ਨਵੀਂ ‘ਬਾਬਰੀ ਮਸਜਿਦ’ ’ਚ ਗੁੰਬਦ ਨਹੀਂ ਹੋਣਾ ਤੇ ਇਹ ਖਾਸੀਅਤਾਂ ਹੋਣੀਆਂ

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅਯੁੱਧਿਆ ਵਿੱਚ ਮੰਦਿਰ ਮਸਜਿਦ ਵਿਵਾਦ ਖ਼ਤਮ ਹੋ ਗਿਆ ਹੈ। ਪੰਜ ਅਗਸਤ ਨੂੰ ਅਯੁੱਧਿਆ ਵਿੱਚ ਮੰਦਿਰ ਦਾ ਭੂਮੀ-ਪੂਜਨ ਪ੍ਰੋਗਰਾਮ ਹੋਇਆ ਸੀ।

ਪ੍ਰੋਗਰਾਮ ਵਿੱਚ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਹੋਏ ਸਨ। ਇਸ ਦੇ ਨਾਲ ਹੀ ਸ਼ਾਨਦਾਰ ਮੰਦਿਰ ਬਣਨ ਦਾ ਕੰਮ ਸ਼ੁਰੂ ਹੋ ਗਿਆ ਹੈ।

ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਤਾਰੀਫ਼ ਵਿੱਚ ਕਿਹਾ ਗਿਆ ਹੈ ਕਿ ਸੈਂਟ੍ਰਲ ਬਿਲਡਿੰਗ ਰਿਸਰਚ ਇੰਸਟੀਚਿਊਟ (ਸੀਬੀਆਰਆਈ) ਰੁੜਕੀ, ਆਈਆਈਟੀ ਮਦਰਾਸ ਅਤੇ ਲਾਰਸਨ ਐਂਡ ਟਿਊਰਬੋ ਦੇ ਇੰਜਨੀਅਰ ਮਿੱਟੀ ਦੀ ਜਾਂਚ ਕਰ ਕੇ ਮੰਦਿਰ ਨਿਰਮਾਣ ਦਾ ਕੰਮ ਸ਼ੁਰੂ ਕਰ ਚੁੱਕੇ ਹਨ।

36 ਤੋਂ 40 ਮਹੀਨੇ ਦੇ ਅੰਦਰ ਮੰਦਿਰ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ।

ਹੁਣ ਖ਼ਬਰ ਆ ਰਹੀ ਹੈ ਕਿ ਅਯੁੱਧਿਆ ਡਿਵਲਪਮੈਂਟ ਓਥੋਰਿਟੀ ਵੱਲੋਂ ਮੰਦਿਰ ਦਾ ਨਕਸ਼ਾ ਵੀ ਪਾਸ ਕਰ ਦਿੱਤਾ ਗਿਆ ਹੈ। 29 ਅਗਸਤ ਨੂੰ ਇਸ ਬਾਰੇ ਬੈਠਕ ਹੋਈ ਸੀ।

ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ

ਦੂਜੀ ਪਾਸੇ ਮਸਜਿਦ ਬਣਾਉਣ ਦਾ ਕੰਮ ਵਿੱਚ ਵੀ ਤੇਜ਼ੀ ਆਈ ਹੈ, ਸੁੰਨੀ ਵਕਫ਼ ਬੋਰਡ ਨੇ ਪੰਜ ਏਕੜ ਜ਼ਮੀਨ 'ਤੇ ਕੀ ਕੰਮ ਹੋਣਾ ਹੈ, ਇਸ ਲਈ ਇੰਡੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਬਣਾਇਆ ਸੀ।

ਇਸੇ ਫਾਊਂਡੇਸ਼ਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਇਸ ਪੰਜ ਏਕੜ ਜ਼ਮੀਨ ਦਾ ਕਿਵੇਂ ਇਸਤੇਮਾਲ ਹੋਣਾ ਹੈ।

ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਰਾਮ ਮੰਦਿਰ ਲਈ ਕੇਂਦਰ ਸਰਕਾਰ ਨੂੰ ਟਰੱਸਟ ਬਣਾਉਣ ਦਾ ਆਦੇਸ਼ ਦਿੱਤਾ ਸੀ ਅਤੇ ਯੂਪੀ ਸਰਕਾਰ ਨੂੰ ਮਸਜਿਦ ਲਈ ਪੰਜ ਏਕੜ ਥਾਂ ਏਕੜ ਥਾਂ ਦੇਣ ਦਾ ਫ਼ੈਸਲਾ ਸੁਣਾਇਆ ਸੀ।

ਇਹ ਵੀ ਪੜ੍ਹੋ-

ਸੁਪਰੀਮ ਕੋਰਟ ਦੇ ਆਦੇਸ਼ ਆਯੁੱਧਿਆ ਕੋਲ ਧੰਨੀਪੁਰ ਪਿੰਡ ਵਿੱਚ ਹੀ ਯੂਪੀ ਸਰਕਾਰ ਨੇ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਬਣਾਉਣ ਲਈ ਪੰਜ ਏਕੜ ਜ਼ਮੀਨ ਦਿੱਤੀ ਹੈ।

ਇਹ ਜ਼ਮੀਨ ਖੇਤੀ ਵਿਭਾਗ ਦੇ 25 ਏਕੜ ਵਾਲੇ ਇੱਕ ਫਾਰਮ ਹਾਊਸ ਦਾ ਹਿੱਸਾ ਹੈ, ਜਿੱਥੇ ਇਸ ਵੇਲੇ ਝੋਨੇ ਦੀ ਫ਼ਸਲ ਬੀਜੀ ਹੋਈ ਹੈ। ਇੱਥੇ ਅਜੇ ਇੱਕ ਦਰਗਾਹ ਹੈ। ਇਹ ਥਾਂ ਵਿਵਾਦਤ ਥਾਂ ਤੋਂ ਤਕਰੀਬਨ 25 ਕਿਲੋਮੀਟਰ ਦੂਰ ਹੈ।

ਹਾਲਾਂਕਿ ਅਯੁੱਧਿਆ ਦੇ ਕਈ ਮੁਸਲਮਾਨ ਅਤੇ ਇਸ ਵਿਵਾਦ ਵਿੱਚ ਪੱਖ ਰੱਖ ਰਹੇ ਕਈ ਲੋਕ ਇੰਨੀ ਦੂਰ ਜ਼ਮੀਨ ਦੇਣ ਦੇ ਮਤੇ ਦਾ ਅਤੇ ਮਸਜਿਦ ਬਣਾਉਣ ਦਾ ਵਿਰੋਧ ਕਰ ਰਹੇ ਸਨ।

ਕੌਣ ਹੈ ਪ੍ਰੋਫੈਸਰ ਐੱਮਐੱਸ ਅਖ਼ਤਰ

ਇੰਡੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਨੇ ਜ਼ਮੀਨ 'ਤੇ ਮਸਜਿਦ ਬਣਾਉਣ ਲਈ ਡਿਜ਼ਾਈਨ ਕਰਨ ਵਾਲੇ ਆਰਕੀਟੈਕਟ ਦਾ ਨਾਮ ਫਾਈਨਲ ਕਰ ਲਿਆ ਹੈ।

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਐੱਸਐੱਮ ਅਖ਼ਤਰ ਨੂੰ ਇਸ ਕੰਮ ਲਈ ਚੁਣਿਆ ਗਿਆ ਹੈ।

ਪ੍ਰੋਫੈਸਰ ਅਖ਼ਤਰ ਜਾਮੀਆ ਵਿੱਚ ਆਰਕੀਟੈਕਟ ਵਿਭਾਗ ਦੇ ਡੀਨ ਵੀ ਹਨ।

30 ਸਾਲ ਤੋਂ ਇਸ ਖੇਤਰ ਨਾਲ ਜੁੜੇ ਹੋਏ ਹਨ ਅਤੇ ਇੰਡੋ-ਇਸਲਾਮਿਕ ਨਕਸ਼ੇ ਡਿਜ਼ਾਈਨ ਕਰਨ ਵਿੱਚ ਉਨ੍ਹਾਂ ਨੇ ਮਹਾਰਤ ਹਾਸਿਲ ਕੀਤੀ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਕੰਮ ਲਈ ਉਨ੍ਹਾਂ ਨੇ ਕੋਈ ਐਪਲੀਕੇਸ਼ਨ ਨਹੀਂ ਭਰੀ ਸੀ।

ਉਨ੍ਹਾਂ ਮੁਤਾਬਕ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਕਾਬਲੀਅਤ ਦੇ ਆਧਾਰ 'ਤੇ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦਾ ਕੰਮ ਹੀ ਬੋਲਦਾ ਹੈ।

ਇੱਕ ਸਤੰਬਰ ਨੂੰ ਹੀ ਉਨ੍ਹਾਂ ਨੂੰ ਫੋਨ 'ਤੇ ਇਸ ਬਾਰੇ ਸੂਚਨਾ ਦਿੱਤੀ ਗਈ ਕਿ ਉਨ੍ਹਾਂ 5 ਏਕੜ ਦੀ ਜ਼ਮੀਨ 'ਤੇ ਮਸਜਿਦ ਨਾਲ ਜੋ ਕੁਝ ਬਣੇਗਾ, ਉਸ ਦਾ ਡਿਜ਼ਾਈਨ ਤਿਆਰ ਕਰਨਾ ਹੈ।

ਦੁਨੀਆਂ ਭਰ ਵਿੱਚ ਸਾਲ 2007 ਤੋਂ ਇਸਲਾਮਿਕ ਆਰਟ ਐਂਡ ਆਰਕੀਟੈਕਟ 'ਤੇ ਇੱਕ ਕੌਮਾਂਤਰੀ ਕਾਨਫਰੰਸ ਹੁੰਦੀ ਆ ਰਹੀ ਹੈ।

ਇਰਾਨ, ਪਾਕਿਸਤਾਨ ਸਣੇ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਇਸ ਦਾ ਪ੍ਰਬੰਧ ਹੋ ਚੁੱਕਿਆ ਹੈ। ਤਿੰਨ ਵਾਰ ਦਿੱਲੀ ਵਿੱਚ ਵੀ ਉਸ ਦਾ ਪ੍ਰਬੰਧ ਹੋਇਆ ਹੈ। ਪ੍ਰੋਫੈਸਰ ਅਖ਼ਤਰ ਦਿੱਲੀ ਵਿੱਚ ਉਨ੍ਹਾਂ ਕਾਨਫਰੰਸਾਂ ਦੇ ਪ੍ਰਬੰਧਕ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਇਸ ਕਾਰਨ ਉਨ੍ਹਾਂ ਦੇ ਕੰਮ ਬਾਰੇ ਫਾਊਂਡੇਸ਼ਨ ਵਾਲਿਆਂ ਨੂੰ ਪਤਾ ਲੱਗਾ ਹੋਵੇ।

ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰੋਫੈਸਰ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਕਈ ਕੰਪਨੀਆਂ ਵਿੱਚ ਬਤੌਰ ਕੰਸਲਟੈਂਟ ਕੰਮ ਕੀਤਾ ਹੈ। ਜਾਮੀਆ ਦੀਆਂ ਕਾਫੀ ਬਿੰਲਡਿੰਗਾਂ ਉਨ੍ਹਾਂ ਨੇ ਡਿਜ਼ਾਈਨ ਕੀਤੀਆਂ ਹਨ।

ਪ੍ਰੋਫੈਸਰ ਅਖ਼ਤਰ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਉੱਤਰ ਪ੍ਰਦੇਸ਼ ਚੈਪਟਰ ਦੇ ਪ੍ਰਧਾਨ ਅਤੇ ਸਕੱਤਰ ਦੋਵੇਂ ਰਹਿ ਚੁੱਕੇ ਹਨ ਅਤੇ ਲਖਨਊ ਨਾਲ ਸਬੰਧ ਰੱਖਦੇ ਹਨ।

ਕਿਵੇਂ ਹੋਵੇਗਾ ਮਸਜਿਦ ਦਾ ਨਕਸ਼ਾ?

ਅਯੁੱਧਿਆ ਵਿੱਚ ਜੋ ਮੰਦਿਰ ਬਣ ਰਿਹਾ ਹੈ ਉਸ ਦੀ ਖ਼ੂਬਸੂਰਤੀ ਦੀ ਹਰ ਥਾਂ ਚਰਚਾ ਹੈ। ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ ਮਿਲ ਕੇ ਕੁਝ ਸਾਲ ਪਹਿਲਾਂ ਰਾਮ ਮੰਦਿਰ ਦਾ ਮਾਡਲ ਗੁਜਰਾਤ ਦੇ ਰਹਿਣ ਵਾਲੇ ਵਾਸਤੂਕਾਰ ਚੰਦਰਕਾਂਤ ਸੋਮਪੁਰਾ ਨੇ ਤਿਆਰ ਕੀਤਾ ਹੈ, ਜਿਸ ਵਿੱਚ ਥੋੜ੍ਹੇ ਬਦਲਾਅ ਦੇ ਨਾਲ ਹੁਣ ਮਨਜ਼ੂਰੀ ਮਿਲ ਚੁੱਕੀ ਹੈ।

ਤਾਂ ਕੀ ਮਸਜਿਦ ਦਾ ਨਕਸ਼ਾ ਵੀ ਓਨਾਂ ਦੀ ਖ਼ੂਬਸੂਰਤ ਹੋਵੇਗਾ?

ਇਸ ਸਵਾਲ ਦੇ ਜਵਾਬ ਵਿੱਚ ਪ੍ਰੋਫੈਸਰ ਅਖ਼ਤਰ ਕਹਿੰਦੇ ਹਨ, "ਸਾਡੇ ਪ੍ਰੋਫੈਸ਼ਨ ਵਿੱਚ ਕਿਹਾ ਜਾਂਦਾ ਹੈ ਕਿ ਆਰਕੀਟੈਕਟ ਕਦੇ ਦੁਹਰਾਇਆ ਨਹੀਂ ਜਾਂਦਾ। ਇਸ ਨੂੰ ਹਮੇਸ਼ਾ ਸਮੇਂ ਨਾਲ ਵਿਕਸਿਤ ਕੀਤਾ ਜਾਂਦਾ ਹੈ।"

"ਜੋ ਮਰ ਚੁੱਕਾ ਹੈ ਉਹ ਪੁਰਾਤੱਤਵ ਹੋ ਜਾਂਦਾ ਹੈ ਅਤੇ ਜੋ ਜੀਵਤ ਹੈ ਇਹ ਆਰਕੀਟੈਕਚਰ ਯਾਨਿ ਵਾਸਤੂਸ਼ਿਲਪ ਹੈ। ਜੋ ਵੀ ਚੀਜ਼ ਸਮਕਾਲੀ ਹੋਵੇਗੀ, ਜੀਵਤ ਹੋਵੇਗੀ ਅਤੇ ਵਾਈਬ੍ਰੇਟ ਹੋਵੇਗੀ, ਅਸੀਂ ਇਸ ਤਰ੍ਹਾਂ ਹੀ ਡਿਜ਼ਾਈਨ ਕਰਾਂਗੇ।"

"ਜਦੋਂ ਇਸ ਸੋਚ ਨਾਲ ਅਸੀਂ ਕੰਮ ਕਰਦੇ ਹਾਂ ਤਾਂ ਨਵੀਂ ਚੀਜ਼ ਬਣਾਉਂਦੇ ਹਾਂ, ਪੁਰਾਣੀਆਂ ਚੀਜ਼ਾਂ ਦਿਮਾਗ਼ ਤੋਂ ਨਿਕਲ ਜਾਂਦੀਆਂ ਹਨ। ਵਿਸ਼ਵ ਵਿੱਚ ਹਰ ਪਾਸੇ ਇਹੀ ਹੋ ਰਿਹਾ ਹੈ।"

ਤਾਂ ਕੀ ਮਸਜਿਦ ਦਾ ਢਾਂਚਾ ਪੁਰਾਣੀ ਬਾਬਾਰੀ ਮਸਜਿਦ ਤੋਂ ਬਿਲਕੁੱਲ ਵੱਖਰਾ ਹੋਵੇਗਾ?

ਇਸ 'ਤੇ ਪ੍ਰੋਫੈਸਰ ਅਖ਼ਤਰ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਨਵੀਂ ਮਸਜਿਦ ਬਿਲਕੁੱਲ ਵੱਖਰੀ ਹੋਵੇਗੀ। ਉਸ ਵਿੱਚ ਗੁੰਬਦਨੁਮਾ ਕੋਈ ਹਿੱਸਾ ਨਹੀਂ ਹੋਵੇਗਾ।

ਤਾਂ ਕੀ ਇਸ ਸਿਲਸਿਲੇ ਵਿੱਚ ਸੁੰਨੀ ਵਕਫ਼ ਬੋਰਡ ਕੋਲੋਂ ਉਨ੍ਹਾਂ ਨੂੰ ਇਜਾਜ਼ਤ ਮਿਲ ਗਈ ਹੈ? ਇਸ 'ਤੇ ਉਹ ਕਹਿੰਦੇ ਹਨ ਕਿ ਡਿਜ਼ਾਈਨ 'ਤੇ ਕੰਮ ਕਰਨ ਤੋਂ ਪਹਿਲਾਂ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।

ਉਨ੍ਹਾਂ ਮੁਤਾਬਕ ਵਿਸ਼ਵ ਵਿੱਚ ਯੂਰਪ ਅਤੇ ਦੂਜੇ ਦੇਸ਼ਾਂ ਵਿੱਚ ਅਜਿਹੇ ਕਈ ਨਵੇਂ ਥੀਮਸ 'ਤੇ ਕੰਮ ਹੋ ਰਿਹਾ ਹੈ, ਜਿਸ ਵਿੱਚ ਮਸਜਿਦ 'ਜ਼ੀਰੋ ਐਨਰਜੀ' 'ਤੇ ਕੰਮ ਕਰਦੀ ਹੈ। ਉੱਥੇ ਹਰੇਕ ਸ਼ੈਅ ਰਿਸਾਈਕਲ ਹੁੰਦੀ ਹੈ।

ਇਸ ਦੇ ਨਾਲ ਹੀ ਪ੍ਰੋਫੈਸਰ ਅਖ਼ਤਰ ਨੇ ਇਹ ਵੀ ਸਾਫ਼ ਕੀਤਾ ਹੈ ਕਿ ਫਿਲਹਾਲ ਮਸਜਿਦ ਦੀ ਕੋਈ ਤਸਵੀਰ ਉਨ੍ਹਾਂ ਦੇ ਜ਼ਹਿਨ ਵਿੱਚ ਨਹੀਂ ਹੈ।

ਅਜੇ ਉਨ੍ਹਾਂ ਨੇ ਸੋਚਣਾ ਸ਼ੁਰੂ ਹੀ ਕੀਤਾ ਹੈ ਅਤੇ ਜਦੋਂ ਸੌਂਦੇ-ਜਾਗਦੇ ਉਸੇ ਦੇ ਖ਼ਿਆਲ ਆਉਣਗੇ, ਤਾਂ ਹੀ ਉਸ ਡਿਜ਼ਾਈਨ 'ਤੇ ਕੰਮ ਸ਼ੁਰੂ ਕਰ ਸਕਣਗੇ।

ਸਪਿਰਿਟ ਆਫ ਇੰਡੀਆ ਦੀ ਮਿਸਾਲ

ਦਰਅਸਲ 5 ਏਕੜ ਦੀ ਜ਼ਮੀਨ 'ਤੇ ਕੇਵਲ ਮਸਜਿਦ ਦਾ ਹੀ ਨਿਰਮਾਣ ਨਹੀਂ ਕੀਤਾ ਜਾਵੇਗਾ। ਉੱਥੇ ਇੱਕ ਪੂਰਾ ਕੰਪਲੈਕਸ ਤਿਆਰ ਕਰਨ ਦੀ ਯੋਜਨਾ ਹੈ, ਜਿਸ ਵਿੱਚ ਮਸਜਿਦ ਇੱਕ ਵੱਡਾ ਹਿੱਸਾ ਹੋਵੇਗਾ।

ਕੰਪਲੈਕਸ ਦੀ ਥੀਮ ਹੋਵੇਗੀ 'ਖ਼ਿਦਮਤ-ਏ-ਖ਼ਲਕ', ਜਿਸ ਦਾ ਮਤਲਬ ਹੈ ਮਨੁੱਖਤਾ ਦੀ ਸੇਵਾ।

ਪ੍ਰੋਫੈਸਰ ਅਖ਼ਤਰ ਮੁਤਾਬਕ ਇਸ ਵਿੱਚ ਇਸਲਾਮ ਦੀ ਛਾਪ ਹੋਵੇਗੀ, ਇਸ ਦੇ ਨਾਲ ਹੀ ਭਾਰਤੀਅਤਾ ਦੀ ਗੱਲ ਵੀ ਹੋਵੇਗੀ, ਜਿਸ ਦਾ ਮੂਲ ਮੰਤਰੀ ਹੀ ਲੋਕਾਂ ਦੀ ਸੇਵਾ ਕਰਨਾ ਹੈ।

ਉਹ ਕਹਿੰਦੇ ਹਨ, “ਤੁਹਾਡੇ ਲੋਕਾਂ ਦੀ ਮਦਦ ਕਰ ਕੇ ਇਹ ਹਾਸਿਲ ਕਰ ਸਕਦੇ ਹਨ ਇਸ ਲਈ ਉਹ ਕੁਝ ਮਿਸਾਲ ਵੀ ਦਿੰਦੇ ਹਨ। ਕੁਝ ਲੋਕਾਂ ਨੂੰ ਸਿਹਤ ਸੇਵਾ ਜੇਕਰ ਨਹੀਂ ਮਿਲ ਰਹੀ ਤਾਂ ਉਨ੍ਹਾਂ ਦਾ ਦਰਦ ਮਹਿਸੂਸ ਕਰਕੇ ਤੁਸੀਂ ਉਨ੍ਹਾਂ ਨੂੰ ਹਸਪਤਾਲ ਦੀ ਸੁਵਿਧਾ ਦੇ ਸਕੋ ਤਾਂ ਮਨੁੱਖਤਾ ਦੀ ਸੇਵਾ ਹੈ।”

“ਜੇਕਰ ਤੁਸੀਂ ਪੜ੍ਹਾਈ ਤੋਂ ਵਾਂਝੇ ਲੋਕਾਂ ਲਈ ਪੜ੍ਹਨ ਦਾ ਇੰਤਜ਼ਾਮ ਕਰ ਸਕੋ ਤਾਂ ਇਹ ਮਨੁੱਖਤਾ ਦੀ ਸੇਵਾ ਹੈ। ਕੁਝ ਇਸੇ ਤਰ੍ਹਾਂ ਦੀ ਡਿਮਾਂਡ ਇਸ ਕੰਪਲੈਕਸ ਨੂੰ ਬਣਾਉਣ ਦੀ ਵੀ ਹੈ”

“ਇਸੇ ਕਾਰਨ ਕੰਪਲੈਕਸ ਵਿੱਚ ਹਸਪਤਾਲ ਵੀ ਬਣੇਗਾ ਅਤੇ ਪੜ੍ਹਨ-ਪੜਾਉਣ ਦੀ ਗੱਲ ਵੀ ਹੋਵੇਗੀ। ਪਰ ਇਹ ਜ਼ਰੂਰੀ ਨਹੀਂ ਕਿ ਸਕੂਲ ਵਰਗਾ ਹੀ ਹੋਵੇ।”

ਉਹ ਕਹਿੰਦੇ ਹਨ, “ਅਸੀਂ ਇਤਿਹਾਸ ਦਿਖਾ ਕੇ ਵੀ ਲੋਕਾਂ ਨੂੰ ਪੜ੍ਹਾ ਸਕਦੇ ਹਨ। ਅੱਜ ਦੇ ਸਮਾਜ ਵਿੱਚ ਜਿਵੇਂ ਲੋਕਾਂ ਵਿਚਾਲੇ ਦੂਰੀਆਂ ਵਧਦੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਖ਼ਤਮ ਕਰਨ ਦਾ ਕੰਮ ਕਰੇਗਾ ਇਹ ਕੰਪਲੈਕਸ।”

ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਹੈ ਕਿ ਮਸਜਿਦ ਦਾ ਨਕਸ਼ਾ ਕਦੋਂ ਤੱਕ ਬਣ ਕੇ ਤਿਆਰ ਹੋਵੇਗਾ। ਨਾ ਹੀ ਇਸ ਸਵਾਲ ਦਾ ਜਵਾਬ ਦਿੱਤਾ ਹੈ ਕਿ ਮਸਜਿਦ ਦਾ ਨਾਮ ਕੀ ਰੱਖਣਗੇ ਅਤੇ ਨੀਂਹ ਰੱਖਣ ਵੇਲੇ ਕਿੰਨ੍ਹਾਂ ਨੂੰ ਸੱਦਾ ਭੇਜਣਗੇ।

ਪਰ ਅੰਤ ਵਿੱਚ ਉਨ੍ਹਾਂ ਨੇ ਇਹ ਜ਼ਰੂਰ ਕਿਹਾ, “ਮੇਰੇ ਲਈ ਇਸ ਮਸਜਿਦ ਦਾ ਡਿਜ਼ਾਈਨ ਤਿਆਰ ਕਰਨਾ ਮਾਣ ਵਾਲੀ ਗੱਲ ਹੈ। ਉਸ ਤੋਂ ਵੱਡੀ ਗੱਲ ਹੈ ਕਿ ਮੈਨੂੰ ਇਹ ਕਾਰਜਭਾਰ ਸੌਂਪਿਆ ਗਿਆ। ਪੂਰੀ ਕੋਸ਼ਿਸ਼ ਹੋਵੇਗੀ ਕਿ ਡਿਜ਼ਾਈਨ ਅਜਿਹਾ ਬਣਾਵਾਂ ਕਿ ਦੁਨੀਆਂ ਵਿੱਚ ਇਸ ਦੀ ਮਿਸਾਲ ਦਿੱਤੀ ਜਾਵੇ।”

ਇਹ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)