ਸਦੀ ਪਹਿਲਾਂ ਸਮਾਜ ’ਚ ਔਰਤਾਂ ਦੀ ਸਰਦਾਰੀ ਦੀ ਕਲਪਨਾ ਕਰਨ ਵਾਲੀ ਔਰਤ

    • ਲੇਖਕ, ਨਾਸੀਰੂਦੀਨ
    • ਰੋਲ, ਸੀਨੀਅਰ ਪੱਤਰਕਾਰ

ਰੁਕੱਈਆ ਸਖ਼ਾਵਤ ਹੁਸੈਨ ਯਾਨਿ ਕਿ ਇੱਕ ਨਾਰੀਵਾਦੀ ਚਿੰਤਕ, ਕਹਾਣੀਕਾਰ, ਨਾਵਲਕਾਰ, ਕਵੀ, ਬੰਗਾਲ ਵਿੱਚ ਮੁਸਲਿਮ ਲੜਕੀਆਂ ਦੀ ਸਿੱਖਿਆ ਲਈ ਮੁਹਿੰਮ ਚਲਾਉਣ ਵਾਲੀ ਅਤੇ ਮੁਸਲਿਮ ਔਰਤਾਂ ਲਈ ਸੰਗਠਨ ਬਨਾਉਣ ਵਾਲੀ ਔਰਤ।

ਉਨ੍ਹਾਂ ਨੇ ਮੁਸਲਿਮ ਕੁੜੀਆਂ ਲਈ ਇੱਕ ਸਕੂਲ ਬਣਾਇਆ। ਉਸ ਸਕੂਲ ਨੇ ਸੈਂਕੜੇ ਕੁੜੀਆਂ ਦੀ ਜ਼ਿੰਦਗੀ ਬਦਲ ਦਿੱਤੀ। ਹਾਲਾਂਕਿ, ਉਨ੍ਹਾਂ ਦੀ ਚਿੰਤਾ ਸਿਰਫ਼ ਮੁਸਲਿਮ ਔਰਤਾਂ ਤੱਕ ਸੀਮਿਤ ਨਹੀਂ ਸੀ। ਉਹ ਤਾਂ ਔਰਤ ਜਾਤੀ ਦੇ ਸਨਮਾਨ ਅਤੇ ਅਧਿਕਾਰਾਂ ਲਈ ਕੰਮ ਕਰ ਰਹੇ ਸਨ।

ਉਹ ਇੱਕ ਅਜਿਹਾ ਸਮਾਜ ਅਤੇ ਇੱਕ ਅਜਿਹੀ ਦੁਨੀਆਂ ਦੀ ਸਿਰਜਣਾ ਕਰਨਾ ਚਾਹੁੰਦੇ ਸੀ, ਜਿੱਥੇ ਸਾਰੇ ਮਿਲ ਕੇ ਰਹਿਣ, ਔਰਤਾਂ ਖ਼ੁਦ-ਮੁਖ਼ਤਿਆਰ ਹੋਣ ਅਤੇ ਉਨ੍ਹਾਂ ਦੇ ਹੱਥ 'ਚ ਵਿਸ਼ਵ ਦਾ ਕਾਰੋਬਾਰ ਹੋਵੇ।

ਇਹ ਵੀ ਪੜ੍ਹੋ:

ਰੁਕੱਈਆ ਦਾ ਜਨਮ 1880 ਵਿੱਚ ਅਣਵੰਡੇ ਭਾਰਤ ਦੇ ਰੰਗਪੁਰ ਜ਼ਿਲ੍ਹੇ ਦੇ ਪੈਰਾਬੰਦ ਖੇਤਰ ਵਿਚ ਹੋਇਆ ਸੀ। ਅੱਜ ਇਹ ਖੇਤਰ ਬੰਗਲਾਦੇਸ਼ ਵਿੱਚ ਪੈਂਦਾ ਹੈ।

ਜ਼ਿੰਮੀਂਦਾਰ ਖਾਨਦਾਨ ਸੀ। ਭਰਾਵਾਂ ਨੇ ਆਧੁਨਿਕ ਸਕੂਲ-ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ, ਪਰ ਭੈਣਾਂ ਨੂੰ ਨਹੀਂ ਪੜਾਇਆ ਗਿਆ। ਰੁਕੱਈਆ ਵਿੱਚ ਪੜ੍ਹਨ ਦੀ ਜ਼ਬਰਦਸਤ ਤਾਕੀਦ ਸੀ।

ਉਨ੍ਹਾਂ ਦੇ ਵੱਡੇ ਭਰਾ ਨੇ ਸਭ ਦੀਆਂ ਅੱਖਾਂ ਤੋਂ ਲੁਕੋ ਕੇ ਛੋਟੀ ਭੈਣ ਨੂੰ ਪੜ੍ਹਾਇਆ। ਕਹਿੰਦੇ ਹਨ ਕਿ ਜਦੋਂ ਘਰ ਦੇ ਸਾਰੇ ਲੋਕ ਰਾਤ ਨੂੰ ਸੌਂਦੇ ਸਨ, ਤਦ ਭਰਾ ਇਸ ਭੈਣ ਨੂੰ ਘਰ ਦੇ ਇੱਕ ਕੋਨੇ ਵਿੱਚ ਪੜ੍ਹਾਉਂਦਾ ਸੀ।

ਇਹ ਵੀ ਪੜ੍ਹੋ:

ਰੁਕੱਈਆ ਕਾਫ਼ੀ ਜ਼ਹੀਨ ਸਨ। ਦੁਨੀਆਂ ਨੂੰ ਵੇਖਣ ਦਾ ਉਨ੍ਹਾਂ ਦਾ ਤਰੀਕਾ ਵੱਖਰਾ ਸੀ। ਉਨ੍ਹਾਂ ਦੇ ਭਰਾ ਨੂੰ ਇਸ ਦਾ ਪੂਰੀ ਤਰ੍ਹਾਂ ਇਹਸਾਸ ਸੀ। ਇਸ ਲਈ ਜਦੋਂ ਵਿਆਹ ਦਾ ਸਮਾਂ ਆਇਆ ਤਾਂ ਉਹ ਚਿੰਤਤ ਸਨ।

ਉਨ੍ਹਾਂ ਦੇ ਯਤਨਾਂ ਸਦਕਾ, 1898 ਵਿੱਚ, ਅਠਾਰਾਂ ਸਾਲਾਂ ਦੀ ਉਮਰ ਵਿੱਚ, ਰੁਕੱਈਆ ਸਖ਼ਾਵਤ ਦਾ ਵਿਆਹ ਬਿਹਾਰ ਦੇ ਭਾਗਲਪੁਰ ਦੇ ਵਸਨੀਕ ਅਤੇ ਉਮਰ ਤੋਂ ਕਾਫ਼ੀ ਵਡੇ ਸਖ਼ਾਵਤ ਹੁਸੈਨ ਨਾਲ ਹੋਇਆ।

ਜਦੋਂ ਇੱਕ ਲੇਖ ਨਾਲ ਹੋਇਆ ਹੰਗਾਮਾ

ਸਖ਼ਾਵਤ ਹੁਸੈਨ ਬਹੁਤ ਪੜ੍ਹੇ-ਲਿਖੇ ਅਤੇ ਤਰੱਕੀਪੰਸਦ ਆਦਮੀ ਸਨ। ਉਨ੍ਹਾਂ ਦੇ ਸਾਥ ਨੇ, ਰੁਕੱਈਆ ਨੂੰ ਕੁਝ ਕਰਨ, ਸੋਚਣ ਅਤੇ ਸਮਝਣ ਦਾ ਬਹੁਤ ਸਾਰਾ ਮੌਕਾ ਦਿੱਤਾ। ਹਾਲਾਂਕਿ, ਦੋਵਾਂ ਦਾ ਸਾਥ ਜ਼ਿਆਦਾ ਦੇਰ ਤੱਕ ਨਹੀਂ ਰਿਹਾ। ਸੰਨ 1909 ਵਿਚ ਸਖ਼ਾਵਤ ਹੁਸੈਨ ਦੀ ਮੌਤ ਹੋ ਗਈ।

ਇੱਕ ਲੇਖਕ ਦੇ ਰੂਪ ਵਿੱਚ ਰੁਕੱਈਆ ਸਭ ਤੋਂ ਪਹਿਲਾਂ ਦੁਨੀਆਂ ਦੇ ਸਾਹਮਣੇ ਆਏ। ਸਖ਼ਾਵਤ ਹੁਸੈਨ ਦੇ ਗੁਜ਼ਰਨ ਤੋਂ ਪਹਿਲਾਂ ਰੁਕੱਈਆ ਨੂੰ ਬੰਗਲਾ ਸਾਹਿਤ ਵਿੱਚ ਚੰਗੀ ਤਰ੍ਹਾਂ ਜਾਣਿਆ ਜਾਣ ਲੱਗਿਆ ਸੀ।

ਆਪਣੀਆਂ ਰਚਨਾਵਾਂ ਦੇ ਜ਼ਰੀਏ, ਉਨ੍ਹਾਂ ਨੇ ਔਰਤਾਂ ਦੀ ਵਿਗੜਦੀ ਸਥਿਤੀ ਨੂੰ ਸਮਝਣ ਅਤੇ ਸਮਝਾਉਣ ਲਈ ਮਹੱਤਵਪੂਰਣ ਯਤਨ ਕਰਨਾ ਸ਼ੁਰੂ ਕੀਤਾ।

ਉਨ੍ਹਾਂ ਦੇ ਇੱਕ ਲੇਖ 'ਇਸਤਰੀ ਜਾਤਿਰ ਅਬੋਨਤਿ' ਨੇ ਹੰਗਾਮਾ ਪੈਦਾ ਕਰ ਦਿੱਤਾ। ਕਹਿਣ ਲਈ ਤਾਂ, ਇਸ ਵਿਚ ਇੱਕ ਔਰਤ ਹੋਣ ਦੇ ਨਾਤੇ, ਔਰਤਾਂ ਨਾਲ ਹੀ ਉਨ੍ਹਾਂ ਦੇ ਹਾਲਾਤਾਂ 'ਤੇ ਤਲਖ਼ ਗੱਲਬਾਤ ਸੀ, ਪਰ ਅਸਲ ਵਿੱਚ ਇਹ ਮਰਦਾਨਾ ਸਮਾਜ ਦਾ ਸ਼ੀਸ਼ਾ ਸੀ।

ਲੇਖ ਵਿੱਚ ਉਸ ਸਮਾਜ ਵਿੱਚ ਔਰਤਾਂ ਦੀ ਡਿੱਗਦੀ ਹਾਲਤ ਦਾ ਬਿਆਨ ਸੀ। ਰੁਕੱਈਆ ਤੋਂ ਪਹਿਲਾਂ ਭਾਰਤ ਵਿੱਚ ਕਿਸੇ ਵੀ ਔਰਤ ਨੇ ਅਜਿਹੇ ਸਵਾਲ ਅਤੇ ਗੱਲਾਂ ਇਨ੍ਹੀਂ ਸ਼ਿੱਦਤ ਨਾਲ ਨਹੀਂ ਕੀਤੀਆਂ ਸਨ। ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਜਦੋਂ ਉਨ੍ਹਾਂ ਨੇ ਇਹ ਲੇਖ ਲਿਖਿਆ, ਤਾਂ ਉਨ੍ਹਾਂ ਦੀ ਉਮਰ ਸਿਰਫ਼ 22-23 ਸਾਲ ਹੋਵੇਗੀ।

ਰੂਕਈਆ ਦੀ 'ਸੁਲਤਾਨਾਜ਼ ਡ੍ਰੀਮਸ'

ਉਨ੍ਹਾਂ ਦੀ ਇੱਕ ਰਚਨਾ ਹੈ - 'ਸੁਲਤਾਨਾਜ਼ ਡ੍ਰੀਮਜ਼' ਯਾਨੀ ਸੁਲਤਾਨਾ ਦੇ ਸੁਪਨੇ। ਇਹ ਅੰਗਰੇਜ਼ੀ ਵਿੱਚ ਲਿਖੀ ਗਈ ਇੱਕ ਲੰਮੀ ਕਹਾਣੀ ਹੈ। ਇਸ ਨੂੰ ਇੱਕ ਛੋਟਾ ਨਾਵਲ ਵੀ ਕਿਹਾ ਜਾ ਸਕਦਾ ਹੈ।

ਇਹ ਇੱਕ ਅਜਿਹੇ ਦੇਸ਼ ਦੀ ਕਹਾਣੀ ਹੈ ਜਿੱਥੇ ਔਰਤਾਂ ਦੇਸ ਅਤੇ ਸਮਾਜ ਲਈ ਸਾਰੇ ਪ੍ਰਬੰਧ ਕਰਦੀਆਂ ਹਨ। ਔਰਤਾਂ ਵਿਗਿਆਨ ਦੀਆਂ ਵਿਦਵਾਨ ਹਨ। ਆਦਮੀ ਘਰਾਂ ਦੇ ਅੰਦਰ ਰਹਿੰਦੇ ਹਨ।

ਇਹ ਵੀ ਪੜ੍ਹੋ:

ਇਸ ਨੂੰ ਨਾਰੀਵਾਦੀ ਕਲਪਨਾਲੋਕ, ਵਿਗਿਆਨਕ ਕਥਾ ਕਿਹਾ ਜਾਂਦਾ ਸੀ। ਇਹ ਕਹਾਣੀ 115 ਸਾਲ ਪਹਿਲਾਂ 1905 ਵਿੱਚ ਪਹਿਲਾਂ ਮਦਰਾਸ ਤੋਂ ਛੱਪਨ ਵਾਲੀ ਇੰਡੀਅਨ ਲੇਡੀਜ਼ ਮੈਗਜ਼ੀਨ ਵਿੱਚ ਪ੍ਰਕਾਸ਼ਤ ਹੋਈ ਸੀ। ਇਹ ਉਸ ਸਮੇਂ ਦਾ ਇੱਕ ਬਹੁਤ ਹੀ ਵੱਕਾਰੀ ਅੰਗਰੇਜ਼ੀ ਰਸਾਲਾ ਸੀ।

ਗੈਰ-ਬੰਗਲਾ ਬੋਲਣ ਵਾਲੀ ਦੁਨੀਆ ਵਿੱਚ, ਰੂਕਈਆ ਨੂੰ ਜ਼ਿਆਦਾਤਰ ਇਸ ਇੱਕ ਕਹਾਣੀ ਕਰਕੇ ਜਾਣਿਆ ਜਾਂਦਾ ਸੀ। ਕਿਉਂਕਿ, ਉਨ੍ਹਾਂ ਦਾ ਬਹੁਤਾ ਰਚਨਾ ਸੰਸਾਰ ਬੰਗਲਾ ਵਿੱਚ ਹੈ।

ਸੋਚੋ, ਕੀ ਹੁੰਦਾ ਜੇ ਰੂਕਈਆ ਦੀ ਇਹ ਰਚਨਾ ਬਾੰਗਲਾ ਵਿਚ ਹੁੰਦੀ? ਕੀ ਦੁਨੀਆਂ ਉਨ੍ਹਾਂ ਨੂੰ ਜਾਣਦੀ? ਹੁਣ ਵੀ ਹਿੰਦੀ ਦਾ ਇੱਕ ਵੱਡਾ ਖੇਤਰ ਉਨ੍ਹਾਂ ਦੇ ਕੰਮ ਤੋਂ ਅਣਜਾਣ ਹੈ।

ਜੇ ਰੂਕਈਆ ਨੇ ਅੰਗਰੇਜ਼ੀ ਵਿੱਚ ਹੀ ਲਿਖਿਆ ਹੁੰਦਾ ਤਾਂ ਉਹ ਨਾਰੀਵਾਦੀ ਸੋਚ ਦੀ ਦੁਨੀਆਂ ਵਿੱਚ ਮੋਹਰੀ ਹੁੰਦੇ। ਅਬਰੋਧ ਬਾਸੀਨੀ, ਮੋਤੀਚੂਰ, ਪਦਮੋਰਾਗ, ਇਸਤਰੀਜਾਤਿਰ ਅਬੋਨਤਿ, ਸੁਲਤਾਨਾਜ਼ ਡ੍ਰੀਮਜ਼, ਦੋ ਹਿੱਸਿਆਂ ਵਿੱਚ ਮੋਤੀਚੂਰ... ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ।

ਰੂਕਈਆ ਪਹਿਲੀ ਔਰਤ ਹੈ ਜਿਨ੍ਹਾਂ ਨੇ ਔਰਤਾਂ ਦੀ ਸਥਿਤੀ ਅਤੇ ਅਧਿਕਾਰਾਂ ਬਾਰੇ ਨਾ ਸਿਰਫ਼ ਲਿਖਿਆ ਬਲਕਿ ਜ਼ਮੀਨੀ ਹਕੀਕਤ ਨੂੰ ਬਦਲਣ ਲਈ ਵੀ ਕੰਮ ਕੀਤਾ।

ਸਖ਼ਾਵਤ ਹੁਸੈਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ, ਉਨ੍ਹਾਂ ਦੀ ਯਾਦ ਵਿੱਚ, ਭਾਗਲਪੁਰ 'ਚ 1910 ਵਿੱਚ ਅਤੇ ਫਿਰ 1911 ਵਿੱਚ ਕੋਲਕਾਤਾ ਵਿੱਚ ਲੜਕੀਆਂ ਲਈ ਇੱਕ ਸਕੂਲ ਖੋਲ੍ਹਿਆ ਗਿਆ। ਉਨ੍ਹਾਂ ਦੇ ਯਤਨਾਂ ਸਦਕਾ ਬੰਗਾਲ ਵਿੱਚ ਮੁਸਲਿਮ ਲੜਕੀਆਂ ਦੀ ਸਿੱਖਿਆ ਬਾਰੇ ਜਾਗਰੂਕਤਾ ਆਈ।

'ਸਾਡੇ ਸਾਰਿਆਂ ਦੀ ਪੁਰਖਿਨ'

ਰੁਕੱਈਆ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਇਸ ਸਕੂਲ ਨੂੰ ਚਲਾਉਂਦੇ ਰਹੇ। ਇਹ ਸਕੂਲ ਬੰਗਾਲ ਦੀਆਂ ਮੁਸਲਿਮ ਕੁੜੀਆਂ ਲਈ ਵਰਦਾਨ ਸਾਬਤ ਹੋਇਆ।

ਰੁਕੱਈਆ ਦੁਆਰਾ ਸਥਾਪਤ ਸਖ਼ਾਵਤ ਮੈਮੋਰੀਅਲ ਸਰਕਾਰੀ ਗਰਲਜ਼ ਹਾਈ ਸਕੂਲ ਅਜੇ ਵੀ ਕੋਲਕਾਤਾ ਵਿੱਚ ਚੱਲਦਾ ਹੈ।

ਪਰ ਇਸ ਸਕੂਲ ਨੂੰ ਜਾਰੀ ਰੱਖਣ ਅਤੇ ਮੁਸਲਿਮ ਕੁੜੀਆਂ ਨੂੰ ਆਧੁਨਿਕ ਸਿਖਲਾਈ ਦੇਣ ਦੇ ਕਾਰਨ, ਰੂਕਈਆ ਨੂੰ ਬਹੁਤ ਵਿਰੋਧ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।

ਉਹ ਭਾਰਤੀ ਨਾਰੀਵਾਦੀ ਸੋਚ ਦੇ ਮਜ਼ਬੂਤ ਥੰਮ ਹਨ। ਉਨ੍ਹਾਂ ਨੇ ਲੜਕੀਆਂ, ਖ਼ਾਸਕਰ ਮੁਸਲਿਮ ਲੜਕੀਆਂ ਦੀ ਤਾਲੀਮ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ:

ਮੁਸਲਿਮ ਔਰਤਾਂ ਨੂੰ ਸੰਗਠਿਤ ਕਰਨ ਵਿੱਚ ਯੋਗਦਾਨ ਪਾਇਆ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਬਹੁਤ ਸਾਰੀਆਂ ਲੜਕੀਆਂ ਨੇ ਲਿਖਣਾ ਸ਼ੁਰੂ ਕੀਤਾ। ਸਮਾਜ ਸੁਧਾਰ ਅਤੇ ਔਰਤਾਂ ਦੇ ਅਧਿਕਾਰ ਅੰਦੋਲਨ ਵਿੱਚ ਹਿੱਸਾ ਲਿਆ।

9 ਦਸੰਬਰ 1932 ਨੂੰ, ਕੋਲਕਾਤਾ ਵਿੱਚ ਸਿਰਫ਼ 52 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਇੱਕ ਲੇਖ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਨਾਮ ਦਿੱਤਾ ਸੀ 'ਨਾਰੀਰੋ ਔਥੀਕਾਰ' ਯਾਨੀ 'ਔਰਤਾਂ ਦੇ ਅਧਿਕਾਰੀ'।

ਔਰਤਾਂ ਲਈ ਕੰਮ ਕਰਨ ਅਤੇ ਉਨ੍ਹਾਂ ਦੇ ਜੀਵਨ ਵਿੱਚ ਤਬਦੀਲੀਆਂ ਲਿਆਉਣ ਦੇ ਕਾਰਨ, ਉਨ੍ਹਾਂ ਨੂੰ ਬੰਗਾਲ ਦੇ ਖੇਤਰ ਵਿੱਚ ਰਾਜਾ ਰਾਮਮੋਹਨ ਰਾਏ ਅਤੇ ਈਸ਼ਵਰਚੰਦ ਵਿਦਿਆਸਾਗਰ ਵਰਗਾ ਮੰਨਿਆ ਜਾਂਦਾ ਹੈ।

ਭਾਰਤ-ਬੰਗਲਾਦੇਸ਼ ਭਾਵ ਬੰਗਾਲ ਦੇ ਖੇਤਰ ਦੀਆਂ ਲੜਕੀਆਂ ਦਾ ਕਹਿਣਾ ਹੈ ਕਿ ਜੇ ਉਹ ਨਾ ਹੁੰਦੇ ਤਾਂ ਅਸੀਂ ਨਾ ਹੁੰਦੇ। ਰੁਕੱਈਆ ਸਾਡੇ ਸਾਰਿਆਂ ਦੀ ਪੁਰਖਿਨ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)