ਦੇਵਦਾਸੀ ਪ੍ਰਥਾ ਤੇ ਬਾਲ ਵਿਆਹ ਵਿਰੁੱਧ ਕਾਨੂੰਨ ਬਣਵਾਉਣ ਵਾਲੀ ਆਪ ਕਿਹੜੇ ਰਾਹਾਂ 'ਚੋਂ ਲੰਘੀ

ਮੁਥੂਲਕਸ਼ਮੀ ਰੈੱਡੀ, "ਪਹਿਲ ਕਰਨ ਵਾਲੀ ਔਰਤਾਂ" ਦੇ ਪ੍ਰਤੀਕ ਮੰਨੇ ਜਾਂਦੇ ਹਨ।

ਉਹ ਮਦਰਾਸ ਦੇ ਮੈਡੀਕਲ ਕਾਲਜ ਵਿਚ ਸਰਜਨ ਬਨਣ ਵਾਲੀ ਮਹਿਲਾ ਸਨ। ਉਹ ਭਾਰਤੀ ਵਿਧਾਨ ਸਭਾ 'ਚ ਪਹਿਲੀ ਮਹਿਲਾ ਵਿਧਾਇਕਾ ਅਤੇ ਉਪ-ਪ੍ਰਧਾਨ ਬਨਣ ਵਾਲੀ ਪਹਿਲੀ ਔਰਤ ਵੀ ਸੀ।

ਮੁਥੂਲਕਸ਼ਮੀ ਰੈੱਡੀ ਕੌਣ ਹਨ?

ਮੁਥੂਲਕਸ਼ਮੀ ਰੈੱਡੀ ਦਾ ਜਨਮ 30 ਜੁਲਾਈ 1886 ਨੂੰ ਤਾਮਿਲਨਾਡੂ ਦੇ ਪੁਡੁਕੋਟਾਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨਰਾਇਣਾ ਸਵਾਮੀ ਅੱਯਰ, ਮਹਾਰਾਜਾ ਕਾਲਜ ਦੇ ਪ੍ਰਿੰਸੀਪਲ ਸਨ ਅਤੇ ਮਾਤਾ ਚੰਦਰਾਮਲ ਈਸੀਵੇੱਲਰ (ਦੇਵਦਾਸੀ) ਕਮਿਊਨਿਟੀ ਨਾਲ ਸਬੰਧਤ ਸਨ।

ਮੈਟ੍ਰਿਕ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਅਤੇ ਕੁਝ ਘਰੇਲੂ ਟਿਊਟਰਾਂ ਦੁਆਰਾ ਘਰ ਵਿਚ ਹੀ ਟਿਊਸ਼ਨ ਦਿੱਤੀ ਗਈ ਸੀ। ਉਨ੍ਹਾਂ ਨੇ ਦਸਵੀਂ ਦੀ ਪ੍ਰੀਖਿਆ ਵਿਚ ਟੌਪ ਕੀਤਾ ਸੀ।

ਹਾਲਾਂਕਿ, ਉਨ੍ਹਾਂ ਨੂੰ ਲੜਕੀ ਹੋਣ ਕਰਕੇ ਮਹਾਰਾਜਾ ਹਾਈ ਸਕੂਲ ਵਿੱਚ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਸਮਾਜ ਦੇ ਕੱਟੜਪੰਥੀ ਵਰਗਾਂ ਦੁਆਰਾ ਉਨ੍ਹਾਂ ਦੇ ਦਾਖਲੇ ਵਿਰੁੱਧ ਖ਼ੂਬ ਆਵਾਜ਼ ਉਠਾਈ ਗਈ।

ਉਨ੍ਹਾਂ ਦੀ ਪੜ੍ਹਾਈ ਪ੍ਰਤੀ ਰੁਚੀ ਜਾਣਦਿਆਂ, ਪੁਡੁਕੋਟਾਈ ਦੇ ਰਾਜਾ ਮਾਰਟੰਡਾ ਭੈਰਵ ਥੌਂਡਮਨ ਨੇ ਵਜ਼ੀਫੇ ਦੀ ਪੇਸ਼ਕਸ਼ ਕਰਦਿਆਂ ਉਨ੍ਹਾਂ ਨੂੰ ਹਾਈ ਸਕੂਲ ਵਿਚ ਦਾਖ਼ਲ ਕਰਨ ਦੀ ਆਗਿਆ ਦੇ ਦਿੱਤੀ ਸੀ।

ਇਹ ਵੀ ਪੜ੍ਹੋ:-

ਹਰ ਗੱਲ 'ਚ ਪਹਿਲ

ਉਸ ਸਮੇਂ ਦੌਰਾਨ ਉਹ ਸਕੂਲ ਦੀ ਇਕਲੌਤੀ ਵਿਦਿਆਰਥਣ ਸਨ।

ਉਹ ਮਦਰਾਸ ਮੈਡੀਕਲ ਕਾਲਜ ਵਿਚ ਸਰਜਰੀ ਵਿਭਾਗ 'ਚ ਪਹਿਲੀ ਭਾਰਤੀ ਲੜਕੀ ਸਨ। ਉਨ੍ਹਾਂ ਨੇ ਸਰਜਰੀ ਵਿਚ ਮਦਰਾਸ ਮੈਡੀਕਲ ਕਾਲਜ 'ਚ ਟੌਪ ਕੀਤਾ ਅਤੇ ਗੋਲਡ ਮੈਡਲ ਜਿੱਤਿਆ।

ਡਾ. ਵੀ ਸੈਂਟਾ ਨੇ ਆਪਣੀ ਕਿਤਾਬ "ਮੁਥੂਲਕਸ਼ਮੀ ਰੈੱਡੀ - ਏ ਲੈਜੇਂਡ ਅਨਟੂ ਹਰਸੈਲਫ਼" ਵਿੱਚ ਲਿਖਿਆ ਹੈ, "ਉਹ ਸਿਰਫ ਬਹੁਤ ਸਾਰੀਆਂ ਪਹਿਲਾਂ ਕਰਨ ਵਾਲੀ ਔਰਤ ਨਹੀਂ ਸੀ, ਬਲਕਿ ਉਹ ਅਜਿਹੀ ਔਰਤ ਸੀ ਜਿਨ੍ਹਾਂ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਲੜਾਈ ਲੜੀ ਸੀ।"

ਉਨ੍ਹਾਂ ਨੇ ਅਪ੍ਰੈਲ 1914 ਵਿਚ ਡਾ. ਟੀ ਸੁੰਦਰ ਰੈਡੀ ਨਾਲ ਇਸ ਸ਼ਰਤ 'ਤੇ ਵਿਆਹ ਕਰਵਾਇਆ ਕਿ ਉਹ ਉਨ੍ਹਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਅਤੇ ਲੋੜਵੰਦਾਂ ਦੀ ਡਾਕਟਰੀ ਸਹਾਇਤਾ ਵਿਚ ਦਖ਼ਲ ਨਹੀਂ ਦੇਣਗੇ।

ਉਨ੍ਹਾਂ ਨੂੰ ਇੰਗਲੈਂਡ ਵਿਚ ਔਰਤਾਂ ਅਤੇ ਬੱਚਿਆਂ ਦੀ ਸਿਹਤ ਦੀ ਸਿਖਲਾਈ ਲਈ ਕੋਰਸ ਕਰਨ ਲਈ ਚੁਣਿਆ ਗਿਆ ਸੀ। ਜਦੋਂ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਇੰਗਲੈਂਡ ਜਾਣ ਤੋਂ ਮਨ੍ਹਾ ਕਰ ਦਿੱਤਾ ਤਾਂ ਤਾਮਿਲਨਾਡੂ ਦੇ ਸਿਹਤ ਮੰਤਰੀ ਪਨਾਗਲ ਰਾਜਾ ਨੇ ਸਰਕਾਰ ਨੂੰ ਇਕ ਸਾਲ ਲਈ ਉਨ੍ਹਾਂ ਦੀ ਵਿੱਤੀ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਪਾਇਆ ਕਿ ਦਵਾਈ ਕਾਫ਼ੀ ਨਹੀਂ ਸੀ ਅਤੇ ਫਿਰ ਉਹ ਐਨੀ ਬੇਸੈਂਟ ਦੀ ਅਗਵਾਈ ਹੇਠ ਔਰਤਾਂ ਦੀ ਲਹਿਰ ਦਾ ਹਿੱਸਾ ਬਣ ਗਈ।

ਮਦਰਾਸ ਵਿਧਾਨਸਭਾ 'ਚ ਪਹਿਲਾ ਕਦਮ

ਵੂਮਨ ਇੰਡੀਅਨ ਐਸੋਸੀਏਸ਼ਨ (ਡਬਲਯੂਆਈਏ) ਦੁਆਰਾ ਉਨ੍ਹਾਂ ਨੂੰ 1926 ਵਿੱਚ ਮਦਰਾਸ ਵਿਧਾਨ ਸਭਾ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ 1926-30 ਤੱਕ ਕੌਂਸਲ ਦੀ ਸੇਵਾ ਕੀਤੀ।

ਸ਼ੁਰੂਆਤ 'ਚ ਉਹ ਕੌਂਸਲ ਦੀ ਨੌਕਰੀ ਕਰਨ ਤੋਂ ਝਿਜਕ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਕਾਰਨ ਉਨ੍ਹਾਂ ਦੇ ਡਾਕਟਰੀ ਕਾਰਜਾਂ 'ਤੇ ਅਸਰ ਹੋ ਸਕਦਾ ਹੈ।

ਹਾਲਾਂਕਿ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਔਰਤਾਂ ਨੂੰ ਆਪਣੇ ਘਰੇਲੂ ਨਿਰਮਾਣ ਦੇ ਹੁਨਰ ਨੂੰ ਦੇਸ਼ ਦੇ ਨਿਰਮਾਣ ਲਈ ਵਧਾਉਣਾ ਚਾਹੀਦਾ ਹੈ।

ਕਈ ਕਾਨੂੰਨ ਕੀਤੇ ਪੇਸ਼

ਉਨ੍ਹਾਂ ਨੇ ਬਾਲ ਵਿਆਹ ਦੀ ਰੋਕਥਾਮ, ਮੰਦਰਾਂ ਵਿੱਚ ਦੇਵਦਾਸੀ ਪ੍ਰਣਾਲੀ ਨੂੰ ਖ਼ਤਮ ਕਰਨ, ਵੇਸ਼ਵਾਵਾਂ ਨੂੰ ਦਬਾਉਣ ਦੀ ਖ਼ਿਲਾਫ਼ਤ ਅਤੇ ਔਰਤਾਂ ਤੇ ਬੱਚਿਆਂ ਦੇ ਦੇਹ ਵਪਾਰ ਨੂੰ ਰੋਕਣ ਵਰਗੇ ਕਾਨੂੰਨ ਪਾਸ ਕਰਨ ਵਿੱਚ ਸਹਾਇਤਾ ਕੀਤੀ।

ਕੌੰਸਿਲ ਵਿੱਚ ਲੜਕੀਆਂ ਦੇ ਵਿਆਹ ਉਤੇ ਸਹਿਮਤੀ ਦੀ ਉਮਰ 14 ਸਾਲ ਤੱਕ ਵਧਾਉਣ ਬਾਰੇ ਬਿੱਲ ਦਾ ਪ੍ਰਸਤਾਵ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਹੈ ਕਿ, "ਸਤੀ ਦੀ ਪ੍ਰਥਾ ਸਿਰਫ਼ ਕੁਝ ਮਿੰਟਾਂ ਲਈ ਦਰਦ ਦਿੰਦੀ ਹੈ, ਜਦੋਂ ਕਿ ਬਾਲ ਵਿਆਹ ਕਾਰਨ ਉਸ ਬੱਚੀ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਦੁਖ ਦਿੰਦਾ ਹੈ, ਕਦੇ ਪਤਨੀ ਦੀ ਤੌਰ 'ਤੇ, ਕਦੇ ਮਾਂ ਦੇ ਤੌਰ 'ਤੇ ਅਤੇ ਕਦੇ ਇਕ ਵਿਧਵਾ ਦੇ ਤੌਰ 'ਤੇ।"

ਇਹ ਗੱਲ ਉਨ੍ਹਾਂ ਨੇ ਆਪਣੀ ਕਿਤਾਬ "ਵਿਧਾਇਕਾ ਵਜੋਂ ਮੇਰੇ ਤਜ਼ਰਬੇ" ਵਿੱਚ ਲਿਖੀ ਹੈ।

ਇਹ ਵੀ ਪੜ੍ਹੋ:-

ਜਦੋਂ ਉਨ੍ਹਾਂ ਦਾ ਬਾਲ ਵਿਆਹ ਦੀ ਰੋਕਥਾਮ ਲਈ ਬਿੱਲ ਸਥਾਨਕ ਪ੍ਰੈਸ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ, ਤਾਂ ਉਨ੍ਹਾਂ 'ਤੇ ਰੂੜ੍ਹੀਵਾਦੀ ਲੋਕਾਂ ਵੱਲੋਂ ਖੁੱਲ੍ਹੀਆਂ ਮੀਟਿੰਗਾਂ ਅਤੇ ਪ੍ਰੈਸ ਰਾਹੀਂ ਜ਼ੁਬਾਨੀ ਹਮਲੇ ਹੋਏ ਸਨ, ਜਿਸ ਵਿਚ ਯੂਨੀਵਰਸਿਟੀ ਦੇ ਗ੍ਰੈਜੂਏਟ ਲੋਕ ਵੀ ਸ਼ਾਮਲ ਸਨ।

ਉਹ ਦੇਵਦਾਸੀ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਕਾਨੂੰਨ ਪਾਸ ਕਰਵਾਉਣ ਵਿਚ ਮੋਹਰੀ ਸਨ ਜਿਸ ਤਹਿਤ ਕੁੜੀਆਂ ਅਤੇ ਔਰਤਾਂ ਨੂੰ ਹਿੰਦੂ ਮੰਦਰਾਂ ਵਿਚ ਸੌਂਪ ਦਿੱਤਾ ਜਾਂਦਾ ਸੀ। ਇਸ ਪ੍ਰਕਿਰਿਆ ਵਿਚ ਉਨ੍ਹਾਂ ਨੂੰ ਕੁਝ ਰੂੜ੍ਹੀਵਾਦੀ ਸਮੂਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਹਾਲਾਂਕਿ ਇਸ ਮੋਸ਼ਨ ਨੂੰ ਮਦਰਾਸ ਵਿਧਾਨ ਸਭਾ ਦੁਆਰਾ ਸਰਬਸੰਮਤੀ ਨਾਲ ਸਮਰਥਨ ਦਿੱਤਾ ਗਿਆ ਸੀ ਅਤੇ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ ਗਈ ਸੀ ਤਾਂ ਇਹ ਬਿੱਲ ਅਖੀਰ 1947 ਵਿਚ ਐਕਟ ਬਣ ਗਿਆ।

ਦੇਵਦਾਸੀ ਪ੍ਰਣਾਲੀ ਵਿਰੁੱਧ ਮਦਰਾਸ ਵਿਧਾਨ ਸਭਾ ਦੇ ਸਾਹਮਣੇ ਆਪਣਾ ਪ੍ਰਸਤਾਵ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ "ਦੇਵਦਾਸੀ ਪ੍ਰਣਾਲੀ ਸਤੀ ਦਾ ਸਭ ਤੋਂ ਭੈੜਾ ਰੂਪ ਹੈ ਅਤੇ ਇਹ ਇਕ ਧਾਰਮਿਕ ਅਪਰਾਧ ਹੈ।"

ਮੁਥੂਲਕਸ਼ਮੀ 'ਤੇ ਸੀ ਕਿਸ ਦਾ ਪ੍ਰਭਾਵ?

ਉਹ ਐਨੀ ਬੇਸੈਂਟ ਅਤੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੋਂ ਡੂੰਘੇ ਪ੍ਰਭਾਵਿਤ ਸਨ।

ਤਿਰੂਚਿਰੱਪੱਲੀ ਦੇ ਇਤਿਹਾਸ ਵਿਭਾਗ ਦੇ ਖੋਜ ਵਿਦਵਾਨ ਐਮਐਸ ਸਨੇਲਥਾ ਦੁਆਰਾ ਲਿਖਿਆ ਖੋਜ ਪੱਤਰ "ਮੁਥੂਲਕਸ਼ਮੀ ਰੈੱਡੀ, ਇੱਕ ਸਮਾਜਿਕ ਇਨਕਲਾਬ" ਵਿਚ ਲਿਖਿਆ ਸੀ ਕਿ, "ਜਦੋਂ ਨਮਕ ਸਤਿਆਗ੍ਰਹਿ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਮੁਥੂਲਕਸ਼ਮੀ ਨੇ ਮਦਰਾਸ ਵਿਧਾਨ ਸਭਾ ਵਿੱਚ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।”

ਦੇਵਦਾਸੀਆਂ ਨੂੰ ਬਚਾਉਣ ਲਈ ਉਨ੍ਹਾਂ ਨੇ 1931 ਵਿਚ ਆਪਣੇ ਘਰ ਤੋਂ ਹੀ ਅਵੱਈ ਘਰ ਦੀ ਸ਼ੁਰੂਆਤ ਕੀਤੀ ਸੀ।

ਕੈਂਸਰ ਕਾਰਨ ਉਨ੍ਹਾਂ ਦੀ ਛੋਟੀ ਭੈਣ ਦੀ ਮੌਤ ਨੇ ਉਨ੍ਹਾਂ ਨੂੰ ਸਦਮੇ ਵਿਚ ਛੱਡ ਦਿੱਤਾ ਸੀ। ਫਿਰ ਉਨ੍ਹਾਂ ਨੇ 1954 ਵਿਚ ਅਡਿਯਾਰ ਕੈਂਸਰ ਇੰਸਟੀਚਿਊਟ ਦੀ ਸਥਾਪਨਾ ਵੱਲ ਕੰਮ ਕੀਤਾ। ਇਹ ਸੰਸਥਾ ਅੱਜ ਵੀ ਪੂਰੇ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਵਾਉਂਦੀ ਹੈ।

ਸਾਲ 1956 ਵਿਚ ਉਨ੍ਹਾਂ ਨੂੰ ਮੈਡੀਸਨ ਅਤੇ ਸਮਾਜ ਸੁਧਾਰ ਦੇ ਖੇਤਰਾਂ ਵਿਚ ਪਾਏ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਸਾਲ 1947 ਵਿੱਚ ਲਾਲ ਕਿਲ੍ਹੇ ਉੱਤੇ ਲਹਿਰਾਏ ਗਏ ਸੁਤੰਤਰ ਭਾਰਤ ਦੇ ਪਹਿਲੇ ਝੰਡੇ ਦੇ ਸਮਾਗਮ ਦੌਰਾਨ ਉਨ੍ਹਾਂ ਦਾ ਨਾਮ ਚੁਣਿਆ ਗਿਆ ਸੀ।

ਤਾਮਿਲਨਾਡੂ ਸਰਕਾਰ ਨੇ ਉਨ੍ਹਾਂ ਦੀ ਜਨਮ ਸ਼ਤਾਬਦੀ ਉੱਤੇ 1986 ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਮੋਹਰ ਜਾਰੀ ਕੀਤੀ ਸੀ।

ਉਨ੍ਹਾਂ ਨੇ 1968 ਵਿੱਚ 81 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਗੂਗਲ ਨੇ ਉਨ੍ਹਾਂ ਦੇ ਜਨਮਦਿਨ ਉੱਤੇ ਇੱਕ ਡੂਡਲ ਵੀ ਬਣਾਇਆ ਸੀ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)