ਖੇਤੀ ਕਾਨੂੰਨ ਖਿਲਾਫ਼ ਮੁਜ਼ਾਹਰਿਆਂ ’ਚ ਸ਼ਾਮਿਲ ਹੋ ਰਹੀਆਂ ਪੰਜਾਬਣਾਂ ਕੀ ਚਾਹੂੰਦੀਆਂ ਹਨ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

"ਮਰਨੋਂ ਮਰਜਾਂਗੇ, ਪਰ ਇਹ ਹੋਣ ਨਹੀਂ ਦਿੰਦੇ", ਫਿਕਰ ਅਤੇ ਗੁੱਸੇ ਭਰੇ ਹਾਵ-ਭਾਵ ਵਿੱਚ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੋਲਦਿਆਂ ਕਿਸਾਨ ਬੀਬੀ ਮਨਜੀਤ ਕੌਰ ਨੇ ਉੱਚੀ ਅਵਾਜ਼ ਵਿੱਚ ਇਹ ਗੱਲ ਕਹੀ।

ਮਨਜੀਤ ਕੌਰ, ਪਿੰਡ ਲੁਧਿਆਣਾ ਵਿੱਚ ਪੈਂਦੇ ਰਾਏਕੋਟ ਦੇ ਨੇੜਲੇ ਪਿੰਡ ਲਿੱਤਰਾਂ ਦੀ ਰਹਿਣ ਵਾਲੀ ਹੈ।

ਉਹ ਆਪਣੇ ਪਤੀ ਅਤੇ ਪਿੰਡ ਦੇ ਕੁਝ ਹੋਰ ਲੋਕਾਂ ਨਾਲ ਐਤਵਾਰ ਨੂੰ ਰਾਏਕੋਟ ਦੇ ਪਿੰਡ ਜੱਟਪੁਰਾ ਵਿੱਚ ਆਈ ਸੀ, ਜਿੱਥੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਆਗੂ ਗਾਂਧੀ ਦੀ ਜਨਤਕ ਮੀਟਿੰਗ ਸੀ।

ਇਹ ਵੀ ਪੜ੍ਹੋ-

ਮਨਜੀਤ ਕੌਰ ਨੇ ਦੱਸਿਆ ਕਿ ਉਹ ਬਹੁਤ ਛੋਟੀ ਕਿਸਾਨੀ ਵਾਲੇ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਹਨਾਂ ਦੱਸਿਆ ਕਿ ਪਰਿਵਾਰ ਕੋਲ ਅੱਧਾ ਕਿੱਲਾ ਜ਼ਮੀਨ ਹੈ, ਬਾਕੀ ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ।

ਉਹ ਬੋਲੀ, "ਮੇਰੇ ਪਰਿਵਾਰ ਵਿੱਚ ਪਤੀ ਤੋਂ ਇਲਾਵਾ ਸੱਤ ਧੀਆਂ ਅਤੇ ਦੋ ਪੁੱਤ ਹਨ। ਬੜੀ ਮੁਸ਼ਕਿਲ ਨਾਲ ਸੱਤਾਂ ਧੀਆਂ ਦਾ ਵਿਆਹ ਕੀਤਾ, ਮੁੰਡੇ ਪੜ੍ਹੇ ਨੇ ਪਰ ਨੌਕਰੀ ਕੋਈ ਨਹੀਂ ਮਿਲੀ। ਹੁਣ ਖੇਤੀ ਵਿੱਚ ਹੱਥ ਵਟਾਉਂਦੇ ਹਨ।"

ਨਵੇਂ ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਮਨਜੀਤ ਕੌਰ ਨੇ ਕਿਹਾ ਕਿ ਪਹਿਲਾਂ ਹੀ ਜੋ ਫਸਲਾਂ ਦਾ ਮੁੱਲ ਮਿਲਦਾ ਹੈ, ਉਹ ਬਹੁਤਾ ਨਹੀਂ ਪਰ ਹੁਣ ਜੇ ਖੁੱਲ੍ਹੀ ਮੰਡੀ ਸ਼ੁਰੂ ਹੋ ਗਈ ਤਾਂ ਜੋ ਮਿਲਦਾ ਸੀ ਉਹ ਵੀ ਨਹੀਂ ਮਿਲੇਗਾ।

ਉਹਨਾਂ ਕਿਹਾ, "ਜਦੋਂ ਤੋਂ ਇਹ ਬਿੱਲ ਪਾਸ ਹੋਏ ਨੇ, ਮੈਂ ਧਰਨਿਆਂ 'ਤੇ ਜਾਂਦੀ ਹਾਂ, ਜੋ ਕਰ ਸਕੇ ਕਰਾਂਗੇ ਪਰ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ। ਜੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਅਸੀਂ ਪੂਰੀ ਤਰ੍ਹਾਂ ਮਾਰੇ ਜਾਵਾਂਗੇ।"

ਕੇਂਦਰ ਸਰਕਾਰ ਵੱਲੋਂ ਲਿਆਂਦੇ ਇਨ੍ਹਾਂ ਨਵੇਂ ਖੇਤੀ ਕਾਨੂੰਨਾਂ ਦਾ ਪੰਜਾਬ ਵਿੱਚ ਪੁਰਜੋਰ ਵਿਰੋਧ ਹੋ ਰਿਹਾ ਹੈ। ਸਿਆਸਤਦਾਨ, ਕਿਸਾਨ ਯੁਨੀਅਨਾਂ, ਮਜ਼ਦੂਰ ਤੇ ਮੁਲਾਜ਼ਮ ਸੰਗਠਨ, ਕਲਾਕਾਰ, ਆਮ ਕਿਸਾਨ, ਬਜ਼ੁਰਗ, ਨੌਜਵਾਨ, ਔਰਤਾਂ-ਚਾਹੇ ਕੋਈ ਵੀ ਵਰਗ ਹੋਏ ਇਨ੍ਹਾਂ ਕਾਨੂੰਨਾਂ ਦੀ ਖਿਲਾਫਤ ਕਰਦਿਆਂ ਸੜਕਾਂ ਉੱਤੇ ਉਤਰਿਆ ਹੈ।

ਸਿਆਸੀ ਪਾਰਟੀਆਂ ਤੋਂ ਅਲਹਿਦਾ, ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ਵਿੱਚ ਵੀ ਮਹਿਲਾਵਾਂ ਦੀ ਸ਼ਮੂਲੀਅਤ ਉੱਭਰ ਕੇ ਸਾਹਮਣੇ ਆ ਰਹੀ ਹੈ।

"ਸਾਰੇ ਇਕਜੁੱਟ ਹੋ ਜਾਈਏ, ਤਾਂ ਸਰਕਾਰ ਨੂੰ ਝੁਕਣਾ ਹੀ ਪਏਗਾ"

ਐਤਵਾਰ ਨੂੰ ਰਾਹੁਲ ਗਾਂਧੀ ਦੀ ਪੰਜਾਬ ਅੰਦਰ 'ਖੇਤੀ ਬਚਾਓ ਯਾਤਰਾ' ਦਾ ਪਹਿਲਾ ਦਿਨ ਰਿਹਾ।

ਪਹਿਲੇ ਦਿਨ ਦਾ ਆਖਰੀ ਪੜਾਅ ਰਾਏਕੋਟ ਦੇ ਪਿੰਡ ਜੱਟਪੁਰਾ ਦੀ ਜਨਤਕ ਮੀਟਿੰਗ (ਰੈਲੀ) ਸੀ।

ਇਹ ਵੀ ਪੜ੍ਹੋ:-

ਵੈਸੇ ਤਾਂ ਇਸ ਰੈਲੀ ਵਿੱਚ ਵੀ ਬੀਬੀਆਂ ਦੀ ਗਿਣਤੀ ਕਾਫੀ ਨਜ਼ਰ ਆਈ, ਪਰ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਰੈਲੀ ਵਿੱਚ ਭੀੜ ਦਿਖਾਉਣ ਲਈ ਲਿਆਂਦਾ ਗਿਆ ਸੀ।

ਕਾਫੀ ਬੱਸਾਂ ਵਿੱਚ ਮਨਰੇਗਾ ਵਰਕਰਾਂ ਪਹੁੰਚੀਆਂ, ਜਿੰਨ੍ਹਾਂ ਨੂੰ ਵੀ ਸਰਕਾਰ ਖਿਲਾਫ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੀ, ਪਰ ਉਹਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਪਤਾ ਨਹੀਂ ਸੀ।

ਫਿਰ ਸਾਨੂੰ ਕਿਸਾਨ ਪਰਿਵਾਰ ਦੀ ਇੱਕ ਹੋਰ ਬੀਬੀ ਮਿਲੀ, ਜੋ ਕਿ ਨੇੜਲੇ ਪਿੰਡ ਅਕਾਲਸਿਆਂ ਤੋਂ ਆਪਣੇ ਪਤੀ ਨਾਲ ਪਹੁੰਚੀ ਸੀ। ਇਹ ਬੀਬੀ ਪਰਮਿੰਦਰ ਕੌਰ, ਪੜ੍ਹੀ ਲਿਖੀ ਸੀ।

ਪਰਮਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਕੋਲ ਪੰਜ ਕੁ ਕਿੱਲ੍ਹੇ ਪੈਲੀ ਹੈ, ਦੋ ਬੇਟੇ ਹਨ ਜਿਨ੍ਹਾਂ ਵਿੱਚੋਂ ਇੱਕ ਨੌਕਰੀ ਕਰਦਾ ਹੈ।

ਪਰਮਿੰਦਰ ਕੌਰ ਨੇ ਕਿਹਾ, "ਖੇਤੀ ਖਰਚੇ ਲਗਾਤਾਰ ਵਧ ਰਹੇ ਹਨ ਅਤੇ ਆਮਦਨ ਘੱਟ ਰਹੀ ਹੈ। ਕੀਟਨਾਸ਼ਕਾਂ, ਸਪਰੇਆਂ ਦੀ ਕੀਮਤ ਦਾ ਤੈਅ ਹੈ ਪਰ ਜੱਟ ਦੀ ਫਸਲ ਦੀ ਕੋਈ ਕੀਮਤ ਨਹੀਂ, ਅਜਿਹਾ ਕਿਉਂ?"

ਪਰਮਿੰਦਰ ਨੇ ਕਿਹਾ ਕਿ ਅੱਜਕੱਲ੍ਹ ਇਧਰ ਕੰਮਕਾਰ ਨਾ ਮਿਲਣ ਕਾਰਨ ਬੱਚੇ ਵਿਦੇਸ਼ਾਂ ਨੂੰ ਜਾਣ ਬਾਰੇ ਸੋਚਦੇ ਹਨ, ਜੇ ਫਸਲ ਦਾ ਮੁੱਲ ਸਹੀ ਨਾ ਮਿਲਿਆ ਤਾਂ ਕਿਸਾਨ ਕੋਲ ਆਪਣੇ ਬੱਚੇ ਬਾਹਰ ਭੇਜਣ ਜੋਗੇ ਪੈਸੇ ਵੀ ਨਹੀਂ ਜੁੜਣਗੇ।

ਪਰਮਿੰਦਰ ਦਾ ਕਹਿਣਾ ਸੀ ਕਿ ਜੇਕਰ ਕਿਸਾਨ ਦਾ ਹੀ ਲੱਕ ਟੁੱਟ ਗਿਆ ਤਾਂ, ਕਿਸਾਨ ਨਾਲ ਜੁੜੇ ਬਾਕੀ ਲੋਕਾਂ ਦੀ ਆਰਥਿਕਤਾ ਵੀ ਡਗਮਾਏਗੀ।

ਰੋਸ ਧਰਨਿਆਂ ਦੀ ਤਾਕਤ ਜਤਾਉਂਦਿਆਂ ਉਹਨਾਂ ਕਿਹਾ, "ਭਾਵੇਂ ਇਹ ਕਾਨੂੰਨ ਬਣ ਚੁੱਕੇ ਹਨ, ਪਰ ਜੇ ਅਸੀਂ ਸਾਰੇ ਇੱਕਜੁਟ ਹੋ ਕੇ ਇਨ੍ਹਾਂ ਦਾ ਵਿਰੋਧ ਕਰੀਏ ਤਾਂ ਸਰਕਾਰ ਨੂੰ ਸਾਡੀ ਗੱਲ ਸੁਣਨੀ ਹੀ ਪਵੇਗੀ।"

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)