You’re viewing a text-only version of this website that uses less data. View the main version of the website including all images and videos.
ਬਾਬਰੀ ਢਾਹੁਣ ਦੀ ਸਾਜਿਸ਼ ਦੀ 17 ਸਾਲ ਤਫ਼ਤੀਸ਼ ਕਰਨ ਵਾਲੇ ਜੱਜ ਮਨਮੋਹਨ ਸਿੰਘ ਲਿਬਰਹਾਨ ਨੇ ਕਿਉਂ ਕਿਹਾ ਸਵਾਲ ਉੱਠਣਗੇ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
'ਸਵਾਲ ਤਾਂ ਉੱਠਣਗੇ, ਲੋਕ ਸਵਾਲ ਚੁੱਕਣਗੇ। ਮੈਨੂੰ ਇਹ ਸਬੂਤ ਮਿਲੇ ਕਿ ਉਹ ਇਸ ਵਿੱਚ ਸ਼ਾਮਲ ਸਨ ਸੁਪਰੀਮ ਕੋਰਟ ਨੇ ਵੀ ਇਸ ਨੂੰ ਆਪਣੇ ਫ਼ੈਸਲੇ 'ਚ ਸਹੀ ਪਾਇਆ ਸੀ, ਤਾਂ ਕਮਿਸ਼ਨ ਦੀ ਰਿਪੋਰਟ ਸਹੀ ਸੀ। ਜੇਕਰ ਸਹਿਮਤੀ ਨਾਲ ਕੀਤਾ ਗਿਆ ਕੰਮ ਸਾਜ਼ਿਸ਼ ਨਹੀਂ ਹੁੰਦੀ ਤਾਂ ਮੈਨੂੰ ਨਹੀਂ ਪਤਾ ਕਿ ਸਾਜ਼ਿਸ਼ ਕੀ ਹੁੰਦੀ ਹੈ।'
ਇਹ ਕਹਿਣਾ ਹੈ ਬਾਬਰੀ ਢਹਿ ਢੇਰੀ ਕੇਸ ਵਿੱਚ ਫੈਸਲਾ ਆਉਣ ਤੋਂ ਬਾਅਦ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਸਾਬਕਾ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਦਾ।
ਫੈਸਲੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਸਾਧਵੀ ਰਿਤੰਭਰਾ, ਉਮਾ ਭਾਰਤੀ ਅਤੇ ਮੁਰਲੀ ਮਨੋਹਰ ਜੋਸ਼ੀ ਸਣੇ ਸਾਰੇ 32 ਮੁਲਜ਼ਮਾਂ ਨੂੰ ਲਖਨਊ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਸੀਬੀਆਈ ਕੋਰਟ ਨੇ ਫੈਸਲੇ ਵਿੱਚ ਕਿਹਾ, ''ਮਸਜਿਦ ਢਾਹੁਣ ਬਾਰੇ ਕੋਈ ਮੁਜਰਮਾਨਾ ਸਾਜਿਸ਼ ਸਾਬਤ ਨਹੀਂ ਹੁੰਦੀ। ਜਮ੍ਹਾਂ ਕਰਵਾਏ ਗਏ ਆਡੀਓ ਅਤੇ ਵੀਡੀਓ ਸਬੂਤ ਵਿਸ਼ਵਾਸ਼ਯੋਗ ਨਹੀਂ ਹਨ। ਮਸਜਿਦ ਨੂੰ ਸਮਾਜ ਵਿਰੋਧੀ ਤੱਤਾਂ ਨੇ ਢਾਹਿਆ। ਢਾਹੁਣ ਵਾਲਿਆਂ ਦਾ ਸੰਘ ਪਰਿਵਾਰ ਜਾਂ ਇਨ੍ਹਾਂ ਲੋਕਾਂ ਨਾਲ ਕੋਈ ਵਾਸਤਾ ਨਹੀਂ ਸੀ।''
ਇਹ ਵੀ ਪੜ੍ਹੋ
ਵੀਡੀਓ- ਜਸਟਿਸ ਲਿਬਰਹਾਨ ਨਾਲ ਗੱਲਬਾਤ
ਕੀ ਸੀ ਲਿਬਰਹਾਨ ਕਮਿਸ਼ਨ?
ਜਸਟਿਸ ਲਿਬਰਾਨ ਨੇ ਇਸ ਮਾਮਲੇ ਦੀ ਜਾਂਚ 17 ਸਾਲਾਂ ਤੱਕ ਕੀਤੀ ਸੀ। ਮਸਜਿਦ ਢਾਹੇ ਜਾਣ ਦੇ ਸਬੰਧ 'ਚ ਲਿਬਰਹਾਨ ਕਮਿਸ਼ਨ ਨੇ 2009 ਵਿੱਚ ਤਤਕਾਲੀ ਮਨਮੋਹਨ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੀ ਸੀ।
ਰਿਪੋਰਟ 'ਚ ਇਸ ਘਟਨਾ ਨੂੰ ਇੱਕ 'ਸੋਚੀ-ਸਮਝੀ ਕਾਰਵਾਈ' ਦੱਸਿਆ ਗਿਆ ਸੀ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ।
16ਵੀਂ ਸਦੀ ਦੀ ਬਣੀ ਬਾਬਰੀ ਮਸਜਿਦ ਨੂੰ ਕਾਰਸੇਵਕਾਂ ਦੀ ਭੀੜ ਨੇ ਢਹਿ-ਢੇਰੀ ਕਰ ਦਿੱਤਾ, ਜਿਸ ਨੂੰ ਲੈ ਕੇ ਦੇਸ ਭਰ ਵਿੱਚ ਫਿਰਕੂ ਤਣਾਅ ਵਧਿਆ, ਹਿੰਸਾ ਹੋਈ ਅਤੇ ਹਜ਼ਾਰਾਂ ਲੋਕ ਇਸ ਹਿੰਸਾ ਦੀ ਬਲੀ ਚੜ੍ਹ ਗਏ।
ਲਿਬਰਹਾਨ ਕਮਿਸ਼ਨ ਦੀ ਰਿਪੋਰਟ ਵਿੱਚ ਭਾਜਪਾ ਦੇ ਵੱਡੇ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਸਾਧਵੀ ਰਿਤੰਭਰਾ, ਕਲਿਆਣ ਸਿੰਘ, ਵਿਨੇ ਕਟਿਆਰ ਸਣੇ 68 ਲੋਕਾਂ ਨੂੰ ਫਿਰਕੂ ਝਗੜੇ ਨੂੰ ਭੜਕਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
ਵੀਡੀਓ- ਬਾਬਰੀ ਫੈਸਲਾ ਆਇਆ, ਪਰ ਹੋਇਆ ਕੀ-ਕੀ?
ਇਨ੍ਹਾਂ ਲੋਕਾਂ ਵਿੱਚ ਮਰਹੂਮ ਆਗੂ ਅਟਲ ਬਿਹਾਰੀ ਵਾਜਪਾਈ, ਬਾਲ ਠਾਕਰੇ, ਅਸ਼ੋਕ ਸਿੰਘਲ, ਲਾਲ ਜੀ ਟੰਡਨ ਵੀ ਸ਼ਾਮਲ ਸਨ।
ਅਡਵਾਨੀ, ਜੋਸ਼ੀ, ਕਲਿਆਣ ਸਿੰਘ, ਉਮਾ ਭਾਰਤੀ ਅਤੇ ਵਿਨੇ ਕਟਿਆਰ ਨੂੰ ਸੀਬੀਆਈ ਨੇ ਅਪਰਾਧਕ ਸਾਜਿਸ਼ ਅਤੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਸੀ।
ਇਨ੍ਹਾਂ ਸਣੇ ਸਾਰੇ ਹੀ ਮੁਲਜ਼ਮ ਸੀਬੀਆਈ ਦੀ ਸਪੈਸ਼ਲ ਕੋਰਟ ਵੱਲੋਂ ਬਰੀ ਕਰ ਦਿੱਤੇ ਗਏ ਹਨ।
ਵੀਡੀਓ-ਅਡਵਾਨੀ ਅਤੇ ਹੋਰ ਬਰੀ ਹੋਏ ਮੁਲਜ਼ਮਾਂ ਨੇ ਕੀ ਕਿਹਾ
ਜਸਟਿਸ ਲਿਬਰਹਾਨ ਨਾਲ ਗੱਲਬਾਤ ਦੇ ਅੰਸ਼
17 ਸਾਲਾਂ ਤੱਕ ਇਸ ਮਾਮਲੇ ਦੀ ਤਫ਼ਤੀਸ਼ ਕਰਨ ਵਾਲੇ ਜੱਜ ਮਨਮੋਹਨ ਸਿੰਘ ਲਿਬਰਹਾਨ ਨਾਲ ਚੰਡੀਗੜ੍ਹ ਵਿੱਚ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ।
ਸਵਾਲ- ਕੀ ਲਗਦਾ ਹੈ ਕਿ ਸੀਬੀਆਈ ਲੋੜੀਂਦੇ ਸਬੂਤ ਨਹੀਂ ਜੁਟਾ ਸਕੀ?
ਜਵਾਬ- ਮੈਂ ਸੀਬੀਆਈ ਨੂੰ ਨਹੀਂ ਕਹਾਂਗਾ ਕਿ ਉਹ ਸਬੂਤ ਨਹੀਂ ਜੁਟਾ ਸਕੀ। ਉਨ੍ਹਾਂ ਨੇ ਕੋਰਟ 'ਚ ਕੀ ਪੇਸ਼ ਕੀਤਾ ਅਤੇ ਕੀ ਨਹੀਂ, ਮੈਨੂੰ ਤਾਂ ਕੁਝ ਪਤਾ ਨਹੀਂ।
ਕੋਰਟ ਨੇ ਉਨ੍ਹਾਂ ਦੀਆਂ ਗੱਲਾਂ 'ਤੇ ਮੇਰੇ ਵਿਚਾਰਾਂ ਤੋਂ ਵੱਖ ਕਿਵੇਂ ਭਰੋਸਾ ਕੀਤਾ, ਇਹ ਵੀ ਨਹੀਂ ਪਤਾ।
ਸਵਾਲ- ਤੁਸੀਂ ਆਪਣੀ ਜਾਂਚ ਵਿੱਚ ਇਹ ਪਾਇਆ ਕਿ ਇੱਕ ਯੋਜਨਾਬੱਧ ਤਰੀਕੇ ਨਾਲ ਸਭ ਕੀਤਾ ਗਿਆ, ਜਦਕਿ ਅਦਾਲਤ ਨੇ ਕਿਹਾ ਹੈ ਕਿ ਇਸਦੀ ਪਹਿਲਾਂ ਤੋਂ ਯੋਜਨਾ ਨਹੀਂ ਬਣਾਈ ਗਈ ਸੀ?
ਜਵਾਬ- ਮੈਨੂੰ ਆਪਣੀ ਜਾਂਚ 'ਚ ਪਤਾ ਲੱਗਿਆ ਸੀ ਕਿ ਇਹ ਯੋਜਨਾਬੱਧ ਤਰੀਕੇ ਨਾਲ ਹੋਇਆ ਸੀ ਅਤੇ ਮੈਂ ਅੱਜ ਵੀ ਇਸ 'ਤੇ ਕਾਇਮ ਹਾਂ।
ਸਵਾਲ- ਐਨੇ ਸਬੂਤ ਸਨ ਕਿ ਉਸ ਨਾਲ ਸਾਫ਼ ਸਾਬਿਤ ਹੁੰਦਾ ਸੀ ਕਿ ਸਾਜ਼ਿਸ਼ ਹੈ?
ਜਵਾਬ- ਪੱਕੇ ਤੌਰ 'ਤੇ ਇਹ ਆਪਸੀ ਸਹਿਮਤੀ ਨਾਲ ਹੀ ਹੋਇਆ ਸੀ। ਜੇਕਰ ਸਹਿਮਤੀ ਨਾਲ ਕੀਤਾ ਗਿਆ ਕੰਮ ਸਾਜ਼ਿਸ਼ ਨਹੀਂ ਹੁੰਦੀ ਤਾਂ ਮੈਨੂੰ ਨਹੀਂ ਪਤਾ ਕਿ ਸਾਜ਼ਿਸ਼ ਕੀ ਹੁੰਦੀ ਹੈ।
ਸਵਾਲ- ਐਨੇ ਪੱਕੇ ਸਬੂਤ ਸਨ ਕਿ ਸਭ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ?
ਜਵਾਬ- ਮੈਂ ਉਨ੍ਹਾਂ ਸਬੂਤਾਂ 'ਤੇ ਵਿਸ਼ਵਾਸ ਕਰਦਾ ਹਾਂ ਜੋ ਮੇਰੇ ਸਾਹਮਣੇ ਪੇਸ਼ ਕੀਤੇ ਗਏ।
ਸਵਾਲ- ਸੀਬੀਆਈ ਕੋਰਟ ਨੇ ਕਿਹਾ ਕਿ ਕੋਈ ਸਾਜ਼ਿਸ਼ ਨਹੀਂ ਸੀ, ਤੁਹਾਡੇ ਵੱਲੋਂ ਕੀਤੀ ਜਾਂਚ ਨੂੰ ਤਾਂ ਜ਼ੀਰੋ ਕਰ ਦਿੱਤਾ ਗਿਆ?
ਜਵਾਬ- ਇਹ ਫ਼ੈਸਲਾ ਮੇਰੀ ਜਾਂਚ ਦੇ ਉਲਟ ਹੈ, ਬਸ ਐਨਾ ਹੀ ਹੈ। ਕੋਰਟ ਦੇ ਕੋਲ ਇਹ ਅਧਿਕਾਰ ਹੈ ਕਿ ਉਹ ਵੱਖਰਾ ਵਿਚਾਰ ਰੱਖ ਸਕਦਾ ਹੈ, ਕੋਰਟ ਨੇ ਅਲੱਗ ਵਿਚਾਰ ਰੱਖੇ, ਮੈਂ ਕੀ ਕਰ ਸਕਦਾ ਹਾਂ।
ਇਹ ਵੀ ਪੜ੍ਹੋ:
ਵੀਡੀਓ-ਅਦਾਲਤ ਦਾ ਫੈਸਲਾ ਦੱਸਦੇ ਵਕੀਲ
ਵੀਡੀਓ- ਮਲੇਰਕੋਟਲਾ ਦੇ ਮੁਸਲਮਾਨ ਫੈਸਲੇ 'ਤੇ ਕੀ ਬੋਲੇ?
ਵੀਡੀਓ-ਬਾਬਰੀ-ਅਯੁੱਧਿਆ ਅੰਦੋਲਨ ਨਾਲ ਜੁੜੀਆਂ ਔਰਤਾਂ