ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ਤੇ ਕਿਸ ਦਾ ਨੁਕਸਾਨ

ਖੇਤੀ ਬਿੱਲਾਂ ਉੱਤੇ ਅਕਾਲੀ ਦਲ-ਭਾਜਪਾ ਦਾ ਪੰਜਾਬ ਵਿੱਚ ਗਠਜੋੜ ਟੁੱਟਣ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ।

ਪਰ ਇਸ ਵਿਚਾਲੇ ਸੂਬੇ ਵਿੱਚ ਸਿਆਸੀ ਹਾਲਾਤ ਕਿਹੋ ਜਿਹੇ ਉਭਰ ਰਹੇ ਹਨ, ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਹੋ ਸਕਦੀ ਹੈ, ਇਸ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਗੱਲਬਾਤ ਕੀਤੀ।

ਸਵਾਲ- ਅਕਾਲੀ-ਭਾਜਪਾ ਤੋੜ-ਵਿਛੋੜੇ ਨੂੰ ਕਿਵੇਂ ਦੇਖਦੇ ਹੋ?

ਜਵਾਬ- ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਟਾਈਮਿੰਗ ਗਲਤ ਹੋ ਗਈ ਹੈ। ਵਜੀਰੀ ਛੱਡਣ ਦੀ ਕੋਈ ਤੁਕ ਨਹੀਂ ਹੁੰਦੀ।

ਜਦੋਂ ਗਠਜੋੜ ਪਾਰਟਨਰ ਨੇ ਆਪਣਾ ਪੱਖ ਰੱਖਣਾ ਹੋਵੇ ਤਾਂ ਫਿਰ ਗਠਜੋੜ ਵਿੱਚੋਂ ਬਾਹਰ ਆਉਣਾ ਪੈਂਦਾ ਹੈ।

ਜੇ ਉਹ ਪਹਿਲਾਂ ਹੀ ਗਠਜੋੜ ਤੋੜ ਦਿੰਦੇ ਜਿਸ ਦਿਨ ਕੈਬਨਿਟ ਤੋਂ ਅਸਤੀਫ਼ਾ ਦਿੱਤਾ ਸੀ, ਉਸ ਦਾ ਅਸਰ ਹੋਰ ਹੋਣਾ ਸੀ।

ਜੇ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਅਖ਼ੀਰ 'ਤੇ ਤਿੰਨੇ ਖੇਤੀ ਆਰਡੀਨੈਂਸ ਲਈ ਪੱਖ ਵਿੱਚ ਨਾ ਲੈ ਕੇ ਆਉਂਦੇ ਅਤੇ ਗਠਜੋੜ ਤੋੜਨ ਲਈ ਵੀ ਉਨ੍ਹਾਂ ਤੋਂ ਐਲਾਨ ਕਰਵਾਉਂਦੇ ਤਾਂ ਅਸਰ ਕੁਝ ਹੋਰ ਹੋਣਾ ਸੀ।

ਇਹ ਵੀ ਪੜ੍ਹੋ:

ਸਵਾਲ- ਪੰਜਾਬ ਵਿੱਚ ਅਕਾਲੀ ਦਲ ਦਾ ਏਜੰਡਾ ਨਹੀਂ ਚੱਲ ਰਿਹਾ, ਏਜੰਡਾ ਅਕਾਲੀ ਦਲ ਨੂੰ ਚਲਾ ਰਿਹਾ ਹੈ?

ਜਵਾਬ - ਅਕਾਲੀ ਦਲ ਨੇ 26 ਸਤੰਬਰ ਦੀ ਰਾਤ ਨੂੰ ਜੋ ਫ਼ੈਸਲਾ ਲਿਆ ਹੈ, ਇਹ ਕਿਸਾਨਾਂ ਦੀ ਨਰਾਜ਼ਗੀ ਦਾ ਨਤੀਜਾ ਹੈ। ਇਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਸੀ।

ਜਿਸ ਢੰਗ ਨਾਲ ਇਹ ਪਿਛਲੇ ਤਿੰਨ ਮਹੀਨੇ ਆਰਡੀਨੈਂਸ ਨੂੰ ਡਿਫੈਂਡ ਕਰਦੇ ਰਹੇ, ਪਹਿਲਾਂ ਹਰਸਿਮਰਤ ਕੌਰ ਬਾਦਲ, ਫਿਰ ਸੁਖਬੀਰ ਬਾਦਲ ਅਤੇ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲੈ ਆਏ।

ਇੰਨੇ ਖੁੱਲ੍ਹੇ ਸਮਰਥਨ ਤੋਂ ਬਾਅਦ ਇੱਕਦਮ ਟਰਨ ਲੈਣਾ, ਉਸ ਦਾ ਉਹ ਅਸਰ ਨਹੀਂ ਹੁੰਦਾ ਜੋ ਹੋਣਾ ਚਾਹੀਦਾ ਸੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਤੋਂ ਪ੍ਰੈਕਟੀਕਲ ਗਲਤੀ ਹੋਈ ਹੈ।

ਸਵਾਲ- ਕੀ ਹੁਣ ਅਕਾਲੀ ਦਲ ਥੋੜ੍ਹੀ ਸਾਖ ਬਚਾ ਸਕੇਗਾ?

ਜਵਾਬ- ਮੈਨੂੰ ਲੱਗਦਾ ਹੈ ਕਿ ਇਹ ਪਹਿਲਾਂ ਪਿੰਡਾਂ ਵਿੱਚ ਜਾਣ ਜੋਗੇ ਨਹੀਂ ਸੀ, ਹੁਣ ਇਹ ਜਾਣ ਜੋਗੇ ਹੋ ਗਏ ਹਨ। ਇਸ ਤੋਂ ਵੱਧ ਅਸਰ ਨਹੀਂ ਹੋਇਆ।

ਕਿਉਂਕਿ ਇਨ੍ਹਾਂ ਦਾ ਜਿਹੜਾ ਆਪਣਾ ਕਾਡਰ ਸੀ ਉਹ ਅੰਡਰ ਪ੍ਰੈਸ਼ਰ ਆ ਰਿਹਾ ਸੀ।

ਜੇ ਕਹੀਏ ਕਿ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ ਹੈ, ਉਹ ਹਾਲੇ ਸਮਾਂ ਦੱਸੇਗਾ।

ਸਵਾਲ- ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਫਾਇਦਾ ਕਿਸ ਨੂੰ ਮਿਲੇਗਾ, ਭਾਜਪਾ ਕਿੱਥੇ ਖੜ੍ਹੀ ਦੇਖਦੇ ਹੋ?

ਜਵਾਬ- ਭਾਜਪਾ ਦਾ ਜੋ ਪੁਰਾਣਾ ਇਤਿਹਾਸ ਹੈ ਉਸ ਮੁਤਾਬਕ ਜੇ ਇਹ ਪਾਰਟੀ ਆਪਣੇ ਬਲਬੂਤੇ 'ਤੇ ਪੰਜਾਬ ਵਿੱਚ ਚੋਣ ਲੜੇ ਤਾਂ ਅੱਜ ਦੀ ਤਰੀਕ ਵਿੱਚ ਕੋਈ ਵੀ ਸੀਟ ਨਹੀਂ ਆਉਣੀ।

ਉਹ ਵੀ ਉਸ ਵੇਲੇ ਜਦੋਂ ਪਾਰਟੀ ਦੀ ਸਰਕਾਰ ਖਿਲਾਫ਼ ਬਹੁਤ ਵੱਡਾ ਸੰਘਰਸ਼ ਪੰਜਾਬ ਵਿੱਚ ਛਿੜਿਆ ਹੋਇਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

ਭਾਜਪਾ ਦੀਆਂ ਲੋਕ ਸਭਾ ਸੀਟਾਂ ਦੇਖੀਏ, ਜੋ ਇਹ ਜਿੱਤਦੇ ਹਨ- ਉਦਾਹਰਨ ਵਜੋਂ ਸੰਨੀ ਦਿਓਲ ਗੁਰਦਾਸਪੁਰ ਤੋਂ ਜਿੱਤੇ, ਵਿਸ਼ਲੇਸ਼ਣ ਕਰੋ ਤਾਂ ਉਹ ਉੱਥੋਂ ਜਿੱਤੇ ਹਨ ਜੋ ਸਿੱਖ ਬਹੁਮਤ ਵਾਲੀਆਂ ਸੀਟਾਂ ਹਨ।

ਭਾਜਪਾ ਅੰਮ੍ਰਿਤਸਰ ਤੋਂ, ਹੁਸ਼ਿਆਰਪੁਰ ਤੋਂ ਜਿੱਤਦੀ ਹੈ ਤਾਂ ਪੈਟਰਨ ਉਹੀ ਹੁੰਦਾ ਹੈ। ਇਨ੍ਹਾਂ ਦਾ ਆਪਣਾ ਕੋਈ ਆਧਾਰ ਨਹੀਂ ਹੈ, ਰੋਲ ਰਿਹਾ ਹੈ।

ਸਵਾਲ- ਅਕਾਲੀ ਦਲ ਦੇ ਵੀ ਕਈ ਟੁਕੜੇ ਹੋ ਚੁੱਕੇ ਹਨ, ਕਿਸੇ ਹੋਰ ਗਰੁੱਪ ਦਾ ਭਾਜਪਾ ਨਾਲ ਗਠਜੋੜ ਸੰਭਵ ਹੈ?

ਜਵਾਬ- ਸੁਖਦੇਵ ਸਿੰਘ ਢੀਂਡਸਾ ਨੇ ਜਦੋਂ ਆਪਣੀ ਪਾਰਟੀ ਬਣਾਈ, ਉਦੋਂ ਇਹ ਸੰਕੇਤ ਆ ਰਿਹਾ ਸੀ ਕਿ ਸਮਰਥਨ ਭਾਜਪਾ ਨੇ ਦਿੱਤਾ ਸੀ।

ਭਾਜਪਾ ਸ਼ਾਇਦ ਇਹ ਦੇਖਣਾ ਚਾਹੁੰਦੀ ਸੀ ਕਿ ਉਹ ਕੋਈ ਨਵਾਂ ਬਦਲ ਬਣਾ ਸਕਦੇ ਹਨ ਜਾਂ ਨਹੀਂ। ਪਰ ਇਹ ਹੁਣ ਤੱਕ ਜੋਰ ਫੜ੍ਹ ਨਹੀਂ ਸਕੇ।

ਜਿਸ ਹਾਲਾਤ ਵਿੱਚ ਪੰਜਾਬ ਹੈ ਮੈਨੂੰ ਨਹੀਂ ਲੱਗਦਾ ਕਿ ਢੀਂਡਸਾ ਦੀ ਪਾਰਟੀ ਜੋਰ ਫੜ੍ਹਦੀ ਨਜ਼ਰ ਆ ਰਹੀ ਹੈ।

ਭਾਜਪਾ ਤਜੁਰਬਾ ਕਰ ਰਹੀ ਸੀ ਕਿ ਉਹ ਅਗਲੀ ਚੋਣ ਕਿਸੇ ਨਵੇਂ ਗਰੁੱਪ ਨਾਲ ਲੜੇ।

ਇਹ ਇਸਤੋਂ ਸਪਸ਼ਟ ਹੁੰਦਾ ਹੈ ਕਿ ਜਦੋਂ ਗਠਜੋੜ ਟੁੱਟ ਰਿਹਾ ਹੋਵੇ ਅਤੇ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਗੱਲ ਹੀ ਨਾ ਕਰਨ।

ਮੈਨੂੰ ਸਮਝ ਨਹੀਂ ਆਉਂਦਾ ਕਿ ਪੀਐੱਮ ਨੇ ਉਨ੍ਹਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਂ ਸਮਾਂ ਨਹੀਂ ਦਿੱਤਾ।

ਇਹ ਵੀ ਪੜ੍ਹੋ:

ਸਵਾਲ—ਕੀ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੋ ਸਕਦਾ ਹੈ ਜਾਂ ਨਹੀਂ?

ਜਵਾਬ- ਮੇਰੇ ਖਿਆਲ ਵਿੱਚ ਹੋ ਸਕਦਾ ਹੈ ਬਸਪਾ ਨਾਲ, ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ। 1996 ਦੀ ਲੋਕਸਭਾ ਚੋਣ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਤੋਂ ਪਹਿਲਾਂ ਲੜੀ ਸੀ।

ਉਦੋਂ ਕਾਂਸ਼ੀਰਾਮ ਪੰਜਾਬ ਤੋਂ ਐੱਮਪੀ ਬਣੇ ਸਨ। ਉਹ ਸੰਭਾਵਨਾ ਹਮੇਸ਼ਾ ਹੀ ਹੈ।

ਪਿਛਲੇ ਛੇ ਮਹੀਨਿਆਂ ਤੋਂ ਇਹ ਗੱਲ ਚੱਲ ਰਹੀ ਸੀ ਕਿ ਭਾਜਪਾ ਤੇ ਅਕਾਲੀ ਦਲ ਇਕੱਠੇ ਮੁਸ਼ਕਿਲ ਹੈ। ਅਕਾਲੀ ਦਲ ਨੇ ਬਸਪਾ ਨਾਲ ਰਾਹ ਖੋਲ੍ਹਿਆ ਸੀ।

ਉਹ ਹਾਲੇ ਸਿਰੇ ਚੜ੍ਹਿਆ ਜਾ ਨਹੀਂ, ਪਤਾ ਨਹੀਂ ਪਰ ਸਮਾਂ ਲੱਗੇਗਾ, ਹਾਲੇ ਚੋਣਾਂ ਦੂਰ ਹਨ।

ਤਾਂ ਦੋਵੇਂ ਹੀ ਪਾਰਟੀਆਂ ਪਹਿਲਾਂ ਹੀ ਬਦਲ ਦੀ ਭਾਲ ਕਰ ਰਹੀਆਂ ਸਨ।

ਅਕਾਲੀ ਦਲ ਕਾਫ਼ੀ ਸਮੇਂ ਤੋਂ ਇਹ ਕਰ ਰਿਹਾ ਸੀ ਜਦੋਂਕਿ ਜਨਤਕ ਤੌਰ 'ਤੇ ਇਹ ਕਹਿ ਰਿਹਾ ਸੀ ਕਿ ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ।

ਕੋਈ ਵੀ ਰਿਸ਼ਤਾ ਨਹੁੰ-ਮਾਸ ਦਾ ਨਹੀਂ ਹੁੰਦਾ, ਸਿਆਸਤ ਦੇ ਹੁੰਦੇ ਹਨ, ਇਹ ਸਮੇਂ ਦੇ ਨਾਲ ਟੁੱਟ ਜਾਂਦੇ ਹੁੰਦੇ ਹਨ। ਨਿਰਭਰ ਕਰਦਾ ਹੈ ਕਿ ਕਿਹੜੀ ਸਿਆਸਤ ਉਸ ਵੇਲੇ ਲੈ ਕੇ ਚੱਲ ਰਹੇ ਹੋ।

ਸੁਖਦੇਵ ਸਿੰਘ ਢੀਂਡਸਾ ਭਾਜਪਾ ਹਿਮਾਇਤੀ ਨਜ਼ਰ ਆ ਰਹੇ ਹਨ। ਜੋ ਵੀ ਪਾਰਟੀ ਅੱਜ ਦੀ ਤਰੀਕ ਵਿੱਚ ਭਾਜਪਾ ਹਿਮਾਇਤੀ ਨਜ਼ਰ ਆਏਗੀ, ਉਸ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਹੈ।

ਸਵਾਲ- ਜੇ ਕੇਂਦਰ ਸਰਕਾਰ ਕਿਸੇ ਹੋਰ ਤਰੀਕੇ ਨਾਲ ਕਿਸਾਨ ਬਿਲ ਲੈ ਕੇ ਆਉਂਦੀ ਹੈ ਅਤੇ ਐੱਮਐੱਸਪੀ ਨੂੰ ਯਕੀਨੀ ਕਰਦੀ ਹੈ ਤਾਂ ਕੀ ਭਾਜਪਾ ਜਾਂ ਉਸ ਨਾਲ ਰਲਣ ਵਾਲੀਆਂ ਹੋਰਨਾਂ ਪਾਰਟੀਆਂ ਨੂੰ ਫਾਇਦਾ ਮਿਲ ਸਕਦਾ ਹੈ?

ਜਵਾਬ- ਇਸ ਵੇਲੇ ਇੱਕ ਹੀ ਮੰਗ ਹੈ, ਐੱਮਐੱਸਪੀ ਨੂੰ ਕਾਨੂੰਨੀ ਤੌਰ 'ਤੇ ਯਕੀਨੀ ਕੀਤੀ ਜਾਵੇ।

ਐੱਮਐੱਸਪੀ ਮੁੱਖ ਤੌਰ 'ਤੇ ਪੰਜਾਬ ਹਰਿਆਣਾ ਨੂੰ ਪ੍ਰਭਾਵਿਤ ਕਰਦਾ ਹੈ, ਹੋਰ ਹਿੰਦੁਸਤਾਨ ਨੂੰ ਨਹੀਂ ਕਰਦਾ ਕਿਉਂਕਿ ਐੱਮਐੱਸਪੀ ਹੈ ਹੀ ਨਹੀਂ ਬਾਕੀ ਸੂਬਿਆਂ ਵਿੱਚ ਅਤੇ ਨਾ ਹੀ ਮੰਡੀ ਸਿਸਟਮ ਹੈ। ਇੱਥੇ ਕਣਕ ਤੇ ਝੋਨੇ 'ਤੇ ਐੱਮਐਸਪੀ ਮਿਲਦੀ ਹੈ।

ਜੇ ਅੱਜ ਦੀ ਤਰੀਕ ਵਿੱਚ ਮੋਦੀ ਸਰਕਾਰ ਐਕਟ ਲਿਆਂਦੀ ਹੈ ਜਾਂ ਸੋਧ ਕਰਦੀ ਹੈ ਅਤੇ ਕਾਨੂੰਨੀ ਤੌਰ 'ਤੇ ਯਕੀਨੀ ਕਰੇ ਕਿ ਕਿਸਾਨਾਂ ਦੀਆਂ ਜਿਹੜੀਆਂ ਫ਼ਸਲਾਂ ਐੱਮਐਸਪੀ ਹੇਠ ਕਵਰ ਹੁੰਦੀਆਂ ਹਨ, ਪ੍ਰਾਈਵੇਟ ਬਜ਼ਾਰ ਵਿੱਚ ਵੀ ਉਹੀ ਕੀਮਤ ਮਿਲੇਗੀ ਤਾਂ ਮੈਨੂੰ ਲੱਗਦਾ ਹੈ ਕਿ ਸਕਾਰਾਤਮਕ ਹੋਏਗਾ।

ਸਵਾਲ- ਅਕਾਲੀ-ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਕਾਂਗਰਸ ਅਤੇ 'ਆਪ' ਨੂੰ ਹੁਣ ਕਿੱਥੇ ਖੜ੍ਹਾ ਦੇਖਦੇ ਹੋ?

ਜਵਾਬ- ਪੰਜਾਬ ਵਿੱਚ ਤੀਜੇ ਬਦਲ ਦੀ ਥਾਂ ਕਈ ਸਾਲਾਂ ਤੋਂ ਖਾਲੀ ਪਈ ਹੈ। ਜਿਵੇਂ ਇੱਥੇ ਕਣਕ-ਝੋਨੇ ਦਾ ਰੋਟੇਸ਼ਨ ਹੈ, ਪੰਜਾਬ ਵਿੱਚ ਅਕਾਲੀ ਕਾਂਗਰਸ ਦੀ ਇਹੀ ਰੋਟੇਸ਼ਨ ਹੈ। ਕਾਂਗਰਸ ਜਾਂਦੀ ਹੈ, ਅਕਾਲੀ ਦਲ ਆਉਂਦਾ ਹੈ।

ਮੈਨੂੰ ਇਨ੍ਹਾਂ ਪਾਰਟੀਆਂ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ।

ਅਕਾਲੀ ਦਲ ਕਿਸੇ ਵੇਲੇ ਧਰਮ ਨਾਲ ਬੱਝੀ ਹੁੰਦੀ ਸੀ, 1997 ਵਿੱਚ ਪਾਰਟੀ ਨੇ ਉਹ ਵੀ ਛੱਡ ਦਿੱਤਾ। ਹੁਣ ਕੋਈ ਫਰਕ ਨਹੀਂ ਦੋਹਾਂ ਪਾਰਟੀਆਂ ਵਿੱਚ।

ਇਸ ਲਈ ਤੀਜੇ ਬਦਲ ਦੀ ਥਾਂ ਖਾਲੀ ਪਈ ਹੈ।

ਆਮ ਆਦਮੀ ਪਾਰਟੀ 'ਤੇ ਲੋਕਾਂ ਨੇ ਇੱਕ ਵੇਲੇ ਭਰੋਸਾ ਜਤਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਲੋਕਾਂ ਦੇ ਭਰੋਸੇ 'ਤੇ ਖਰਾ ਨਹੀਂ ਉਤਰ ਸਕੀ।

ਹੁਣ ਵੀ ਕੋਈ ਚਾਂਸ ਨਹੀਂ ਕਿ ਇਹ ਪਾਰਟੀ ਨਵੇਂ ਰੂਪ ਵਿੱਚ ਮੁੜ ਸੁਰਜੀਤ ਹੋ ਜਾਵੇ। ਹਾਲੇ ਵੀ ਸਮੱਸਿਆ ਉੱਥੇ ਹੀ ਖੜ੍ਹੀ ਹੈ, ਜਾਂ ਅਕਾਲੀ ਦਲ ਜਾਂ ਕਾਂਗਰਸ।

ਪਿਛਲੀ ਵਾਰ ਜਿਵੇਂ 'ਆਪ' ਨੇ 20 ਸੀਟਾਂ ਜਿੱਤੀਆਂ, ਸੰਭਾਵਨਾ ਹੈ ਕਿ ਉਸੇ ਤਰ੍ਹਾਂ ਕੋਈ ਨਵਾਂ ਬਦਲ ਹੋ ਜਾਏ ਗਠਜੋੜ ਤੋਂ ਬਾਅਦ, ਮੈਂ ਇੱਥੇ ਗਠਜੋੜ ਤੋਂ ਪਹਿਲਾਂ ਵਾਲੇ ਬਦਲ ਦੀ ਗੱਲ ਨਹੀਂ ਕਰ ਰਿਹਾ।

ਇਸ ਵੇਲੇ ਕੋਈ ਵੀ ਪਾਰਟੀ ਅਜਿਹਾ ਪ੍ਰਭਾਵ ਨਹੀਂ ਦੇ ਰਹੀ ਕਿ ਇਹ ਸੰਭਵ ਹੋ ਜਾਵੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)