You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਲਾਂਚ ਹੋਣ ਵਾਲੇ ਟੀਕੇ ਬਾਰੇ ਕੀ ਹੈ ICMR ਦਾ ਸਪਸ਼ਟੀਕਰਨ
- ਲੇਖਕ, ਮਯੰਕ ਭਾਗਵਤ/ਦੀਪਤੀ ਬਾਥਿਨੀ
- ਰੋਲ, ਬੀਬੀਸੀ ਮਰਾਠੀ/ਬੀਬੀਸੀ ਤੇਲੁਗੂ
15 ਅਗਸਤ ਨੂੰ ਫਾਰਮਾ ਕੰਪਨੀ ਭਾਰਤ ਬਾਇਓਟੈਕ ਵਲੋਂ ਕੋਰੋਨਾ ਦਾ ਟੀਕਾ ਲਾਂਚ ਕਰਨ ਦੇ ਸੰਬੰਧ ਵਿੱਚ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਕਿਹਾ ਹੈ ਕਿ ਵੈਕਸੀਨ ਦੇ ਵਿਕਾਸ ਨੂੰ ਤੇਜ਼ ਕਰਨ ਦੀ ਪ੍ਰਕਿਰਿਆ ਗਲੋਬਲ ਮਾਪਦੰਡਾਂ ਦੇ ਅਨੁਸਾਰ ਹੈ।
ਆਈਸੀਐੱਮਆਰ ਦਾ ਕਹਿਣਾ ਹੈ ਕਿ ਟੀਕੇ ਦੀ ਜਾਂਚ ਜਾਨਵਰਾਂ ਅਤੇ ਮਨੁੱਖਾਂ ਉੱਤੇ ਇੱਕੋ ਸਮੇਂ ਕੀਤੀ ਜਾ ਸਕਦੀ ਹੈ।
ਅੱਜ ਜਾਰੀ ਕੀਤੇ ਇੱਕ ਬਿਆਨ ਵਿੱਚ ਆਈਸੀਐੱਮਆਰ ਨੇ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਦਾ ਇੱਕ ਪੱਤਰ ਵਾਇਰਲ ਹੋਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਟੀਕਾ 15 ਅਗਸਤ ਨੂੰ ਲਾਂਚ ਕੀਤਾ ਜਾਵੇਗਾ।
ਇਸ ਪੱਤਰ 'ਤੇ, ਆਈਸੀਐਮਆਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਪੱਤਰ ਕਲੀਨਿਕਲ ਟ੍ਰਾਇਲ ਵਿੱਚ ਸ਼ਾਮਲ ਵਿਗਿਆਨੀਆਂ ਨੂੰ ਬੇਲੋੜੀ ਪ੍ਰਕਿਰਿਆ ਨੂੰ ਘਟਾਉਣ ਅਤੇ ਜ਼ਰੂਰੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਇਸ ਨੂੰ ਤੇਜ਼ ਕਰਨ ਲਈ ਲਿਖਿਆ ਗਿਆ ਸੀ।
ਆਈਸੀਐੱਮਆਰ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਦੀ ਭਲਾਈ ਲਈ ਹੀ ਲਿਆ ਗਿਆ ਹੈ।
ਆਈਸੀਐੱਮਆਰ ਨੇ ਟੀਕੇ ਨਾਲ ਸਬੰਧਤ ਹੈਦਰਾਬਾਦ ਦੀ ਭਾਰਤ ਬਾਓਟੈਕ ਕੰਪਨੀ ਨਾਲ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ।
ਆਈਸੀਐੱਮਆਰ ਨੇ ਕਿਹਾ ਹੈ ਕਿ ਇੱਕ ਵਾਰ ਕਲੀਨੀਕਲ ਟ੍ਰਾਇਲ ਸਫ਼ਲ ਹੋ ਜਾਣ ਤਾਂ ਭਾਰਤ ਦੇ ਲੋਕਾਂ ਲਈ ਸੁੰਤਤਰਤਾ ਦਿਹਾੜੇ ਯਾਨਿ 15 ਅਗਸਤ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਭਾਰਤ ਵਿੱਚ ਬਣੀ ਇਸ ਕੋਰੋਨਾ ਵੈਕਸੀਨ ਲਈ 12 ਇੰਸਟੀਚਿਊਟਾਂ ਨੂੰ ਟ੍ਰਾਇਲ ਲਈ ਚੁਣਿਆ ਗਿਆ ਹੈ।
ਆਈਸੀਐੱਮਆਰ ਦੇ ਡਾਇਰੈਕਟਰ ਬਲਰਾਮ ਭਾਰਗਵ ਨੇ 2 ਜੁਲਾਈ ਨੂੰ ਇਨ੍ਹਾਂ 12 ਇੰਸਟੀਚਿਊਟਾਂ ਨੂੰ ਲਿਖਿਆ ਕਿ 7 ਜੁਲਾਈ ਤੱਕ ਇਨ੍ਹਾਂ ਨੂੰ ਟ੍ਰਾਇਲ ਸਬੰਧੀ ਸਾਰੀਆਂ ਮਨਜ਼ੂਰੀਆਂ ਦੇ ਦਿੱਤੀਆਂ ਜਾਣਗੀਆਂ।
ਆਈਸੀਐੱਮਆਰ ਦੇ ਡਾਇਰੈਕਟਰ ਬਲਰਾਮ ਭਾਰਗਵ ਨੇ ਹੇਠ ਲਿਖੇ 12 ਇੰਸਟੀਚਿਊਟਾਂ ਨੂੰ ਇਹ ਚਿੱਠੀ ਲਿਖੀ-
ਭਾਰਤ ਵਿੱਚ ਆਈਸੀਐੱਮਆਰ ਵੱਲੋਂ ਤਿਆਰ ਕੋਰੋਨਾਵਾਇਰਸ ਵੈਕਸੀਨ ਦੇ ਫਾਸਟ-ਟ੍ਰੈਕ ਟ੍ਰਾਇਲ ਲਈ ਭਾਰਤ ਨੇ ਬਾਓਟੈਕ ਕੰਪਨੀ ਦੇ ਨਾਲ ਇੱਕ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ।
ਵੈਕਸੀਨ ਨੂੰ ਕੋਰੋਨਾਵਾਇਰਸ, ਜੋ ਕਿ ਕੋਵਿਡ-19 ਦਾ ਕਾਰਨ ਹੈ, ਉਸ ਦੇ ਇੱਕ ਸਟ੍ਰੇਨ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਟ੍ਰਾਇਲ ਮੁਕੰਮਲ ਹੋਣ ਤੋਂ ਬਾਅਦ ਆਈਸੀਐੱਮਆਰ 15 ਅਗਸਤ ਤੱਕ ਲੋਕਾਂ ਲਈ ਵੈਕਸੀਨ ਮੁਹੱਈਆ ਕਰਵਾਉਣ ਲਈ ਸਮਰੱਥ ਹੋ ਜਾਵੇਗਾ।
ਭਾਰਤ ਬਾਓਟੈਕ ਕੰਪਨੀ ਇਸ ’ਤੇ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ ਪਰ ਇਸ ਦੀ ਸਫ਼ਲਤਾ ਟ੍ਰਾਇਲ ਲਈ ਚੁਣੇ ਗਏ ਸਾਰੇ ਇੰਸਟੀਚਿਊਟਾਂ ਦੇ ਸਹਿਯੋਗ ’ਤੇ ਨਿਰਭਰ ਕਰਦੀ ਹੈ।
ਟ੍ਰਾਇਲ ਲਈ ਚੁਣੇ ਗਏ ਇੰਸਟੀਚਿਊਟ ਇਸ ਪ੍ਰਕਾਰ ਹਨ-
- ਕਿੰਗ ਜ਼ੋਰਜ ਹਸਪਤਾਲ, ਵਿਸ਼ਾਖਾਪਟਨਮ
- ਬੀਡੀ ਸ਼ਰਮਾ ਪੀਜੀਆਈਐੱਮਐੱਸ, ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਰੋਹਤਕ
- ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਦਿੱਲੀ
- ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਪਟਨਾ
- ਜੀਵਨ ਰੇਖਾ ਹਸਪਤਾਲ, ਬੈਲਗਾਓਂ, ਕਰਨਾਟਕ
- ਗਿਲੁਰਕਰ ਮਲਟੀ-ਸਪੈਸ਼ੇਲਿਟੀ ਹਸਪਤਾਲ, ਨਾਗਪੁਰ, ਮਹਾਂਰਾਸ਼ਟਰ
- ਰਾਣਾ ਹਸਪਤਾਲ, ਗੋਰਖ਼ਪੁਰ
- ਐੱਸਆਰਓ ਮੈਡੀਕਲ ਕਾਲਜ-ਹਸਪਤਾਲ ਐਂਡ ਰਿਸਰਚ ਸੈਂਟਰ, ਚੈਂਗਲਪੱਟੂ, ਤਮਿਲਨਾਡੂ
- ਨਿਜ਼ਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਹੈਦਰਾਬਾਦ, ਤੇਲੰਗਾਨਾ
- ਡਾ. ਗੰਗਾਧਰ ਸਾਹੂ, ਭੁਵਨੇਸ਼ਵਰ, ਓਡੀਸ਼ਾ
- ਪਰਾਖਰ ਹਸਪਤਾਲ, ਕਾਨਪੁਰ, ਉੱਤਰ ਪ੍ਰਦੇਸ਼
- ਡਾ. ਸਾਗਰ ਰੈਡਕਰ, ਓਸ਼ਲਬੌਗ, ਗੋਆ
ਮਾਹਰ ਕੀ ਸੋਚਦੇ ਹਨ?
ਆਈਸੀਐੱਮਆਰ ਵੱਲੋਂ ਕੋਵਿਡ-19 ਦੀ ਵੈਕਸੀਨ 15 ਅਗਸਤ ਤੱਕ ਆਮ ਲੋਕਾਂ ਲਈ ਬਾਜ਼ਾਰ ਵਿੱਚ ਮੁਹੱਈਆ ਕਰਵਾਉਣ ਦੀ ਸਮਰੱਥਾ ਬਾਰੇ ਮਹਾਂਰਾਸ਼ਟਰ ਸਰਕਾਰ ਵੱਲੋਂ ਕੋਵਿਡ-19 ਲਈ ਤਿਆਰ ਟਾਸਕ ਫੋਰਸ ਦੇ ਮੈਂਬਰ ਡਾ. ਸ਼ਸ਼ਾਂਕ ਜੋਸ਼ੀ ਦਾ ਕਹਿਣਾ ਹੈ, “ਇੰਨੇ ਘੱਟ ਸਮੇਂ ਵਿੱਚ ਵੈਕਸੀਨ ਦਾ ਪੂਰੀ ਤਰ੍ਹਾਂ ਨਿਰਮਾਣ ਅਸੰਭਵ ਹੈ।”
“ਆਮ ਤੌਰ ’ਤੇ ਵੈਕਸੀਨ ਦੇ ਨਿਰਮਾਣ ਵਿੱਚ 12 ਸਾਲ ਲਗ ਜਾਂਦੇ ਹਨ। ਜੇਕਰ ਫਾਸਟ ਟ੍ਰੈਕ ਯਤਨ ਕੀਤੇ ਜਾਣ ਤਾਂ ਵੀ ਘੱਟੋ-ਘੱਟ 12 ਤੋਂ 18 ਮਹੀਨੇ ਲਗਣਗੇ, ਇਹ ਅਸੰਭਵ ਹੈ।”
ਇੰਡੀਅਨ ਕਾਲਜ ਆਫ ਫਿਜ਼ੀਸ਼ੀਅਨ ਨਾਲ ਕੰਮ ਕਰਨ ਵਾਲੇ ਡਾ. ਜੋਸ਼ੀ ਕਹਿੰਦੇ ਹਨ, “ਵੈਕਸੀਨ ਦਾ ਨਿਰਮਾਣ ਕਰਦਿਆਂ ਕੁਝ ਕਦਮਾਂ ਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੈ। ਅਸੀਂ ਮਨੁੱਖੀ ਪਰੀਖਣ ਕਰਨ ਵੇਲੇ ਜ਼ਰੂਰੀ ਚੀਜ਼ਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।”
“ਇਨ੍ਹਾਂ ਦੋ ਮਹੱਤਵਪੂਰਾਂ ਗੱਲਾਂ ਨੂੰ ਅਣਗੌਲਿਆਂ ਕਰਕੇ ਟੀਕੇ ਦਾ ਨਿਰਮਾਣ ਨਹੀਂ ਕੀਤਾ ਜਾਣਾ ਚਾਹੀਦਾ। ਆਈਸੀਐੱਮਆਰ ਨੂੰ ਇਸ ਲਈ ਬਾਹਰੀ ਆਡਿਟ ਕਰਵਾਉਣਾ ਚਾਹੀਦਾ ਹੈ।”
“ਆਈਸੀਐੱਮਆਰ ਦਾ 15 ਅਗਸਤ ਤੱਕ ਵੈਕਸੀਨ ਨੂੰ ਜਨਤਾ ਲਈ ਮੁਹੱਈਆਂ ਕਰਵਾਉਣਾ ਬੇਹੱਦ ਅਜੀਬ ਜਿਹੀ ਗੱਲ ਲਗਦੀ ਹੈ। ਇਹ ਸਭ ਕਰਦਿਆਂ ਸੁਰੱਖਿਆ ਅਤੇ ਕੁਸ਼ਲਤਾ ਦਾ ਮੁਕੰਮਲ ਅਧਿਐਨ ਹੋਣਾ ਜ਼ਰੂਰੀ ਹੈ।"
"ਮੈਨੂੰ ਆਸ ਹੈ ਕਿ ਆਈਸੀਐੱਮਆਰ ਇਸ ਫ਼ੈਸਲੇ ਨੂੰ ਐਲਾਨਣ ਵੇਲੇ ਲਾਜ਼ਮੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰੇ। ਜੇਕਰ ਇਹ ਸਭ ਦੀ ਪਾਲਣਾ ਕਰਕੇ ਟੀਕਾ ਤਿਆਰ ਹੁੰਦਾ ਹੈ ਤਾਂ ਸਾਨੂੰ ਇਸ ਦਾ ਸੁਆਗਤ ਕਰਨਾ ਚਾਹੀਦਾ ਹੈ।”
ਇੰਟਰਨੈਸ਼ਨਲ ਐਸੋਸੀਏਸ਼ਨ ਆਫ ਬਾਓਐਥਿਕਸ ਦੇ ਸਾਬਕਾ ਮੁਖੀ ਅਤੇ ਹੈਲਥ ਰਿਸਰਚਰ ਡਾ. ਅਨੰਤ ਭਾਨ ਦਾ ਕਹਿਣਾ ਹੈ, “ਜੇ ਇਸ ਦਾ ਪ੍ਰੀ-ਕਲੀਨੀਕਲ ਵਿਕਾਸ ਦਾ ਪੜਾਅ ਪੂਰਾ ਨਹੀਂ ਹੋਇਆ ਤਾਂ ਅਜਿਹੇ ’ਚ 7 ਜੁਲਾਈ ਨੂੰ ਕਲੀਨੀਕਲ ਟ੍ਰਾਇਲ ਲਈ ਟੀਕਾ ਕਿਵੇਂ ਰਜਿਸਟਰ ਕੀਤਾ ਜਾ ਸਕਦਾ ਹੈ? ਇਹ 15 ਅਗਸਤ ਨੂੰ ਬਾਜ਼ਾਰ ਵਿੱਚ ਕਿਵੇਂ ਉਪਲਬਧ ਹੋ ਸਕਦਾ ਹੈ?”
“ਕੀ ਵੈਕਸੀਨ ਸਬੰਧੀ ਟ੍ਰਾਇਲ ਇੱਕ ਮਹੀਨੇ ਤੋਂ ਘੱਟ ਸਮੇਂ ਵਿੱਚ ਪੂਰੇ ਹੋ ਸਕਦੇ ਹਨ? ਕੀ ਉਹ ਟੀਕੇ ਦੀ ਯੋਗਤਾ ਨੂੰ ਪਹਿਲਾਂ ਤੋਂ ਹੀ ਮੰਨ ਚੁੱਕੇ ਹਨ?
ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਇੰਸਟੀਚਿਊਟਾਂ ਨੂੰ ਚੁਣਨ ਦੇ ਮਾਪਦੰਡ ਕੀ ਸੀ? ਕੀ ਇਹ ਹਸਪਤਾਲ ਇਨ੍ਹਾਂ ਪਰੀਖਣਾਂ ਦੇ ਨਾਲ ਹਨ?
ਇਨ੍ਹਾਂ ਨੂੰ ਕਿਸ ਸੂਚੀ ਵਿੱਚੋਂ ਚੁਣਿਆ ਗਿਆ ਹੈ? ਕੀ ਹਸਪਤਾਲਾਂ ਨੂੰ ਆਈਸੀਐੱਮਆਰ ਨੇ ਜਾਂ ਭਾਰਤ ਬਾਓਟੈਕ ਨੇ ਚੁਣਿਆ ਹੈ? ਕੋਰੋਨਾਵਾਇਰਸ ਇੱਕ ਮਹਾਂਮਾਰੀ ਹੈ, ਕੀ ਇਸ ਨੂੰ ਧਿਆਨ ’ਚ ਰੱਖਦਿਆਂ ਇਨ੍ਹਾਂ ਹਸਪਤਾਲਾਂ ਦੀ ਚੋਣ ਕੀਤੀ ਗਈ ਹੈ?
ਚਿੱਠੀ 2 ਜੁਲਾਈ ਨੂੰ ਭੇਜੀ ਗਈ ਸੀ ਅਤੇ ਹਸਪਤਾਲਾਂ ਨੂੰ ਦੱਸਿਆ ਗਿਆ ਸੀ ਕਿ ਪ੍ਰਕਿਰਿਆ 5 ਦਿਨਾਂ ’ਚ ਯਾਨਿ 7 ਜੁਲਾਈ ’ਚ ਪੂਰੀ ਹੋਵੇਗੀ। ਕੀ ਲੋਕ ਇਨ੍ਹਾਂ ਪੰਜਾਂ ਦਿਨਾਂ ਵਿੱਚ ਟੈਸਟ ਕਰਵਾਉਣ ਲਈ ਰਾਜ਼ੀ ਹੋ ਜਾਣਗੇ? ਕੀ ਨੈਤਿਕ ਕਮੇਟੀ ਇਸ ਦੀ ਇਜਾਜ਼ਤ ਦੇਵੇਗੀ?”
ਭਾਰਤ ਬਾਓਟੈਕ ਦੀ ਸਮਾਂ ਸਾਰਣੀ
ਆਈਸੀਐੱਮਆਰ ਦੀ ਚਿੱਠੀ ਤੋਂ ਕੁਝ ਘੰਟੇ ਪਹਿਲਾਂ ਬੀਬੀਸੀ ਨਿਊਜ਼ ਤੇਲੁਗੂ ਦੀ ਦੀਪਤੀ ਬਾਥਿਨੀ ਨੇ ਭਾਰਤ ਬਾਓਟੈਕ ਦੀ ਐੱਮਡੀ ਸੁਚਿੱਤਰਾ ਐਲਾ ਦਾ ਇੰਟਰਵਿਊ ਕੀਤਾ ਸੀ।
ਉਨ੍ਹਾਂ ਨੇ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਕਿਹਾ, “ਮਨੁੱਖੀ ਟ੍ਰਾਇਲ ਦੇ ਪਹਿਲੇ ਫੇਸ ਲਈ 1000 ਲੋਕ ਚੁਣੇ ਜਾਣਗੇ। ਸਾਰੀਆਂ ਕੌਮਾਂਤਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਵਲੰਟੀਅਰਾਂ ਦੀ ਚੋਣ ਦੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇਗੀ। ਟ੍ਰਾਇਲ ਲਈ ਪੂਰੇ ਦੇਸ਼ ਵਿੱਚੋਂ ਕੋਵਿਡ-19 ਮੁਕਤ ਲੋਕਾਂ ਦੀ ਚੋਣ ਕਰਨ ਦੀ ਲੋੜ ਹੋਵੇਗੀ। 30 ਦਿਨ ਤਾਂ ਇਹ ਜਾਨਣ ਲਈ ਲਗ ਸਕਦੇ ਹਨ ਕਿ ਲੋਕ ਇਸ ’ਤੇ ਕੀ ਪ੍ਰਤੀਕਿਰਿਆ ਦਿੰਦੇ ਹਨ।"
"ਅਸੀਂ ਨਹੀਂ ਜਾਣਦੇ ਕਿ ਭੂਗੋਲ ਵੀ ਪ੍ਰਤਿਕਿਰਿਆ ਦਾ ਹਿੱਸਾ ਹੋ ਸਕਦਾ ਹੈ। ਇਸੇ ਲਈ, ਪੂਰੇ ਦੇਸ਼ ਵਿੱਚੋਂ ਲੋਕ ਚੁਣੇ ਜਾਂਦੇ ਹਨ। ਪਹਿਲੇ ਗੇੜ ਦੇ ਡਾਟਾ ਨੂੰ ਇਕੱਠਾ ਕਰਨ ਵਿੱਚ 45-60 ਦਿਨ ਲੱਗਣਗੇ। ਖੂਨ ਲਏ ਜਾਣ ਤੋਂ ਬਾਅਦ ਸਰਕਲ ਨੂੰ ਛੋਟਾ ਨਹੀਂ ਕੀਤਾ ਜਾ ਸਕਦਾ। ਪਰੀਖਣਾਂ ਦੇ ਸਿੱਟੇ ਆਉਣ ’ਚ 15 ਦਿਨ ਲੱਗ ਸਕਦੇ ਹਨ।"
"ਪਹਿਲੇ ਗੇੜ ਦੇ ਨਤੀਜਿਆਂ ਤੋਂ ਬਾਅਦ ਦੂਜੇ ਗੇੜ ਦੀ ਮਨਜ਼ੂਰੀ ਮਿਲਦੀ ਹੈ। ਜੇ ਪਹਿਲੇ ਗੇੜ ਦਾ ਡਾਟਾ ਚੰਗਾ ਆਉਂਦਾ ਹੈ ਤਾਂ ਅਸੀਂ ਦੂਜੇ ਗੇੜ ਵੱਲ ਵਧਦੇ ਹਾਂ। ਅਸੀਂ ਪਹਿਲਾਂ ਤੋਂ ਹੀ ਦੂਜੇ ਗੇੜ ਲਈ ਤਿਆਰੀ ਕਰ ਰਹੇ ਹਾਂ।"
"ਜਾਨਵਰਾਂ ਦਾ ਡਾਟਾ ਸਪੱਸ਼ਟ ਹੈ। ਇਹ ਕੁਝ ਚੰਗੇ ਫੈਕਟਰਾਂ ਵੱਲ ਸੰਕੇਤ ਕਰਦੇ ਹਨ। ਅਸੀਂ ਆਸ ਕਰ ਰਹੇ ਹਾਂ ਕਿ ਮਨੁੱਖੀ ਡਾਟਾ ਵੀ ਵਧੀਆ ਹੀ ਆਵੇ। ਅਗਲੇ 3 ਤੋਂ 6 ਮਹੀਨਿਆਂ ਵਿੱਚ ਅਸੀਂ ਵੱਡੇ ਪੱਧਰ ਦੇ ਨਿਰਮਾਣ ਲਈ ਡਾਟਾ ਦੀ ਆਸ ਕਰ ਰਹੇ ਹਾਂ ਤਾਂ ਜੋ ਪਰੀਖਣ ਲਈ ਡਾਟਾ ਨੂੰ ਕਦਮ-ਕਦਮ ’ਤੇ ਵਰਿਤਆਂ ਜਾ ਸਕੇ।
ਹਾਲਾਂਕਿ, ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਈਸੀਐੱਮਆਰ ਦੀ ਚਿੱਠੀ ਬਾਰੇ ਕੁਝ ਵੀ ਕਹਿਣ ਤੋਂ ਮਨ੍ਹਾਂ ਕਰ ਦਿੱਤਾ।
ਕਲੀਨੀਕਲ ਟ੍ਰਾਇਲ ਦੀ ਪ੍ਰਕਿਰਿਆ
ਇਸ ਟ੍ਰਾਇਲ ਲਈ ਚੁਣੇ ਗਏ ਨਾਗਪੁਰ ਦੇ ਗਿਲੁਰਕਰ ਮਲਟੀ-ਸਪੈਸ਼ੈਲਿਟੀ ਹਸਪਤਾਲ ਦੇ ਡਾ. ਚੰਦਰਸ਼ੇਖ਼ਰ ਗਿਲੁਰਕਰ ਵੀ ਚੁਣੇ ਗਏ ਹਨ।
ਉਨ੍ਹਾਂ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਭਾਰਤ ਵਿੱਚ ਬਣੇ ਕੋਵਿਡ-19 ਦੇ ਟੀਕੇ ਦਾ ਮਨੁੱਖੀ ਟ੍ਰਾਇਲ ਕੀਤਾ ਜਾਵੇਗਾ। ਇਸ ਲਈ ਪੂਰੇ ਦੇਸ਼ ਵਿਚੋਂ 12 ਇੰਸਟੀਚਿਊਟਾਂ ਦੀ ਚੋਣ ਕੀਤੀ ਗਈ ਹੈ। ਪਰੀਖਣ ਚੁਣੇ ਗਏ ਮਨੁੱਖਾਂ ’ਤੇ ਕੀਤਾ ਜਾਵੇਗਾ।"
"ਉਨ੍ਹਾਂ ਨੂੰ ਟ੍ਰਾਇਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਜੇਕਰ ਉਹ ਸਹਿਮਤੀ ਦਿੰਦੇ ਹਨ ਤਾਂ ਉਨ੍ਹਾਂ ਨੂੰ ਟ੍ਰਾਇਲ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਨਾਲ ਸੰਪਰਕ ਕੀਤਾ ਜਾਵੇਗਾ।"
ਡਾ. ਗਿਲੁਰਕਰ ਦਾ ਕਹਿਣਾ ਹੈ, "ਇਸ ਬਾਰੇ ਯਕੀਨੀ ਬਣਾਇਆ ਜਾਵੇਗਾ ਕਿ ਟ੍ਰਾਇਲ ਲਈ ਚੁਣੇ ਗਏ ਲੋਕ ਸਿਹਤਮੰਦ ਹੋਣ। ਇਹ ਟ੍ਰਾਇਲ 18 ਸਾਲ ਤੋਂ 55 ਸਾਲ ਦੀ ਉਮਰ ਤੱਕ ਦੇ ਲੋਕਾਂ ’ਤੇ ਕੀਤਾ ਜਾਵੇਗਾ। ਜਿਨ੍ਹਾਂ ਵਿੱਚ ਕੋਵਿਡ-19 ਦੇ ਲੱਛਣ ਨਾ ਹੋਣ ਤੇ ਨਾ ਹੀ ਕੋਈ ਦਿਲ, ਕਿਡਨੀ, ਲੀਵਰ ਦੀ ਸਮੱਸਿਆ ਹੋਵੇ ਜਾਂ ਹੋਰ ਕੋਈ ਦਿੱਕਤ-ਪਰੇਸ਼ਾਨ ਨਾ ਹੋਵੇ, ਤਾਂ ਹੀ ਉਨ੍ਹਾਂ ਉੱਤੇ ਇਹ ਟ੍ਰਾਇਲ ਕੀਤੇ ਜਾਣਗੇ।"
"ਪਹਿਲੇ ਅਤੇ ਦੂਜੇ ਗੇੜ ਲਈ 100 ਲੋਕਾਂ ਦੀ ਚੋਣ ਕੀਤੀ ਗਈ ਹੈ। ਪਹਿਲੇ ਗੇੜ ਵਿੱਚ ਵਲੰਟੀਅਰਾਂ ’ਤੇ ਇਹ ਟੈਸਟ ਕੀਤਾ ਜਾਵੇਗਾ ਕਿ ਵੈਕਸੀਨ ਕਾਰਨ ਕਿਤੇ ਕੋਈ ਮਾੜਾ ਅਸਰ ਤਾਂ ਨਹੀਂ ਹੋ ਰਿਹਾ, ਕਿਤੇ ਕੋਈ ਦਿੱਕਤ-ਪਰੇਸ਼ਾਨੀ ਤਾਂ ਨਹੀਂ ਹੋ ਰਹੀ। ਦੂਜੇ ਗੇੜ ਵਿੱਚ ਉਨ੍ਹਾਂ ਨੂੰ 14ਵੇਂ ਦਿਨ ਟੀਕਾ ਲਗਾਇਆ ਜਾਵੇਗਾ।"
"ਇਸ ਦੇ ਨਾਲ ਹੀ ਚੈੱਕ ਕੀਤਾ ਜਾਵੇਗਾ ਕਿ ਵਲੰਟੀਅਰਾਂ ਦੇ ਸਰੀਰ ਐਂਟੀਬੌਡੀਜ਼ ਪੈਦਾ ਕਰ ਰਹੇ ਹਨ ਤੇ ਐਮੀਓਨੋਜੈਨੀਸਿਟੀ ਇਸ ਦੀ ਜਾਂਚ ਕਰਨਗੇ। ਉਸ ਤੋਂ ਬਾਅਦ 28ਵੇਂ ਤੇ 50ਵੇਂ ਦਿਨ ਮੁੜ ਚੈੱਕ ਕੀਤਾ ਜਾਵੇਗਾ।"
"ਇਸ ਤਰ੍ਹਾਂ ਪਹਿਲੇ ਅਤੇ ਦੂਜੇ ਗੇੜ ਵਿੱਚ ਕਰੀਬ 100 ਲੋਕ ਸ਼ਾਮਲ ਹੋਣਗੇ। ਇਹ ਟ੍ਰਾਇਲ ਅਚਨਚੇਤ ਕੀਤੇ ਜਾਣਗੇ। ਟ੍ਰਾਇਲ ਵਾਲੇ ਲੋਕਾਂ 'ਤੇ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਅਤੇ ਟੀਕੇ ਤੋਂ ਪਹਿਲਾਂ ਤੇ ਬਾਅਦ ਵਿੱਚ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗਾ। ਉਨ੍ਹਾਂ ਦੇ ਸਰੀਰ ’ਤੇ ਇਸ ਦੇ ਅਸਰ ਦਾ ਅਧਿਐਨ ਕੀਤਾ ਜਾਵੇਗਾ।"
ਭਾਰਤ ਬਾਓਟੈਕ ਦੇ ਟੀਕੇ ਦਾ ਨਾਮ ਕੀ ਹੈ?
ਕੋਵਿਡ-19 ਦਾ ਭਾਰਤ ਵਿੱਚ ਬਣਨ ਵਾਲਾ ਪਹਿਲਾਂ ਟੀਕਾ ਹੈਦਰਾਬਾਦ ਦੀ ਭਾਰਤ ਬਾਓਟੈਕ ਕੰਪਨੀ ਨੇ ਬਣਾਇਆ ਹੈ, ਜਿਸ ਨੂੰ ʻਕੋਵੈਕਸੀਨ’ ਕਿਹਾ ਜਾ ਰਿਹਾ ਹੈ।
ਭਾਰਤ ਬਾਓਟੈੱਕ ਨੇ ਇਸ ਦੀ ਪਹਿਲੀ ਵਾਰ ਮਨੁੱਖੀ ਟ੍ਰਾਇਲ ਦੀ ਗੱਲ 29 ਜੂਨ ਨੂੰ ਟਵਿੱਟਰ ’ਤੇ ਕੀਤੀ ਸੀ।
ਟੀਕੇ ਦਾ ਨਾਮ ʻਕੋਵੈਕਸੀਨ’ ਹੈ। ਭਾਰਤ ਬਾਓਟੈੱਕ ਕੰਪਨੀ ਦੀ ਚੇਅਰਮੈਨ ਨੇ ਕਿਹਾ ਕਿ ਭਾਰਤ ਬਾਓਟੈੱਕ ਨੇ ਨੈਸ਼ਨਲ ਇੰਟਸੀਚਿਊਟ ਆਫ਼ ਵਾਇਰੋਲਾਜੀ ਅਤੇ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਟਚ ਨਾਲ ਮਿਲ ਕੇ ਇੱਕ ਵੈਕਸੀਨ ਬਣਾਈ ਹੈ।
ਇਹ ਵੀਡੀਓ ਵੀ ਦੇਖੋ