ਬਾਲ-ਵਿਆਹ ਨੂੰ ਤੋੜਨ ਲਈ ਜਦੋਂ ਇਸ ਮਹਿਲਾ ਨੇ ਬ੍ਰਿਟੇਨ ਦੀ ਰਾਣੀ ਨੂੰ ਗੁਹਾਰ ਲਗਾਈ

    • ਲੇਖਕ, ਅਨਘਾ ਪਾਠਕ
    • ਰੋਲ, ਬੀਬੀਸੀ ਪੱਤਰਕਾਰ

ਡਾਕਟਰ ਰਖ਼ਮਾਬਾਈ ਰਾਉਤ ਡਾਕਟਰ ਵਜੋਂ ਪ੍ਰੈਕਟਿਸ ਕਰਨ ਵਾਲੀ ਭਾਰਤ ਦੀ ਸ਼ਾਇਦ ਪਹਿਲੀ ਔਰਤ ਡਾਕਟਰ ਸੀ।

ਇਹੀ ਨਹੀਂ , ਉਹ ਭਾਰਤ ਵਿਚ ਨਾਰੀਵਾਦੀ ਨਜ਼ਰੀਏ ਨਾਲ ਸਮਾਜ ਨੂੰ ਦੇਖਣ ਤੇ ਔਰਤਾਂ ਦੇ ਹੱਕਾਂ ਦੀ ਤਰਜ਼ਮਾਨੀ ਕਰਨ ਵਾਲੇ ਮੁੱਢਲੇ ਲੋਕਾਂ ਵਿਚੋਂ ਇੱਕ ਵੀ ਸੀ।

ਮਹਿਜ਼ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਹੀ ਤਲਾਕ ਲਈ ਲੜਾਈ ਲੜੀ ਸੀ।

ਉਨ੍ਹਾਂ ਸਮਿਆਂ ਵਿੱਚ ਮਰਦਾਂ ਵੱਲੋਂ ਆਪਣੀਆਂ ਘਰਵਾਲੀਆਂ ਨੂੰ ਛੱਡਣਾ ਜਾਂ ਤਲਾਕ ਦੇਣਾ ਬਹੁਤ ਆਮ ਗੱਲ ਸੀ।ਪਰ ਰਖ਼ਮਾਬਾਈ ਸ਼ਾਇਦ ਪਹਿਲੀ ਭਾਰਤੀ ਵਿਅਹੁਤਾ ਔਰਤ ਸਨ ਜਿਨ੍ਹਾਂ ਨੇ ਆਪਣੇ ਪਤੀ ਤੋਂ ਤਲਾਕ ਮੰਗਿਆ। ਉਹ ਵੀ ਅਦਾਲਤ ਵਿਚ ਜਾ ਕੇ।

ਇਤਿਹਾਸ ਵਿੱਚ ਅਹਿਮ ਜਗ੍ਹਾਂ ਤੇ ਨਾਮ ਕਾਇਮ ਕਰਨ ਵਾਲੀਆਂ ਹੋਰ ਔਰਤਾਂ ਦੀ ਕਹਾਣੀ ਪੜ੍ਹੋ

ਤਲਾਕ: ਰੂੜੀਵਾਦੀ ਭਾਰਤੀ ਸਮਾਜ ਨੂੰ ਹਿਲਾਉਣ ਵਾਲਾ ਮਾਮਲਾ

ਰਾਉਤ ਦਾ ਜਨਮ ਮੁੰਬਈ (ਉਸ ਸਮੇਂ ਬੰਬੇ) ਵਿੱਚ 1864 'ਚ ਹੋਇਆ ਸੀ। ਉਨ੍ਹਾਂ ਦੀ ਵਿਧਵਾ ਮਾਂ ਨੇ 11 ਸਾਲ ਦੀ ਮਾਸੂਮ ਉਮਰ ਵਿੱਚ ਹੀ ਰਾਉਤ ਦਾ ਵਿਆਹ ਕਰ ਦਿੱਤਾ, ਪਰ ਉਹ ਕਦੇ ਵੀ ਆਪਣੇ ਪਤੀ ਨਾਲ ਰਹਿਣ ਨਹੀਂ ਗਏ ਅਤੇ ਹਮੇਸ਼ਾ ਆਪਣੀ ਮਾਂ ਨਾਲ ਹੀ ਰਹੇ।

1887 ਵਿੱਚ ਉਨ੍ਹਾਂ ਦੇ ਪਤੀ ਦਾਦਾ ਜੀ ਭੀਕਾਰੀ ਨੇ ਆਪਣੇ ਵਿਆਹੁਤਾ ਅਧਿਕਾਰਾਂ ਦੀ ਬਹਾਲੀ ਲਈ ਦਰਖ਼ਾਸਤ ਦਰਜ਼ ਕਰਵਾਈ। ਰਾਉਤ ਨੇ ਆਪਣੇ ਬਚਾਅ ਵਿੱਚ ਕਿਹਾ, ਉਨ੍ਹਾਂ ਨੂੰ ਅਜਿਹੇ ਵਿਆਹ ਨੂੰ ਨਿਭਾਉਣ ਲਈ ਮਜਬੂਰ ਨਹੀਂ ਕੀਤਾ ਜੋ ਸਕਦਾ , ਜਿਸ ਨੂੰ ਉਨ੍ਹਾਂ ਨੇ ਕਦੇ ਸਹਿਮਤੀ ਨਹੀਂ ਦਿੱਤੀ, ਕਿਉਂਕਿ ਉਹ ਉਦੋਂ ਬਹੁਤ ਛੋਟੀ ਸੀ।

ਅਖ਼ੀਰ, ਅਦਾਲਤੀ ਕੇਸ ਦੇ ਨਤੀਜੇ ਵਿੱਚ ਵਿਆਹ ਦੀ ਪੁਸ਼ਟੀ ਕੀਤੀ ਗਈ।

ਅਦਾਲਤ ਨੇ ਉਨ੍ਹਾਂ ਨੂੰ ਦੋ ਵਿਕਲਪ ਦਿੱਤੇ, ਜਾਂ ਤਾਂ ਆਪਣੇ ਪਤੀ ਕੋਲ ਵਾਪਸ ਜਾਣ ਜਾਂ ਫ਼ਿਰ ਛੇ ਮਹੀਨੇ ਲਈ ਜੇਲ੍ਹ ਜਾਣ।

ਰਖ਼ਮਾਬਾਈ ਜਬਰਨ ਵਿਆਹ ਵਿੱਚ ਬੱਝੇ ਰਹਿਣ ਦੀ ਥਾਂ ਜੇਲ੍ਹ ਜਾਣ ਨੂੰ ਤਿਆਰ ਸਨ। ਉਸ ਸਮੇਂ ਅਜਿਹਾ ਕਰਨ ਲਈ ਵੱਖਰੇ ਹੌਂਸਲੇ ਦੀ ਲੋੜ ਸੀ।

ਇਹ ਵੀ ਦੇਖੋ - ਔਰਤ ਜਿਸ ਨੇ ਦੇਵਦਾਸੀ ਪ੍ਰਥਾ ਨੂੰ ਖ਼ਤਮ ਕਰਨ ਦਾ ਮਤਾ ਰੱਖਿਆ

ਇਹ ਮਾਮਲਾ ਇੰਨਾਂ ਸਨਸਨੀਖੇਜ਼ ਹੋ ਗਿਆ ਕਿ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੇ ਵੀ ਇਸ ਦੇ ਵਿਰੁੱਧ ਆਪਣੇ ਅਖ਼ਬਾਰ ਵਿੱਚ ਛਾਪਿਆ।

ਉਨ੍ਹਾਂ ਨੇ ਲਿਖਿਆ ਰਾਉਤ ਦਾ ਫ਼ੈਸਲਾ 'ਹਿੰਦੂ ਰਵਾਇਤਾਂ 'ਤੇ ਦਾਗ' ਹੈ।

ਬਾਲ ਗੰਗਾਧਰ ਤਿਲਕ ਨੇ ਇਹ ਵੀ ਲਿਖਿਆ ਕਿ ਰਖ਼ਮਾਬਾਈ ਵਰਗੀਆਂ ਔਰਤਾਂ ਨਾਲ ਚੋਰਾਂ, ਵਿਭਚਾਰੀਆਂ ਅਤੇ ਕਾਤਲਾਂ ਵਰਗਾ ਵਿਵਹਾਰ ਕਰਨਾ ਚਾਹੀਦਾ ਹੈ।

ਫ਼ਿਰ ਵੀ ਰਖ਼ਮਾਬਾਈ ਪਿੱਛੇ ਨਾ ਹਟੇ। ਆਪਣੇ ਮਤਰੇਏ ਪਿਤਾ ਸਖਾਰਾਮ ਅਰਜੁਨ ਦੀ ਮਦਦ ਨਾਲ ਉਨ੍ਹਾਂ ਨੇ ਤਲਾਕ ਲਈ ਲੜਾਈ ਜਾਰੀ ਰੱਖੀ।

ਅਦਾਲਤ ਵੱਲੋਂ ਉਨ੍ਹਾਂ ਦੇ ਪਤੀ ਦੇ ਹੱਕ ਵਿੱਚ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਵੀ ਉਹ ਆਰਾਮ ਨਾਲ ਨਾ ਬੈਠੀ।

ਉਨ੍ਹਾਂ ਨੇ ਵਿਆਹ ਖ਼ਤਮ ਕਰਨ ਲਈ ਮਹਾਰਾਣੀ ਵਿਕਟੋਰੀਆ ਨੂੰ ਪੱਤਰ ਲਿਖਿਆ। ਰਾਣੀ ਨੇ ਅਦਾਲਤ ਦੇ ਫ਼ੈਸਲੇ ਨੂੰ ਉਲਟਾ ਦਿੱਤਾ। ਆਖ਼ਰਕਾਰ ਉਨ੍ਹਾਂ ਦੇ ਪਤੀ ਨੇ ਕੇਸ ਵਾਪਸ ਲਿਆ ਅਤੇ ਅਦਾਲਤ ਦੇ ਬਾਹਰ ਪੈਸਿਆਂ ਰਾਹੀਂ ਮਾਮਲਾ ਸੁਲਝ ਗਿਆ।

ਇਹ ਵੀ ਪੜ੍ਹੋ:

ਇਸ ਅਹਿਮ ਮਾਮਲੇ ਤੋਂ ਬਾਅਦ ਕੀ ਬਦਲਿਆ?

ਰਖ਼ਮਾਬਾਈ ਦਾ ਕੇਸ ਭਾਰਤ ਵਿੱਚ 'ਉਮਰ ਸਹਿਮਤੀ ਐਕਟ 1891' ਲਾਗੂ ਕਰਨ ਲਈ ਅਹਿਮ ਸੀ। ਇਸ ਨਾਲ ਕੁੜੀਆਂ ਦੇ ਵਿਆਹ ਲਈ ਕਾਨੂੰਨੀ ਉਮਰ ਵਧੀ, ਵਿਸ਼ੇਸ਼ ਤੌਰ 'ਤੇ ਸੰਭੋਗ ਕਰਨ ਦੀ, ਉਮਰ 10 ਸਾਲ ਤੋਂ 12 ਸਾਲ ਹੋ ਗਈ।

ਅੱਜ ਦੇ ਸਮੇਂ ਵਿੱਚ ਭਾਵੇਂ ਇਹ ਇਨਕਲਾਬੀ ਬਦਲਾਅ ਨਾ ਲਗਦਾ ਹੋਵੇ, ਪਰ ਇਸ ਐਕਟ ਨੇ ਪਹਿਲਾਂ ਇਹ ਨਿਰਧਾਰਤ ਕੀਤਾ ਕਿ ਘੱਟ ਉਮਰ ਦੀਆਂ ਕੁੜੀਆਂ ਨਾਲ ਸੰਭੋਗ ਕਰਨ ਵਾਲੇ ਮਰਦਾਂ ਨੂੰ ਸਜ਼ਾ ਹੋ ਸਕਦੀ ਹੈ। ਇਸ ਕਾਨੂੰਨ ਦੀ ਉਲੰਘਣਾ ਦਾ ਅਰਥ ਬਲਾਤਕਾਰ ਮੰਨਿਆ ਜਾਂਦਾ ਸੀ।

ਇਹ ਵੀ ਦੇਖੋ - ਉਹ ਬੀਬੀ ਜਿਸ ਨੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਤੇ ਸਕੂਲ ਖੋਲ੍ਹਿਆ

ਆਪਣਾ ਵਿਆਹ ਖ਼ਤਮ ਹੋਣ ਤੋਂ ਬਾਅਦ ਰਖ਼ਮਾਬਾਈ ਨੇ ਲੰਡਨ ਸਕੂਲ ਆਫ਼ ਮੈਡੀਸਨ ਫਾਰ ਵੂਮੈਨ ਵਿੱਚ ਦਾਖ਼ਲਾ ਲੈ ਲਿਆ।

ਉਨ੍ਹਾਂ 1894 ਵਿੱਚ ਗ੍ਰੈਜੁਏਸ਼ਨ ਕੀਤੀ, ਪਰ ਉਹ ਮਾਸਟਰਜ਼ ਆਫ਼ ਮੈਡੀਸਨ (MD) ਕਰਨਾ ਚਾਹੁੰਦੇ ਸਨ। ਉਸ ਸਮੇਂ ਲੰਡਨ ਸਕੂਲ ਆਫ਼ ਮੈਡੀਸਨ ਔਰਤਾਂ ਨੂੰ ਐਮਡੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ।

ਰਖ਼ਮਾਬਾਈ ਰਾਉਤ ਨੇ ਮੈਡੀਕਲ ਸਕੂਲ ਦੇ ਫ਼ੈਸਲੇ ਦੇ ਵਿਰੁੱਧ ਆਪਣੀ ਆਵਾਜ਼ ਚੁੱਕੀ। ਬਾਅਦ ਵਿੱਚ ਉਨ੍ਹਾਂ ਬਰਸਲਜ਼ ਵਿੱਚ ਆਪਣੀ ਐਮਡੀ ਦੀ ਪੜ੍ਹਾਈ ਮੁਕੰਮਲ ਕੀਤੀ।

ਰਖ਼ਮਾਬਾਈ ਭਾਰਤ ਦੀ ਪਹਿਲੀ ਮਹਿਲਾ ਐਮਡੀ ਅਤੇ ਪ੍ਰੈਕਟਿਸ ਕਰਨ ਵਾਲੀ ਡਾਕਟਰ ਬਣ ਗਏ।

ਹਾਲਾਂਕਿ ਉਨ੍ਹਾਂ ਨੂੰ ਬਹੁਤ ਲੋਕਾਂ ਵੱਲੋਂ ਆਪਣੇ ਪਤੀ ਤੋਂ ਵੱਖ ਹੋਣ ਦੇ ਫ਼ੈਸਲੇ ਕਰਕੇ ਨੀਵਾਂ ਸਮਝਿਆ ਗਿਆ।

ਰਖ਼ਮਾਬਾਈ ਨੇ ਪਹਿਲਾਂ ਮੁੰਬਈ ਦੇ ਕਾਮਾ ਹਸਪਤਾਲ ਵਿੱਚ ਕੰਮ ਕੀਤਾ ਪਰ ਬਾਅਦ ਵਿੱਚ ਉਹ ਸੂਰਤ ਚਲੇ ਗਏ।

ਉਨ੍ਹਾਂ ਨੇ ਆਪਣੀ ਜ਼ਿੰਦਗੀ ਔਰਤਾਂ ਦੀ ਸਿਹਤ ਨੂੰ ਸਮਰਪਿਤ ਕਰ ਦਿੱਤੀ ਅਤੇ 35 ਸਾਲ ਡਾਕਟਰੀ ਪ੍ਰੈਕਟਿਸ ਕੀਤੀ।

ਉਨ੍ਹਾਂ ਨੇ ਕਦੇ ਵੀ ਦੁਬਾਰਾ ਵਿਆਹ ਨਾ ਕਰਵਾਇਆ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)