ਰਾਹੁਲ ਦੇ ਹਰਿਆਣਾ ਵੜ੍ਹਨ ਵੇਲੇ ਹੰਗਾਮਾ, ਦੁਸ਼ਯੰਤ ਚੌਟਾਲਾ ਦਾ ਘੇਰਾਅ ਕਰਨ ਪਹੁੰਚੇ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ

ਕਾਂਗਰਸ ਦੇ ਪੰਜਾਬ ਤੋਂ ਹਰਿਆਣਾ ਦਾਖਲ ਹੋਣ ਵੇਲੇ ਕਾਫੀ ਡਰਾਮਾ ਦੇਖਣ ਨੂੰ ਮਿਲਿਆ ਹੈ। ਰਾਹੁਲ ਗਾਂਧੀ ਪੰਜਾਬ ਤੋਂ ਆਪਣੇ ਕਾਫਲੇ ਨਾਲ ਹਰਿਆਣਾ ਬਾਰਡਰ ’ਤੇ ਪਹੁੰਚੇ ਸਨ ਜਿੱਥੇ ਉਨ੍ਹਾਂ ਨੂੰ ਪਹਿਲਾਂ ਰੋਕ ਲਿਆ ਗਿਆ ਸੀ।

ਹੁਣ ਰਾਹੁਲ ਗਾਂਧੀ ਨੂੰ ਕੁਝ ਹਮਾਇਤੀਆਂ ਨਾਲ ਜਾਣ ਦੀ ਇਜਾਜ਼ਤ ਮਿਲ ਗਈ ਹੈ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ, “ਜੇ ਮੈਨੂੰ 2 ਘੰਟੇ ਰੋਕਣ, 6 ਘੰਟੇ ਰੋਕਣ ਪਰ ਮੈਂ ਇੱਥੇ ਹੀ ਰਹਿਣਾ ਹੈ। ਜਦੋਂ ਤੱਕ ਗੇਟ ਨਹੀਂ ਖੋਲ੍ਹਣਗੇ ਮੈਂ ਇੱਥੋਂ ਨਹੀਂ ਜਾਵਾਂਗਾ।”

ਹਰਿਆਣਾ ਵਾਲੇ ਪਾਸੇ ’ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਖੜ੍ਹੇ ਸਨ ਜੋ ਲੰਬੇ ਸਮੇਂ ਤੋਂ ਰਾਹੁਲ ਗਾਂਧੀ ਦਾ ਇੰਤਜ਼ਾਰ ਕਰ ਰਹੇ ਸਨ।

ਬੀਬੀਸੀ ਪੰਜਾਬੀ ਲਈ ਸਤ ਸਿੰਘ ਨੂੰ ਪਿਹੋਵਾ ਦੇ ਡੀਐੱਸਪੀ ਗੁਰਮੇਲ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਨੂੰ 15 ਵਿਅਕਤੀਆਂ ਨਾਲ ਹਰਿਆਣਾ ਵਿੱਚ ਦਾਖਿਲ ਹੋਣ ਦੀ ਇਜਾਜ਼ਤ ਮਿਲ ਗਈ ਹੈ।

ਇਹ ਵੀ ਪੜ੍ਹੋ

'ਹਰਿਆਣਾ ਦੇ ਉਪ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ 'ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ'

ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੀਆਂ ਕਿਸਾਨ ਜਥੰਬੇਦੀਆਂ ਨੂੰ ਪੁਲਿਸ ਨੇ ਰਾਹ ਵਿੱਚ ਰੋਕਿਆ। ਪੁਲਿਸ ਨੇ ਉਨ੍ਹਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।

ਉੱਧਰ ਦੁਸ਼ਿਯੰਤ ਚੌਟਾਲਾ ਨੇ ਕੁਝ ਦੇਰ ਪਹਿਲੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਕੋਰੋਨਾਵਾਇਰਸ ਪੌਜ਼ਿਟਿਵ ਹਨ।

ਹਾਲਾਂਕਿ ਕੋਵਿੰਡ- 19 ਦੇ ਕੋਈ ਲੱਛਣ ਨਹੀਂ ਹਨ ਪਰ ਸੈਲਫ਼ ਆਈਸੋਲੇਟ ਕਰ ਰਹੇ ਹਨ। ਨਾਲ ਹੀ ਕਿਹਾ ਕਿ ਜੋ ਵੀ ਲੋਕ ਪਿਛਲੇ ਇੱਕ ਹਫ਼ਤੇ ਦੌਰਾਨ ਉਨ੍ਹਾਂ ਨੂੰ ਮਿਲੇ ਹਨ, ਉਹ ਆਪਣਾ ਟੈਸਟ ਕਰਵਾਉਣ।

ਪਿਹੋਵਾ ਰੈਲੀ ’ਚ ਰਾਹੁਲ ਨੇ ਕੀ ਕਿਹਾ?

ਹਰਿਆਣਾ ਵਿੱਚ ਦਾਖਲ ਹੋਣ ਮਗਰੋਂ ਰਾਹੁਲ ਗਾਂਧੀ ਨੇ ਪਿਹੋਵਾ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਭਾਸ਼ਣ ਦੇ ਮੁੱਖ ਹਿੱਸੇ ਇਸ ਪ੍ਰਕਾਰ ਹਨ।

  • ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਹੈ। ਗਰੀਬਾਂ ਲਈ ਛੇ ਸਾਲਾਂ ਵਿੱਚ ਕੁਝ ਨਹੀਂ ਕੀਤਾ। ਉਲਟਾ ਗਰੀਬਾਂ ਨੂੰ ਇੱਕ ਤੋਂ ਬਾਅਦ ਇੱਕ ਕੁਲਹਾੜੀ ਮਾਰੀ ਹੈ।
  • ਕੁਝ ਸਾਲ ਪਿਹਲਾਂ 8 ਵਜੇ ਰਾਤ ਨੂੰ 500- 100 ਰੁਪਏ ਦੇ ਨੋਟ ਬੰਦ ਕੀਤੇ। ਉਦੋਂ ਕਿਹਾ ਕਾਲੇਧਨ ਦੇ ਖਿਲਾਫ਼ ਲੜਾਈ ਹੈ। ਤੁਹਾਨੂੰ ਲਾਈਨ ਵਿੱਚ ਲੱਗਣਾ ਪਿਆ।
  • ਫਿਰ ਜੀਐੱਸਟੀ ਆਈ- ਛੋਟੇ ਦੁਕਾਨਾਦਾਰਾਂ, ਵਪਾਰੀਆਂ ਤੇ ਹਮਲਾ ਕੀਤਾ। ਜੀਐੱਸਟੀ ਨਾਲ ਕਿਸ ਨੂੰ ਫਾਇਦਾ ਹੋਇਆ- ਅੰਬਾਨੀ- ਅਡਾਨੀ ਨੂੰ।
  • ਹਿੰਦੁਸਤਾਨ ਦੇ ਅਰਬਪਤੀ ਹਨ, ਉਨ੍ਹਾਂ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ। ਨਰਿੰਦਰ ਮੋਦੀ ਉਨ੍ਹਾਂ ਦਾ ਲੱਖਾਂ-ਕਰੋੜਾਂ ਦਾ ਕਰਜ਼ਾ ਮੁਆਫ਼ ਕਰਦੇ ਹਨ। ਕਿਸਾਨ ਦਾ ਇੱਕ ਰੁਪਏ ਦਾ ਕਰਜ਼ਾ ਮੁਆਫ਼ ਨਹੀਂ ਹੁੰਦਾ।
  • ਹੁਣ ਕਿਸਾਨਾਂ 'ਤੇ ਹਮਲਾ- ਤਿੰਨ ਕਾਨੂੰਨ ਬਣਾਏ ਤੇ ਕਿਹਾ ਕਿਸਾਨਾਂ ਨੂੰ ਆਜ਼ਾਦੀ ਦੇ ਰਿਹਾ ਹਾਂ। ਜੇ ਕਿਸਾਨਾਂ ਲਈ ਕੀਤਾ ਤਾਂ ਹਰਿਆਣਾ, ਪੰਜਾਬ, ਉੱਤਰ-ਪ੍ਰਦੇਸ਼ ਦੇ ਕਿਸਾਨ ਸੜਕਾਂ 'ਤੇ ਕਿਉਂ ਹਨ।
  • ਲੋਕ ਸੋਚਦੇ ਹਨ ਕਿ ਇਹ ਕਿਸਾਨਾਂ ਦੀ ਮੁਸ਼ਕਿਲ ਹੈ। ਪਰ ਇਹ ਢਾਂਚਾ ਫੂਡ ਸਕਿਊਰਿਟੀ ਦੇਣ ਦਾ ਢਾਂਚਾ ਹੈ।
  • ਜੇ ਇਸ ਨੂੰ ਤੋੜ ਦਿੱਤਾ ਤਾਂ ਸਿਰਫ਼ ਕਿਸਾਨ ਗੁਲਾਮ ਨਹੀਂ ਬਣੇਗਾ, ਪੂਰਾ ਹਿੰਦੁਸਤਾਨ ਗੁਲਾਮ ਬਣੇਗਾ।

‘ਰਾਹੁਲ ਗਾਂਧੀ ਵਿਚੌਲੀਆਂ ਦੀ ਹਿਮਾਇਤ ਵਿੱਚ ਸੜਕਾਂ 'ਤੇ ਉਤਰੇ’

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਖ਼ੇਤੀ ਬਿੱਲਾਂ ਵਿਰੁੱਧ ਰਾਹੁਲ ਗਾਂਧੀ ਦੀ ਰੈਲੀ ਬਾਰੇ ਕਿਹਾ, "ਚਾਹੇ ਦੇਸ ਨੂੰ ਇੱਕ ਮਾਰਕਿਟ ਦੀ ਕੋਸ਼ਿਸ਼ ਹੋਵੇ, ਦੇਸ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਕਰਨਾ ਹੋਵੇ ਜਾਂ ਕਿਸਾਨਾਂ ਦੀ ਫ਼ਸਲ ਕਿਤੇ ਵੀ ਵੇਚਣ ਦਾ ਅਧਿਕਾਰ ਹੋਵੇ, ਰਾਹੁਲ ਗਾਂਧੀ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਹ ਕਦੇ ਨਹੀਂ ਚਾਹੁਣਗੇ ਕਿ ਦੇਸ ਦਾ ਆਰਥਿਕ ਤੰਤਰ ਮਜ਼ਬੂਤ ਹੋਵੇ।"

ਉਨ੍ਹਾਂ ਅੱਗੇ ਕਿਹਾ, "ਇਹ ਪਹਿਲੀ ਵਾਰ ਨਹੀਂ ਹੈ ਕਿ ਰਿਫਾਰਮ ਖਿਲਾਫ਼ ਰਾਹੁਲ ਗਾਂਧੀ ਖੜ੍ਹੇ ਹੋਏ ਹਨ। ਰਾਹੁਲ ਗਾਂਧੀ ਨੂੰ ਸਮਝਣਾ ਹੋਵੇਗਾ ਕਿ ਦੇਸ ਦੀ ਜਨਤਾ ਨੇ ਮੋਦੀ ਜੀ ਦੇ ਵਿਕਾਸ ਕਾਰਜਾਂ ਨੂੰ ਦੇਖ ਕੇ 2019 ਵਿੱਚ ਇਤਿਹਾਸਕ ਜਿੱਤ ਦਿਵਾਈ। ਰਾਹੁਲ ਗਾਂਧੀ ਭਰਮ ਜਾਂ ਜਾਣਕਾਰੀ ਦੀ ਕਮੀ ਵਿੱਚ ਜੀਅ ਰਹੇ ਹਨ।"

ਸਮ੍ਰਿਤੀ ਇਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਵਿਚੌਲੀਆਂ ਦੀ ਹਿਮਾਇਤ ਵਿੱਚ ਸੜਕਾਂ 'ਤੇ ਉਤਰੇ ਹਨ।

ਮੋਦੀ ’ਤੇ ਰਾਹੁਲ ਦਾ ਨਿਸ਼ਾਨਾ

ਇਸ ਤੋਂ ਪਹਿਲਾਂ ਪੰਜਾਬ ਵਿੱਚ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਲਜ਼ਾਮ ਲਗਾਏ ਕਿ ਉਹ ਖੇਤੀ ਦੇ ਮੁੱਢਲੇ ਢਾਂਚੇ ਨੂੰ ਤੋੜਨ ਜਾ ਰਹੇ ਹਨ।

ਰਾਹੁਲ ਗਾਂਧੀ ਪਿਛਲੇ ਦੋ ਦਿਨਾਂ ਤੋਂ ਪੰਜਾਬ ਵਿੱਚ ਖੇਤੀ ਬਚਾਓ ਰੈਲੀ ਕਰ ਰਹੇ ਹਨ। ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਖੇਤੀ ਕਾਨੂੰਨਾਂ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ।

ਪ੍ਰੈੱਸ ਕਾਨਫਰੰਸ ਤੋਂ ਬਾਅਦ ਉਨ੍ਹਾਂ ਨੇ ਪਟਿਆਲਾ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇੱਥੇ ਕਾਂਗਰਸ ਦੇ ਕਈ ਹੋਰ ਲੀਡਰ ਵੀ ਮੌਜੂਦ ਸਨ।

'ਮੈਨੂੰ ਆਜ਼ਾਦ ਪ੍ਰੈਸ ਦੇ ਦਿਓ, ਮੋਦੀ ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ'

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, "ਮੈਨੂੰ ਆਜ਼ਾਦ ਪ੍ਰੈਸ ਅਤੇ ਹੋਰ ਮੁੱਖ ਸੰਸਥਾਵਾਂ ਦੇ ਦਿਉ ਤਾਂ ਇਹ (ਨਰਿੰਦਰ ਮੋਦੀ) ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ।"

ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ ਵਿੱਚ ਵਿਰੋਧੀ ਧਿਰ ਇੱਕ ਢਾਂਚੇ ਦੇ ਅੰਦਰ ਕੰਮ ਕਰਦੀ ਹੈ ਜਿਸ ਵਿੱਚ ਮੀਡੀਆ, ਨਿਆਂ ਪ੍ਰਣਾਲੀ ਅਤੇ ਸੰਸਥਾਵਾਂ ਜੋ ਲੋਕਾਂ ਦੀ ਆਵਾਜ਼ ਦੀ ਰਾਖੀ ਕਰਦੀਆਂ ਹਨ।

ਉਨ੍ਹਾਂ ਕਿਹਾ, "ਭਾਰਤ ਵਿੱਚ ਉਸ ਸਾਰੇ ਢਾਂਚੇ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਨੇ ਕੰਟਰੋਲ ਅਤੇ ਕਾਬੂ ਕਰ ਲਿਆ ਹੈ, ਲੋਕਾਂ ਨੂੰ ਆਵਾਜ਼ ਦੇਣ ਲਈ ਤਿਆਰ ਕੀਤਾ ਗਏ ਸਾਰੇ ਢਾਂਚੇ 'ਤੇ ਕਬਜ਼ਾ ਕਰ ਲਿਆ ਗਿਆ ਹੈ।"

ਰਾਹੁਲ ਨੇ ਕਿਹਾ, "ਮੈਨੂੰ ਆਜ਼ਾਦ ਪ੍ਰੈਸ ਅਤੇ ਆਜ਼ਾਦ ਸੰਸਥਾਵਾਂ ਦੇ ਦਿਓ ਅਤੇ ਇਹ (ਨਰਿੰਦਰ ਮੋਦੀ) ਸਰਕਾਰ ਬਹੁਤੀ ਦੇਰ ਨਹੀਂ ਚੱਲੇਗੀ।"

ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, "ਮੋਦੀ ਸਰਕਾਰ ਨੇ ਸਾਰੇ ਪ੍ਰਮੁੱਖ ਅਦਾਰਿਆਂ 'ਤੇ ਕਬਜ਼ਾ ਕਰ ਲੈ ਲਿਆ ਹੈ ਅਤੇ ਇਨ੍ਹਾਂ ਨੇ ਜਮਹੂਰੀ ਤੌਰ 'ਤੇ ਨਹੀਂ ਬਲਕਿ ਜ਼ਬਰਦਸਤੀ ਕੀਤੀ ਹੈ।"

ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦੁਨੀਆਂ ਦਾ ਕੋਈ ਹੋਰ ਦੇਸ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰ ਰਿਹਾ ਹੈ ਜਿੱਥੇ ਮੀਡੀਆ ਵੀ ਸਰਕਾਰ ਤੋਂ ਸਵਾਲ ਨਹੀਂ ਕਰ ਸਕਦਾ ਜਦੋਂ ਦੇਸ ਦੀ ਜ਼ਮੀਨ 'ਤੇ ਵੀ ਕਿਸੇ ਹੋਰ ਦੇਸ ਨੇ ਕਬਜ਼ਾ ਕਰ ਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਮੋਦੀ ਭਾਰਤ ਦੇ ਲੋਕਾਂ ਵਿੱਚ ਦਿਲਚਸਪੀ ਨਹੀਂ ਰੱਖਦੇ ਪਰ ਉਹ ਸਿਰਫ਼ ਆਪਣੇ ਅਕਸ ਦੀ ਰੱਖਿਆ ਅਤੇ ਉਸ ਨੂੰ ਪ੍ਰਮੋਟ ਕਰਨ ਲਈ ਚਿੰਤਤ ਹਨ। ਜੇ ਉਹ ਚੀਨ ਦੀ ਘੁਸਪੈਠ ਨੂੰ ਮੰਨ ਲੈਂਦੇ, ਤਾਂ ਉਨ੍ਹਾਂ ਦੇ ਅਕਸ ਨੂੰ ਢਾਹ ਲਾ ਦਿੰਦੇ। ਰਾਹੁਲ ਗਾਂਧੀ ਨੇ ਕਿਹਾ ਕਿ ਮੀਡੀਆ ਜੋ ਕਿ ਉਨ੍ਹਾਂ ਦੇ ਅਕਸ ਨੂੰ ਪ੍ਰਮੋਟ ਕਰਨ ਵਿੱਚ ਮਦਦ ਕਰ ਰਿਹਾ ਹੈ, ਉਹ ਵੀ ਜ਼ਿੰਮੇਵਾਰ ਹੈ।

ਉਨ੍ਹਾਂ ਨੇ ਮੀਡੀਆ ਨੂੰ ਕਿਹਾ, "ਤੁਸੀਂ ਪ੍ਰੈੱਸ ਕਾਨਫਰੰਸਾਂ ਵਿੱਚ ਉਨ੍ਹਾਂ (ਪੀਐੱਮ ਮੋਦੀ) ਤੋਂ ਸਵਾਲ ਕਿਉਂ ਨਹੀਂ ਕਰਦੇ?"

ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਬਾਰੇ ਕੀ ਕਿਹਾ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਦੇ ਢਾਂਚੇ ਨੂੰ ਖ਼ਤਮ ਕਰਨ ਜਾ ਰਹੇ ਹਨ।
  • ਉਨ੍ਹਾਂ ਨੇ ਛੋਟੇ ਤੇ ਮੱਧਮ ਵਪਾਰ ਖ਼ਤਮ ਕਰ ਦਿੱਤੇ, ਹੁਣ ਖੇਤੀ ਨੂੰ ਖ਼ਤਮ ਕਰ ਰਹੇ ਹਨ।
  • ਮੈਂ ਪੰਜਾਬ ਦੇ ਲੋਕਾਂ ਨਾਲ ਖੜਾ ਹਾਂ। ਮੈਂ ਸਮਝਦਾ ਹਾਂ ਕਿ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ। ਇਸ ਲਈ ਮੈਂ ਇਥੇ ਆਇਆ ਹਾਂ।
  • ਪੰਜਾਬੀਆਂ ਨੂੰ ਮੇਰੇ ਕੰਮ ਵੇਖਣੇ ਚਾਹੀਦੇ ਹਨ। ਮੈਂ ਪੰਜਾਬ ਆਇਆ ਹਾਂ ਅਤੇ ਮੈਂ ਪੰਜਾਬ ਤੋਂ ਬਹੁਤ ਕੁਝ ਸਿੱਖਿਆ ਹੈ।
  • ਸਾਡੇ ਮੈਨੀਫੈਸਟੋ ਨੂੰ ਪੜ੍ਹੋ, ਅਸੀਂ ਕਿਹਾ ਸੀ ਕਿ ਅਸੀਂ ਅਨਾਜ ਦਾ ਸਿਸਟਮ ਮਜ਼ਬੂਤ ਕਰਾਂਗੇ। ਅਸੀਂ ਕਦੇ ਇਸ ਸਿਸਟਮ ਨੂੰ ਤੋੜਾਂਗੇ ਨਹੀਂ। ਪਰ ਮੋਦੀ ਸਰਕਾਰ ਨੇ ਤਾਂ ਇਹ ਸਿਸਟਮ ਹੀ ਤੋੜ ਦਿੱਤਾ।
  • ਮੌਜੂਦਾ ਜੋ ਸਿਸਟਮ ਹੈ, ਜਿਸ ਵਿੱਚ ਮੰਡੀ ਹੈ, ਐਮਐਸਪੀ ਹੈ। ਸਰਕਾਰ ਇਸ ਸਿਸਟਮ ਨੂੰ ਤਬਾਹ ਕਰ ਰਹੀ ਹੈ। ਜ਼ਰੂਰੀ ਹੈ ਕਿ ਇਸ ਸਿਸਟਮ ਨੂੰ ਬਚਾਇਆ ਜਾਵੇ।
  • ਖੇਤੀ ਅਤੇ ਰੁਜ਼ਗਾਰ ਆਪਸ ਵਿੱਚ ਜੁੜੇ ਹੋਏ ਹਨ। ਕੇਂਦਰ ਸਰਕਾਰ ਖੇਤੀ ਦਾ ਸਾਰਾ ਸਿਸਟਮ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨਾਲ ਸਾਰੇ ਆਰਥਿਕ ਸਿਸਟਮ 'ਤੇ ਅਸਰ ਪਵੇਗਾ।
  • ਖੇਤੀ ਨੂੰ ਵੱਡੀ ਕੰਪਨੀਆਂ ਨਾਲ ਲਿੰਕ ਕਰਨਾ ਕਿਸਾਨੀ ਨੂੰ ਪ੍ਰਭਾਵਿਤ ਕਰੇਗਾ।

ਰਾਹੁਲ ਗਾਂਧੀ ਨੇ ਚੀਨ ਮਾਮਲੇ 'ਤੇ ਕੀ ਕਿਹਾ

ਰਾਹੁਲ ਗਾਂਧੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, "ਆਪਣੀ ਇਮੇਜ ਬਚਾਉਣ ਲਈ ਨਰਿੰਦਰ ਮੋਦੀ ਨੇ 1200 ਸਕੁਏਰ ਕਿਲੋਮੀਟਰ ਜ਼ਮੀਨ ਚੀਨ ਨੂੰ ਦੇ ਦਿੱਤੀ ਹੈ।"

"ਉਨ੍ਹਾਂ ਨੂੰ ਦੇਸ ਵਿੱਚ ਕੀ ਹੋ ਰਿਹਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ਼ਾਇਦ ਹੀ ਕੋਈ ਦੇਸ਼ ਹੋਵੇਗਾ ਜਿਥੇ ਕੋਈ ਦੂਸਰਾ ਦੇਸ਼ 1200 ਸਕੁਏਰ ਕਿਲੋਮੀਟਰ ਜ਼ਮੀਨ ਲੈ ਜਾਵੇ, ਪਰ ਮੀਡੀਆ ਕੁਝ ਨਾ ਬੋਲੇ।"

ਇਹ ਵੀ ਪੜ੍ਹੋ:-

ਰਾਹੁਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਤੋਂ ਟਰੈਕਟਰ ’ਤੇ ਲੱਗੀਆਂ ਗੱਦੀਆਂ ਬਾਰੇ ਸਵਾਲ ਪੁੱਛੇ ਜਾਂਦੇ ਹਨ, ਪਰ ਕੋਈ ਇਹ ਕਿਉਂ ਨਹੀਂ ਪੁੱਛਦਾ ਕਿ ਨਰਿੰਦਰ ਮੋਦੀ ਨੇ 8000 ਕਰੋੜ ਦਾ ਜਹਾਜ਼ ਕਿਉਂ ਖਰੀਦਿਆ।

'ਮੇਰੀ ਦਾਦੀ ਦੀ ਸੁਰੱਖਿਆ ਸਿੱਖਾਂ ਨੇ ਕੀਤੀ'

ਪੰਜਾਬੀ ਸੂਬੇ ਬਾਰੇ ਸਵਾਲ ਪੁੱਛੇ ਜਾਣ ਤੇ ਰਾਹੁਲ ਗਾਂਧੀ ਨੇ ਕਿਹਾ, "ਮੈਂ ਪੰਜਾਬ ਆਇਆ ਹਾਂ ਤੇ ਮੈਂ ਬਹੁਤ ਕੁਝ ਸਿੱਖਿਆ।"

"1977 'ਚ ਜਦੋਂ ਮੇਰੀ ਦਾਦੀ ਚੋਣਾਂ ਹਾਰ ਗਏ ਸਨ, ਉਸ ਵੇਲੇ ਸਾਡੇ ਘਰ ਕੋਈ ਨਹੀਂ ਸੀ। ਸਿਰਫ਼ ਸਿੱਖ ਸਾਡੇ ਘਰ ਸਨ। ਉਨ੍ਹਾਂ ਦੀ ਸੁਰੱਖਿਆ ਸਿੱਖ ਕਰ ਰਹੇ ਸਨ। ਮੈਂ ਹਮੇਸ਼ਾ ਇਸ ਨੂੰ ਯਾਦ ਰਖਾਂਗਾ।"

ਹਾਥਰਸ ਮਾਮਲੇ ਬਾਰੇ ਰਾਹੁਲ ਨੇ ਕੀ ਕਿਹਾ

ਆਪਣੀ ਭੈਣ ਪ੍ਰਿਅੰਕਾ ਗਾਂਧੀ ਦੇ ਨਾਲ ਹਾਥਰਸ ਜਾਣ ਦੀ ਕੋਸ਼ਿਸ਼ ਕਰਦਿਆਂ ਰਾਹੁਲ ਗਾਂਧੀ ਨੂੰ ਧੱਕਾ ਪਿਆ ਸੀ ਜਿਸ ਕਾਰਨ ਉਹ ਢਿੱਗ ਪਏ ਸਨ।

ਇਸ ਬਾਰੇ ਉਨ੍ਹਾਂ ਨੇ ਕਿਹਾ, "ਪੂਰੇ ਦੇਸ਼ ਨੂੰ ਧਕੇਲਿਆ ਜਾ ਰਿਹਾ ਹੈ, ਮਾਰਿਆ ਜਾ ਰਿਹਾ ਹੈ ਤੇ ਮੈਨੂੰ ਵੀ ਇੱਕ ਧੱਕਾ ਲੱਗ ਗਿਆ। ਮੈਨੂੰ ਇਸ ਦਾ ਕੋਈ ਫ਼ਰਕ ਨਹੀਂ ਪੈਂਦਾ ਹੈ। ਸਾਡਾ ਕੰਮ ਦੇਸ਼ ਦੀ ਜਨਤਾ ਦੀ ਰੱਖਿਆ ਕਰਨਾ ਹੈ।"

"ਜੋ ਸਰਕਾਰ ਹੈ, ਉਸ ਦੇ ਖ਼ਿਲਾਫ਼ ਖੜੇ ਹੋਵਾਂਗੇ। ਜੇਕਰ ਲਾਠੀ ਪਵੇਗੀ, ਧੱਕਾ ਮਾਰਿਆ ਜਾਵੇਗਾ, ਅਸੀਂ ਖਾ ਲਾਂਗੇ।"

ਰਾਹੁਲ ਨੇ ਕਿਹਾ ਉਹ ਪੀੜਤ ਪਰਿਵਾਰ ਨੂੰ ਇਹ ਕਹਿਣ ਗਏ ਸਨ ਕਿ ਉਹ ਇਕੱਲੇ ਨਹੀਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਉਨ੍ਹਾਂ ਹਜ਼ਾਰਾਂ ਔਰਤਾਂ ਲਈ ਹਾਥਰਸ ਗਏ ਸੀ ਜਿਨ੍ਹਾਂ ਨਾਲ ਬਲਾਤਕਾਰ ਹੁੰਦਾ ਹੈ ਜਾਂ ਉਹ ਲੱਖਾਂ ਔਰਤਾਂ ਜਿਨ੍ਹਾਂ ਨਾਲ ਛੇੜ-ਛਾੜ ਹੁੰਦੀ ਹੈ।

ਪੰਜਾਬ ਸਰਕਾਰ ਬੁਲਾਵੇਗੀ ਵਿਸ਼ੇਸ਼ ਸੈਸ਼ਨ

ਪੰਜਾਬ ਸਰਕਾਰ ਜਲਦ ਹੀ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿਸ਼ੇਸ਼ ਵਿਧਾਨਸਭਾ ਸੈਸ਼ਨ ਸੱਦੇਗੀ।

ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਉਹ ਵੀ ਜਲਦ ਹੀ ਕੀਤੀ ਜਾਵੇਗੀ।

ਹਰਿਆਣਾ ਜਾਣ ਤੋਂ ਪਹਿਲਾਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ, "ਪੂਰੇ ਹਿੰਦੂਸਤਾਨ ਦਾ ਕਿਸਾਨ ਸੰਘਰਸ਼ ਕਰ ਰਿਹਾ ਹੈ। ਆਪਣੀ ਮਰਜ਼ੀ ਨਾਲ ਕਾਨੂੰਨ ਬਣਾ ਲਿਆ, ਕਿਸੇ ਨੂੰ ਪੁੱਛਿਆ ਨਹੀਂ।"

"ਮੋਦੀ ਨੂੰ ਇਸ ਨਾਲ ਕੀ ਫਾਈਦਾ ਹੋਇਆ? ਕਿਹਾ ਜਾ ਰਿਹਾ ਹੈ ਕਿ ਇਹ ਕਿਸਾਨਾਂ ਦੇ ਹੱਕ ਦੀ ਗੱਲ ਹੈ। ਜੇਕਰ ਇਹ ਕਿਸਾਨਾਂ ਦੇ ਹੱਕ ਦੀ ਗੱਲ ਹੁੰਦੀ ਤਾਂ ਕਿਉਂ ਕਿਸਾਨ ਸੰਘਰਸ਼ ਕਰ ਰਹੇ ਹੁੰਦੇ।"

ਉਨ੍ਹਾਂ ਨੇ ਅੱਗੇ ਕਿਹਾ, "ਇਹ ਜੰਗ ਮੋਦੀ ਨਹੀਂ ਜਿੱਤ ਸਕਦੇ। ਮੈਂ ਤੁਹਾਡੇ ਨਾਲ ਖੜਾ ਹਾਂ। ਜਦੋਂ ਵੀ ਸੱਦਾ ਮਿਲੇ, ਪਹੁੰਚੋ।"

ਐਮਪੀ ਪ੍ਰਤਾਪ ਬਾਜਵਾ ਨੇ ਕਿਹਾ, "ਇਹ ਕਾਨੂੰਨ ਤੁਹਾਡੀ ਮੌਤ ਦੇ ਵਾਰੰਟ ਹਨ। ਰਾਹੁਲ ਗਾਂਧੀ ਜੀ ਨੇ ਯਕੀਨ ਦਵਾਇਆ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਬਣੇਗੀ ਅਸੀਂ ਇਹ ਕਾਲੇ ਕਾਨੂੰਨ ਵਾਪਸ ਲਵਾਂਗੇ।"

"ਸਾਡੇ ਆਪਸ 'ਚ ਮਤਭੇਦ ਹੋ ਸਕਦੇ ਹਨ, ਪਰ ਜੇਕਰ ਕਿਸਾਨੀ ਬਚਾਉਣੀ ਹੈ ਤਾਂ ਕਾਂਗਰਸ ਦੀ ਲੀਡਰਸ਼ਿਪ ਨੂੰ ਇਕੱਠੇ ਹੋਣਾ ਪਵੇਗਾ।"

ਕੈਪਟਨ ਅਮਰਿੰਦਰ ਦਾ ਨੌਕਰੀਆਂ ਦੇਣ ਦਾ ਵਾਅਦਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਇੱਕ ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ।

ਇਨ੍ਹਾਂ ਵਿੱਚੋਂ 50 ਹਜ਼ਾਰ ਲੋਕਾਂ ਨੂੰ ਇਸ ਸਾਲ ਨੌਕਰੀਆਂ ਮਿਲਣਗੀਆਂ ਤੇ 50 ਹਜ਼ਾਰ ਨੂੰ ਅਗਲੇ ਸਾਲ।

ਇਹ ਐਲਾਨ ਕੈਪਟਨ ਅਮਰਿੰਦਰ ਸਿੰਘ ਨੇ 6ਵੇਂ ਰੋਜ਼ਗਾਰ ਮੇਲੇ ਦੀ ਸਮਾਪਤੀ ਦੌਰਾਨ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਨਾਲ ਕੀਤਾ ਕਿ ਦਲਿਤ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਆਪਣੀ ਨਵੀਂ ਸਕੀਮ ਲੈ ਕੇ ਆਵੇਗੀ ਤਾਂਕਿ ਉਹ ਮੁਫ਼ਤ ਪੜ੍ਹ ਪਾਉਣਗੇ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)