ਪਰਦਾ ਪ੍ਰਥਾ ਖਿਲਾਫ਼ ਔਰਤਾਂ ਨੂੰ ਲਾਮਬੰਦ ਕਰਨ ਵਾਲੀ ਇੱਕ ਔਰਤ ਦੀ ਕਹਾਣੀ

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸਾਲ 1925 ਸੀ, ਅਸਮ ਦੇ ਨੌਗਾਓਂ ਵਿੱਚ ਅਸਮ ਸਾਹਿਤ ਦੀ ਬੈਠਕ ਹੋ ਰਹੀ ਸੀ। ਇਸ ਬੈਠਕ ਵਿੱਚ ਔਰਤਾਂ 'ਚ ਸਿੱਖਿਆ ਨੂੰ ਵਧਾਵਾ ਦੇਣ ਦੀ ਚਰਚਾ ਕੀਤੀ ਜਾ ਰਹੀ ਸੀ ਅਤੇ ਕੁੜੀਆਂ ਵਿੱਚ ਸਿੱਖਿਆ ਦੇ ਵਿਸਥਾਰ 'ਤੇ ਜ਼ੋਰ ਦਿੱਤਾ ਜਾ ਰਿਹਾ ਸੀ।

ਇਸ ਬੈਠਕ ਵਿੱਚ ਪੁਰਸ਼ ਅਤੇ ਔਰਤਾਂ ਦੋਵੇਂ ਮੌਜੂਦ ਸਨ ਪਰ ਔਰਤਾਂ, ਪੁਰਸ਼ਾਂ ਤੋਂ ਵੱਖ ਕਾਨਿਆਂ ਦੇ ਬਣੇ ਪਰਦੇ ਪਿੱਛੇ ਬੈਠੀਆਂ ਹੋਈਆਂ ਸਨ।

ਚੰਦਰਪ੍ਰਭਾ ਸੈਕਿਆਨੀ ਮੰਚ 'ਤੇ ਚੜ੍ਹੀ ਅਤੇ ਮਾਈਕ 'ਤੇ ਸ਼ੇਰਨੀ ਵਾਂਗ ਗਰਜਦੀ ਆਵਾਜ਼ ਵਿੱਚ ਕਿਹਾ, "ਤੁਸੀਂ ਪਰਦੇ ਪਿੱਛੇ ਕਿਉਂ ਬੈਠੀਆਂ ਹੋ" ਅਤੇ ਔਰਤਾਂ ਨੂੰ ਅੱਗੇ ਆਉਣ ਲਈ ਕਿਹਾ।

ਇਹ ਵੀ ਪੜ੍ਹੋ-

ਉਨ੍ਹਾਂ ਦੀ ਇਸ ਗੱਲ ਨਾਲ ਇਸ ਸਭਾ ਵਿੱਚ ਸ਼ਾਮਿਲ ਔਰਤਾਂ ਇੰਨੀਆਂ ਪ੍ਰੇਰਿਤ ਹੋਈਆਂ ਕਿ ਉਹ ਪੁਰਸ਼ਾਂ ਨੂੰ ਵੱਖ ਕਰਨ ਵਾਲੀ ਉਸ ਕਾਨਿਆਂ ਦੀ ਕੰਧ ਨੂੰ ਤੋੜ ਕੇ ਉਨ੍ਹਾਂ ਨਾਲ ਆ ਕੇ ਬੈਠ ਗਈਆਂ।

ਚੰਦਰਪ੍ਰਭਾ ਦੀ ਇਸ ਪਹਿਲ ਨੂੰ ਅਸਮ ਸਮਾਜ ਵਿੱਚ ਉਸ ਵੇਲੇ ਰਿਵਾਜ ਵਿੱਚ ਰਹੀ ਪਰਦਾ ਪ੍ਰਥਾ ਨੂੰ ਹਟਾਉਣ ਲਈ ਅਹਿਮ ਮੰਨਿਆ ਜਾਂਦਾ ਹੈ।

ਅਸਮ ਦੀ ਰਹਿਣ ਵਾਲੀ ਇਸ ਤੇਜ਼-ਤਰਾਰ ਔਰਤ ਦਾ ਜਨਮ 16 ਮਾਰਚ 1901 ਵਿੱਚ ਕਾਮਰੂਪ ਜ਼ਿਲ੍ਹੇ ਦੇ ਦੋਈਸਿੰਗਾਰੀ ਪਿੰਡ ਵਿੱਚ ਹੋਇਆ ਸੀ।

ਉਨ੍ਹਾਂ ਦੇ ਪਿਤਾ ਰਤੀਰਾਮ ਮਜੁਮਦਾਰ ਪਿੰਡ ਦੇ ਸਰਪੰਚ ਸਨ ਅਤੇ ਉਨ੍ਹਾਂ ਨੇ ਆਪਣੀ ਬੇਟੀ ਦੀ ਪੜ੍ਹਾਈ 'ਤੇ ਕਾਫੀ ਜ਼ੋਰ ਦਿੱਤਾ।

ਚੰਦਰਪ੍ਰਭਾ ਨੇ ਨਾ ਕੇਵਲ ਆਪਣੀ ਪੜ੍ਹਾਈ ਕੀਤੀ ਬਲਕਿ ਆਪਣੇ ਪਿੰਡ ਪੜ੍ਹਨ ਵਾਲੀ ਕੁੜੀਆਂ 'ਤੇ ਵੀ ਧਿਆਨ ਦਿੱਤਾ।

ਉਨ੍ਹਾਂ ਦੇ ਪੋਤਰਾ ਅੰਤਨੂ ਸੈਕਿਆ ਕਹਿੰਦੇ ਹਨ, "ਜਦੋਂ ਉਹ 13 ਸਾਲ ਦੀ ਸੀ ਤਾਂ ਆਪਣੇ ਪਿੰਡ ਦੀਆਂ ਕੁੜੀਆਂ ਲਈ ਪ੍ਰਾਈਮਰੀ ਸਕੂਲ ਖੋਲ੍ਹਿਆ।"

"ਉੱਥੇ ਇਸ ਕਿਸ਼ੋਰ ਅਧਿਆਪਕਾ ਨੂੰ ਦੇਖ ਕੇ ਸਕੂਲ ਇੰਸਪੈਕਟਰ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਚੰਦਰਪ੍ਰਭਾ ਸੈਕਿਆਨੀ ਨੂੰ ਨੌਗਾਓਂ ਮਿਸ਼ਨ ਸਕੂਲ ਦਾ ਵਜ਼ੀਫਾ ਦਿਵਾਇਆ।"

"ਕੁੜੀਆਂ ਦੇ ਨਾਲ ਸਿੱਖਿਆ ਦੇ ਪੱਧਰ 'ਤੇ ਹੋ ਰਹੇ ਵਿਤਕਰੇ ਖ਼ਿਲਾਫ਼ ਵੀ ਉਨ੍ਹਾਂ ਨੇ ਆਪਣੀ ਆਵਾਜ਼ ਨੂੰ ਨੌਗਾਓਂ ਮਿਸ਼ਨ ਸਕੂਲ ਵਿੱਚ ਜ਼ੋਰ-ਸ਼ੋਰ ਨਾਲ ਰੱਖਿਆ ਅਤੇ ਉਹ ਅਜਿਹਾ ਕਰਨ ਵਾਲੀ ਪਹਿਲੀ ਕੁੜੀ ਮੰਨੀ ਜਾਂਦੀ ਹੈ।"

ਉਨ੍ਹਾਂ ਨੇ 1920-21 ਵਿੱਚ ਕਿਰੋਨਮੌਈ ਅਗਰਵਾਲ ਦੀ ਮਦਦ ਨਾਲ ਤੇਜ਼ਪੁਰ ਵਿੱਚ ਔਰਤਾਂ ਦੀ ਕਮੇਟੀ ਦਾ ਗਠਨ ਕੀਤਾ।

ਚੰਦਰਪ੍ਰਭਾ 'ਤੇ ਨਾਵਲ ਲਿਖਣ ਵਾਲੀ ਨਿਰੁਪਮਾ ਬੌਰਗੋਹਾਈ ਦੱਸਦੀ ਹੈ ਕਿ ਚੰਦਰਪ੍ਰਭਾ ਅਤੇ ਹੋਰਨਾਂ ਸੁਤੰਤਰਤਾ ਸੈਨਾਨੀਆਂ ਨੇ 'ਬਸਤਰ ਯਜਨਾ' ਯਾਨਿ ਵਿਦੇਸ਼ੀ ਕੱਪੜਿਆਂ ਦੇ ਬਾਈਕਾਟ ਕਰਨ ਨੂੰ ਲੈ ਕੇ ਮੁਹਿੰਮ ਚਲਾਈ ਅਤੇ ਕੱਪੜਿਆਂ ਨੂੰ ਸਾੜਿਆ, ਜਿਸ ਵਿੱਚ ਵੱਡੇ ਪੈਮਾਨਿਆਂ 'ਤੇ ਔਰਤਾਂ ਨੇ ਵੀ ਹਿੱਸਾ ਲਿਆ। ਇਸ ਸਮੇਂ ਮਹਾਤਮਾ ਗਾਂਧੀ ਤੇਜ਼ਪੁਰ ਆਏ ਹੋਏ ਸਨ।

ਨਿਰੁਪਮਾ ਬੌਰਗੋਹਾਈ ਦੇ ਨਾਵਲ 'ਅਭਿਜਾਤਰੀ' ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਦਿੱਤਾ ਗਿਆ ਸੀ।

ਉਹ ਦੱਸਦੀ ਹੈ ਕਿ ਪਿਛੜੀ ਜਾਤੀ ਤੋਂ ਆਉਣ ਵਾਲੀ ਚੰਦਰਪ੍ਰਭਾ ਸੈਕਿਆਨੀ ਦਾ ਵਿਆਹ ਬਹੁਤ ਹੀ ਘੱਟ ਉਮਰ ਵਿੱਚ ਇੱਕ ਉਮਰਦਰਾਜ਼ ਆਦਮੀ ਦੇ ਨਾਲ ਤੈਅ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।

ਲੇਖਕਾ ਨਿਰੁਪਮਾ ਬੌਰਗੋਹਾਈ ਕਹਿੰਦੀ ਹੈ ਕਿ ਉਹ ਕਾਫੀ ਹਿੰਮਤ ਵਾਲੀ ਔਰਤ ਸੀ। ਉਹ ਜਦੋਂ ਅਧਿਆਪਕ ਸੀ ਉਦੋਂ ਉਹ ਇੱਕ ਵੱਖਰੇ ਰਿਸ਼ਤੇ ਵਿੱਚ ਰਹਿੰਦਿਆਂ ਹੋਇਆਂ ਅਣਵਿਆਹੀ ਮਾਂ ਬਣੀ।

ਪਰ ਇਹ ਰਿਸ਼ਤਾ ਸਫ਼ਲ ਨਹੀਂ ਰਿਹਾ ਅਤੇ ਉਨ੍ਹਾਂ ਨੇ ਇਸ ਰਿਸ਼ਤੇ ਤੋਂ ਪੈਦਾ ਹੋਏ ਬੇਟੇ ਨੂੰ ਆਪਣੇ ਕੋਲ ਹੀ ਰੱਖਣ ਦਾ ਫ਼ੈਸਲਾ ਲਿਆ ਅਤੇ ਉਸ ਦੀ ਖੁਦ ਪਰਵਰਿਸ਼ ਕੀਤੀ।

ਇਹ ਵੀ ਪੜ੍ਹੋ:

ਚੰਦਰਪ੍ਰਭਾ ਸੈਕਿਆਨੀ ਨੇ ਨਾ ਕੇਵਲ ਕੁੜੀਆਂ ਦੀ ਸਿੱਖਿਆ ਲਈ ਕੰਮ ਕੀਤਾ ਬਲਕਿ ਉਨ੍ਹਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਸੁਤੰਤਰਤਾ ਅੰਦੋਲਨ ਨੂੰ ਉਨ੍ਹਾਂ ਤੱਕ ਪਹੁੰਚਾਉਣ ਲਈ ਪੂਰੇ ਸੂਬੇ ਵਿੱਚ ਸਾਈਕਲ 'ਤੇ ਯਾਤਰਾ ਕੀਤੀ। ਉਹ ਅਜਿਹਾ ਕਰਨ ਵਾਲੀ ਸੂਬੇ ਦੀ ਪਹਿਲੀ ਔਰਤ ਮੰਨੀ ਜਾਂਦੀ ਹੈ।

ਅੰਤਨੁ ਦੱਸਦੇ ਹਨ, "ਪਿੰਡ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਾਲਾਬ ਤੋਂ ਪਾਣੀ ਲੈ ਕੇ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਪਰ ਚੰਦਰਪ੍ਰਭਾ ਨੇ ਇਸ ਦੇ ਖ਼ਿਲਾਫ਼ ਆਪਣੀ ਆਵਾਜ਼ ਚੁੱਕੀ, ਲੜਾਈ ਲੜੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦੁਆਏ।"

"ਉਨ੍ਹਾਂ ਦੀ ਕੋਸ਼ਿਸ਼ ਨਾਲ ਲੋਕਾਂ ਨੂੰ ਤਾਲਾਬ ਤੋਂ ਪਾਣੀ ਲੈਣ ਦਾ ਅਧਿਕਾਰ ਮਿਲ ਸਕਿਆ।"

"ਉਨ੍ਹਾਂ ਨੇ ਮੰਦਿਰ ਵਿੱਚ ਪਿਛੜੀ ਜਾਤੀਆਂ ਦੇ ਦਾਖਲੇ ਨੂੰ ਲੈ ਕੇ ਵੀ ਅੰਦੋਲਨ ਕੀਤਾ ਪਰ ਉਹ ਇਸ ਵਿੱਚ ਸਫ਼ਲ ਨਹੀਂ ਹੋ ਸਕੀ।"

ਸੰਨ 1930 ਵਿੱਚ ਉਨ੍ਹਾਂ ਅਸਹਿਯੋਗ ਅੰਦੋਲਨ ਵਿੱਚ ਵੀ ਹਿੱਸਾ ਲਿਆ ਅਤੇ ਜੇਲ੍ਹ ਵੀ ਗਈ ਅਤੇ ਸੰਨ 1947 ਤੱਕ ਕਾਂਗਰਸ ਪਾਰਟੀ ਦੇ ਵਰਕਰ ਵਜੋਂ ਕੰਮ ਕਰਦੀ ਰਹੀ।

ਉਨ੍ਹਾਂ ਨੂੰ ਆਪਣੇ ਕੰਮ ਲਈ ਸੰਨ 1972 ਵਿੱਚ ਪਦਮਸ਼੍ਰੀ ਨਾਲ ਨਵਾਜ਼ਿਆ ਗਿਆ।

ਇਹ ਵੀ ਦੇਖੋ-

ਮਦਰਾਸ ਮੈਡੀਕਲ ਕਾਲਜ ਵਿੱਚ ਸਰਜਨ ਬਣਨ ਵਾਲੀ ਪਹਿਲੀ ਔਰਤ ਵੀ ਬਣੀ ਡਾ. ਮੁੱਥੂਲਕਸ਼ਮੀ ਰੈੱਡੀ ਬਾਰੇ ਜਾਣੋ-

ਰੁਕਈਆ ਸਖ਼ਾਵਤ: ਜਿਸ ਨੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਤੇ ਸਕੂਲ ਖੋਲ੍ਹਿਆ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)