ਹਰਦੀਪ ਪੁਰੀ ਦੇ ਇਸ ਬਿਆਨ ’ਤੇ ਕਾਂਗਰਸ ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਘੇਰਿਆ

ਖੇਤੀ ਕਾਨੂੰਨਾਂ ਬਾਰੇ ਪੰਜਾਬ ਵਿੱਚ ਹੁੰਦੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਲੁਧਿਆਣਾ ਤੋਂ ਕਾਂਗਰਸੀ ਐੱਮਪੀ ਰਵਨੀਤ ਬਿੱਟੂ ਵਿਚਾਲੇ ਸੋਸ਼ਲ ਮੀਡੀਆ 'ਤੇ ਸ਼ਬਦਾਂ ਦੀ ਜੰਗ ਛਿੜ ਗਈ ਹੈ।

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰਵਨੀਤ ਬਿੱਟੂ ਦੇ ਫੇਸਬੁੱਕ ਲਾਈਵ ਦੀ ਤਸਵੀਰ ਲੈ ਕੇ ਕਿਹਾ, "ਕਾਂਗਰਸ ਦੇ ਇੱਕ ਨੌਜਵਾਨ ਨੇਤਾ ਫੇਸਬੁੱਕ 'ਤੇ ਅਪਮਾਨਜਨਕ ਵੀਡੀਓਜ਼ ਪਾ ਕੇ ਕਾਂਗਰਸ ਤੇ ਉਸ ਦੇ ਆਗੂਆਂ ਦੀ ਹਿੰਸਾ ਤੇ ਗੁੰਡਾਗਰਦੀ ਨੂੰ ਸਹੀ ਠਹਿਰਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।"

ਅਸਲ ਵਿੱਚ ਐਤਵਾਰ ਨੂੰ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕੀਤਾ ਸੀ। ਇਸ ਵੀਡੀਓ ਵਿੱਚ ਉਨ੍ਹਾਂ ਨੇ ਹਰਦੀਪ ਪੁਰੀ 'ਤੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਗੁੰਡਾ ਕਹਿਣ ਦਾ ਇਲਜ਼ਾਮ ਲਗਾਇਆ ਸੀ।

ਅੱਜ ਕੀਤੇ ਟਵੀਟ ਵਿੱਚ ਹਰਦੀਪ ਪੁਰੀ ਇਹ ਸਾਫ਼ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਕਿਹਾ, "ਕਿਸਾਨ ਨਹੀਂ ਕਾਂਗਰਸ ਗੁੰਡਾਗਰਦੀ ਵਿੱਚ ਸ਼ਾਮਿਲ ਹੈ।"

ਰਵਨੀਤ ਬਿੱਟੂ ਐਤਵਾਰ ਨੂੰ ਹਰਦੀਪ ਪੁਰੀ ਵੱਲੋਂ ਚੰਡੀਗੜ੍ਹ ਵਿੱਚ ਹੋਈ ਪ੍ਰੈੱਸ ਕਾਨਫਰੰਸ ਦਾ ਹਵਾਲਾ ਦੇ ਰਹੇ ਸਨ। ਹਰਦੀਪ ਪੁਰੀ ਐਤਵਾਰ ਨੂੰ ਵਾਰ-ਵਾਰ ਕਾਂਗਰਸ ਨੂੰ ਇਹ ਪੁੱਛ ਰਹੇ ਸਨ ਕਿ ਜੇ ਉਨ੍ਹਾਂ ਨੂੰ ਕਿਸਾਨਾਂ ਦਾ ਇੰਨਾ ਹੀ ਦਰਦ ਸੀ ਤਾਂ ਉਹ ਰਾਜ ਸਭਾ ਵਿੱਚ ਪੂਰੀ ਗਿਣਤੀ ਵਿੱਚ ਮੌਜੂਦ ਕਿਉਂ ਨਹੀਂ ਸਨ।

ਉਸ ਪ੍ਰੈੱਸ ਕਾਨਫਰੰਸ ਵਿੱਚ ਇੱਕ ਦਲੀਲ ਦਿੰਦਿਆਂ ਕਿਹਾ ਹਰਦੀਪ ਪੁਰੀ ਨੇ ਕਿਹਾ ਸੀ, "ਰਾਜ ਸਭਾ ਵਿੱਚ ਲੋਕਤੰਤਰ ਦੇ ਨਾਂ 'ਤੇ ਜੋ ਹੋਇਆ ਹੈ ਉਹ ਬੇਮਾਨੀ ਤੇ ਗੁੰਡਾਗਰਦੀ ਹੈ।"

"ਮੈਨੂੰ ਦੁਖ ਹੈ ਕਿ ਅੱਜ ਖਾਸਕਰ ਪੰਜਾਬ ਵਿੱਚ ਜੋ ਪ੍ਰਦਰਸ਼ਨਾਂ ਦੇ ਨਾਂ 'ਤੇ ਹੋ ਰਿਹਾ ਹੈ ਉਹ ਨਿਰੀ ਗੁੰਡਾਗਰਦੀ ਹੈ। ਜੇ ਤੁਹਾਨੂੰ ਵਿਰੋਧ ਕਰਨਾ ਹੈ ਤਾਂ ਤੁਸੀਂ ਵਿਰੋਧ ਕਰੋ।"

ਇਹ ਵੀ ਪੜ੍ਹੋ-

ਇਸ ਬਿਆਨ ਦਾ ਹਵਾਲਾ ਦਿੰਦਿਆਂ ਰਵਨੀਤ ਬਿੱਟੂ ਨੇ ਕਿਹਾ, "ਜਿਹੜੇ ਕਿਸਾਨ ਜਥੇਬੰਦੀਆਂ, ਗਾਇਕ, ਲਿਖਾਰੀ ਤੇ ਕਾਮੇ ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ 'ਤੇ ਬੈਠੇ ਹਨ, ਹਰਦੀਪ ਪੁਰੀ ਨੇ ਉਨ੍ਹਾਂ ਸਾਰਿਆਂ ਨੂੰ ਗੁੰਡਾ ਕਿਹਾ ਹੈ।"

ਹਰਦੀਪ ਪੁਰੀ ਨੇ ਕਾਂਗਰਸ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ, "ਟਰੈਕਟਰ ਸਾੜਨੇ, ਪੰਜਾਬ ਤੇ ਚੰਡੀਗੜ੍ਹ ਵਿੱਚ ਭਾਜਪਾ ਦੇ ਕਾਰਕੁਨਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੇਣਾ ਗੁੰਡਾਗਰਦੀ ਹੈ।”

"ਟਰੈਫਿਕ 'ਤੇ ਟਰੇਨਾਂ ਰੋਕਣੀਆਂ ਵੀ ਗੁੰਡਾਰਦੀ ਹੈ ਤੇ ਇਸ ਗੁੰਡਾਗਰਦੀ ਵਿੱਚ ਕਿਸਾਨ ਨਹੀਂ ਕਾਂਗਰਸ ਸ਼ਾਮਿਲ ਹੈ।"

ਰਵਨੀਤ ਬਿੱਟੂ ਨੇ ਕਿਹਾ, "ਹਰਦੀਪ ਪੁਰੀ ਜੇ ਕਿਸਾਨਾਂ ਦੇ ਇੰਨੇ ਹਮਦਰਦ ਸਨ ਤਾਂ ਕੁਝ ਦੂਰੀ 'ਤੇ ਪੰਜਾਬ ਸੀ, ਉੱਥੇ ਆ ਕੇ ਉਹ ਕਿਸਾਨਾਂ ਨਾਲ ਗੱਲ ਕਰ ਸਕਦੇ ਸੀ ਪਰ ਹੁਣ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਵੜ੍ਹਨ ਨਹੀਂ ਦੇਣਾ।"

"ਭਾਜਪਾ ਦੇ ਨਵੇਂ ਅਹੁਦੇਦਾਰਾਂ ਦਾ ਸਾਰਿਆਂ ਨੂੰ ਪਤਾ ਹੈ ਕੀ ਹਾਲ ਹੋ ਰਿਹਾ ਹੈ।"

ਅਕਾਲੀ ਦਲ ਨੇ ਮਾਫੀ ਮੰਗਣ ਨੂੰ ਕਿਹਾ

ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨੇ ਕੇਂਦਰ ਮੰਤਰੀ ਨੂੰ 'ਮੁਜ਼ਾਹਰਿਆਂ ਨੂੰ ਗੁੰਡਾਗਰਦੀ' ਕਹਿਣ ਲਈ ਪੰਜਾਬੀਆਂ ਤੋਂ ਮਾਫੀ ਮੰਗਣ ਲਈ ਕਿਹਾ ਹੈ।

ਬਲਵਿੰਦਰ ਭੂੰਦੜ ਨੇ ਕਿਹਾ, "ਇਹ ਬਹੁਤ ਦੁਖਦਾਈ ਹੈ ਕਿ ਹਰਦੀਪ ਪੁਰੀ ਖੁਦ ਪੰਜਾਬੀ ਹਨ ਤੇ ਆਪਣੇ ਲੋਕਾਂ ਦੇ ਹੀ ਵਿਰੁੱਧ ਹੋ ਗਏ ਹਨ। ਪੰਜਾਬੀ ਇਸ ਧੋਖੇਬਾਜ਼ੀ ਨੂੰ ਕਦੇ ਵੀ ਨਹੀਂ ਭੁੱਲਣਗੇ।"

ਰਵਨੀਤ ਬਿੱਟੂ ਨੇ ਕਿਹਾ ਕਿ ਹਰਦੀਪ ਪੁਰੀ ਨੂੰ ਕਿਸਾਨੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਵਿਦੇਸ਼ ਮਾਮਲਿਆਂ ਨਾਲ ਜੁੜੇ ਮਸਲਿਆਂ ਬਾਰੇ ਕੰਮ ਕੀਤਾ ਹੈ ਤਾਂ ਉਨ੍ਹਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਕੀ ਪਤਾ।

ਹਰਦੀਪ ਪੁਰੀ ਨੇ ਦਿੱਲੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਸਾੜੇ ਗਏ ਟਰੈਕਟਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਟਵੀਟ ਕੀਤਾ ਤੇ ਕਿਹਾ, "ਜੋ ਕੋਈ ਵੀ ਕਿਸਾਨਾਂ ਨੂੰ ਜਾਣਦਾ ਹੈ ਉਹ ਇਹ ਸਮਝਦਾ ਹੈ ਕਿ ਕਿਸਾਨ ਕਦੇ ਆਪਣੇ ਟਰੈਕਟਰ ਨੂੰ ਨਹੀਂ ਸਾੜਦੇ ਹਨ। ਇਹ ਟਰੈਕਟਰ ਕਿਸਾਨਾਂ ਨੇ ਨਹੀਂ ਕਾਂਗਰਸੀਆਂ ਨੇ ਸਾੜਿਆ ਹੈ।"

ਇਸ ਮਗਰੋਂ ਹਰਦੀਪ ਪੁਰੀ ਨੇ ਇੱਕ ਹੋਰ ਟਵੀਟ ਰਾਹੁਲ ਗਾਂਧੀ ਦੇ ਟਰੈਟਰ 'ਤੇ ਬੈਠਿਆਂ ਦੀ ਤਸਵੀਰ ਨਾਲ ਸਾਂਝਾ ਕੀਤਾ ਤੇ ਕਿਹਾ, " ਟਰੈਕਟਰਾਂ 'ਤੇ ਕੁਸ਼ਨ ਸੋਫਿਆਂ 'ਤੇ ਬੈਠ ਕੇ ਮੁਜ਼ਾਹਰਾ ਨਹੀਂ ਹੁੰਦਾ ਹੈ।"

ਰਵਨੀਤ ਬਿੱਟੂ ਨੇ ਆਪਣੇ ਵੀਡੀਓ ਦੇ ਆਖਿਰ ਵਿੱਚ ਕਿਹਾ, "ਜਿਹੜੇ ਮੰਤਰੀਆਂ ਨੂੰ ਮੋਦੀ ਸਾਹਬ ਫਲਾਈਟ 'ਤੇ ਭੇਜਦੇ ਹਨ, ਜੇ ਉਨ੍ਹਾਂ ਦੇ ਸਾਹਮਣੇ ਵੱਛੀ ਤੇ ਕੱਟੀ ਖੜ੍ਹੀ ਕਰ ਦੇਈਏ ਤਾਂ ਇਨ੍ਹਾਂ ਨੂੰ ਉਨ੍ਹਾਂ ਦੀ ਪਛਾਣ ਨਹੀਂ ਹੋਣੀ।"

"ਇਹ ਉਹ ਮੰਤਰੀ ਹਨ ਜਿਨ੍ਹਾਂ ਨੂੰ ਮੋਦੀ ਸਾਹਬ ਰਟਾ-ਰਟਾਇਆ ਜਵਾਬ ਫੜ੍ਹਾ ਕੇ ਭੇਜ ਦਿੰਦੇ ਹਨ ਜੋ ਮੀਡੀਆ ਵਿੱਚ ਚਲਾਉਣਾ ਹੈ।"

ਇਹ ਵੀ ਦੱਸਣਯੋਗ ਹੈ ਕਿ ਹਰਦੀਪ ਪੁਰੀ ਨੇ ਚੰਡੀਗੜ੍ਹ ਵਿੱਚ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਸੀ ਕਿ ਉਹ ਤੇ ਹੋਰ ਭਾਜਪਾ ਆਗੂ ਕਿਸਾਨਾਂ ਨਾਲ ਕਿਸੇ ਵੀ ਚਰਚਾ ਕਰਨ ਬਾਰੇ ਤਿਆਰ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)