ ਜਾ ਰਿਹਾ ਹੈ।
ਇਸ ਨੂੰ ਸਪ੍ਰੇਅ ਦੇ ਰੂਪ ਵਿੱਚ ਉਨ੍ਹਾਂ ਮਰੀਜ਼ਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਹਸਪਤਾਲ ਵਿੱਚ ਦਾਖਲ ਹਨ।
ਉਮੀਦ ਕੀਤੀ ਜਾ ਰਹੀ ਹੈ ਕਿ ਇਹ ਇਮਿਊਨ ਸਿਸਟਮ ਨੂੰ ਇਸ ਤਰ੍ਹਾਂ ਤਿਆਰ ਕਰਨਗੇ ਕਿ ਸੈੱਲ ਵਾਇਰਸ ਨਾਲ ਮੁਕਾਬਲਾ ਕਰ ਸਕਣ।
ਸ਼ੁਰੂਆਤੀ ਨਤੀਜਿਆਂ ਤੋਂ ਇਹ ਸਾਹਮਣੇ ਆਉਆ ਹੈ ਕਿ ਇਨਟਰਫਿਰੋਨ ਬੀਟਾ (ਜਿਸ ਨੂੰ ਆਮ ਤੌਰ ਤੇ ਮਲਟੀਪਲ ਸਕਲੀਰੋਸਿਸ ਦੇ ਇਲਾਜ ਲਈ ਇਸਤੇਮਾਲ ਕੀਤਾ ਜਾਂਦਾ ਹੈ) ਕੋਵਿ਼ ਦੇ ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਤੋਂ ਬਚਾ ਸਕਦਾ ਹੈ। ਇਸ ਨਾਲ ਵੈਨਟੀਲੇਸ਼ਨ ਦੀ ਲੋੜ 80 ਫਾਸਦ ਤੱਕ ਘੱਟ ਸਕਦੀ ਹੈ।
ਹੋਰ ਕਿਹੜੇ ਡਰੱਗਸ 'ਤੇ ਟ੍ਰਾਇਲ ਹੋਏ ਹਨ?
ਰੈਮਡੈਸੀਵੀਅਰ ਇਸ ਐਂਟੀਵਾਇਰਲ ਡਰੱਗ ਹੈ ਜਿਸ ਨੂੰ ਇਬੋਲਾ ਦੇ ਇਲਾਜ ਲਈ ਬਣਾਇਆ ਗਿਆ ਸੀ। ਇਸ ਦੇ ਸ਼ੁਰੂਆਤੀ ਨਤੀਜੇ ਚੰਗੇ ਰਹੇ।
ਪਰ ਅਕਤੂਬਰ 2020 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਇਸ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ। ਇਹ ਕਿਹਾ ਗਿਆ ਕਿ ਇਸ ਦਾ ਮੌਤ ਦੀ ਦਰ, ਹਸਪਤਾਲ ਵਿੱਚ ਦਾਖਲਾ ਤੇ ਗੰਭੀਰ ਤਰ੍ਹਾਂ ਬਿਮਾਰ ਹੋਏ ਮਰੀਜ਼ਾਂ 'ਤੇ 'ਬਹੁਤ ਘੱਟ ਜਾਂ ਕੋਈ ਅਸਰ ਨਜ਼ਰ ਨਹੀਂ ਆਇਆ'।
ਕੀ HIV ਦੀਆਂ ਦਵਾਈਆਂ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ?
ਨਹੀਂ।
ਇਸ ਬਾਰੇ ਕਾਫੀ ਗੱਲ ਹੋਈ ਹੈ ਕਿ HIV ਦੇ ਇਲਾਜ ਲਈ ਇਸਤੇਮਾਲ ਹੁੰਦੀਆਂ ਦਵਾਈਆਂ ਲੋਪੀਨਾਵੀਰ ਅਤੇ ਰਿਟੋਨਾਵੀ ਨਾਲ ਕੋਰੋਨਾਵਾਇਰਸ ਦਾ ਇਲਾਜ ਕੀਤਾ ਜਾ ਸਕਦਾ ਹੈ। ਪਰ ਇਸ ਬਾਰੇ ਜ਼ਿਆਦਾ ਸਬੂਤ ਨਹੀਂ ਮਿਲੇ।
ਇਸ ਗੱਲ ਦੇ ਸਬੂਤ ਸਾਹਮਣੇ ਆਏ ਸਨ ਕਿ ਇਹ ਲੈਬ ਵਿੱਚ ਕੰਮ ਕਰ ਸਕਦੇ ਹਨ, ਪਰ ਲੋਕਾਂ ਤੇ ਕੀਤੀ ਖੋਜ ਦੇ ਨਤੀਜਿਆਂ ਨੇ ਨਿਰਾਸ਼ ਕੀਤਾ ਹੈ।


ਇਨ੍ਹਾਂ ਦਵਾਈਆਂ ਨਾਲ ਨਾ ਤਾਂ ਰਿਕਵਰੀ ਵਧੀ, ਨਾ ਹੀ ਮਰਨ ਦੀ ਦਰ ਘਟੀ ਤੇ ਨਾ ਹੀ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਵਿੱਚ ਵਾਇਰਸ ਦਾ ਅਸਰ ਘੱਟ ਹੋਇਆ।
ਪਰ ਕਿਉਂਕਿ ਟ੍ਰਾਇਲ ਗੰਭੀਰ ਤਰ੍ਹਾਂ ਨਾਲ ਬਿਮਾਰ ਮਰੀਜ਼ਾਂ (ਇੱਕ-ਚੌਥਾਈ ਦੀ ਮੌਤ ਹੋ ਗਈ) 'ਤੇ ਕੀਤਾ ਗਿਆ ਸੀ, ਹੋ ਸਕਦਾ ਹੈ ਦਵਾਈਆਂ ਦੇਣ ਵਿੱਚ ਬਹੁਤ ਦੇਰ ਹੋ ਚੁੱਕੀ ਹੋਵੇ।
ਕੀ ਮਲੇਰੀਆ ਦੀਆਂ ਦਵਾਈਆਂ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ?
ਨਹੀਂ, ਮਲੇਰੀਆ ਦੀਆਂ ਦਵਾਈਆਂ ਨਾਲ ਕੋਰੋਨਾਵਾਇਰਸ ਦਾ ਇਲਾਜ ਨਹੀਂ ਹੋ ਸਕਦਾ।
ਮਲੇਰੀਆ ਦੇ ਇਲਾਜ ਲਈ ਵਰਤੀਆਂ ਦਵਾਈਆਂ ਸੌਲੀਡੈਰਿਟੀ ਅਤੇ ਰਿਕਵਰੀ ਟ੍ਰਾਇਲਜ਼ ਦਾ ਹਿੱਸਾ ਹਨ।
ਕਲੋਰੋਕਵਿਨ ਅਤੇ ਹਾਈਡਰੋਕਸੀਕਲੋਰੋਕਵਿਨ ਵਿੱਚ ਐਂਟੀਵਾਇਰਲ ਅਤੇ ਇਮਿਊਨ ਸਿਸਟਮ ਨੂੰ ਸ਼ਾਂਤ ਕਰਨ ਦੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ।
ਇਹ ਦਵਾਈਆਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੁਆਰਾ ਕੀਤੇ ਦਾਅਵਿਆਂ ਕਾਰਨ ਚਰਚਾ ਵਿੱਚ ਆਈਆਂ। ਪਰ ਇਨ੍ਹਾਂ ਦੇ ਅਸਰਦਾਰ ਹੋਣ ਦੇ ਸੂਬਤ ਘੱਟ ਹੀ ਹਨ।
ਹਰ ਲੈਬ ਦੇ ਨਤੀਜੇ ਵਿੱਚ ਸਾਹਮਣੇ ਆਇਆ ਕਿ ਇਹ ਦਵਾਈ ਵਾਇਰਸ ਨੂੰ ਰੋਕ ਸਕਦੀ ਹੈ, ਪਰ ਇਸ ਨੂੰ ਇਸਤੇਮਾਲ ਕੀਤੇ ਜਾਣ ਬਾਰੇ ਖਦਸ਼ੇ ਸਾਹਮਣੇ ਆਏ ਹਨ।
ਓਕਸਫੋਰਡ ਯੂਨੀਵਰਸਿਟੀ ਵਿੱਚ ਕੀਤੇ ਜਾ ਰਹੇ ਯੂਕੇ ਦੇ ਰਿਕਵਰੀ ਟ੍ਰਾਇਲ ਵਿੱਚ ਸਾਹਮਣੇ ਆਇਆ ਕਿ ਹਾਈਡਰੋਕਸੀਕਲੋਰੋਕਵਿਨ ਕੋਵਿਡ-19 ਦਾ ਇਲਾਜ ਨਹੀਂ ਹੈ। ਇਸ ਨੂੰ ਟ੍ਰਾਇਲ ਵਿੱਚੋਂ ਹਟਾ ਦਿੱਤਾ ਗਿਆ।
ਵਿਸ਼ਵ ਸਿਹਤ ਸੰਗਠਨ ਨੇ ਹਾਈਡਰੋਕਸੀਕਲੋਰੋਕਵਿਨ ਦੇ ਗਲੋਬਲ ਟ੍ਰਾਇਲਸ ਨੂੰ ਰੋਕ ਦਿੱਤਾ ਸੀ ਜਦੋਂ ਲੈਨਸੈਟ ਦੀ ਖੋਜ ਵਿੱਚ ਇਹ ਸਾਹਮਣੇ ਆਇਆ ਕਿ ਇਸ ਦਵਾਈ ਨਾਲ ਦਿਲ ਦੇ ਰੋਗ ਹੋ ਸਕਦੇ ਹਨ ਅਤੇ ਮੌਤ ਦੀ ਦਰ ਵੱਧ ਸਕਦੀ ਹੈ।
ਪਰ ਇਸ ਖੋਜ ਉੱਤੇ ਸਵਾਲ ਚੁੱਕੇ ਗਏ। 30 ਜੂਨ ਨੂੰ ਯੂਕੇ ਦੀ ਮੈਡੀਸਿਨ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਅਥੌਰਿਟੀ ਨੇ ਕਿਹਾ ਕਿ ਓਕਸਫੋਰਡ ਯੂਨੀਵਰਸਿਟੀ ਆਪਣਾ ਟ੍ਰਾਇਲ ਮੁੜ ਸ਼ੁਰੂ ਕਰ ਸਕਦੀ ਹੈ।
ਖੋਜਕਾਰ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਕੀ ਇਸ ਦਵਾਈ ਨਾਲ ਲਾਗ ਨੂੰ ਰੋਕਿਆ ਜਾ ਸਕਦਾ ਹੈ।
ਕੀ ਠੀਕ ਹੋਏ ਮਰੀਜ਼ ਦੇ ਖੂਨ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ?
ਜੋ ਲੋਕ ਕੋਰੋਨਾਵਾਇਰਸ ਤੋਂ ਠੀਕ ਹੋਏ ਹਨ ਉਨ੍ਹਾਂ ਦੇ ਖੂਨ ਵਿੱਚ ਐਂਟੀਬਾਡੀਜ਼ ਹੋਣੀਆਂ ਚਾਹੀਦੀਆਂ ਹਨ ਜੋ ਵਾਇਰਸ 'ਤੇ ਹਮਲਾ ਕਰ ਸਕਣ।
ਉਨ੍ਹਾਂ ਤੋਂ ਪਲਾਜ਼ਮਾ ਲੈ ਕੇ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ।
ਕਈ ਦੇਸਾਂ ਨੇ ਪਲਾਜ਼ਮਾ ਥੈਰੇਪੀ ਦੇ ਇਸਤੇਮਾਲ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਹੈ।
ਸਾਨੂੰ ਇਲਾਜ ਲੱਭਣ ਦੀ ਲੋੜ ਕੀ ਹੈ?
ਇਲਾਜ ਲੱਭਣ ਦਾ ਸਿੱਧਾ ਕਾਰਨ ਤਾਂ ਇਹ ਹੈ ਕਿ ਇਸ ਨਾਲ ਜ਼ਿੰਦਗੀਆਂ ਬਚਨਗੀਆਂ। ਪਰ ਇਸ ਨਾਲ ਲੌਕਡਾਊਨ ਕਾਰਨ ਲਗਾਈਆਂ ਪਾਬੰਦੀਆਂ ਵੀ ਹਟਾਈਆਂ ਜਾ ਸਕਣਗੀਆਂ।
ਅਸਰਦਾਰ ਇਲਾਜ ਹੋਣ ਨਾਲ ਕੋਰੋਨਾਵਾਇਰਸ ਘੱਟ ਖਤਰਨਾਕ ਬਿਮਾਰੀ ਬਣ ਜਾਵੇਗੀ।
ਜੇ ਦਵਾਈ ਕਾਰਨ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਨੂੰ ਵੈਨਟੀਲੇਟਰ ਦੀ ਲੋੜ ਨਹੀਂ ਪਏਗੀ, ਤਾਂ ਇਨਟੈਂਸਿਵ ਕੇਅਰ ਯੂਨਿਟ ਭਰ ਜਾਣ ਦਾ ਖਤਰਾ ਵੀ ਘੱਟ ਰਹੇਗਾ।
ਤੁਸੀਂ ਇਹ ਵੀ ਪੜ੍ਹ ਸਕਦੇ ਹੋ


ਇਹ ਵੀਡੀਓ ਵੀ ਦੇਖੋ:-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














