ਖੇਤੀ ਬਿੱਲਾਂ ’ਤੇ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤੋੜਿਆ, ਸੁਖਬੀਰ ਨੇ ਤੋੜ-ਵਿਛੋੜੇ ਦੇ ਇਹ ਕਾਰਨ ਦੱਸੇ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਖੇਤੀ ਬਿਲਾਂ ’ਤੇ ਅਕਾਲੀ ਦਲ ਭਾਜਪਾ ਦਾ ਸਾਥ ਛੱਡ ਕੇ ਐੱਨਡੀਏ ਤੋਂ ਬਾਹਰ ਆ ਗਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਨੇ ਸਰਬ ਸਹਿਮਤੀ ਨਾਲ ਐੱਨਡੀਏ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਪਹਿਲਾਂ ਅਕਾਲੀ ਦਲ ਨੇ ਇਸ ਬਿੱਲ ਦੀ ਹਮਾਇਤ ਕੀਤੀ ਸੀ ਪਰ ਬਾਅਦ ਵਿੱਚ ਕਿਸਾਨਾਂ ਦੇ ਵਧਦੇ ਰੋਸ ਕਾਰਨ ਅਕਾਲੀ ਦਲ ਨੇ ਇਸ ਬਿੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

ਸੁਖਬੀਰ ਬਾਦਲ ਨੇ ਕਿਹਾ, “ਜਿਸ ਪਾਰਟੀ ਅਕਾਲੀ ਦਲ ਨੇ ਪੂਰੀ ਜ਼ਿੰਦਗੀ ਕਿਸਾਨੀ ਲਈ ਲਗਾ ਦਿੱਤੀ, ਉਸੇ ਨੂੰ ਖੇਤੀ ਆਰਡੀਨੈਂਸ ਲਿਆਉਣ ਵੇਲੇ ਨਹੀਂ ਪੁੱਛਿਆ ਗਿਆ। ਸਾਨੂੰ ਪੁੱਛਿਆ ਜਾਣਾ ਚਾਹੀਦਾ ਸੀ ਪਰ ਸਾਡੇ ਨਾਲ ਕੋਈ ਗੱਲ ਨਹੀਂ ਹੋਈ।”

“ਫਿਰ ਜਦੋਂ ਕੈਬਨਿਟ ਵਿੱਚ ਇਹ ਆਰਡੀਨੈਂਸ ਲਿਆਂਦੇ ਗਏ ਤਾਂ ਵੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਮੰਤਰੀ ਵਜੋਂ ਕਈ ਵਾਰ ਬਿਲਾਂ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਅਨੁਸਾਰ ਬਦਲਣ ਲਿਆ ਕਿਹਾ ਪਰ ਸਾਡੀ ਗੱਲ ਨਹੀਂ ਮੰਨੀ ਗਈ।”

“ਫਿਰ ਤੁਹਾਨੂੰ ਪਤਾ ਹੈ ਕਿ ਖੇਤੀ ਬਿਲਾਂ ਨੂੰ ਲੋਕ ਸਭਾ ਵਿੱਚ ਲਿਆਂਦਾ ਗਿਆ ਤੇ ਪਾਸ ਕਰਵਾਇਆ ਗਿਆ ਤੇ ਰਾਜ ਸਭਾ ਵਿੱਚ ਵਿੱਚ ਵੀ ਪਾਸ ਕਰਵਾ ਲਿਆ ਗਿਆ।”

“ਸ਼੍ਰੋਮਣੀ ਅਕਾਲੀ ਦਲ ਭਾਵੇਂ ਉਸ ਵੇਲੇ ਸਰਕਾਰ ਦਾ ਹਿੱਸਾ ਸੀ ਪਰ ਉਸੇ ਵੇਲੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਉਸੇ ਵੇਲੇ ਮੈਂ ਕਿਹਾ ਸੀ ਕਿ ਅਗਲਾ ਫੈਸਲਾ ਅਸੀਂ ਆਪਣੇ ਵਰਕਰਾਂ ਤੇ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਲਵਾਂਗੇ। ਬੀਤੇ ਦਿਨਾਂ ਵਿੱਚ ਮੈਂ ਆਪਣੇ ਵਰਕਰਾਂ ਤੇ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕੀਤੀ।”

“ਹੁਣ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਜਿਸ ਪਾਰਟੀ ਨੇ, ਜਿਸ ਐੱਨਡੀਏ ਨੇ ਇਹ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਬਿਲ ਲਿਆਏ ਹਨ ਅਸੀਂ ਉਨ੍ਹਾਂ ਦੇ ਨਾਲ ਨਹੀਂ ਰਹਿ ਸਕਦੇ ਹਾਂ।”

ਸੁਖਬੀਰ ਬਾਦਲ ਨੇ ਅੱਗੇ ਕਿਹਾ, “ਅਸੀਂ ਬੇਨਤੀ ਕੀਤੀ ਕਿ ਜੰਮੂ-ਕਸ਼ਮੀਰ ਨਾਲ ਦਾ ਸੂਬਾ ਹੈ ਉੱਥੇ ਪੰਜਾਬੀ ਨੂੰ ਆਫੀਸ਼ੀਅਲ ਭਾਸ਼ਾ ਦਾ ਦਰਜਾ ਮਿਲਣਾ ਚਾਹੀਦਾ ਹੈ। ਪਰ ਉਹ ਸਾਡੀ ਗੱਲ ਨਹੀੰ ਮੰਨੀ ਗਈ।”

‘NDA ਛੱਡਣਾ ਅਕਾਲੀ ਦਲ ਦੀ ਸਿਆਸੀ ਮਜਬੂਰੀ ਸੀ’

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਭਾਜਪਾ ਦਾ ਸਾਥ ਛੱਡਣ ਨੂੰ ਕੋਈ ਨੈਤਿਕ ਤੌਰ 'ਤੇ ਲਿਆ ਫ਼ੈਸਲਾ ਨਹੀਂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲਾ ਲੈਣਾ ਅਕਾਲੀ ਦਲ ਦੀ ਸਿਆਸੀ ਮਜਬੂਰੀ ਸੀ।

ਕੈਪਟਨ ਅਮਰਿੰਦਰ ਨੇ ਕਿਹਾ, "ਜਦੋਂ ਭਾਜਪਾ ਨੇ ਅਕਾਲੀਆਂ ਨੂੰ ਕਿਸਾਨਾਂ ਨੂੰ ਸਮਝਾਉਣ ਵਿੱਚ ਨਾਕਾਮ ਰਹਿਣ ਦਾ ਜ਼ਿੰਮੇਵਾਰ ਕਰਾਰ ਦਿੱਤਾ ਤਾਂ ਅਕਾਲੀ ਦਲ ਕੋਲ ਹੋਰ ਕੋਈ ਰਾਹ ਨਹੀਂ ਬੱਚਿਆ ਸੀ।"

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)