ਲੰਡਨ ਵਿੱਚ ਪੜ੍ਹੀ, ਅਮੀਰ ਘਰਾਨੇ ਦੀ ਅਨਸੂਈਆ ਮਜ਼ਦੂਰਾਂ ਦੇ ਹੱਕਾਂ ਲਈ ਭਰਾ ਖਿਲਾਫ਼ ਕਿਵੇਂ ਖੜ੍ਹੀ ਹੋਈ

    • ਲੇਖਕ, ਅਨਘਾ ਪਾਠਕ
    • ਰੋਲ, ਬੀਬੀਸੀ ਪੱਤਰਕਾਰ

ਉਨ੍ਹਾਂ ਨੂੰ ਪਿਆਰ ਨਾਲ ਮੋਟਾਬੇਨ (ਵੱਡੀ ਭੈਣ) ਕਿਹਾ ਜਾਂਦਾ ਸੀ ਅਤੇ ਉਨ੍ਹਾਂ ਸਾਰੀ ਉਮਰ ਆਪਣੇ ਨਾਮ ਨੂੰ ਸਾਰਥਕ ਕੀਤਾ।

ਅਨਸੂਈਆ ਸਾਰਭਾਈ ਨੂੰ ਭਾਰਤ ਦੀ ਮਜ਼ਦੂਰ ਅੰਦੋਲਨ ਦੀ ਪਹਿਲੀ ਔਰਤ ਕਾਰੁਕਨ ਮੰਨਿਆ ਜਾਂਦਾ ਹੈ।

ਅਨਸੂਈਆ ਦਾ ਜਨਮ ਸਾਲ 1885 ਵਿੱਚ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਅਮੀਰ ਸਾਰਾਭਾਈ ਪਰਿਵਾਰ ਵਿੱਚ ਹੋਇਆ ਸੀ।

ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਮਾਪਿਆਂ ਦਾ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੇ ਚਾਚੇ ਨੇ ਹੀ ਉਨ੍ਹਾਂ ਨੂੰ ਪਾਲਿਆ। ਉਸ ਵੇਲੇ ਦੇ ਰਿਵਾਜਾਂ ਅਨੁਸਾਰ ਉਨ੍ਹਾਂ ਦਾ ਵਿਆਹ 13 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਪਰ ਉਨ੍ਹਾਂ ਦਾ ਵਿਆਹ ਸਫ਼ਲ ਨਾ ਰਿਹਾ। ਜਲਦੀ ਹੀ ਉਹ ਆਪਣੇ ਪਰਿਵਾਰ ਕੋਲ ਵਾਪਸ ਆ ਗਈ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਅੰਬਾਲਾਲ ਨੇ ਉਨ੍ਹਾਂ ਨੂੰ ਅੱਗੇ ਦੀ ਪੜ੍ਹਾਈ ਲਈ ਉਤਸ਼ਾਹਤ ਕੀਤਾ ਅਤੇ ਲੰਡਨ ਭੇਜ ਦਿੱਤਾ।

ਅਨਸੂਈਆ ਆਪਣੇ ਭਰਾ ਦੇ ਬਹੁਤ ਨੇੜੇ ਸੀ। ਉਹ ਨਹੀਂ ਜਾਣਦੇ ਸੀ ਕਿ ਉਨ੍ਹਾਂ ਦੀਆਂ ਭਵਿੱਖ ਵਿੱਚ ਕੋਸ਼ਿਸ਼ਾਂ ਉਨ੍ਹਾਂ ਦੇ ਰਿਸ਼ਤੇ ਨੂੰ ਖ਼ਰਾਬ ਕਰਣਗੀਆਂ।

ਲੰਡਨ ਦਾ ਅਸਰ

ਲੰਡਨ ਵਿੱਚ ਉਨ੍ਹਾਂ ਦੇ ਰਹਿਣ ਦਾ ਉਨ੍ਹਾਂ 'ਤੇ ਕਾਫ਼ੀ ਪ੍ਰਭਾਵ ਪਿਆ।

ਅਨਸੂਈਆ ਉੱਥੇ ਸਮਾਜਵਾਦ ਦੇ ਫੈਬੀਅਨ ਫ਼ਲਸਫ਼ੇ ਤੋਂ ਪ੍ਰੇਰਿਤ ਹੋਈ ਸੀ ਅਤੇ ਉਨ੍ਹਾਂ ਨੇ ਸਫ਼ਰਜੈਟ ਅੰਦੋਲਨ (ਇੰਗਲੈਂਡ ਦੀਆਂ ਔਰਤਾਂ ਦੇ ਅਧਿਕਾਰਾਂ ਦਾ ਅੰਦੋਲਨ) ਵਿੱਚ ਹਿੱਸਾ ਲਿਆ। ਇਨ੍ਹਾਂ ਸ਼ੁਰੂਆਤੀ ਤਜਰਬਿਆਂ ਨੇ ਬਾਅਦ ਵਿੱਚ ਉਨ੍ਹਾਂ ਦੀ ਜ਼ਿੰਦਗੀ ਨੂੰ ਰੂਪ ਦਿੱਤਾ ਸੀ।

ਅਨਸੂਈਆ ਦੀ ਭਤੀਜੀ ਗੀਤਾ ਸਾਰਾਭਾਈ ਦੁਆਰਾ ਰਿਕਾਰਡ ਕੀਤੇ ਗਏ ਲੇਖੇ ਵਿੱਚ ਉਨ੍ਹਾਂ ਨੇ ਕਹਾਣੀ ਸੁਣਾਈ ਕਿ ਕਿਵੇਂ ਇੰਗਲੈਂਡ ਨੇ ਆਜ਼ਾਦ ਅਨਸੂਈਆ ਨੂੰ ਸਿਰਜਿਆ ਜੋ ਅਕਸਰ ਸੜਕਾਂ 'ਤੇ ਇਕੱਲੇ ਚੱਲਦੀ ਸੀ।

ਅਨਸੂਈਆ ਬਰਨਰਡ ਸ਼ੌਅ ਨੂੰ ਸੁਣਦੀ ਸੀ, ਸਿਡਨੀ ਅਤੇ ਬੀਟਰਾਈਸ ਵੈੱਬ (ਸਮਾਜਵਾਦੀ ਚਿੰਤਕਾਂ) ਨੂੰ ਸੁਣਦੀ ਸੀ, ਬਾਲਰੂਮ ਡਾਂਸ ਸਿੱਖਿਆ ਅਤੇ ਕਾਫ਼ੀ ਸਿਗਰਟ ਪੀਂਦੀ ਸੀ। ਉਸੇ ਅਨਸੂਈਆ ਨੇ ਬਾਅਦ ਵਿੱਚ ਵੱਖਰੀ ਜੀਵਨ ਸ਼ੈਲੀ ਅਪਣਾ ਲਈ ਅਤੇ ਮਹਾਤਮਾ ਗਾਂਧੀ ਦੀ ਜ਼ੋਰਦਾਰ ਪੈਰੋਕਾਰ ਬਣ ਗਈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਅਨਸੂਈਆ ਸਾਰਾਭਾਈ ਪਰਿਵਾਰਕ ਮਸਲਿਆਂ ਕਾਰਨ ਅਚਾਨਕ ਭਾਰਤ ਪਰਤ ਆਈ ਸੀ। ਜਲਦੀ ਹੀ ਬਾਅਦ ਵਿੱਚ ਉਨ੍ਹਾਂ ਨੇ ਵੱਖ-ਵੱਖ ਭਲਾਈ ਪ੍ਰੋਜੈਕਟਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਪ੍ਰੋਜੈਕਟ ਮੁੱਖ ਤੌਰ 'ਤੇ ਮਹਿਲਾ ਮਿੱਲ ਮਜ਼ਦੂਰਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਕੈਲੀਕੋ ਮਿੱਲ ਦੇ ਅਹਾਤੇ ਵਿੱਚ ਬਣਾਏ ਗਏ ਸਨ। ਇਹ ਮਿੱਲ ਉਨ੍ਹਾਂ ਦੇ ਪਰਿਵਾਰ ਦੀ ਸੀ।

ਉਨ੍ਹਾਂ ਨੇ ਇੱਕ ਪਰਚਾ (ਪੈਂਫਲੈਟ) ਵੀ ਲਿਖਿਆ ਸੀ 'ਸਟ੍ਰਿਯੋ ਐਨੇ ਤੇਮਨਾ ਰਾਜਕੀ ਅਹੂਦਸਾਰੋ (ਔਰਤਾਂ ਅਤੇ ਉਨ੍ਹਾਂ ਦੇ ਸਿਆਸੀ ਅਧਿਕਾਰ)।

ਕਿਵੇਂ ਬਦਲੀ ਅਨਸੂਈ ਦੀ ਜ਼ਿੰਦਗੀ

ਇੱਕ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ। ਆਪਣੇ ਸ਼ਬਦਾਂ ਵਿੱਚ ਉਨ੍ਹਾਂ ਨੇ ਇਸ ਨੂੰ ਬਿਆਨ ਕੀਤਾ ਹੈ।

"ਇੱਕ ਸਵੇਰ ਮੈਂ 15 ਮਜ਼ਦੂਰਾਂ ਦਾ ਇੱਕ ਸਮੂਹ ਲੰਘਦਾ ਦੇਖਿਆ ਜੋ ਬੇਹੋਸ਼ ਲੱਗ ਰਹੇ ਸਨ। ਜਦੋਂ ਮੈਂ ਪੁੱਛਿਆ ਕਿ ਸਮੱਸਿਆ ਕੀ ਹੈ ਤਾਂ ਇੱਕ ਮਜ਼ਦੂਰ ਨੇ ਜਵਾਬ ਦਿੱਤਾ, ਬੇਨ, ਅਸੀਂ ਬਿਨਾ ਕਿਸੇ ਬਰੇਕ ਦੇ 36 ਘੰਟੇ ਕੰਮ ਕੀਤਾ ਹੈ। ਅਸੀਂ ਲਗਾਤਾਰ ਦੋ ਦਿਨ ਅਤੇ ਇੱਕ ਰਾਤ ਕੰਮ ਕੀਤਾ ਹੈ।"

ਉਨ੍ਹਾਂ ਦੀ ਦੁਰਦਸ਼ਾ ਤੋਂ ਪਰੇਸ਼ਾਨ ਹੋ ਕੇ ਅਨਸੂਈਆ ਨੇ ਕੱਪੜਾ ਮਿੱਲ ਮਜ਼ਦੂਰਾਂ ਦੇ ਅਧਿਕਾਰਾਂ ਲਈ ਲੜਨ ਦਾ ਫੈਸਲਾ ਕੀਤਾ।

ਇਹ ਵੀ ਦੇਖੋ - ਔਰਤ ਜਿਸ ਨੇ ਦੇਵਦਾਸੀ ਪ੍ਰਥਾ ਨੂੰ ਖ਼ਤਮ ਕਰਨ ਦਾ ਮਤਾ ਰੱਖਿਆ

ਉਨ੍ਹਾਂ ਦੇ ਹਾਲਾਤ, ਵਾਧੂ ਕੰਮ ਦੇ ਘੰਟਿਆਂ, ਗਰੀਬੀ ਅਤੇ ਜ਼ੁਲਮ ਬਾਰੇ ਜਿੰਨੀ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਗਈ, ਉਹ ਉਨ੍ਹਾਂ ਲਈ ਉੰਨਾ ਹੀ ਹੋਰ ਲੜਨ ਲਈ ਦ੍ਰਿੜ ਹੋਈ। ਭਾਵੇਂ ਇਸਦਾ ਮਤਲਬ ਸੀ ਆਪਣੇ ਪਰਿਵਾਰ, ਖ਼ਾਸਕਰ ਭਰਾ ਦੇ ਵਿਰੁੱਧ ਜਾਣਾ ਜੋ ਹੁਣ ਤੱਕ ਉਨ੍ਹਾਂ ਦਾ ਬਹੁਤ ਸਮਰਥਨ ਕਰਦੇ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਬਿਹਤਰ ਕੰਮਕਾਜੀ ਹਾਲਤ ਅਤੇ ਮਜ਼ਦੂਰਾਂ ਲਈ ਕੰਮ ਕਰਨ ਦੇ ਘੰਟੇ ਤੈਅ ਕਰਨ ਦੀ ਮੰਗ ਕੀਤੀ। 1914 ਵਿੱਚ ਉਨ੍ਹਾਂ ਨੇ ਇਨ੍ਹਾਂ ਮੰਗਾਂ ਲਈ 21 ਦਿਨਾਂ ਦੀ ਲੰਬੀ ਹੜਤਾਲ ਦੀ ਮੰਗ ਕੀਤੀ।

ਅਨਸੂਈਆ ਦੀ ਜ਼ਿੰਦਗੀ 'ਤੇ ਮਹਾਤਮਾ ਗਾਂਧੀ ਦਾ ਅਸਰ

ਪਰ ਸਭ ਤੋਂ ਅਹਿਮ ਹੜਤਾਲ ਸ਼ਾਇਦ ਸਾਲ 1918 ਵਿੱਚ ਸੀ। ਇਸ ਸਮੇਂ ਤੱਕ ਮਹਾਤਮਾ ਗਾਂਧੀ ਜੋ ਕਿ ਸਾਰਾਭਾਈ ਪਰਿਵਾਰ ਦੇ ਨਜ਼ਦੀਕੀ ਸਨ ਅਨਸੂਈਆ ਦੇ ਗੁਰੂ (ਮੈਨਟੋਰ) ਬਣ ਗਏ ਸਨ।

ਜੁਲਾਈ 1917 ਦੌਰਾਨ ਪਲੇਗ ਮਹਾਂਮਾਰੀ ਅਹਿਮਦਾਬਾਦ ਵਿੱਚ ਫੈਲ ਗਈ ਸੀ। ਲੋਕ ਸ਼ਹਿਰ ਤੋਂ ਭੱਜ ਰਹੇ ਸਨ।

ਕੱਪੜਾ ਮਿੱਲ ਮਾਲਕਾਂ ਨੇ ਮਿੱਲ ਮੁਲਾਜ਼ਮਾਂ ਨੂੰ ਭੱਜਣ ਤੋਂ ਰੋਕਣ ਲਈ ਉਨ੍ਹਾਂ ਦੀਆਂ ਤਨਖਾਹਾਂ 'ਤੇ 50 ਫ਼ੀਸਦੀ ਪਲੇਗ ਬੋਨਸ ਦੀ ਪੇਸ਼ਕਸ਼ ਕੀਤੀ।

ਮਿੱਲ ਮਜ਼ਦੂਰ ਮਹਾਂਮਾਰੀ ਦੇ ਬਾਵਜੂਦ ਕੰਮ ਕਰਦੇ ਰਹੇ ਸੀ।

ਪਰ ਜਦੋਂ ਹਾਲਾਤ ਆਮ ਵਾਂਗ ਹੋ ਗਏ ਤਾਂ ਮਿੱਲ ਮਾਲਕਾਂ ਨੇ ਬੋਨਸ ਵਾਪਸ ਲੈ ਲਿਆ। ਹਾਲਾਂਕਿ ਮਹਿੰਗਾਈ ਵੱਧ ਗਈ ਸੀ।

ਇਹ ਵੀ ਦੇਖੋ - ਉਹ ਬੀਬੀ ਜਿਸ ਨੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਤੇ ਸਕੂਲ ਖੋਲ੍ਹਿਆ

ਤਨਖਾਹ ਵਿੱਚ ਕਟੌਤੀ ਮਿੱਲ ਮਜ਼ਦੂਰਾਂ ਲਈ ਇੱਕ ਵੱਡਾ ਝਟਕਾ ਸੀ ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਸਨ। ਉਨ੍ਹਾਂ ਅਨਸੂਈਆ ਨੂੰ ਬੇਨਤੀ ਕੀਤੀ ਕਿ ਉਹ ਅਗਵਾਈ ਕਰਨ ਅਤੇ ਉਨ੍ਹਾਂ ਲਈ 50 ਫੀਸਦ ਤਨਖਾਹ ਵਧਾਈ ਜਾਵੇ।

ਦੂਜੇ ਪਾਸੇ ਮਿੱਲ ਮਾਲਕ ਬੋਨਸ ਦੇਣ ਨੂੰ ਤਿਆਰ ਨਹੀਂ ਸਨ। ਉਹ ਤਾਲਾ ਲਾਉਣ ਅਤੇ ਮਿੱਲਾਂ ਨੂੰ ਬੰਦ ਕਰਨ ਲਈ ਤਿਆਰ ਸਨ। ਮਿੱਲ ਮਜ਼ਦੂਰਾਂ ਨੇ ਹੜਤਾਲ ਦਾ ਐਲਾਨ ਕੀਤਾ।

ਮਿੱਲ ਮਾਲਕਾਂ ਨੇ ਇਸ ਹਾਲਾਤ ਦਾ ਮੁਕਾਬਲਾ ਕਰਨ ਲਈ ਆਪਣਾ ਇੱਕ ਸੰਗਠਨ ਬਣਾਇਆ। ਅਨਸੂਈਆ ਸਾਰਾਭਾਈ ਦੇ ਭਰਾ ਅੰਬਾਲਾਲ ਸਾਰਾਭਾਈ ਨੂੰ ਸੰਗਠਨ ਦਾ ਪ੍ਰਧਾਨ ਚੁਣਿਆ ਗਿਆ ਸੀ।

ਇਹ ਕਹਾਣੀ ਕਿਸੇ ਵੀ ਬਾਲੀਵੁੱਡ ਫਿਲਮ ਲਈ ਢੁੱਕਵੀਂ ਹੈ- ਭੈਣ ਮਜ਼ਦੂਰ ਅੰਦੋਲਨ ਦੀ ਅਗਵਾਈ ਕਰ ਰਹੀ ਹੈ, ਭਰਾ ਸਰਮਾਏਦਾਰੀ ਹਿੱਤਾਂ ਦੀ ਅਗਵਾਈ ਕਰ ਰਹੇ ਹਨ। ਇੱਕ ਦੂਜੇ ਨਾਲ ਬੇਹੱਦ ਪਿਆਰ ਕਰਨ ਵਾਲੇ ਭੈਣ-ਭਰਾ ਇੱਕ ਦੂਜੇ ਦੇ ਵਿਚਾਰਧਾਰਕ ਵਿਰੋਧੀ ਬਣ ਗਏ।

ਇੰਦਰਜੀਤ ਕੌਰ : '47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ

ਅਨਸੂਈਆ ਨੇ ਤਕਰੀਬਨ 16,000 ਮਜ਼ਦੂਰ ਅਤੇ ਜੁਲਾਹੇ ਇਕੱਠੇ ਕੀਤੇ। ਉਨ੍ਹਾਂ ਨੇ ਗਾਂਧੀ ਜੀ ਦੇ ਭਤੀਜੇ ਛਗਣਲਾਲ ਦੇ ਨਾਲ ਹਰ ਸਵੇਰ ਅਤੇ ਸ਼ਾਮ ਵਰਕਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਉਤਸ਼ਾਹਤ ਕੀਤਾ, ਸਵਾਲ ਪੁੱਛੇ ਅਤੇ ਡਾਕਟਰੀ ਮਦਦ ਭੇਜੀ। ਹੜਤਾਲ ਲਗਭਗ ਇੱਕ ਮਹੀਨੇ ਤੱਕ ਚੱਲੀ ਸੀ।

ਹਰ ਸ਼ਾਮ ਮਜ਼ਦੂਰ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਮਾਰਚ ਕੱਢਦੇ ਸਨ। ਇੱਕ ਪ੍ਰਤਿਗਿਆ ਉਨ੍ਹਾਂ 'ਤੇ ਲਿਖੀ ਸੀ, “ਅਸੀਂ ਪਿੱਛੇ ਨਹੀਂ ਹਟਾਂਗੇ। ਅਨਸੂਈਆ ਅਕਸਰ ਰੈਲੀਆਂ ਦੀ ਅਗਵਾਈ ਕਰਦੀ ਸੀ। ਸ਼ਹਿਰਵਾਸੀ ਜੋ ਪਹਿਲਾਂ ਮਜ਼ਦੂਰਾਂ 'ਤੇ ਭੜਾਸ ਕੱਢਦੇ ਸੀ, ਇਸ ਤੱਥ ਤੋਂ ਹੈਰਾਨ ਹੋਏ ਕਿ ਇਸ ਹੜਤਾਲ ਨੂੰ ਅਨੁਸ਼ਾਸਿਤ ਅਤੇ ਸੰਗਠਿਤ ਕਿਵੇਂ ਕੀਤਾ ਗਿਆ ਸੀ।”

ਹੜਤਾਲ ਤੋਂ 2 ਹਫ਼ਤਿਆਂ ਬਾਅਦ ਮਜ਼ਦੂਰਾਂ ਅਤੇ ਮਿੱਲ ਮਾਲਕਾਂ ਵਿੱਚ ਇੱਕੋ ਜਿਹੀ ਬੇਚੈਨੀ ਹੋ ਗਈ ਸੀ ਪਰ ਭੈਣ-ਭਰਾ ਦੀ ਜੋੜੀ ਇੱਕ-ਦੂਜੇ ਦੇ ਵਿਰੋਧੀ ਸੀ। ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ। ਫਿਰ ਗਾਂਧੀ ਜੀ ਇੱਕ ਨਵੇਂ ਹੱਲ ਦੇ ਨਾਲ ਆਏ।

ਹਾਲਾਂਕਿ ਉਹ ਮਿੱਲ ਮਜ਼ਦੂਰਾਂ ਦੀ ਹੜਤਾਲ ਦਾ ਸਮਰਥਨ ਕਰ ਰਹੇ ਸੀ। ਹਾਲਾਂਕਿ ਉਹ ਮਿੱਲ ਮਾਲਕਾਂ ਦੀ ਹੜਤਾਲ ਦਾ ਸਮਰਥਨ ਕਰ ਰਹੇ ਸਨ ਪਰ ਮਿੱਲ ਮਾਲਕ, ਖ਼ਾਸਕਰ ਅੰਬਾਲਾਲ, ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸੀ।

ਇਹ ਵੀ ਦੇਖੋ- ਪਰਦਾ ਪ੍ਰਥਾ ਖਿਲਾਫ਼ ਔਰਤਾਂ ਨੂੰ ਲਾਮਬੰਦ ਕਰਨ ਵਾਲੀ ਇੱਕ ਔਰਤ ਦੀ ਕਹਾਣੀ:

ਇਸ ਲਈ ਗਾਂਧੀ ਜੀ ਨੇ ਅੰਬਾਲਾਲ ਅਤੇ ਅਨਸੂਈਆ ਦੋਹਾਂ ਨੂੰ ਆਪਣੇ ਆਸ਼ਰਮ ਵਿੱਚ ਦੁਪਹਿਰ ਦੇ ਖਾਣੇ ਲਈ ਬੁਲਾਉਣਾ ਸ਼ੁਰੂ ਕਰ ਦਿੱਤਾ। ਹਰ ਰੋਜ਼ ਉਹ ਗਾਂਧੀ ਆਸ਼ਰਮ ਜਾਂਦੇ ਸਨ ਅਤੇ ਅਨਸੂਈਆ ਅੰਬਾਲਾਲ ਨੂੰ ਖਾਣਾ ਦਿੰਦੀ ਸੀ।

ਇਸ ਹੱਲ ਨੇ ਕੰਮ ਕੀਤਾ ਕਿਉਂਕਿ ਇਸ ਤੋਂ ਜਲਦੀ ਬਾਅਦ ਮਜ਼ਦੂਰ ਅਤੇ ਮਿੱਲ ਮਾਲਕ ਵਿਚੋਲਗੀ ਲਈ ਤਿਆਰ ਸਨ। ਅੰਤ ਵਿੱਚ ਉਹ 35 ਫੀਸਦ ਤਨਖਾਹ ਵਾਧੇ 'ਤੇ ਸਹਿਮਤ ਹੋ ਗਏ।

ਬਾਲ-ਵਿਆਹ ਨੂੰ ਤੋੜਨ ਲਈ ਜਦੋਂ ਇਸ ਮਹਿਲਾ ਨੇ ਬ੍ਰਿਟੇਨ ਦੀ ਰਾਣੀ ਨੂੰ ਗੁਹਾਰ ਲਗਾਈ

ਇਹ ਵੀ ਪੜ੍ਹੋ:

ਸਾਲ 1920 ਵਿੱਚ ਅਨਸੂਈਆ ਨੇ ਮਜ਼ਦੂਰ ਮਹਾਜਨ ਸੰਘ ਦੀ ਸਥਾਪਨਾ ਕੀਤੀ ਅਤੇ ਸੰਗਠਨ ਦੀ ਪਹਿਲੀ ਪ੍ਰਧਾਨ ਬਣੀ। 1927 ਵਿੱਚ ਉਨ੍ਹਾਂ ਨੇ ਕਨਿਆਗ੍ਰੂਹ ਨਾਂ ਦੇ ਇੱਕ ਸਕੂਲ ਦੀ ਸਥਾਪਨਾ ਵੀ ਕੀਤੀ ਜੋ ਕਿ ਕੱਪੜਾ ਮਜ਼ਦੂਰਾਂ ਦੀਆਂ ਧੀਆਂ ਲਈ ਸੀ।

ਅਨਸੂਈਆ ਸੱਚਮੁੱਚ ਅਸਾਧਾਰਣ ਟਰੇਡ ਯੂਨੀਅਨ ਆਗੂ ਸੀ ਜੋ ਵਪਾਰੀਆਂ ਅਤੇ ਮਿੱਲ ਮਾਲਕਾਂ ਦੇ ਪਰਿਵਾਰ ਨਾਲ ਸਬੰਧਤ ਸੀ। ਉਹ 1972 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਪਹਿਲਾਂ ਉਹ ਲਗਭਗ 2 ਲੱਖ ਵਰਕਰਾਂ ਦੀ ਆਗੂ ਬਣ ਗਈ ਸੀ।

(ਰਿਸਰਚ : ਪਾਰਥ ਪੰਡਿਆ, ਇਲਸਟਰੇਸ਼ਨ- ਗੋਪਾਲ ਸ਼ੂਨਿਆ)

ਇਹ ਵੀ ਦੇਖ ਸਕਦੇ ਹੋ:

ਔਰਤਾਂ ਲਈ ਬਰਾਬਰ ਤਨਖ਼ਾਹ ਲਈ ਅਵਾਜ਼ ਚੁੱਕਣ ਵਾਲੀ ਔਰਤ

ਪਰਦੇ ਵਿੱਚ ਕੈਦ ਜ਼ਿੰਦਗੀ ਚੋਂ ਖੁਦ ਨੂੰ ਆਜ਼ਾਦ ਕਰਨ ਵਾਲੀ ਸੁਗ਼ਰਾ ਹੁਮਾਯੂੰ

ਦਿਲਜੀਤ ਦਾ ਗਾਣਾ ਗਾ ਕੇ ਵਾਇਰਲ ਹੋਏ ਭੈਣ-ਭਰਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)